ਸਿੱਖ ਇਤਿਹਾਸ ਦੇ ਵਰਤਮਾਨ ਦਿਨ ਕਾਫੀ ਫੈਸਲਾਕੁੰਨ ਹਨ। 35 ਸਾਲ ਪਹਿਲਾਂ ਦਿੱਲੀ ਦਰਬਾਰ ਦੀਆਂ ਫੌਜਾਂ ਨੇ ਸਿੱਖਾਂ ਦੇ ਗੁਰਧਾਮਾਂ ਦੇ ਨਾਲ ਨਾਲ ਸਿੱਖਾਂ ਦੀ ਅਜ਼ਮਤ ਉੱਤੇ ਵੀ ਹਮਲਾ ਕਰ ਦਿੱਤਾ ਸੀ। ਬਹੁਤ ਹੀ ਹਲਕੇ ਕਿਸਮ ਦੀ ਦੂਸ਼ਣਬਾਜ਼ੀ ਕਰਕੇ ਸਮੇਂ ਦੇ ਹਾਕਮਾਂ ਨੇ, ਬਿਪਰਨ ਕੀ ਰੀਤ ਦਾ ਪਰਛਾਵਾਂ ਸਿੱਖ ਪੰਥ ਦੇ ਨਿਆਰੇਪਣ ਉੱਤੇ ਪਾਉਣ ਦਾ ਯਤਨ ਕੀਤਾ ਸੀ। ਬਿਪਰਨ ਕੀ ਰੀਤ ਨਾਲ ਖਾਲਸਾਈ ਜਲਾਲ ਦਾ ਸੰਘਰਸ਼ ਮੁੱਢ ਤੋਂ ਹੀ ਚਲ ਰਿਹਾ ਸੀ। ਖਾਲਸਾ ਜਿੱਥੇ ਸਹਿਜ ਵਿੱਚ ਰਹਿੰਦਾ ਹੋਇਆ ਆਪਣੇ ਨਿਆਰੇ ਸੱਚ ਦਾ ਚਾਨਣ ਬਿਖੇਰਨ ਲਈ ਯਤਨਸ਼ੀਲ ਸੀ ਉੱਥੇ ਬਿਪਰਨ ਕੀ ਰੀਤ ਦੇ ਪਹਿਰੇਦਾਰ ਆਪਣੇ ਬੌਣੇ ਸੱਚ ਤੋਂ ਬਿਨਾ ਕਿਸੇ ਦੀ ਗੱਲ ਸੁਣਨ ਲਈ ਤਿਆਰ ਹੀ ਸੀ।
ਖਾਲਸਾਈ ਜਲਾਲ ਦਾ ਪਰਚਮ ਗੁਰੂ ਦੀ ਬਖਸ਼ਿਸ਼ ਨਾਲ ਹਮੇਸ਼ਾ ਹੀ ਝੂਲਦਾ ਰਿਹਾ ਸੀ। ਇਸਦਾ ਮਕਸਦ ਕਿਸੇ ਨੂੰ ਗੁਲਾਮ ਬਣਾਉਣ ਦਾ ਕਦਾਚਿਤ ਵੀ ਨਹੀ ਸੀ। ਖਾਲਸਾਈ ਜਲਾਲ ਵਿੱਚ ਕਦੇ ਵੀ ਨਕਾਰਾਤਮਕ ਸਰਗਰਮੀ ਨੂੰ ਕੋਈ ਥਾਂ ਨਹੀ ਰਹੀ। ਖਾਲਸਾਈ ਜਲਾਲ ਆਪਣੇ ਮੌਲਿਕ ਅਤੇ ਨਿਆਰੇ ਕਿਰਦਾਰ ਰਾਹੀਂ ਹਮੇਸ਼ਾ ਹੀ ਮਨੁੱਖਤਾ ਦੀ ਸਰਬਪੱਖੀ ਗੁਲਾਮੀ ਨੂੰ ਕੱਟਦਾ ਹੀ ਆਇਆ ਸੀ। ਗੁਰੂ ਸਾਹਿਬ ਦੀ ਬਖਸ਼ਿਸ਼ ਦਾ ਕੇਂਦਰ ਹੀ ਮਨੁੱਖਤਾ ਦੀ ਸਰਬਪੱਖੀ ਗੁਲਾਮੀ ਨੂੰ ਖਤਮ ਕਰਨਾ ਹੈੈ। ਮਹਿਜ਼ ਸਿਆਸੀ ਗੁਲਾਮੀ ਨੂੰ ਹੀ ਨਹੀ ਬਲਕਿ ਸਮਾਜੀ ਅਤੇ ਮਾਨਸਿਕ ਗੁਲਾਮੀ ਦਾ ਖਾਤਮਾ ਵੀ ਅਕਾਲ ਫਤਹਿ ਅਤੇ ਖਾਲਸ ਕੁਦਰਤ ਦਾ ਕੇਂਦਰੀ ਨੁਕਤਾ ਰਿਹਾ ਹੈੈ।
ਦਸ ਗੁਰੂ ਜੋਤਾਂ ਨੇ ਆਪਣੀ ਘਾਲ ਕਮਾਈ ਨਾਲ ਜੋ ਸੱਭਿਆਤਾ ਸਿਰਜੀ ਉਸ ਵਿੱਚ ਕਿਸੇ ਵੀ ਹੋਰ ਧਰਮ, ਕੌਮ ਜਾਂ ਮਨੁੱਖੀ ਸਮੂਹ ਨੂੰ ਗੁਲਾਮ ਬਣਾਉਣ ਦਾ ਕੋਈ ਸੁਆਲ ਹੀ ਪੈਦਾ ਨਹੀ ਹੁੰਦਾ। ਪਰ ਦੂਜੇ ਪਾਸੇ ਬਿਪਰ ਸੰਸਕਾਰ ਦਾ ਕੇਂਦਰੀ ਧੁਰਾ ਹੀ ਮਨੁੱਖਤਾ ਨੂੰ ਹਰ ਪੱਖ ਤੋਂ ਗੁਲਾਮ ਬਣਾਉਣ ਦਾ ਰਿਹਾ ਹੈੈ। ਜਾਤਪਾਤੀ ਪਰਣਾਲੀ ਮਨੁੱਖਤਾ ਨੰ ਗੁਲਾਮ ਬਣਾਉਣ ਦੀ ਸਭ ਤੋਂ ਖਤਰਨਾਕ ਪਰਣਾਲੀ ਹੈੈ। ਇਹ ਮਨੁੱਖ ਦੀ ਮੌਲਿਕ ਸ਼ਕਤੀ ਨੂੰ ਅਜਿਹਾ ਗ੍ਰਹਿਣ ਲਾਉਂਦੀ ਹੈ ਕਿ ਮਨੁੱਖ ਵਿੱਚੋਂ ਮਨੁੱਖ ਹੋਣ ਦਾ ਤਾਣ ਹੀ ਖੋਹ ਲੈਂਦੀ ਹੈੈ।
ਮਨੁੱਖਤਾ ਦੀ ਸਦੀਆਂ ਦੀ ਇਸ ਗੁਲਾਮੀ ਨੂੰ ਮਹਿਸੂਸ ਕਰਕੇ ਹੀ ਦਸ ਗੁਰੂ ਜੋਤਾਂ ਨੇ ਅਜਿਹੇ ਸੱਭਿਆਚਾਰ, ਅਜਿਹੀ ਸੱਭਿਆਤਾ ਅਤੇ ਅਜਿਹੇ ਮਨੁੱਖ ਦੀ ਸਥਾਪਨਾ ਕੀਤੀ ਜੋ ਨਾ ਤਾਂ ਆਪ ਗੁਲਾਮੀ ਕਬਲ ਕਰਦਾ ਸੀ ਅਤੇ ਨਾ ਹੀ ਕਿਸੇ ਹੋਰ ਨੂੰ ਗੁਲਾਮ ਹੋਇਆ ਦੇਖ ਸਕਦਾ ਸੀ। ਨੌਵੀਂ ਗੁਰੂ ਜੋਤ ਦੀ ਸ਼ਹਾਦਤ ਇਸ ਪਰੰਪਰਾ ਦੀ ਨਿਰੰਤਰਤਾ ਨੂੰ ਅੱਗੇ ਵਧਾਉਂਦੀ ਹੈੈ।
ਪਰ ਬਿਪਰ ਸੰਸਕਾਰ ਨੇ, ਇਸ ਇਲਾਹੀ ਖਿਆਲ ਦੀ ਹੁਸੀਨ ਲਹਿਰ ਤੇ ਸੁਆਰੀ ਕਰਨ ਦਾ ਆਪਣਾਂ ਬਦ-ਅਮਲ ਕਦੇ ਖੁੰਝਣ ਨਹੀ ਦਿੱਤਾ। ਇਹ ਧਰਮ ਚੇਤਨਾ ਨੂੰ ਬਿਪਰ ਸੰਸਕਾਰ ਦੀਆਂ ਅਲਚਕ ਯੋਜਨਾਵਾਂ ਦਾ ਸ਼ਿਕਾਰ ਬਣਾਉਣ ਦੇ ਯਤਨ ਕਰਦਾ ਰਿਹਾ ਹੈੈ। ਇਹ ਧਰਮ ਦੇ ਹਰ ਲਤੀਫ ਨਜ਼ਰੀਏ ਨੂੰ ਬੇਪਛਾਣ ਕਰਨ ਲਈ ਅਨੇਕਾਂ ਨਕਲੀ ਬਦਲ ਪੇਸ਼ ਕਰਦਾ ਰਿਹਾ ਹੈੈ।
1984 ਦੇ ਕਤਲੇਆਮ ਅਤੇ ਉਸਦੇ ਵਿਰੁੱਧ ਹੋਏ ਖਾਲਸਾਈ ਜਲਾਲ ਨੂੰ ਇਸ ਸੰਦਰਭ ਵਿੱਚ ਹੀ ਸਮਝਣ ਦੀ ਲੋੜ ਹੈੈ। ਇਹ ਮਹਿਜ਼ ਇੰਦਰਾ ਗਾਂਧੀ ਅਤੇ ਸੰਤ ਜਰਨੈਲ ਸਿੰਘ ਦੀ ਨਿੱਜੀ ਲੜਾਈ ਨਹੀ ਸੀ। ਇਹ ਉਨ੍ਹਾਂ ਦੋ ਸੱਭਿਆਤਾਵਾਂ ਦਾ ਭੇੜ ਸੀ ਜੋ ਮਨੁੱਖਤਾ ਬਾਰੇ ਵੱਖਰੀ ਪਹੁੰਚ ਰੱਖਦੀਆਂ ਹਨ। ਬਿਪਰ ਸੰਸਕਾਰ ਮਨੁੱਖਤਾ ਨੂੰ ਗੁਲਾਮ ਬਣਾਕੇ ਸੱਤਾ ਕਰਨੀ ਚਾਹੁੰਦਾ ਹੈ ਪਰ ਖਾਲਸਾਈ ਜਲਾਲ ਸਮੁੱਚੀ ਮਨੁੱਖਤਾ ਨੂੰ ਹਰ ਪੱਖੋਂ ਅਜ਼ਾਦ ਕਰਕੇ ਉਸ ਨੂੰ ਆਪਣੀ ਮੌਲਿਕਤਾ ਅਤੇ ਨਿਆਰੇਪਣ ਦੀ ਸਮੁੰਦਰ ਵਿੱਚ ਖੇਡਣ ਦੀ ਰੁਹਾਨੀ ਅਜ਼ਾਦੀ ਬਖਸ਼ਦਾ ਹੈੈ।
ਦੋਵਾਂ ਧਾਰਾਵਾਂ ਦਰਮਿਆਨ ਜੰਗ ਚਲਦੀ ਰਹੀ ਹੈੈ। ਬਿਪਰ ਸੰਸਕਾਰ ਕਦੇ ਚੰਦੂ ਦੇ ਰੂਪ ਵਿੱਚ ਬਹੁੜਦਾ ਹੈ, ਕਦੇ ਗੰਗੂ ਦੇ ਰੂਪ ਵਿੱਚ ਕਦੇ ਇੰਦਰਾ ਗਾਂਧੀ ਦੇ ਰੂਪ। ਖਾਲਸਾਈ ਜਲਾਲ ਹਰ ਮੌਕੇ ਹਸਕੇ ਆਪਣੇ ਮਾਰਗ ਤੇ ਚਲਦਾ ਰਹਿੰਦਾ ਹੈੈ। ਉਹ ਕਦੇ ਵੀ ਦੁਖੀ ਨਹੀ ਹੁੰਦਾ, ਕਦੇ ਹਾਰਦਾ ਨਹੀ ਕਦੇ ਆਪਣੇ ਨਿਸ਼ਾਨੇ ਤੋਂ ਨਹੀ ਖੁੰਝਦਾ।
ਅੱਜ 35 ਸਾਲ ਬਾਅਦ ਵੀ ਖਾਲਸਾਈ ਜਲਾਲ ਮਨੁੱਖਤਾ ਦੀ ਸਰਬਪੱਖੀ ਅਜ਼ਾਦੀ ਲਈ ਜੂਝ ਰਿਹਾ ਹੈੈ। ਆਪਣਾਂ ਮਣਾਂ-ਮੂੰਹੀ ਨੁਕਸਾਨ ਕਰਵਾਕੇ ਵੀ ਖਾਲਸਾਈ ਜਲਾਲ ਨੇ ਆਪਣੇ ਗੁਰੂ ਵੱਲ ਪਿੱਠ ਨਹੀ ਕੀਤੀ। 35 ਸਾਲ ਪਹਿਲਾਂ ਵੀ ਉਹ ਗੁਰੂ ਵੱਲ ਆਪਣਾਂ ਮੁੱਖ ਕਰਕੇ ਲੜਿਆ ਸੀ ਅਤੇ ਅੱਜ ਵੀ ਉਹ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਅੱਗੇ ਵਧ ਰਿਹਾ ਹੈੈ। ਅੱਜ ਵੀ ਬਿਪਰ ਸੰਸਕਾਰ ਦੇ ਹਰ ਹਮਲੇ ਦਾ ਜੁਆਬ ਉਹ ਉਸੇ ਸਿਰੜ ਨਾਲ ਦੇਂਦਾ ਹੈ ਜਿਸ ਸਿਰੜ ਨਾਲ 35 ਸਾਲ ਪਹਿਲਾਂ ਦਿੱਤਾ ਸੀ। ਸ਼ਹੀਦਾਂ ਦੀ ਰੂਹ ਲਗਾਤਾਰ ਕੌਮ ਵਿੱਚ ਵਾਸਾ ਕਰ ਰਹੀ ਹੈੈ।
ਇਹੋ ਹੀ 35 ਸਾਲਾਂ ਦੇ ਵਕਫੇ ਦਾ ਹਾਸਲ ਹੈੈ। ਇਹੋ ਹੀ ਸਮੁੱਚੇ ਸ਼ਹੀਦਾਂ ਨੂੰ ਸੁੱਚੀ ਸ਼ਰਧਾਂਜਲੀ ਹੈੈ।