ਕਸ਼ਮੀਰੀ ਲੋਕਾਂ ਦੀ ਅਜ਼ਾਦੀ ਦੀ ਜੰਗ ਲਗਾਤਾਰ ਜਾਰੀ ਹੈ।੧੯੮੯ ਵਿੱਚ ਅਰੰਭ ਹੋਇਆ ਕਸ਼ਮੀਰ ਦਾ ਸੰਘਰਸ਼ ਹਜਾਰਾਂ ਕੀਮਤੀ ਜਾਨਾਂ ਗਵਾ ਕੇ ਹਾਲੇ ਵੀ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਹੈ। ਇੱਕ ਪਾਸੇ ਕਸ਼ਮੀਰ ਦੇ ਨੌਜਵਾਨ ਅਜ਼ਾਦੀ ਲਈ ਹਥਿਆਰਬੰਦ ਸੰਘਰਸ਼ ਲੜ ਰਹੇ ਹਨ ਉਥੇ ਕਸ਼ਮੀਰੀ ਵਿਦਵਾਨ ਅਤੇ ਖਾਸ ਕਰਕੇ ਕਸ਼ਮੀਰੀ ਵਿਦਿਆਰਥੀ ਕਿਸੇ ਨਾ ਕਿਸੇ ਮੰਚ ਤੇ ਆਪਣੀ ਗੱਲ ਕਹਿੰਦੇ ਰਹਿੰਦੇ ਹਨ। ਬੇਸ਼ੱਕ ਭਾਰਤ ਦੇ ਮੁੱਖ-ਧਾਰਾਈ ਮੀਡੀਆ ਵਿੱਚ ਕਸ਼ਮੀਰ ਬਾਰ ਭਾਰਤ ਦੀ ਸਰਕਾਰੀ ਨੀਤੀ ਹੀ ਪਰਸਾਰਿਤ ਹੁੰਦੀ ਹੈ ਪਰ ਕਸ਼ਮੀਰੀ ਲੋਕਾਂ ਨੇ ਕੁਝ ਵੈਬਸਾਈਟਾਂ ਅਤੇ ਸ਼ੋਸ਼ਲ ਮੀਡੀਆ ਦੇ ਹੋਰ ਸਾਧਨਾਂ ਰਾਹੀਂ ਆਪਣੀ ਗੱਲ ਕਰਨੀ ਜਾਰੀ ਰੱਖੀ ਹੋਈ ਹੈ। ਭਾਰਤ ਦੇ ਪੜ੍ਹੇ ਲਿਖੇ ਵਰਗ ਵਿੱਚ ਬਹੁਤ ਤੀਬਰਤਾ ਨਾਲ ਪੜ੍ਹਿਆ ਜਾਣ ਵਾਲਾ ਵੈਬ-ਪੋਰਟਲ ਕਾਫਿਲਾ ਵਿੱਚ ਕਸ਼ਮੀਰੀ ਲੋਕਾਂ ਦੇ ਦੁੱਖ ਦਰਦ ਬਾਰੇ ਬਹੁਤ ਵਿਸਥਾਰ ਨਾਲ ਲਿਖਿਆ ਜਾਂਦਾ ਹੈ।
ਹੁਣ ਤੱਕ ਭਾਰਤ ਸਰਕਾਰ ਦੀ ਕਸ਼ਮੀਰ ਸਮੱਸਿਆ ਬਾਰੇ ਨੀਤੀ ਇਹ ਰਹੀ ਸੀ ਕਿ ਇਹ ਮਹਿਜ਼ ਅਮਨ ਕਨੂੰਨ ਦੀ ਸਮੱਸਿਆ ਹੈ ਅਤੇ ਇਸਨੂੰ ਫੌਜੀ ਜਬਰ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ। ਲਗਭਗ ੨੯ ਸਾਲਾਂ ਤੋਂ ਭਾਰਤ ਸਰਕਾਰ, ਉਸਦੀ ਫੌਜ ਅਤੇ ਨੀਤੀਘਾੜੇ ਇਸੇ ਵਿਚਾਰ ਦੇ ਧਾਰਨੀ ਰਹੇ ਹਨ। ਆਮ ਲੋਕਾਂ ਤੇ ਜਬਰ, ਪੁਲਿਸ ਮੁਕਾਬਲੇ ਅਤੇ ਔਰਤਾਂ ਦੀ ਬੇਪਤੀ ਨੂੰ ਕਸ਼ਮੀਰੀਆਂ ਦੇ ਖਿਲਾਫ ਹਥਿਆਰ ਵੱਜੋਂ ਵਰਤਿਆ ਜਾ ਰਿਹਾ ਸੀ।
ਪਰ ਹੁਣ ਭਾਰਤ ਸਰਕਾਰ ਨੇ ਆਪਣੀ ਕਸ਼ਮੀਰ ਨੀਤੀ ਵਿੱਚ ਕੁਝ ਤਬਦੀਲੀ ਲਿਆਉਣ ਦਾ ਐਲਾਨ ਕੀਤਾ ਹੈ। ਭਾਰਤੀ ਨੀਤੀਘਾੜਿਆਂ ਨੇ ਜਬਰ ਦੀ ਨੀਤੀ ਦੇ ਨਾਲ ਨਾਲ ਕੁਝ ਨਵੇਂ ਢੰਗ ਤਰੀਕੇ ਅਪਨਾਉਣ ਦੀ ਯੋਜਨਾ ਵੀ ਬਣਾਈ ਹੈ। ਇਸਦੇ ਪਹਿਲੇ ਕਦਮ ਵੱਜੋਂ ਰਮਜ਼ਾਨ ਦੇ ਦਿਨਾਂ ਵਿੱਚ ਭਾਰਤੀ ਫੌਜ ਵੱਲੋਂ ਆਪਣੀਆਂ ਸਾਰੀਆਂ ਕਾਰਵਾਈਆਂ ਬੰਦ ਕਰ ਦੇਣ ਦਾ ਐਲਾਨ ਕੀਤਾ ਗਿਆ ਹੈ।
ਇਸਦੇ ਨਾਲ ਹੀ ਭਾਰਤ ਦੇ ਨੀਤੀਘਾੜਿਆਂ ਨੇ ਇਹ ਮਹਿਸੂਸ ਕਰ ਲਿਆ ਹੈ ਕਿ ਕਸ਼ਮੀਰ ਦੇ ਉਨ੍ਹਾਂ ਨੌਜਵਾਨਾਂ ਨਾਲ ਰਾਬਤਾ ਬਣਾਇਆ ਜਾਵੇ ਜੋ ਹਥਿਆਰਬੰਦ ਨਹੀ ਹਨ ਪਰ ਫੌਜ ਦੇ ਖਿਲਾਫ ਪੱਥਰਬਾਜ਼ੀ ਵਿੱਚ ਹਮੇਸ਼ਾ ਵੱਧ ਚੜ੍ਹਕੇ ਸ਼ਾਮਲ ਹੁੰਦੇ ਹਨ। ਭਾਰਤ ਦੇ ਨੀਤੀਘਾੜਿਆਂ ਦਾ ਕਹਿਣਾਂ ਹੈ ਕਿ ਇਨ੍ਹਾਂ ਕਸ਼ਮੀਰੀ ਨੌਜਵਾਨਾਂ ਨਾਲ ਰਾਬਤਾ ਬਣਾਕੇ ਅਤੇ ਇਨ੍ਹਾਂ ਨਾਲ ਗੱਲਬਾਤ ਕਰਕੇ, ਇਨ੍ਹਾਂ ਦੇ ਦੁਖਾਂ ਅਤੇ ਰੋਸਿਆਂ ਨੂੰ ਜਾਣਿਆਂ ਜਾਵੇਗਾ ਤਾਂ ਕਿ ਕਸ਼ਮੀਰ ਸਮੱਸਿਆ ਦਾ ਕੋਈ ਯੋਗ ਰਾਜਨੀਤਿਕ ਹੱਲ ਕੱਢਿਆ ਜਾ ਸਕੇ। ਭਾਰਤੀ ਨੀਤੀਘਾੜਿਆਂ ਨੇ ਹੁਣ ਇਹ ਗੱਲ ਕਬੂਲ ਕਰ ਲਈ ਹੈ ਕਿ ਕਿਸੇ ਵੀ ਕੌਮ ਦੇ ਨੌਜਵਾਨਾਂ ਦਾ ਏਨਾ ਬਰੇਨਵਾਸ਼ ਨਹੀ ਹੋ ਸਕਦਾ ਕਿ ਕਿ ਉਹ ਫੌਜ ਦੀ ਗੋਲੀ ਨਾਲ ਸ਼ਹੀਦ ਹੋਣ ਦੀ ਤਮੰਨਾ ਪਾਲਣ ਲੱਗ ਜਾਣ। ਇਸ ਲਈ ਇਨ੍ਹਾਂ ਨੌਜਵਾਨਾਂ ਦੀ ਗੱਲ ਸੁਣਨ ਦਾ ਮਨ ਹੁਣ ਭਾਰਤ ਸਰਕਾਰ ਨੇ ਬਣਾਇਆ ਹੈ।
ਅਸੀਂ ਸਮਝਦੇ ਹਾਂ ਕਿ ਭਾਰਤ ਸਰਕਾਰ ਦੀ ਇਹ ਨੀਤੀ ਸਲਾਹੁਣਯੋਗ ਹੈ ਅਤੇ ਜੇ ਇਹ ਇਮਾਨਦਾਰ ਭਾਵਨਾ ਨਾਲ ਵਿਚਾਰੀ ਜਾ ਰਹੀ ਹੈ ਤਾਂ ਇਸਦਾ ਸਵਾਗਤ ਕਰਨਾ ਬਣਦਾ ਹੈ। ਕਿਸੇ ਵੀ ਅਜ਼ਾਦੀ ਲਹਿਰ ਦੀ ਇਹ ਪ੍ਰਮੁੱਖਤਾ ਅਤੇ ਖੂਬਸੂਰਤੀ ਹੁੰਦੀ ਹੈ ਕਿ ਉਸਨੂੰ ਸੱਚੇ ਦਿਲੋਂ ਪਿਆਰ ਕਰਨ ਵਾਲੇ ਲੋਕ ਹਸ ਹਸਕੇ ਆਪਣੇ ਕਾਜ ਲਈ ਜਾਨਾਂ ਵਾਰਨ ਖਾਤਰ ਤਿਆਰ ਰਹਿ ਰਹਿੰਦੇ ਹਨ। ਕੋਈ ਬੇਗਾਨਾ ਮੁਲਕ ਜਾਂ ਕੋਈ ਵਿਰੋਧੀ ਧਿਰ ਕਦੇ ਵੀ ਕਿਸੇ ਸੰਘਰਸ਼ ਨੂੰ ਇਸ ਪੜਾ ਤੇ ਨਹੀ ਪਹੁੰਚਾ ਸਕਦੇ ਕਿ ਲੋਕ ਆਪਣੇ ਕਾਜ਼ ਲਈ ਆਪਣੀਆਂ ਜਾਨਾਂ ਦੀ ਬਾਜੀ ਲਾਉਣ ਲਈ ਤਿਆਰ ਹੋ ਜਾਣ। ਕਿਸੇ ਨੂੰ ਟੀਕੇ ਲਗਾਕੇ ਬਹਾਦਰ ਨਹੀ ਬਣਾਇਆ ਜਾ ਸਕਦਾ ਹੁੰਦਾ। ਜੇ ਕਿਸੇ ਲਹਿਰ ਦੇ ਅੰਦਰ ਕੋਈ ਰੁਹਾਨੀ ਰੀਝ ਅਤੇ ਸ਼ਹਾਦਤ ਦਾ ਜਜਬਾ ਨਾ ਪਿਆ ਹੋਵੇ ਕੋਈ ਬੇਗਾਨਾ ਮੁਲਕ ਉਸਨੂੰ ਲੱਖ ਹਥਿਆਰ ਸਪਲਾਈ ਕਰੀ ਜਾਵੇ ਉਹ ਲਹਿਰ ਆਪਣੇ ਨਿਸ਼ਾਨੇ ਹਾਸਲ ਨਹੀ ਕਰ ਸਕਦੀ।
ਅਸੀਂ ਸਮਝਦੇ ਹਾਂ ਕਿ ਭਾਰਤ ਸਰਕਾਰ ਦਾ ਇਹ ਕਦਮ ਜੇ ਇਮਾਨਦਾਰੀ ਨਾਲ ਚੁਕਿਆ ਗਿਆ ਹੈ ਤਾਂ ਸ਼ਲਾਘਾਯੋਗ ਹੈ। ਸਾਡਾ ਇਹ ਵੀ ਮੰਨਣਂ ਹੈ ਕਿ ਭਾਰਤ ਸਰਕਾਰ ਨੂੰ ਸਿੱਖਾਂ ਬਾਰੇ ਵੀ ਇਹੋ ਪਹੁੰਚ ਅਪਨਾਉਣੀ ਚਾਹੀਦੀ ਹੈ। ਭਾਰਤ ਸਰਕਾਰ ਨੂੰ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਪੰਜਾਬ ਵਿੱਚ ਏਨਾ ਜੁਲਮ ਕਰਨ ਦੇ ਬਾਵਜੂਦ ਵੀ ਹਾਲੇ ਵੀ ਸਿੱਖਾਂ ਵਿੱਚ ਆਪਣੀ ਲਹਿਰ ਦੀ ਗੱਲ ਖਤਮ ਕਿਉਂ ਨਹੀ ਹੋਈ। ਅਤਾ ਦੂਸਰਾ ਕਿਸੇ ਵੀ ਮੁਲਕ ਵਿੱਚ ਜਦੋਂ ਭਾਰਤ ਦੇ ਸਰਕਾਰੀ ਨੁਮਾਇੰਦੇ ਜਾਂਦੇ ਹਨ ਤਾਂ ਹਾਲੇ ਵੀ ਵੱਡੀ ਗਿਣਤੀ ੱਿਵੱਚ ਸਿੱਖ ਉਨ੍ਹਾਂ ਦਾ ਵਿਰੋਧ ਕਰਨ ਲਈ ਇਕੱਠੇ ਹੋ ਜਾਂਦੇ ਹਨ। ਬੇਸ਼ੱਕ ਭਾਰਤ ਸਰਕਾਰ ਦੇ ਨੀਤੀਘਾੜੇ ਪਿਛਲੇ ੩੦ ਸਾਲਾਂ ਤੋਂ ਪੂਰਾ ਜੋਰ ਲਾ ਕੇ ਸਿੱਖਾਂ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਇਸਦੇ ਬਾਵਜੂਦ ਵੀ ਸਿੱਖਾਂ ਦਾ ਰੋਸ ਬਰਕਰਾਰ ਹੈ।
ਅਸੀਂ ਸਮਝਦੇ ਹਾਂ ਕਿ ਹੁਣ ਸਮਾਂ ਆ ਗਿਆ ਹੈ ਕਿ ਭਾਰਤ ਸਰਕਾਰ ਸਿੱਖਾਂ ਨਾਲ ਵੀ ਇੱਕ ਬਰਾਬਰ ਦੀ ਧਿਰ ਵੱਜੋਂ ਗੱਲ ਕਰਕੇ ਉਨ੍ਹਾਂ ਦੇ ਰੋਸ ਅਤੇ ਇੱਛਾ ਨੂੰ ਜਾਨਣ ਦੀ ਕੋਸ਼ਿਸ਼ ਕਰੇ। ਇਸ ਪਹਿਲਕਦਮੀ ਨਾਲ ਹੀ ਸਮੱਸਿਆ ਦਾ ਕੋਈ ਹੱਲ ਹੋ ਸਕਦਾ ਹੈ। ਸਿਆਣੀਆਂ ਸਰਕਾਰਾਂ ਮਹਿਜ਼ ਜਬਰ ਨਾਲ ਹੀ ਆਪਣੀ ਨੀਤੀ ਅੱਗੇ ਨਹੀ ਵਧਾਉਂਦੀਆਂ ਬਲਕਿ ਕੌਮਾਂ ਦੇ ਰੋਸ ਨੂੰ ਵੀ ਸਮਝਦੀਆਂ ਹਨ।