ਸਪੇਨ ਦੇਸ਼ ਤੋਂ ਲੰਮੇ ਅਰਸੇ ਤੋਂ ਕੈਟੇਲੋਨੀਆਂ ਸੂਬੇ ਦੇ ਲੋਕਾਂ ਵੱਲੋਂ ਆਪਣੇ ਸੂਬੇ ਨੂੰ ਅਜ਼ਾਦ ਤੇ ਖੁਦਮੁਖਤਿਆਰ ਦੇਸ਼ ਬਣਾਉਣ ਦੀ ਮੰਗ ਉਠਦੀ ਰਹੀ ਹੈ। ਇਸ ਅਜਾਦੀ ਅਤੇ ਖੁਦਮੁਖਤਿਆਰੀ ਦੀ ਮੰਗ ਨੂੰ ਪੂਰਾ ਕਰਨ ਲਈ ਕੈਟਾਲੋਨੀਆਂ ਦੇ ਲੋਕਾਂ ਨੇ ਆਪਣੀ ਸਰਕਾਰ ਦੇ ਆਗੂ ਕਾਰਲਸ ਪੁਦਜ਼ਮੌਨ ਦੀ ਰਹਿਨੁਮਾਈ ਹੇਠਾਂ ਪਿਛਲੇ ਐਤਵਾਰ ਇੱਕ ਅਕਤੂਬਰ ਨੂੰ ਆਪਣੀ ਅਜ਼ਾਦੀ ਦੇ ਵੋਟ ਦਾ ਅਧਿਕਾਰ ਵਰਤਦਿਆਂ ਹੋਇਆਂ ੯੦% ਤੋਂ ਵੱਧ ਬਹੁਸੰਮਤੀ ਨਾਲ ਵੋਟਰਾਂ ਨੇ ਇਸ ਰਾਇਸ਼ੁਮਾਰੀ ਰਾਹੀਂ ਅਜ਼ਾਦੀ ਦੀ ਹਮਾਇਤ ਕੀਤੀ ਹੈ। ਇਸ ਰਾਏਸ਼ੁਮਾਰੀ ਦੇ ਵਿਰੋਧ ਵਿੱਚ ਸਪੇਨ ਦੇਸ਼ ਦੇ ਪ੍ਰਧਾਨ ਮੰਤਰੀ ਮਾਰੀਆਨੋ ਰਾਜੋਇ ਨੇ ਆਪਣੀ ਪੂਰੀ ਸ਼ਕਤੀ ਵਰਤਦਿਆਂ ਹੋਇਆਂ ਰਾਏਸ਼ੁਮਾਰੀ ਤੇ ਪਾਬੰਦੀ ਲਾ ਦਿੱਤੀ ਸੀ। ਇਸਦੇ ਬਾਵਜੂਦ ਵੀ ਕੈਟੇਲੋਨੀਆਂ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਇਸ ਰਾਏਸ਼ੁਮਾਰੀ ਦਾ ਹਿੱਸਾ ਬਣਕੇ ਆਪਣੇ ਆਜ਼ਾਦ ਹੋਣ ਦਾ ਪ੍ਰਗਟਾਵਾ ਕੀਤਾ ਹੈ।
ਕੈਟੇਲੋਨੀਆਂ ਸਪੇਨ ਦੇਸ਼ ਦੇ ਸਤਾਰਾਂ ਖੁਦਮੁਖਤਿਆਰ ਸੂਬਿਆਂ ਵਿਚੋਂ ਇੱਕ ਸੂਬਾ ਹੈ। ਜੋ ਕਿ ਇਸ ਦੇਸ਼ ਦੇ ਉਤਰੀ ਪੂਰਬੀ ਇਲਾਕੇ ਵਿੱਚ ਹੈ ਤੇ ਇਸ ਵਿੱਚ ੭.੫ ਮਿਲੀਅਨ ਲੋਕ ਵਸੇ ਹੋਏ ਹਨ। ਇਹ ਕੈਟੇਲੋਨੀਆ ਸੂਬਾ ਸਪੇਨ ਦੇਸ਼ ਦਾ ਇੱਕ ਅਹਿਮ ਖੁਸ਼ਹਾਲ ਸੂਬਾ ਹੈ ਅਤੇ ਸਮੇਨ ਦੇਸ਼ ਦੀ ਆਰਥਿਕਤਾ ਨੂੰ ਬੜਾਵਾ ਦੇਣ ਵਿੱਚ ਇਸਦਾ ਮੁੱਖ ਸਹਿਯੋਗ ਰਿਹਾ ਹੈ। ਇਸ ਸੂਬੇ ਦੀ ਰਾਜਧਾਨੀ ਬਾਰਸੀਲੋਨਾ ਜੋ ਕਿ ਹੁਣ ਇਸ ਬਣ ਰਹੇ ਕੈਟੇਲੋਨੀਆਂ ਮੁਲਕ ਦੀ ਰਾਜਧਾਨੀ ਵੀ ਹੋਵੇਗੀ ਇੱਕ ਸੰਸਾਰ ਪ੍ਰਸਿੱਧ ਸਹਿਰ ਹੈ ਜਿਸ ਵਿੱਚ ੧੯੯੨ ਦੀਆਂ ਉਲੰਪਿਕ ਖੇਡਾਂ ਵੀ ਹੋਈਆਂ ਸਨ ਅਤੇ ਇਹ ਸ਼ਹਿਰ ਸਪੇਨ ਦੇਸ਼ ਵਿੱਚ ਦੁਨੀਆਂ ਭਰ ਦੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ।
ਮੌਜੂਦਾ ਰਇਸ਼ਮਾਰੀ ਦੀ ਵੋਟ ਦੌਰਾਨ ਸਪੇਨ ਦੇਸ਼ ਤੋਂ ਆਪਣੇ ਵੱਲੋਂ ਕੀਤੇ ਪੂਰੇ ਸ਼ਕਤੀਸ਼ਾਲੀ ਪ੍ਰਦਰਸ਼ਨ ਦੇ ਬਾਵਜੂਦ ੫.੮ ਕੈਟੇਲੋਨੀਆਂ ਵੋਟਰਾਂ ਵਿੱਚ ੨.੫ ਮਿਲੀਅਨ ਵੋਟਰਾਂ ਨੇ ਹਰ ਇੱਕ ਔਕੜ ਦਾ ਸਾਹਮਣਾ ਕਰਦਿਆਂ ਹੋਇਆਂ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਤੇ ਇਸ ਵਿਚੋਂ ੯੦% ਲੋਕਾਂ ਨੇ ਅਜ਼ਾਦ ਹੋਣ ਦੀ ਹਮਾਇਤ ਕੀਤੀ। ਇਸ ਤੋਂ ਬਾਅਦ ਇਸ ਸੂਬੇ ਦੀ ਸਰਕਾਰ ਦੇ ਮੁੱਖ ਲੀਡਰ ਪੁਦਜਮੌਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਕੈਟੇਲੋਨੀਆਂ ਦੇ ਲੋਕਾਂ ਨੂੰ ਇਸ ਵੋਟ ਰਾਹੀਂ ਅਜ਼ਾਦ ਰਾਜ ਦਾ ਹੱਕ ਮਿਲ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਕੈਟੇਲੋਨੀਆਂ ਦੀ ਪਾਰਲੀਮੈਂਟ ਵਿੱਚ ਇਸ ਅਜ਼ਾਦੀ ਦੀ ਰਾਇਸ਼ੁਮਾਰੀ ਨੂੰ ਕਰਕੇ ਸਾਰੀਆਂ ਸੰਸਥਵਾਂ ਤੋਂ ਸਰਬਸੰਮਤੀ ਲਈ ਜਾਵੇਗੀ। ਫਿਰ ਇਸ ਕੈਟੇਲੋਨੀਆਂ ਨੂੰ ਪੂਰੀ ਤਰਾਂ ਅਜ਼ਾਦ ਰਾਜ ਹੋਣ ਦਾ ਦੁਨੀਆਂ ਭਰ ਵਿੱਚ ਐਲਾਨ ਕਰ ਦਿੱਤਾ ਜਾਵੇਗਾ। ਇਸ ਲਈ ਕੈਟੇਲੋਨੀਆਂ ਦੇ ਸੂਬਾ ਸਰਕਾਰ ਦੇ ਪ੍ਰਮੁੱਖ ਲੀਡਰ ਪੁਦਜ਼ਮੌਨ ਨੇ ਯੂਰਪੀਅਨ ਸੰਘ ਅਤੇ ਹੋਰ ਮੁਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਡੇ ਅਜ਼ਾਦ ਰਾਜ਼ ਨੂੰ ਸਹਿਯੋਗ ਦੇਣ ਤਾਂ ਜੋ ਅਸੀਂ ਸਾਂਤੀਮਈ ਤਰੀਕੇ ਨਾਲ ਸਪੇਨ ਦੇਸ਼ ਤੋਂ ਵੱਖ ਹੋ ਸਕੀਏ।
ਕੈਟੇਲੋਨੀਆਂ ਦਾ ਆਪਣਾ ਇੱਕ ਇਤਿਹਾਸ ਤੇ ਸੱਭਿਆਚਾਰ ਹੈ। ਸਪੇਨ ਦੇ ਬਾਕੀ ਸੂਬਿਆਂ ਵਾਂਗ ਇਸਦੀ ਵੱਖਰੀ ਜ਼ਬਾਨ ਹੈ। ਇਹ ਸੂਬਾ ੧੧ ਸਤੰਬਰ ਨੂੰ ਆਪਣਾ ਰਾਸ਼ਟਰੀ ਦਿਵਸ ਮਨਾਉਦਾ ਹੈ ਕਿਉਂਕਿ ਇਸ ਦਿਨ ੧੭੧੪ ਈ. ਵਿੱਚ ਸਪੇਨ ਦੇ ਉਸ ਵਕਤ ਦੇ ਰਾਜੇ ਨੇ ਆਪਣੀ ਫੌਜੀ ਸ਼ਕਤੀ ਰਾਹੀਂ ਇਸ ਸੂਬੇ ਤੇ ਪੂਰੀ ਤਰਾਂ ਕਬਜ਼ਾ ਕਰਕੇ ਇਸ ਨੂੰ ਸਪੇਨ ਦੇਸ਼ ਵਿੱਚ ਰਲਾ ਲਿਆ ਸੀ ਜਿਸ ਕਾਰਨ ਇਸ ਸੂਬੇ ਦੀ ਖੁਦਮੁਖਤਿਆਰੀ ਖਤਮ ਹੋ ਗਈ ਸੀ। ੧੯ਵੀਂ ਸਦੀ ਦੇ ਸ਼ੁਰੂ ਵਿੱਚ ਜਦੋਂ ਉਦਯੋਗਿਕ ਕ੍ਰਾਂਤੀ ਸਾਰੇ ਯੂਰਪ ਵਿੱਚ ਫੈਲੀ ਤਾਂ ਉਸ ਵਕਤ ਇਸ ਸੂਬੇ ਨੇ ਵੀ ਉਦਯੋਗਿਕ ਕ੍ਰਾਂਤੀ ਰਾਹੀਂ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਆਪਣੇ ਸੂਬੇ ਪ੍ਰਤੀ ਰਾਸ਼ਟਰੀਅਤਾ ਨੂੰ ਵੀ ਹੋਰ ਪ੍ਰਪੱਕ ਕੀਤਾ। ਅੱਜ ਵੀ ਕੈਟੇਲੋਨੀਆਂ ਸਪੇਨ ਦੇਸ਼ ਦਾ ਆਰਥਿਕਤਾ ਪੱਖੋਂ ਮੁੱਖ ਅਗਾਂਹਵਧੂ ਸੂਬਾ ਹੈ। ਇਸ ਆਰਥਿਕਤਾ ਦੇ ਬਲਬੂਤੇ ਤੇ ਇਸਦੀ ਅਜ਼ਾਦੀ ਦੀ ਲਹਿਰ ਨੂੰ ਵੀ ਵੱਡਾ ਬਲ ਮਿਲਿਆ ਹੈ। ਪਹਿਲਾਂ ਵੀ ਅਣਅਧਿਕਾਰਤ ਤੌਰ ੨੦੧੪ ਵਿੱਚ ਇਥੇ ਅਜ਼ਾਦੀ ਪੱਖੀ ਰਾਇਸ਼ੁਮਾਰੀ ਕਰਾਈ ਗਈ ਸੀ ਉਸ ਵਕਤ ਵੀ ਅਜ਼ਾਦ ਹੋਣ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ। ਇਸ ਸਦਕਾ ਹੀ ੨੦੧੫ ਤੋਂ ਬਾਅਦ ਸੂਬੇ ਵਿੱਚ ਜਿਹੜੀ ਸਰਕਾਰ ਬਣੀ ਉਹ ਪੂਰੀ ਤਰਾਂ ਸੂਬੇ ਦੀ ਅਜਾਦੀ ਲਈ ਸਮਰਪਿਤ ਸੀ। ਇਸ ਸਕਾਰ ਨੇ ਹੀ ਸਤੰਬਰ ਦੇ ਸ਼ੁਰੂ ਵਿੱਚ ਆਪਣੀ ਐਸੰਬਲੀ ਵਿੱਚ ਸਰਬਸੰਮਤੀ ਨਾਲ ਕਾਨੂੰਨ ਪਾਸ ਕਰਕੇ ਇੱਕ ਅਕਤੂਬਰ ਨੂੰ ਰਾਏਸ਼ੁਮਾਰੀ ਲਈ ਰਾਹ ਖੋਲ ਦਿੱਤਾ ਸੀ।
ਕੈਟੇਲੋਨੀਆਂ ਦੇਸ਼ ਇਸ ਸਾਲ ਵਿੱਚ ਆਪਣੀ ਅਜ਼ਾਦ ਹਸਤੀ ਪ੍ਰਗਟਾਉਣ ਵਾਲਾ ਦੁਨੀਆਂ ਦਾ ਦੂਜਾ ਦੇਸ਼ ਹੈ ਤੇ ਇਸ ਤੋਂ ਪਹਿਲਾਂ ਇਰਾਕ ਵਿੱਚ ਕੁਰਦਾਂ ਨੇ ਵੀ ਆਪਣੇ ਵੱਲੋਂ ਕਰਾਈ ਰਾਏਸ਼ੁਮਾਰੀ ਰਾਹੀਂ ਨਵੇਂ ਦੇਸ਼ ਕੁਰਦਸਤਾਨ ਦੀ ਨੀਂਹ ਰੱਖੀ ਹੈ।
ਇਸ ਤਰਾਂ ਦੇ ਚੁੱਕੇ ਹੋਏ ਕਦਮ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਅਜ਼ਾਦ ਹੋਣ ਲਈ ਲੋਚ ਰਹੀਆਂ ਕੌਮਾਂ ਤੇ ਸੂਬਿਆਂ ਨੂੰ ਇਸ ਰਾਹੀਂ ਆਪਣੀ ਅਜ਼ਾਦ ਹਸਤੀ ਪ੍ਰਤੀ ਆਸ਼ਾਵਾਂ ਨੂੰ ਬਲ ਵੀ ਮਿਲੇਗਾ ਤੇ ਸੰਯੁਕਤ ਰਾਸ਼ਟਰ ਵੱਲੋਂ ਦੂਜੀ ਸੰਸਾਰਕ ਜੰਗ ਤੋਂ ਬਾਅਦ ਸਵੈਨਿਰਣੇ ਦੀ ਮੰਗ ਨੂੰ ਸਰਬਸੰਮਤੀ ਨਾਲ ਮਿਲੀ ਪ੍ਰਵਾਨਗੀ ਨੂੰ ਵਿਚਾਰਦਿਆਂ ਹੋਇਆਂ ਸੰਯੁਕਤ ਰਾਸ਼ਟਰ ਸੰਘ ਨੂੰ ਦੁਨੀਆਂ ਦੇ ਵੱਖ-ਵੱਖ ਹਿਸਿਆਂ ਵਿੱਚ ਦਬਾਈ ਹੋਈ ਸਵੈਨਿਰਣੇ ਤੇ ਖੁਦਮੁਖਤਿਆਰੀ ਦੀ ਵੱਖ-ਵੱਖ ਕੌਮਾਂ ਵੱਲੋਂ ਉਠਾਈ ਜਾਂਦੀ ਮੰਗ ਪ੍ਰਤੀ ਸੰਜ਼ੀਦਗੀ ਦਿਖਾਉਣੀ ਚਾਹੀਦੀ ਹੈ।