ਪੰਜਾਬ ਸੂਬਾ ਜਿਸਨੂੰ ਹਰਿਆਵਲਾ ਪੰਜਾਬ ਵਜੋਂ ਜਾਣਿਆ ਜਾਂਦਾ ਸੀ ਤੇ ਸਾਵਣ ਮਹੀਨੇ ਛਾਂ ਵਾਲੇ ਦਰਖਤਾਂ ਦੀ ਭਰਮਾਰ ਸਦਕਾ ਪੰਜਾਬ ਹਰਿਆਵਲਾ ਤੇ ਰੰਗਲਾ ਸੂਬਾ ਲੱਗਦਾ ਸੀ, ਉਹ ਅੱਜ ਛਾਂਦਾਰ ਸੂਬੇ ਦੀ ਥਾਂ ਤੇ ਪਿਛਲੇ ਕੁਝ ਸਾਲਾਂ ਤੋਂ ਉਸਾਰੀ ਕਰਨ ਦੀ ਭੇਂਟ ਚੜ ਕਿ ਇੱਕ ਕੰਕਰੀਟ ਤੇ ਰੁੱਖ ਵਿਹੂਣਾ ਬਣ ਕੇ ਰਹਿ ਗਿਆ ਹੈ।
ਪੰਜਾਬੀ ਸਭਿਆਚਾਰ ਤੇ ਸਮਾਜ ਵਿੱਚ ਗੁਰੁ ਸਾਹਿਬਾਨ ਦੇ ਸਮੇਂ ਤੋਂ ਹੀ ਛਾਂਦਾਰ ਰੁੱਖਾਂ ਬੂਟਿਆਂ ਨੂੰ ਇੱਕ ਵਿਸ਼ੇਸ ਥਾਂ ਦਿਤੀ ਗਈ ਹੈ ਤੇ ਇਸ ਬਾਰੇ ਗੁਰੂਆਂ ਦੀ ਬਾਣੀ ਵਿੱਚ ਵੀ ਅਨੇਕਾਂ ਵਾਕ-ਕਥਨ ਹਨ ਜੋ ਕਿ ਹਰਿਆਵਲ ਦੀ ਮਹੱਤਤਾ ਨੂੰ ਉਜਾਗਰ ਕਰਦੇ ਹਨ। ਮੌਜੂਦਾ ਪੰਜਾਬ ਸਰਕਾਰ ਵੱਲੋਂ ਉਸਾਰੀਕਰਨ ਦੇ ਨਾਮ ਹੇਠਾਂ ਹਰਿਆਵਲ ਨੂੰ ਅਜਿਹਾ ਖਤਮ ਕੀਤਾ ਹੈ ਕਿ ਹਜ਼ਾਰਾਂ ਕਿਲੋਮੀਟਰ ਵਰਗ ਦਾ ਖੇਤਰ ਜਿਸ ਵਿੱਚ ਕਦੇ ਛਾਂ-ਦਾਰ ਬੂਟੇ ਸੜਕਾਂ ਤੇ ਨਹਿਰੀ ਕੰਢਿਆਂ ਦਾ ਸ਼ਿੰਗਾਰ ਸਨ, ਉਨਾਂ ਦਾ ਪੂਰੀ ਤਰਾਂ ਸਫਾਇਆ ਹੋ ਗਿਆ ਹੈ। ਭਾਵੇਂ ਸਰਕਾਰੀ ਕਾਗਜ਼ਾਂ ਤੇ ਵਣ-ਵਿਭਾਗ ਮਹਿਕਮੇਂ ਵੱਲੋਂ ਕੋਰੇ ਕਾਗਜਾਂ ਰਾਹੀਂ ਜਿੰਨੇ ਛਾਂ-ਦਾਰ ਬੂਟੇ ਪੱਟੇ ਜਾਂ ਵੱਢੇ ਗਏ ਹਨ, ਪਹਿਲਾਂ ਨਾਲੋਂ ਵੀ ਵਧੇਰੇ ਬੂਟੇ ਲਾਏ ਦਿਖਾਏ ਗਏ ਹਨ।
ਨੈਸ਼ਨਲ ਗਰੀਨ ਮਿਸ਼ਨ ਜੋ ਕਿ ਕੇਂਦਰ ਸਰਕਾਰ ਵੱਲੋਂ ਬਹੁਤ ਹੱਲਾਸ਼ੇਰੀ ਨਾਲ ਕੁਝ ਸਾਲਾਂ ਤੋਂ ਵਾਤਾਵਰਣ ਦੀ ਸੰਭਾਲ ਤਹਿਤ ਅਰੰਭੀ ਗਈ ਹੈ, ਉਸ ਅਧੀਨ ਪੰਜਾਬ ਸੂਬੇ ਨੂੰ ਨਵੇਂ ਬੂਟੇ ਲਾਉਣ ਲਈ ਜਾਰੀ ਕੀਤੀ ਗਈ ਸੀ। ਉਹ ਗਰਾਂਟ ਸਿਰਫ ਬੈਂਕਾ ਵਿੱਚ ਤੇ ਸਰਕਾਰੀ ਕਾਗਜਾਂ ਵਿੱਚ ਹੀ ਮਹਿਫੂਜ ਹੈ ਤੇ ਉਸਦਾ ਇੱਕ ਪੈਸਾ ਵੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਹਰਿਆਲੀ ਲਈ ਨਹੀਂ ਵਰਤਿਆ ਗਿਆ ਕਿਉਂਕਿ ਪੰਜਾਬ ਸਰਕਾਰ ਦੇ ਜਾਰੀ ਕੀਤੇ ਬਜ਼ਟ ਵਿੱਚ ਕੋਈ ਵੀ ਤਜਵੀਜ਼ ਨਹੀਂ ਰੱਖੀ ਗਈ ਜਿਸ ਰਾਹੀਂ ਪੰਜਾਬ ਸਰਕਾਰ ਵੱਲੋਂ ਬਣਦੀ ਗਰਾਂਟ ਦਰਖਤ-ਬੂਟੇ ਲਾਉਣ ਲਈ ਉਪਲਬਧ ਹੋ ਸਕੇ। ਕੇਂਦਰ ਸਰਕਾਰ ਦੀ ਗਰਾਂਟ ਦੀ ਇੱਕ ਅਹਿਮ ਸ਼ਰਤ ਸੀ ਕਿ ਉਹਨਾਂ ਵੱਲੋਂ ਜਾਰੀ ਕੀਤੀ ਗਰਾਂਟ ਦੇ ਬਰਾਬਰ ੪੦% ਹਿੱਸਾ ਪੰਜਾਬ ਸਰਕਾਰ ਨਾਂ ਪਾਉਣਾ ਸੀ ਤਾਂ ਹੀ ਇਹ ਕੇਂਦਰੀ ਗਰਾਂਟ ਬੂਟੇ ਲਾਉਣ ਲਈ ਵਰਤੀ ਜਾ ਸਕੇਗੀ। ਪਰ ਪੰਜਾਬ ਸਰਕਾਰ ਵੱਲੋਂ ਆਪਣੇ ਹਿੱਸੇ ਦੀ ਗਰਾਂਟ ਨਾ ਪਾਉਣ ਸਦਕਾ ਕੇਂਦਰ ਸਰਕਾਰ ਦੀ ਗਰਾਂਟ ਵਰਤੀ ਨਹੀਂ ਜਾ ਸਕੀ।
ਜਿਸ ਸਦਕਾ ਅੱਜ ਪੰਜਾਬ ਅੰਦਰ ਵੱਡੇ ਪੱਧਰ ਤੇ ਹਰਿਆਵਲ ਦੀ ਘਾਟ ਨਜ਼ਰ ਆ ਰਹੀ ਹੈ ਜਿਸ ਸਦਕਾ ਪੰਜਾਬ ਦਾ ਵਾਤਾਵਰਣ ਵੀ ਪੂਰੀ ਤਰਾਂ ਸੋਕੇ ਵੱਲ ਵੱਧ ਰਿਹਾ ਹੈ। ੨੦੧੨ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅਰੰਭੀ ਗਈ ਰਾਜ ਪੱਧਰੀ ਬੂਟੇ ਲਾਉਣ ਦੀ ਮੁੰਹਿਮ, ਅਖਬਾਰੀ ਇਸ਼ਤਿਹਾਰ ਤੇ ਪੰਜਾਬ ਦੀਆਂ ਸੜਕਾਂ ਤੇ ਵੱਡੇ ਬੋਰਡ ਲਾ ਕੇ ਜੋਰ-ਸ਼ੋਰ ਨਾਲ ਅਰੰਭੀ ਗਈ ਸੀ। ਜਿਸ ਤਹਿਤ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਵਿੱਚ ਆਉਣ ਵਾਲੇ ਅੱਠ ਸਾਲਾਂ ਵਿੱਚ ਹਰ ਸਾਲ ਪੰਜ ਕਰੋੜ ਨਵੇਂ ਬੂਟੇ ਲਾਏ ਜਾਣਗੇ ਤੇ ਪੰਜਾਬ ਨੂੰ ਪੂਰੀ ਤਰਾਂ ਹਰਿਆਲੇ ਤੇ ਛਾਂ-ਦਾਰ ਪੰਜਾਬ ਵਿੱਚ ਬਦਲ ਦਿੱਤਾ ਜਾਵੇਗਾ। ਇਹ ਇਸ਼ਤਿਹਾਰੀ ਮੁੰਹਿਮ ਬਿਨਾਂ ਕਿਸੇ ਵਿਉਂਤ ਤੋਂ ਸੱਖਣੀ ਹੋਣ ਕਰਕੇ ਚੱਲਣ ਤੋਂ ਪਹਿਲਾਂ ਹੀ ਦਮ ਤੋੜ ਗਈ ਜਿਸ ਸਦਕਾ ਅੱਜ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਤੋਂ ਵਾਤਾਵਰਣ ਸਬੰਧੀ ਤੇ ਨਵੇਂ ਬੂਟੇ ਲਾਉਣ ਬਾਰੇ ਜਵਾਬ ਮੰਗਿਆ ਹੈ ਕਿ ਇਸ ਮੁਹਿੰਮ ਬਾਰੇ ਜ਼ਮੀਨੀ ਪੱਧਰ ਤੇ ਕੀ ਸਚਾਈ ਹੈ। ਅੱਜ ਇਸ ਵਿਉਂਤ-ਵਿਹੂਣੀ ਮੁੰਹਿਮ ਸਦਕਾ ਤੇ ਫੰਡਾਂ ਦੀ ਘਾਟ ਕਰਕੇ ਪੰਜਾਬ ਦੇ ਵਣ-ਵਿਭਾਗ ਨੂੰ ਸਲਾਨਾਂ ਵਣ-ਮਹਾਉਤਸਵ ਜੋ ਕਿ ਹਰ ਸਾਲ ਰਾਜ ਪੱਧਰ ਤੇ ੨੨ ਅਗਸਤ ਨੂੰ ਮਨਾਇਆ ਜਾਂਦਾ ਹੈ ਇਸ ਸਾਲ ਮਨਾਉਣ ਤੋਂ ਵੀ ਕਿਨਾਰਾ ਕੀਤਾ ਜਾ ਰਿਹਾ ਹੈ।
ਪੰਜਾਬ ਵਿੱਚ ਇੱਕ ਹਲਕਾ ਬਾਦਲ ਜਰੂਰ ਹੈ ਜਿੱਥੇ ਕਿ ਪੰਜਾਬ ਦੇ ਹਰਿਆਵਲਾ ਹੋਣ ਦੀ ਸ਼ਾਨ ਦਿਖਾਈ ਦਿੰਦੀ ਹੈ। ਇਸੇ ਤਰਾਂ ਖਡੂਰ ਸਾਹਿਬ ਹਲਕਾ ਵੀ ਹੈ ਜਿਥੇ ਪਿਛਲੇ ਸਤਾਰਾਂ ਸਾਲਾਂ ਤੋਂ ਕਾਰ-ਸੇਵਾ ਵਾਲੀ ਸੰਪਰਦਾ ਦੇ ਮੁਖੀ ਬਾਬਾ ਸੇਵਾ ਸਿੰਘ ਜੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਬੂਟੇ ਲਾਉਣ ਦੀ ਮੁਹਿਮ ਸਦਕਾ ਇਹ ਹਲਕਾ ਪੂਰੀ ਤਰਾਂ ਹਰਿਆਵਲ ਤੇ ਛਾਂ-ਦਾਰ ਬੂਟਿਆ ਨਾਲ ਹਰ ਸੜਕ ਤੇ ਨਹਿਰੀ ਸੂਏ ਕੰਢਿਆ ਤੇ ਹੋਰ ਸਾਂਝੀਆਂ ਖਾਲੀ ਥਾਵਾਂ ਦਾ ਸ਼ਿੰਗਾਰ ਬਣਿਆ ਹੈ। ਬਾਬਾ ਸੇਵਾ ਸਿੰਘ ਵੱਲੋਂ ਚਲਾਈ ਇਹ ਵਾਤਾਵਰਣ ਦੀ ਸੰਭਾਲ ਤੇ ਰੁੱਖ ਲਾਉਣ ਦੀ ਮੁੰਹਿਮ ਸਦਕਾ ਉਹਨਾਂ ਨੂੰ ਰਾਸ਼ਟਰੀ ਪੱਧਰ ਤੇ ਵੀ ਭਾਰਤ ਦੇ ਰਾਸ਼ਟਰਪਤੀ ਵੱਲੋਂ ਪਦਮ ਸ਼੍ਰੀ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਬਾਬਾ ਸੇਵਾ ਸਿੰਘ ਦੀ ਮੁੰਹਿਮ ਨੂੰ ਦੇਖ ਕੇ ਹੁਣ ਸਰਹਾਲੀ ਸਾਹਿਬ ਵਾਲੇ ਕਾਰ ਸੇਵਾ ਨਾਲ ਜੁੜੇ ਬਾਬਾ ਸੁੱਖਾ ਸਿੰਘ ਵੱਲੋਂ ਵੀ ਰੁੱਖਾਂ ਤੇ ਵਾਤਾਵਰਣ ਨੂੰ ਸੰਭਾਲਣ ਦੀ ਮੁੰਹਿਮ ਸੰਗਤਾਂ ਦੇ ਸਹਿਯੋਗ ਨਾਲ ਅਰੰਭੀ ਗਈ ਹੈ। ਇੰਨਾ ਬਾਬਿਆਂ ਦੀਆਂ ਮੁੰਹਿਮਾਂ ਸਦਕਾਂ ਹੋਰ ਵੀ ਬਾਹਰਲੀ ਸੰਗਤ ਪੰਜਾਬ ਵਿਚੋਂ ਅਲੋਪ ਹੋ ਰਹੀ ਪਹਾੜੀ ਕਿੱਕਰ, ਟਾਹਲੀ, ਬੋਹੜ, ਪਿੱਪਲ ਵਰਗੇ ਦਰਖਤਾਂ ਨੂੰ ਦੁਬਾਰਾ ਸੜਕਾਂ ਦੇ ਕੰਢਿਆਂ ਤੇ ਦੇਖਿਆ ਜਾ ਸਕੇਗਾ। ਅੱਜ ਪੰਜਾਬ ਵਿੱਚ ਇਸ ਤਰਾਂ ਦੀ ਰੁੱਖਾਂ ਨੂੰ ਸੰਭਾਲਣ ਦੀ ਮੁੰਹਿਮ ਵਿੱਚ ਹੋਰ ਵੀ ਕਾਰ-ਸੇਵਾ ਵਾਲੀਆਂ ਸੰਪਰਦਾਵਾਂ ਤੇ ਦੂਜੀਆਂ ਸਿੱਖ ਸਮਾਜ ਨਾਲ ਜੁੜੀਆਂ ਧਾਰਮਿਕ ਸੰਸਥਾਵਾਂ ਨੂੰ ਇਹ ਮੁੰਹਿਮ ਆਪਣੀ ਸੰਗਤ ਦੇ ਸਹਿਯੋਗ ਨਾਲ ਅਰੰਭਣੀ ਚਾਹੀਦੀ ਹੈ ਤਾਂ ਜੋ ਕੁਝ ਸਾਲ ਪਹਿਲਾਂ ਦਰਬਾਰ ਸਾਹਿਬ ਤੋਂ ਅਰੰਭ ਕੀਤਾ ਗਿਆ ਬੂਟਾ ਪਰਸ਼ਾਦ ਮੁੰਹਿਮ ਨੂੰ ਦੁਬਾਰਾ ਚਲਾਇਆ ਜਾ ਸਕੇ। ਜਿਸ ਰਾਹੀਂ ਕੰਕਰੀਟ ਦੀ ਧਰਤੀ ਬਣ ਰਹੇ ਪੰਜਾਬ ਨੂੰ ਮੁੜ ਰੰਗਲੇ ਹਰਿਆਲੇ ਪੰਜਾਬ ਵਿੱਚ ਤਬਦੀਲ ਕੀਤਾ ਜਾ ਸਕੇ।