ਪੰਜਾਬ ਅੰਦਰ ਹੁਣੇ ਹੁਣੇ ੪ ਫਰਵਰੀ ਨੂੰ ਜੋ ਚੋਣਾਂ ਮੁਕੰਮਲ ਹੋਈਆਂ ਹਨ ਉਨਾਂ ਦਾ ਜੇ ਵਿਸ਼ਲੇਸ਼ਣ ਕਰੀਏ ਤਾਂ ਇੱਕ-ਦੋ ਅਹਿਮ ਮੁੱਦੇ ਉੱਭਰ ਕੇ ਸਾਹਮਣੇ ਆਉਂਦੇ ਹਨ।
ਇੱਕ ਤਾਂ ਪੰਜਾਬ ਦੀਆਂ ਸਭ ਤੋਂ ਪੁਰਾਣੀਆਂ ਕਮਿਊਨਿਸਟ ਪਾਰਟੀਆਂ ਪੂਰੀ ਤਰਾਂ ਨਾਲ ਆਪਣੇ ਅੰਤਿਮ ਪੜਾਅ ਤੇ ਚਲੀਆਂ ਗਈਆਂ ਹਨ। ਇਹ ਕਦੇ ੧੯੭੦ ਦੇ ਅੱਧ ਤੱਕ ਸਰਕਾਰਾਂ ਦਾ ਅਨੰਦ ਮਾਣਦੇ ਰਹੇ ਹਨ। ਪਰ ਹੁਣ ਇਹਨਾਂ ਦੇ ਵਿਹੜੇ ਸਿਰਫ ਬਜੁਰਗਾਂ ਦੀ ਹੀ ਰੌਣਕ ਹੈ। ਜਿਥੇ ਕਦੇ ਯੂਥ ਦੇ ਚਹਿਚਹਾਕੇ ਠਹਾਕੇ ਮਾਰਦੇ ਹੁੰਦੇ ਸਨ। ਇਹਨਾਂ ਪਾਰਟੀਆਂ ਨੂੰ ਸ਼ਹੀਦ ਭਗਤ ਸਿੰਘ ਦੀ ਇਡੋਓਲੋਜੀ ਅਤੇ ਸ਼ਹਾਦਤ ਤੋਂ ਬਾਅਦ ਪੰਜਾਬ ਅੰਦਰ ਸਿਆਸੀ ਤੌਰ ਤੇ ਕਾਫੀ ਬਲ ਮਿਲਿਆ ਸੀ। ਜੇ ਇਹ ਡੂੰਘੀ ਸੋਚ ਵਿਚਾਰ ਨਾਲ ਚੱਲਦੇ ਤਾਂ ਇੱਕ ਨਰੋਈ ਸਿਆਸੀ ਪਾਰਟੀ ਵਜੋਂ ਉੱਭਰ ਸਕਦੇ ਸਨ। ਪਰ ਇਹਨਾਂ ਦਾ ਪਤਨ ਤਾਂ ੧੯੬੦ ਦੇ ਅੱਧ ਤੋਂ ਹੀ ਪੰਜਾਬ ਅੰਦਰ ਸ਼ੁਰੂ ਹੋ ਗਿਆ ਸੀ। ਭਾਵੇਂ ਕੇ ੨੦੧੨ ਤੱਕ ਭਾਰਤ ਵਿੱਚ ਕੋਈ ਵੀ ਇਸ ਤਰਾਂ ਦਾ ਸੂਬਾ ਨਹੀਂ ਸੀ ਜਿਥੇ ਕਮਿਊਨਿਸਟ ਪਾਰਟੀ ਦਾ ਨੁਮਾਇੰਦਾ ਐਸੰਬਲੀ ਦਾ ਹਿੱਸਾ ਨਾ ਹੋਵੇ। ਪਰ ਪੰਜਾਬ ਅੰਦਰ ਇਹਨਾਂ ਦੀਆਂ ਵੋਟਾਂ ਦਾ ਕੁੱਲ ਸ਼ੇਅਰ ਇੱਕ ਪ੍ਰਤੀਸ਼ਤ ਹੀ ਮਸਾ ਬਣਦਾ ਸੀ। ਜੋ ਕਿ ੨੦੧੪ ਦੀਆਂ ਲੋਕ ਸਭਾ ਚੋਣਾਂ ਵਿੱਚ ਸੁੰਗੜ ਕੇ ੭੯% ਹੀ ਰਹਿ ਗਿਆ ਜੋ ਕਿ ਸਭ ਤੋਂ ਹੇਠਾਂ ਦੇ ਦਰਜੇ ਦਾ ਸੀ।
ਕਮਿਊਨਿਸਟ ਪਾਰਟੀਆਂ ਨੇ ਇਸ ਵਾਰ ਫੇਰ ਇੱਕ ਵਾਰ ਇੱਕਠਿਆਂ ਹੋ ਕਿ ਹੰਭਲਾ ਮਾਰਨ ਦੀ ਜ਼ੁਅਰਤ ਕੀਤੀ ਹੈ ਤੇ ਪੰਜਾਬ ਵਿੱਚ ਅੱਡ-ਅੱਡ ਪਾਰਟੀਆਂ ਦਾ ਫਰੰਟ ਬਣਾ ਕੇ ੫੩ ਦੇ ਕਰੀਬ ਸੀਟਾਂ ਤੋਂ ਚੋਣ ਲੜੀ ਹੈ। ਪਰ ਚੋਣ ਸਰਵੇਖਣਾਂ ਮੁਤਾਬਕ ਇਹਨਾਂ ਦਾ ਹਸ਼ਰ ਇਸ ਵਾਰੀ ਅੰਤਿਮ ਪੜਾਅ ਵੱਲ ਦਾ ਹੀ ਹੋਵੇਗਾ। ਇਹ ਕਮਿਊਨਿਸਟ ਪਾਰਟੀਆਂ ਨੂੰ ਮੁੱਖ ਰੂਪ ਵਿੱਚ ਖੋਰਾ ਲੱਗਣ ਦਾ ਕਾਰਨ ਇਹਨਾਂ ਵੱਲੋਂ ਕ੍ਰਾਂਤੀਕਾਰੀ ਰਾਹ ਛੱਡ ਕੇ ਸਿਰਫ ਸਾਲ ਵਿੱਚ ਇੱਕ ਅੱਧੀ ਰੈਲੀ ਰੂਪੀ ਵਿਖਾਵਾ ਕਰਨ ਤੱਕ ਆਪਣੇ ਆਪ ਨੂੰ ਸੀਮਤ ਕਰਨਾ ਤੇ ਵਿਦਿਆਰਥੀ ਗਠਬੰਧਨ ਤੋਂ ਆਪਣੇ ਆਪ ਨੂੰ ਪਰੇ ਕਰ ਲੈਣਾ ਤੇ ਹੋਰ ਪੰਜਾਬ ਅੰਦਰ ਚੱਲ ਰਹੇ ਲੋਕ-ਰਾਜੀ ਸੰਘਰਸਾਂ ਤੋਂ ਪਾਸਾ ਵੱਟ ਲੈਣ ਵਰਗੇ ਕਈ ਕਾਰਨ ਹਨ। ਇਸੇ ਤਰਾਂ ਮੁੱਖ ਧਿਰ ਕਿਸਾਨੀ ਵਿੱਚ ਹਰੀ ਕ੍ਰਾਂਤੀ ਦੇ ਆਉਣ ਨਾਲ ਖੁਸ਼ਹਾਲ ਹੋਣ ਸਦਕਾ ਆਪਣਾ ਪੱਖ ਦੂਸਰੀਆਂ ਪਾਰਟੀਆਂ ਵੱਲ ਬਦਲ ਗਈ ਤੇ ੧੯੮੦ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਆਉਣ ਨਾਲ ਇਨਾਂ ਨੂੰ ਕਾਫੀ ਵੱਡਾ ਆਪਣਾ ਹਿੱਸਾ ਛੱਡਦਾ ਹੋਇਆ ਦਿਖਾਈ ਦਿੱਤਾ। ਇਸੇ ਤਰਾਂ ਦਲਿਤ ਵਾਰਗ ਵੀ ਇੰਨਾ ਨੂੰ ਛੱਡ ਕੇ ਭਾਰਤੀ ਦਲਿਤ ਸਮਾਜ ਵਿੱਚ ਚਲਾ ਗਿਆ। ਇਸੇ ਤਰਾਂ ੨੦੧੪ ਵਿੱਚ ਨਵੀਂ ਉੱਭਰੀ ਆਮ ਆਦਮੀ ਪਾਰਟੀ ਵੀ ਕਾਫੀ ਤੱਕ ਇੰਨਾ ਦੇ ਨੁਮਾਇੰਦੇ ਆਪਣੇ ਵੱਲ ਖਿੱਚਣ ਵਿੱਚ ਕਾਮਯਾਬ ਰਹੀ ਤੇ ਇੰਨਾਂ ਦੇ ਦੋ ਮੁੱਖ ਆਗੂ ਵੀ ਉਨਾਂ ਆਪਣੇ ਨਾਲ ਰਲਾ ਲਏ। ਇਸ ਜ਼ਮਹੂਰੀ ਧਿਰ ਦਾ ਵੋਟ ਵਰਗ ਜੋ ਕਿ ਕਦੀ ੧੦ ਪ੍ਰਤੀਸ਼ਤ ਹੁੰਦਾ ਸੀ ਹੁਣ ਖਿਸਕ ਕੇ ਇੱਕ ਪ੍ਰਤੀਸ਼ਤ ਤੋਂ ਵੀ ਥੱਲੇ ਚਲਾ ਗਿਆ ਹੈ ਤੇ ਇਹ ਸਮੇਂ ਨਾਲ ਆਪਣੇ ਆਪ ਨੂੰ ਬਦਲ ਕੇ ਕੋਈ ਵਿਪਰੀਤ ਸਿਆਸੀ ਸਮੀਕਰਨ ਪੈਦਾ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੇ। ਇਸ ਨਾਕਾਮਯਾਬੀ ਨੇ ਪੰਜਾਬ ਵਿੱਚ ਇਸ ਖੱਬੇ ਪੱਖੀ ਖਲਾਅ ਦਾ ਇੱਕ ਵੱਡਾ ਘਾਟਾ ਖੜਾ ਕਰ ਦਿੱਤਾ ਹੈ।
ਇਸੇ ਤਰਾਂ ਇੰਨਾਂ ਚੋਣਾਂ ਦੀ ਦੂਜੀ ਵੱਡੀ ਗੱਲ ਇਹ ਕਿ ਸਮੁੱਚੇ ਡੇਰੇਵਾਦ ਦਾ ਪੰਥ ਦੇ ਖਿਲਾਫ ਉਠ ਕੇ ਇੱਕ ਪੰਥਕ ਧਿਰ ਕਹਾਉਂਦੀ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤਿਕ ਤੌਰ ਤੇ ਪੂਰਨ ਹਮਾਇਤ ਕਰਨਾ ਵੀ ਪੰਜਾਬ ਦੇ ਸਿਆਸੀ ਕਰਨ ਵਿੱਚ ਇੱਕ ਅਹਿਮ ਕਦਮ ਸਾਬਿਤ ਹੋਇਆ ਹੈ। ਇੱਕ ਪਾਸੇ ਤਾਂ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੀ ਟਕਸਾਲ ਹੈ ਜਿਸਦੀ ਰਹਿਨੁਮਾਈ ਬਾਬਾ ਧੁੰਮਾ ਕਰ ਰਹੇ ਹਨ, ਉਹ ਵੀ ਅਕਾਲੀ ਦਲ ਦੀ ਹਮਾਇਤ ਤੇ ਆ ਖੜੇ ਹਨ ਤੇ ਦੂਜੇ ਪਾਸੇ ਸਰਸਾ ਸਾਧ ਰਾਮ ਰਹੀਮ ਜਿਸ ਨਾਲ ਹਰ ਇੱਕ ਸਿੱਖ ਨੂੰ, ਅਕਾਲ ਤਖਤ ਸਾਹਿਬ ਦੇ ਜਾਰੀ ਕੀਤੇ ਹੁਕਮਨਾਮ ਅਨੁਸਾਰ ਕਿਸੇ ਤਰਾਂ ਦੀ ਵੀ ਸਾਂਝ ਤੋਂ ਵਰਜਿਤ ਕੀਤਾ ਹੈ, ਉਹ ਖੜਾ ਹੈ। ਇਹ ਚੀਜ਼ ਆਪਣੇ ਆਪ ਵਿੱਚ ਪੰਥ ਲਈ ਬੜੀ ਅਣ-ਹੋਈ ਦਿਸ਼ਾ ਪੈਦਾ ਕਰ ਰਹੀ ਹੈ। ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੀ ਅਤਿ ਦੀ ਲਚਾਰੀ ਤੇ ਬੇਵਸੀ ਦੀ ਦਿਸ਼ਾ ਵੀ ਦਰਸਾ ਰਹੀ ਹੈ। ਇੱਕ ਪਾਸੇ ਸਿੱਖ ਪੰਥ ਅੱਗੇ ਇਹਨਾਂ ਚੋਣਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵੱਡੇ ਕਾਂਡ ਸਾਹਮਣੇ ਖੜੇ ਸਨ ਤੇ ਉਸਦੇ ਵਿਪਰੀਤ ਇਹਨਾਂ ਡੇਰਾਵਾਦਾਂ ਦੀ ਪੰਥਕ ਧਿਰ ਵੱਲੋਂ ਲਈ ਗਈ ਹਮਾਇਤ ਇਹਨਾਂ ਦੀ ਬੇਅਦਬੀ ਪ੍ਰਤੀ ਗੰਭੀਰਤਾ ਕਿੰਨੀ ਕੁ ਹੈ ਇਹ ਸਾਫ ਨਜ਼ਰ ਆਉਂਦੀ ਹੈ। ਇਸ ਵਾਰੀ ਇਹ ਜੋ ਸਾਬਿਤ ਕਰ ਦੇਣਗੀਆਂ ਕਿ ਪੰਜਾਬ ਅੰਦਰ ਸਿਆਸਤ ਡੇਰਾ ਚਲਾਉਂਦਾ ਹੈ ਜਾਂ ਮਹਾਨ ਪੰਥ ਨਾਲ ਜੁੜੇ ਹੋਏ ਲੋਕ ਚਲਾਉਂਦੇ ਹਨ। ਭਾਵੇਂ ਉਹ ਪੰਥ ਕਿੰਨਾ ਵੀ ਵੰਡਿਆ ਕਿਉਂ ਨਾ ਹੋਵੇ।