ਸਦੀਆਂ ਤੋਂ ਭਾਰਤ ਵਾਸੀ ਇਸ ਦੇਸ਼ ਵਿੱਚ ਵਗਦੀ ਗੰਗਾ ਨਦੀ ਦੇ ਉਪਾਸ਼ਕ ਬਣੇ ਹੋਏ ਹਨ। ਗੰਗਾ ਨਦੀ ਨੂੰ ਧਾਰਮਕ ਪਵਿੱਤਰਤਾ ਅਤੇ ਇਸ ਦੇਸ਼ ਦੇ ਢਾਂਚੇ ਦੀ ਪਵਿੱਤਰਤਾ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਹਿੰਦੂ ਇਤਿਹਾਸ ਅਤੇ ਮਿਥਿਹਾਸ ਵਿੱਚ ਗੰਗਾ ਨਦੀ ਦੀ ਖਾਸ ਥਾਂ ਹੈ। ਗੰਗਾ ਨਦੀ ਨੂੰ ਸਭ ਦੇ ਦੁਖ ਦਰਦ ਅਤੇ ਤਕਲੀਫਾਂ ਦੂਰ ਕਰਨ ਵਾਲੀ ਮੰਨਿਆਂ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਗੰਗਾ ਨਦੀ ਵਿੱਚ ਇਸ਼ਨਾਨ ਕਰਨ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਸੀ। ਇਸ ਨਦੀ ਦੇ ਕੰਢੇ ਤੇ ਕਈ ਇਤਿਹਾਸਕ ਮੇਲੇ ਲਗਦੇ ਸਨ ਜਿਨ੍ਹਾਂ ਵਿੱਚ ਸ਼ਮੂਲੀਅਤ ਕਰਕੇ ਹਿੰਦੂ ਭਗਤ ਆਪਣੇ ਆਪ ਨੂੰ ਧੰਨਭਾਗ ਸਮਝਦੇ ਸਨ। ੧੯੪੭ ਵਿੱਚ ਅੰਗਰੇਜ਼ਾਂ ਤੋਂ ਸੱਤਾ ਹਥਿਆਉਣ ਤੋਂ ਬਾਅਦ ਜਿਵੇਂ ਜਿਵੇਂ ਹਿੰਦੂ ਚਿੰਨ੍ਹਾਂ ਅਤੇ ਸੰਕਲਪਾਂ ਨੂੰ ਭਾਰਤ ਦੇ ਕੌਮੀ ਚਿੰਨ੍ਹ ਅਤੇ ਸੰਕਲਪਾਂ ਵੱਜੋਂ ਪੇਸ਼ ਕੀਤਾ ਜਾਣ ਲੱਗਾ ਤਿਵੇਂ ਤਿਵੇਂ ਗੰਗਾ ਨਦੀ ਦੀ ਮਹਾਨਤਾ ਅਤੇ ਪਵਿੱਤਰਤਾ ਵੀ ਦੇਸ਼ ਦੀ ਜਮਹੂਰੀਅਤ ਦੀ ਪਵਿੱਤਰਤਾ ਨਾਲ ਜੋੜੀ ਜਾਣ ਲੱਗੀ। ਇਹ ਗੱਲ ਭਾਰਤੀ ਲੋਕਾਂ ਦੇ ਮਨ ਵਿੱਚ ਪਾਈ ਗਈ ਕਿ ਜਿੰਨੀ ਗੰਗਾ ਪਵਿੱਤਰ ਹੈ ਉਨੀ ਹੀ ਇਸ ਦੇਸ਼ ਦੀ ਜਮਹੂਰੀਅਤ ਪਵਿੱਤਰ ਹੈ।
ਇਸੇ ਕਰਕੇ ਭਾਰਤੀ ਰੇਡੀਓ ਤੇ ਦਹਾਕਿਆਂ ਤੱਕ ਇਹ ਗੀਤ ਚਲਾਇਆ ਜਾਂਦਾ ਰਿਹਾ ਕਿ –
ਹਮ ਉਸ ਦੇਸ਼ ਕੇ ਵਾਸੀ ਹੈਂ, ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ।
ਭਾਵ ਇਹ ਦੇਸ਼ ਗੰਗਾ ਵਰਗਾ ਹੀ ਪਵਿੱਤਰ ਹੈ, ਜਿੱਥੇ ਕਿਸੇ ਨਾਲ ਵੀ ਭੇਦਭਾਵ ਅਤੇ ਵਿਤਕਰਾ ਨਹੀ ਹੁੰਦਾ। ਕਿਸੇ ਦੀ ਕਤਲੋਗਾਰਤ ਨਹੀ ਹੁੰਦੀ ਅਤੇ ਕਿਸੇ ਨੂੰ ਇਸ ਦੇਸ਼ ਦੀ ਸਰਕਾਰ ਕੋਈ ਦੁਖ ਅਤੇ ਤਕਲੀਫ ਨਹੀਂ ਦੇਂਦੀ। ਗੰਗਾ ਨਦੀ ਦੀ ਪਵਿੱਤਰਤਾ ਅਤੇ ਦੇਸ਼ ਦੇ ਰਾਜਕੀ ਢਾਂਚੇ ਦੀ ਪਵਿੱਤਰਤਾ ਇੱਕਮਿੱਕ ਹੋ ਗਈਆਂ। ਜਿੰਨੀ ਗੰਗਾ ਪਵਿੱਤਰ ਸਮਝੀ ਗਈ ਓਨੀ ਹੀ ਇਸ ਦੇਸ਼ ਦੀ ਜਮਹੂਰੀਅਤ ਪਵਿੱਤਰ ਸਮਝੀ ਗਈ।
ਪਰ ਹੁਣ ਹਾਲਾਤ ਇਹ ਬਣ ਗਏ ਹਨ ਕਿ ਭਾਰਤ ਵਿੱਚ ਵਹਿਣ ਵਾਲੀ ਗੰਗਾ ਹੀ ਸਭ ਤੋਂ ਜਿਆਦਾ ਪਲੀਤ ਹੋ ਗਈ ਹੈ ਅਤੇ ਉਸ ਦੇਸ਼ ਦਾ ਜਮਹੂਰੀ ਢਾਂਚਾ ਵੀ ਸਭ ਤੋਂ ਜਿਆਦਾ ਪਲੀਤ ਹੋ ਗਿਆ ਹੈ। ਗੰਗਾ ਦੁਨੀਆਂ ਦੀਆਂ ਸਾਰੀਆਂ ਨਦੀਆਂ ਤੋਂ ਵੱਧ ਪਲੀਤ ਹੋ ਗਈ ਹੈ। ਸ਼ਾਇਦ ਹੀ ਦੁਨੀਆ ਭਰ ਦੀ ਕੋਈ ਗੰਦੀ ਚੀਜ ਹੋਵੇ ਜੋ ਗੰਗਾ ਵਿੱਚ ਨਹੀ ਵਹਾਈ ਜਾਂਦੀ। ਗੰਗਾ ਦੀ ਹਾਲਤ ਹੁਣ ਇਹ ਹੋ ਗਈ ਹੈ ਕਿ ਗੰਗਾ ਨੂੰ ਪਵਿੱਤਰ ਮੰਨਣ ਵਾਲੇ ਜੋ ਇਸ ਵੇਲੇ ਦੇਸ਼ ਤੇ ਰਾਜ ਕਰ ਰਹੇ ਹਨ ਉਹ ਵੀ ਆਪਣਾਂ ਜੋਰ ਲਾਕੇ ਗੰਗਾ ਨੂੰ ਪਵਿੱਤਰ ਨਹੀ ਕਰ ਸਕੇ।
ਇਹੋ ਹੀ ਹਾਲ ਦੇਸ਼ ਦੇ ਜਮਹੂਰੀ ਢਾਂਚੇ ਦਾ ਹੋ ਗਿਆ ਹੈ। ਜਿੰਨੀ ਗੰਗਾ ਪਲੀਤ ਹੋ ਗਈ ਹੈ ਉਨਾ ਹੀ ਦੇਸ਼ ਦਾ ਜਮਹੂਰੀ ਢਾਂਚਾ ਪਲੀਤ ਹੋ ਗਿਆ ਹੈ। ਜਿਵੇਂ ਗੰਗਾ ਵਿੱਚ ਕਿਸੇ ਦਾ ਇਸ਼ਨਾਨ ਕਰਨ ਨੂੰ ਜੀਅ ਨਹੀ ਕਰਦਾ ਉਸ ਤਰ੍ਹਾਂ ਹੀ ਦੇਸ਼ ਦੇ ਜਮਹੂਰੀ ਢਾਂਚੇ ਵਿੱਚ ਕਿਸੇ ਸ਼ਰੀਫ ਅਤੇ ਭੱਦਰਪੁਰਸ਼ ਦਾ ਦਾਖਲ ਹੋਣ ਨੂੰ ਜੀਅ ਨਹੀ ਕਰਦਾ।
ਗੰਗਾ ਦੀ ਪਲੀਤਤਾ ਦੇਸ਼ ਦੇ ਢਾਂਚੇ ਦੀ ਪਲੀਤਤਾ ਬਣ ਗਈ ਹੈ। ਇਸੇ ਲਈ ਜਦੋਂ ਪਿਛਲੇ ਦਿਨੀ ਪੰਜਾਬ ਤੋਂ ਚੁਣੇ ਗਏ ਇੱਕ ਮੈਬਰ ਪਾਰਲੀਮੈਂਟ ਨੇ ਲੋਕ ਸਭਾ ਵਿੱਚ ਪਿਛਲੇ ਦਹਾਕਿਆਂ ਦੌਰਾਨ ਸਿੱਖਾਂ ਦੇ ਬੇਕਿਰਕ ਕਤਲੇਆਮ ਦਾ ਮੁੱਦਾ ਚੁਕਣ ਦਾ ਯਤਨ ਕੀਤਾ ਤਾਂ ਗੰਗਾ ਦੇ ਵਾਸੀਆਂ ਨੇ ਉਸਦੀ ਇੱਕ ਵੀ ਨਹੀ ਸੁਣੀ।
ਇੱਕ ਸਿੱਖ ਪੱਤਰਕਾਰ ਨੇ ਪਿਛਲੇ ਦਿਨੀ ਇੱਕ ਪੁਲਿਸ ਅਫਸਰ ਨਾਲ ਮੁਲਾਕਾਤ ਕਰਕੇ ਇਹ ਸਨਸਨੀਖੇਜ ਖੁਲਾਸੇ ਕੀਤੇ ਸਨ ਕਿ ਪੰਜਾਬ ਪੁਲਿਸ ਦੇ ਅਫਸਰਾਂ ਨੇ ਮਨਮਾਨੀਆਂ ਕਰਕੇ ਛੋਟੇ ਛੋਟੇ ਬੱਚਿਆਂ ਤੋਂ ਲੈਕੇ ਬਜ਼ੁਰਗਾਂ ਤੱਕ ਨੂੰ ਜਿੰਦਾ ਜਲਾ ਦਿੱਤਾ।
ਪਰ ਗੰਗਾ ਦੇ ਵਾਸੀਆਂ ਲਈ ਇਹ ਕੋਈ ਸਨਸਨੀਖੇਜ ਖਬਰ ਨਹੀ ਸੀ। ਉਨ੍ਹਾਂ ਲਈ ਸਿਰਫ ਇਹ ਇਸ ਤਰ੍ਹਾਂ ਸੀ ਜਿਵੇਂ ਕਿਸੇ ਦੀ ਕਾਰ ਥੱਲੇ ਆ ਕੇ ਕਤੂਰਾ ਮਰ ਗਿਆ ਹੋਵੇ। ਅੱਤਵਾਦ ਦੇ ਨਾਅ ਤੇ ਪੰਜਾਬ ਪੁਲਿਸ ਨੇ ਕਿਵੇਂ ਯੋਜਨਾਬੱਧ ਢੰਗ ਨਾਲ ਸਿੱਖਾਂ ਦੇ ਲਹੂ ਦੀ ਹੋਲੀ ਖੇਡੀ ਅਤੇ ਕਿਵੇਂ ਜਮਹੂਰੀਅਤ ਦੀਆਂ ਸਾਰੀਆਂ ਕਦਰਾਂ ਕੀਮਤਾਂ ਨੂੰ ਛਿੱਕੇ ਤੇ ਟੰਗ ਕੇ ਮਨਮਾਨੀਆਂ ਕੀਤੀਆਂ ਉਸਦਾ ਨਾ ਕਿਸੇ ਮੀਡੀਆ ਨੇ ਅਤੇ ਨਾ ਕਿਸੇ ਅਦਾਲਤ ਨੇ ਹੀ ਨੋਟਿਸ ਲਿਆ ਹੈ। ਭਾਰਤੀ ਸੁਪਰੀਮ ਕੋਰਟ ਅਤੇ ਦੇਸ਼ ਦੀਆਂ ਹਾਈ ਕੋਰਟਸ ਕੋਲ ਆਪਣੇ ਆਪ ਨੋਟਿਸ ਲੈਣ ਤੇ ਕਾਰਵਾਈ ਕਰਨ ਦਾ ਹੱਕ ਹਾਸਲ ਹੈ ਪਰ ਦੇਸ਼ ਦੇ ਸਭ ਤੋਂ ਵੱਡੇ ਮੈਗਜ਼ੀਨ ਵਿੱਚ ਏਨੇ ਭਿਆਨਕ ਕਤਲੇਆਮ ਬਾਰੇ ਵੱਡੀ ਸਟੋਰੀ ਛਪ ਜਾਣ ਦੇ ਬਾਵਜੂਦ ਵੀ ਜਮਹੂਰੀਅਤ ਦੇ ਸਾਰੇ ਥੰਮ ਚੁੱਪ ਕਰਕੇ ਬੈਠੇ ਹਨ। ਜਿਵੇਂ ਸਿੱਖਾਂ ਦੇ ਕਤਲੇਆਮ ਲਈ ਸਾਰਿਆਂ ਵਿੱਚ ਆਮ ਸਹਿਮਤੀ ਹੋਵੇ। ਜਿਹੜੀਆਂ ਅਦਾਲਤਾਂ ਨੇ ਪਸ਼ੂ ਪੰਛੀਆਂ ਦੀ ਰਾਖੀ ਲਈ ਇੱਕ ਤੋਂ ਬਾਅਦ ਇੱਕ ਕਨੂੰਨ ਬਣਾਏ ਹਨ ਉਹ ਕਨੂੰਨ ਦੇ ਰਾਜ ਦੀਆਂ ਅਲੰਬਰਦਾਰ ਅਦਾਲਤਾਂ ਇਸ ਭਿਆਨਕ ਮਨੁੱਖੀ ਕਤਲੇਆਮ ਬਾਰੇ ਚੁੱਪ ਕਰਕੇ ਬੈਠੀਆਂ ਹਨ। ਦੇਸ਼ ਦੀ ਸਿਵਲ ਸੁਸਾਇਟੀ ਦੇ ਕਿਸੇ ਵੀ ਅੰਗ ਵੱਲ਼ੋਂ ਉਸ ਖਬਰ ਪ੍ਰਤੀ ਕੋਈ ਪ੍ਰਤੀਕਿਰਿਆ ਨਹੀ ਆਈ। ਦੇਸ਼ ਦੀ ਪਾਰਲੀਮੈਂਟ ਵਿੱਚ ਕੋਈ ਹੰਗਾਮਾ ਨਹੀ ਹੋਇਆ। ਦੇਸ਼ ਦੀ ਪਾਰਲੀਮੈਂਟ ਸੋਨੀਆ ਗਾਂਧੀ ਤੇ ਉਸਦੇ ਬੇਟੇ ਨੂੰ ਅਦਾਲਤ ਦੇ ਸੰਮਨਾਂ ਤੋਂ ਬਚਾਉਣ ਤੇ ਲੱਗੀ ਹੋਈ ਹੈ।
ਸਿੱਖਾਂ ਦਾ ਕਤਲੇਆਮ ਇਸ ਦੇਸ਼ ਲਈ ਕੋਈ ਅਰਥ ਨਹੀ ਰੱਖਦਾ ਕਿਉਂਕਿ ਸਿੱਖ ਤਾਂ ਬਣੇ ਹੀ ਕਤਲ ਹੋਣ ਲਈ ਹਨ। ਜਮਹੂਰੀਅਤ, ਅਦਾਲਤਾਂ, ਮੀਡੀਆ, ਮਨੁੱਖੀ ਅਧਿਕਾਰ ਕਮਿਸ਼ਨ, ਗੰਗਾ ਦੇ ਸਾਰੇ ਭਗਤ ਚੁੱਪ ਕਰਕੇ ਬੈਠ ਗਏ ਹਨ। ਕਿਸੇ ਨੂੰ ਵੀ ਸਿੱਖਾਂ ਦੇ ਕਤਲੇਆਮ ਦੀ ਪੀੜ ਨਹੀ ਹੋਈ।
ਸ਼ਾਇਦ ਗੰਗਾ ਦੀ ਮਲੀਨਤਾ ਨੇ ਇਸ ਦੇਸ਼ ਦੇ ਢਾਂਚੇ ਨੂੰ ਵੀ ਮਲੀਨ ਕਰ ਦਿੱਤਾ ਹੈ। ਹੁਣ ਇਸ ਦੇਸ਼ ਦੇ ਢਾਂਚੇ ਵਿੱਚੋਂ ਮਨੁੱਖੀ ਵਲਵਲਿਆਂ ਦੇ ਕਤਲੇਆਮ ਬਾਰੇ ਕੋਈ ਸੰਵੇਦਨਾ ਬਾਕੀ ਬਚੀ ਨਹੀ ਰਹਿ ਗਈ।
ਇਸ ਦੇਸ਼ ਦਾ ਜਮਹੂਰੀ ਢਾਂਚਾ ਗੰਗਾ ਨਾਲ ਇੱਕ ਮਿੱਕ ਹੋ ਗਿਆ ਹੈ। ਜਿੰਨੀ ਗੰਗਾ ਵਿੱਚੋਂ ਸੰਵੇਦਨਾ ਮੁੱਕ ਗਈ ਹੈ ਓਨੀ ਹੀ ਦੇਸ਼ ਦੇ ਢਾਂਚੇ ਵਿੱਚੋਂ ਸੰਵੇਦਨਾ ਮੁੱਕ ਗਈ ਹੈ।
ਸੱਚਮੁੱਚ ਅਸੀਂ ਉਸ ਦੇਸ਼ ਵਿੱਚ ਰਹਿ ਰਹੇ ਹਾਂ ਜਿਸ ਦੇਸ਼ ਵਿੱਚ ਗੰਗਾ ਬਹਿੰਦੀ ਹੈ।