ਹੁਣੇ-ਹੁਣੇ ਦੁਨੀਆਂ ਭਰ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ (‘The Black Prince’) ਬਾਰੇ ਸਿੱਖ ਕੌਮ ਵਿੱਚ ਕਾਫੀ ਚਰਚਾ ਹੈ। ਖਾਸ ਕਰਕੇ ਨੌਜਵਾਨ ਪੀੜੀ ਵਿੱਚ। ਕਾਫੀ ਹੱਦ ਤੱਕ ਇਸਨੂੰ ਹੁੰਗਾਰਾ ਵੀ ਹੱਲਾਸ਼ੇਰੀ ਵਾਲਾ ਮਿਲਿਆ ਹੈ।
ਇਹ ਫਿਲਮ ਹਾਲੀਵੁੱਡ ਵੱਲੋਂ ਤਿਆਰ ਕੀਤੀ ਹੈ ਤੇ ਇਸ ਨੂੰ ਹਿੰਦੀ ਤੇ ਅੰਗਰੇਜ਼ੀ ਵਿੱਚ ਵੀ ਰਿਲੀਜ਼ ਕੀਤਾ ਗਿਆ ਹੈ। ਇਸ ਸਾਰੀ ਫਿਲਮ ਨੂੰ ਇੰਗਲੈਂਡ ਵਿੱਚ ਫਿਲਮਾਇਆ ਗਿਆ ਹੈ। ਇਹ ਫਿਲਮ ਸਿੱਖ ਰਾਜ ਵੇਲੇ ਦੇ ਇਤਿਹਾਸ ਦੇ ਅਣਖੋਲੇ ਤੇ ਅਣਛੂਹੇ ਪੱਖਾਂ ਤੇ ਪੰਨਿਆ ਨੂੰ ਦਰਸਾਉਂਦੀ ਹੋਈ ਸਿੱਖ ਰਾਜ ਦੇ ਆਖਰੀ ਵਾਰਿਸ ਮਾਹਾਰਾਜਾ ਦਲੀਪ ਸਿੰਘ ਦੀ ਅੰਦਰੂਨੀ ਪੀੜ ਦੀ ਦਾਸਤਾਨ ਹੈ। ਕਿਸ ਤਰਾਂ ਮਾਹਾਰਾਜਾ ਦਲੀਪ ਸਿੰਘ ਬਰਤਾਨਵੀ ਮਾਹਾਰਾਣੀ ਵਿਕਟੋਰੀਆ ਦਾ ਲਾਡਲਾ ਹੋਣ ਦੇ ਸਦਕਾ ਵੀ ਆਪਣੀ ਮਾਂ ਜਿੰਦ ਕੌਰ ਦੇ ਵਿਛੋੜੇ ਦੇ ਦੁੱਖ ਵਿੱਚ ਗੰਭੀਰ ਤੇ ਵਿਲੀਨ ਸੀ।
ਮਾਹਾਰਾਜਾ ਦਲੀਪ ਸਿੰਘ ਅਤੇ ਮਾਹਾਰਾਣੀ ਜਿੰਦਾਂ ਦਾ ਫਿਲਮ ਵਿੱਚ ਕਿਰਦਾਰ ਮਿਆਰੀ ਪੰਜਾਬੀ ਗਾਇਕ ਸਤਿੰਦਰ ਸਰਤਾਜ ਰਾਹੀਂ ਤੇ ਮਸ਼ਹੂਰ ਹਿੰਦੀ ਫਿਲਮ ਨਾਇਕ ਸ਼ਬਾਨਾ ਆਜ਼ਮੀ ਨੇ ਨਿਭਾਇਆ ਹੈ। ਭਾਵੇਂ ਕਿ ਫਿਲਮ ਵਿੱਚ ਮਾਹਾਰਾਣੀ ਜਿੰਦ ਕੌਰ ਦਾ ਦਿਖਾਇਆ ਗਿਆ ਰੋਲ ਉਨਾਂ ਦੀ ਜਿੰਦਗੀ ਦੀ ਅਸਲ ਦਾਸਤਾਨ ਨਾਲੋਂ ਕਿਤੇ ਘੱਟ ਤੇ ਨਾ ਮੁਕੰਮਲ ਹੈ। ਨਿਰਦੇਸ਼ਕ ਕਵੀ ਰਾਜ ਨੇ ਇਸ ਅਨੋਖੀ ਇਤਿਹਾਸਕ ਸਿੱਖ ਰਾਜ ਦੀ ਦਾਸਤਾਨ ਨੂੰ ਆਪਣੇ ਨਿਰਦੇਸ਼ਨ ਰਾਹੀਂ ਸਹੀ ਅਰਥਾਂ ਵਿੱਚ ਪ੍ਰੋਣ ਦੀ ਕੋਸ਼ਿਸ਼ਿ ਕੀਤੀ ਹੈ। ਮਾਹਾਰਾਜਾ ਦਲੀਪ ਸਿੰਘ ਦੀ ਦਾਸਤਾਨ ਤੇ ਉਸਦੀ ਅੰਦਰੂਨੀ ਪੀੜ ਤੇ ਖਾਹਿਸ਼ ਨੂੰ ਜਿਸ ਤਰਾਂ ਮਾਹਾਰਾਣੀ ਜਿੰਦ ਕੌਰ ਨੇ ਜਗਾਉਣ ਦੀ ਕੋਸ਼ਿਸ ਕੀਤੀ ਹੈ ਇਹ ਅੱਜ ਦੀ ਸਿੱਖ ਨੌਜਵਾਨ ਪੀੜੀ ਲਈ ਇਤਿਹਾਸ ਦੇ ਅਣਛੋਹੇ ਪੰਨੇ ਹਨ।
ਇਸੇ ਤਰਾਂ ਇਹ ਫਿਲਮ ਜਿਸਨੂੰ ਬੜੇ ਸੁੱਚਜੇ ਢੰਗ ਨਾਲ ਖੋਜ ਕਰਦੇ ਸਿੱਖ ਰਾਜ ਇਤਿਹਾਸ ਨੂੰ ਮੁੱਖ ਰੱਖ ਕੇ ਮਾਹਾਰਾਜਾ ਦਲੀਪ ਸਿੰਘ ਦੇ ਸਮੇਂ ਨੂੰ ਸਿੱਖ ਕੌਮ ਅਤੇ ਦੁਨੀਆਂ ਸਾਹਮਣੇ ਲਿਆਉਣ ਦੀ ਇੱਕ ਚੰਗੀ ਤੇ ਸੂਝਵਾਨ ਕੋਸ਼ਿਸ ਹੈ। ਜਿਸ ਨੂੰ ਕਿ ਸਿੱਖ ਕੌਮ ਵੱਲੋਂ ਚੰਗਾ ਹੁੰਗਾਰਾ ਦੇਣਾ ਬਣਦਾ ਹੈ ਤਾਂ ਜੋ ਹੋਰ ਵੀ ਸਿੱਖ ਰਾਜ ਬਾਰੇ ਅਤੇ ਜੋ ਮਾਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਤੋਂ ਬਾਅਦ ਇੰਨੀ ਛੇਤੀ ਸਿਮਟ ਜਾਣ ਦੀ ਦਾਸਤਾਨ ਨਾਲ ਜੁੜੇ ਇਤਿਹਾਸਕ ਪੰਨੇ ਵੀ ਕਦੀ ਫਿਲਮ ਰਾਹੀਂ ਸਿੱਖ ਕੌਮ ਦੇ ਸਾਹਮਣੇ ਲਿਆਂਦੇ ਜਾ ਸਕਣ।
ਇਹ ਫਿਲਮ ਵਿੱਚ ਬਰਤਾਨਵੀ ਸਰਕਾਰ ਵੱਲੋਂ ਸਿੱਖ ਰਾਜ ਤੇ ਉਸਦੇ ਆਖਰੀ ਵਾਰਿਸ ਇੱਕ ਨਿਮਾਣੇ ਬੱਚੇ ਮਾਹਾਰਾਜਾ ਦਲੀਪ ਸਿੰਘ ਨੂੰ ਕਿਸ ਕਰੂੜਤਾ ਤੇ ਨਿਰਦਈਪੁਣੇ ਨਾਲ ਮਾਂ ਤੋਂ ਜੁਦਾ ਕਰਕੇ ਉਸਦੇ ਦਿਮਾਗ ਨੂ ਪੂਰੀ ਤਰਾਂ ਦੂਸਰੇ ਧਰਮ ਵਿੱਚ ਰੰਗ ਦਿੱਤਾ ਬਾਖੂਬੀ ਦਿਖਾਇਆ ਗਿਆ ਹੈ। ਜੋ ਕਿ ਮਨੁੱਖੀ ਕਦਰਾਂ-ਕੀਮਤਾਂ ਦਾ ਸਭ ਤੋਂ ਵੱਡਾ ਘਾਣ ਹੈ। ਇਹ ਬਰਤਾਨਵੀ ਹਕੂਮਤ ਦੇ ਰਾਜ ਕਰਨ ਦੇ ਤਰੀਕਿਆਂ ਨੂੰ ਵੀ ਇਹ ਫਿਲਮ ਬਾਖੂਸੀ ਨੰਗਿਆ ਕਰਦੀ ਹੈ। ਇਸਦੇ ਨਾਲ ਹੀ ਸਿੱਖ ਰਾਜ ਅੰਦਰ ਟੁਕੜਬੋਚ ਗਦਾਰਾਂ ਤੇ ਹੋਰ ਭਾਰਤੀ ਮੂਲ ਦੇ ਅੰਗਰੇਜ਼ਾਂ ਹੱਥੋਂ ਵਿਕੇ ਹੋਏ ਕਿਰਦਾਰਾਂ ਵੱਲ ਵੀ ਸੰਕੇਤ ਕਰਦੀ ਹੈ।
ਇਹ ਫਿਲਮ ਨੇ ਜਿਸ ਤਰਾਂ ਇਤਿਹਾਸ ਦੇ ਕੁਝ ਪੰਨਿਆਂ ਦਾ ਸੱਚ ਸਾਹਮਣੇ ਲਿਆਂਦਾ ਹੈ ਤੇ ਸਿੱਖ ਨੌਜਵਾਨ ਪੀੜੀ ਵਿੱਚ ਉਤਸੁਕਤਾ ਪੈਦਾ ਕੀਤੀ ਹੈ ਇਸ ਤਰਾਂ ਦੇ ਕਈ ਸਿੱਖ ਕੌਮ ਨਾਲ ਜੁੜੇ ਇਤਿਹਾਸਕ ਸੱਚ ਹਨ ਜਿਵੇਂ ਕਿ ੧੯੪੭ ਵੇਲੇ ਦੇ ਸੱਚ ਕਿ ਕੀ ਸਿੱਖਾਂ ਨੂੰ ਰਾਜ ਮਿਲਦਾ ਸੀ ਕਿ ਨਹੀਂ? ਕੀ ਕਿਸੇ ਨੇ ਨਿੱਜ ਖਾਤਰ ਸਿੱਖ ਕੌਮ ਨੂੰ ਉਸਦੇ ਰਾਜ-ਭਾਗ ਤੋਂ ਅਲਹਿਦਾ ਕਰ ਦਿੱਤਾ? ਇਸੇ ਹੀ ਤਰਜ਼ ਤੇ ੧੯੮੪ ਜੂਨ ਨਾਲ ਜੁੜੇ ਹੋਏ ਲੁਕਵੇਂ ਸੱਚ ਅੱਜ ਵੀ ਫਰੋਲਣੇ ਬਾਕੀ ਹਨ। ਇੰਨਾ ਸਚਾਈਆਂ ਨੂੰ ਫਰੋਲ ਕੇ ਹੀ ਸਿੱਖ ਕੌਮ ਆਪਣੀਆਂ ਦੁਬਿਧਾਵਾਂ ਛੱਡ ਕੇ ਮੁੜ ਇੱਕ ਲੜੀ ਵਿੱਚ ਆ ਸਕਦੀ ਹੈ।