ਸ਼ਹਾਦਤਾਂ ਦਾ ਰੰਗ ਬਹੁਤ ਗੂੜ੍ਹਾ ਅਤੇ ਰੁਹਾਨੀ ਹੁੰਦਾ ਹੈ। ਸ਼ਹਾਦਤਾਂ ਕੌਮ ਦੇ ਮਨ ਮਸਤਕ ਵਿੱਚ ਵਸੀਆਂ ਹੁੰਦੀਆਂ ਹਨ। ਇਹ ਹਰ ਕੌਮ ਦੇ ਜਜਬਿਆਂ ਅਤੇ ਭਵਿੱਖ ਦੇ ਸੁਪਨਿਆਂ ਨੂੰ ਇੱਕ ਦਿਸ਼ਾ ਦੇਂਦੀਆਂ ਹਨ। ਇਹ ਕੌਮ ਦੇ ਮਨ ਵਿੱਚ ਆਪਣੇ ਇਤਿਹਾਸ ਦੇ ਉਸ ਸੁਨਹਿਰੀ ਕਾਲ ਨੂੰ ਮੁੜ ਤੋਂ ਪ੍ਰਗਟ ਕਰਨ ਦਾ ਜਜਬਾ ਭਰਦੀਆਂ ਹਨ ਜੋ ਸਾਡੇ ਵੱਡੇ ਵਡੇਰਿਆਂ ਨੇ ਪ੍ਰਗਟ ਕੀਤਾ ਹੁੰਦਾ ਹੈ। ਸ਼ਹਾਦਤਾਂ ਦਾ ਸਬੰਧ ਕੌਮ ਦੇ ਸੁਨਹਿਰੀ ਕਾਲ ਅਤੇ ਕੌਮ ਦੇ ਹੋਮਲ਼ੈਂਡ ਨਾਲ ਜੁੜਿਆ ਹੁੰਦਾ ਹੈ। ਸ਼ਹਾਦਤਾਂ ਕੌਮ ਦੇ ਮਨ ਵਿੱਚ ਇਹ ਵਿਚਾਰ ਪ੍ਰਬਲ ਕਰਦੀਆਂ ਹਨ ਕਿ ਜੇ ਸਾਡੇ ਵੱਡੇ ਵਡੇਰੇ ਆਪਣੇ ਉਚੇ ਕਿਰਦਾਰ ਨਾਲ ਦਰਿਆਵਾਂ ਦਾ ਵਹਿਣ ਮੋੜ ਸਕਦੇ ਹਨ, ਜੇ ਉਹ ਇੱਕ ਸੱਚਾ ਸੁੱਚਾ ਸਮਾਜ ਸਿਰਜ ਸਕਦੇ ਹਨ ਤਾਂ ਅਸੀਂ ਕਿਉਂ ਨਹੀ। ਅਕਾਲ ਪੁਰਖ ਕੀ ਫੌਜ ਵੱਜੋਂ ਜਾਣੇ ਜਾਂਦੇ ਖਾਲਸਾ ਪੰਥ ਦਾ ਇਤਿਹਾਸ ਵੀ ਸ਼ਹਾਦਤਾਂ ਦੇ ਇਸੇ ਰੰਗ ਨਾਲ ਰੰਗਿਆ ਹੋਇਆ ਹੈ। ਇਤਿਹਾਸ ਦੇ ਹਰ ਮੋੜ ਤੇ ਅਤੇ ਹਰ ਕਦਮ ਤੇ ਸਿੱਖਾਂ ਦੇ ਸ਼ਹੀਦ ਕੌਮ ਨੂੰ ਆਪਣੇ ਸੁਨਹਿਰੇ ਯੁਗ ਦੀ ਯਾਦ ਦਿਵਾਉਂਦੇ ਹਨ। ਇਸੇ ਲਈ ਸਿੱਖ ਸਿਮਰਤੀ ਵਿੱਚ ਆਪਣੇ ਸ਼ਹੀਦ ਵਸੇ ਹੋਏ ਹਨ ਕੋਈ ਗੈਰ ਨਹੀ। ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਸਾਹਿਬਜ਼ਾਦੇ, ਭਾਈ ਮਨੀ ਸਿੰਘ, ਭਾਈ ਮਤੀ ਦਾਸ, ਭਾਈ ਦਿਆਲਾ ਜੀ ਆਦਿ ਹਜਾਰਾਂ ਸ਼ਹੀਦ ਹਨ ਜੋ ਹਰ ਦਿਨ ਸਿੱਖ ਸਿਮਰਤੀ ਵਿੱਚ ਪ੍ਰਗਟ ਹੁੰਦੇ ਹਨ ਅਤੇ ਉਨ੍ਹਾਂ ਦੀ ਉਚੀ ਸੁੱਚੀ ਕੁਰਬਾਨੀ ਅੱਜ ਸੈਂਕੜੇ ਸਾਲਾਂ ਬਾਅਦ ਵੀ ਆਪਣੇ ਜਲੋਅ ਦਾ ਪ੍ਰਗਟਾਵਾ ਕਰ ਜਾਂਦੀ ਹੈ। ਉਨ੍ਹਾਂ ਦੀ ਕੁਰਬਾਨੀ ਤੋਂ ਪ੍ਰੇਰਨਾ ਲੈ ਕੇ ਖਾਲਸਾ ਪੰਥ ਅੱਜ ਵੀ ਆਪਣੇ ਬੀਤ ਚੁੱਕੇ ਸੁਨਹਿਰੇ ਯੁਗ ਨੂੰ ਵਾਪਸ ਲਿਆਉਣ ਦੇ ਯਤਨ ਕਰਦਾ ਰਹਿੰਦਾ ਹੈ।
ਪੰਜਾਬ ਦਾ ਅਜੋਕਾ ਇਤਿਹਾਸ ਵੀ ਖਾਲਸਾ ਜੀ ਦੀਆਂ ਸ਼ਹਾਦਤਾਂ ਨਾਲ ਭਰਪੂਰ ਹੈ। ਇਨ੍ਹਾਂ ਸ਼ਹਾਦਤਾਂ ਦੇ ਪ੍ਰੇਰਨਾ ਸਰੋਤ ਸਿੱਖ ਇਤਿਹਾਸ ਦੇ ਨਾਇਕ ਅਤੇ ਸਾਡੇ ਵੱਡੇ ਵਡੇਰੇ ਰਹੇ ਹਨ।
ਪੱਤਰਕਾਰ ਜਗਤਾਰ ਸਿੰਘ ਨੇ ਕੁਝ ਸਮਾਂ ਪਹਿਲਾਂ ਪੰਜਾਬ ਦੇ ੨੦ਵੀਂ ਸਦੀ ਦੇ ਇਤਹਾਸ ਬਾਰੇ ਇੱਕ ਕਿਤਾਬ ਲਿਖੀ ਸੀ ਜਿਸ ਵਿੱਚ ਉਸਨੇ ਸ੍ਰੀ ਹਰਿਮੰਦਰ ਸਾਹਿਬ ਤੇ ਹੋਏ ਹਮਲੇ ਤੋਂ ਬਾਅਦ ਉਥੇ ਪਹੁੰਚੀ ਪੱਤਰਕਾਰਾਂ ਦੀ ਪਹਿਲੀ ਟੋਲੀ ਵੱਲ਼ੋਂ ਮਹਿਸੂਸ ਕੀਤੇ ਗਏ ਜਜਬਿਆਂ ਨੂੰ ਬਿਆਨ ਕੀਤਾ ਹੈ। ਉਨ੍ਹਾਂ ਆਖਿਆ ਹੈ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਭਿਆਨਕ ਹਾਲਤ ਨੇ ਉਸਦੀ ਆਤਮਾਂ ਨੂੰ ਅਜਿਹਾ ਝੰਜੋੜਿਆ ਕਿ ਉਹ ਅੱਜ ਤੱਕ ਵੀ ਉਸ ਭਿਆਨਕਤਾ ਤੋਂ ਬਾਹਰ ਨਹੀ ਆ ਸਕਿਆ। ਸ਼ਰਕਾਰੀ ਦਹਿਸ਼ਤ ਦੀ ਦਾਸਤਾਂ ਬਿਆਨਦੀ ਉਹ ਭਿਆਨਕਤਾ ਜਗਤਾਰ ਸਿੰਘ ਦੇ ਮਨ ਤੇ ਅਜਿਹੀ ਵੱਜੀ ਕਿ ਇੱਕ ਖੱਬੇਪੱਖੀ ਹੋਣ ਦੇ ਬਾਵਜੂਦ ਵੀ ਉਸਦੀ ਸ਼ਖਸ਼ੀਅਤ ਤੋਂ ਵੱਖ ਨਹੀ ਹੋ ਸਕੀ। ਇਹੋ ਹੀ ਸ਼ਹਾਦਤਾਂ ਦਾ ਕਿਰਦਾਰ ਹੁੰਦਾ ਹੈ। ਸ਼ਹਾਦਤ ਕਿਸੇ ਮਨੁੱਖ ਤੇ ਕਿਸ ਕਿਸਮ ਦਾ ਪ੍ਰਭਾਵ ਪਾਉਂਦੀ ਹੈ ਇਹ ਉਸ ਮਨੁੱਖ ਦੀ ਫਿਤਰਤ ਤੇ ਨਿਰਭਰ ਕਰਦਾ ਹੈ ਪਰ ਸ਼ਹਾਦਤਾਂ ਦਾ ਰੰਗ ਆਪਣੇ ਜਲੌਅ ਨਾਲ ਮਨੁੱਖ ਨੂੰ ਪ੍ਰਭਾਵਿਤ ਜਰੂਰ ਕਰਦਾ ਹੈ। ਜਗਤਾਰ ਸਿੰਘ ਨੇ ਆਪਣੀ ਉਸ ਕਿਤਾਬ ਵਿੱਚ ੧੯੮੪ ਤੋਂ ਬਾਅਦ ਦੇ ਪੰਜਾਬ ਦੇ ਹਾਲਾਤ ਦਾ ਬਾਖੂਬ ਵਰਨਣ ਕੀਤਾ ਹੈ। ਉਸ ਦਾ ਕਹਿਣਾਂ ਹੈ ਕਿ ਭਾਵੇਂ ਜੋ ਕੁਝ ਵੀ ਸੀ ਪਰ ਖਾੜਕੂ ਸਿੱਖ ਲਹਿਰ ਇੱਕ ਲੋਕ ਲਹਿਰ ਨਹੀ ਬਣ ਸਕੀ। ਉਹ ਆਖਦਾ ਹੈ ਕਿ ਏਨੀਆਂ ਵੱਡੀਆਂ ਕਾਰਵਾਈਆਂ ਦੇ ਬਾਵਜੂਦ ਲਹਿਰ ਨੇ ਕੋਈ ਕਿਤਾਬ ਜਾਂ ਇੱਥੋਂ ਤੱਕ ਕਿ ਕੋਈ ਪੇਟਿੰਗ ਵੀ ਪੈਦਾ ਨਹੀ ਕੀਤੀ।
ਜਗਤਾਰ ਸਿੰਘ ਦਾ ਲਹਿਰਾਂ ਨੂੰ ਦੇਖਣ ਦਾ ਆਪਣਾਂ ਨਜ਼ਰੀਆ ਹੋ ਸਕਦਾ ਹੈ। ਪਰ ਸਿੱਖ ਲਹਿਰ ਪੇਟਿੰਗਾਂ ਪੈਦਾ ਕਰਨ ਵਾਲੀ ਲਹਿਰ ਨਹੀ ਸੀ। ਇਹ ਤਾਂ ਉਸ ਸਿਸਟਮ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਝੰਜੋੜਨ ਵਾਲੀ ਲਹਿਰ ਸੀ ਜਿਸ ਨੇ ਭਾਰਤੀ ਲੋਕਾਂ ਨੂੰ ਮਾਨਸਿਕ ਤੌਰ ਤੇ ਗੁਲਾਮ ਬਣਾ ਰੱਖਿਆ ਸੀ। ਇਸ ਲਹਿਰ ਨੇ ਸ਼ਹਾਦਤਾਂ ਦੀ ਜੋ ਲੜੀ ਪਰੋਈ ਸੀ ਉਸਦਾ ਰੰਗ ਅਸੀਂ ੩੧ ਸਾਲ ਬਾਅਦ ਵੀ ਦੇਖ ਸਕਦੇ ਹਾਂ। ਇੱਕ ਪਾਸੇ ਕੇਂਦਰ ਸਰਕਾਰ ਹੈ, ਉਸਦੇ ਪੰਜਾਬ ਵਿੱਚ ਲਾਏ ਹੋਏ ਲੋਕ ਹਨ, ਪੁਲਿਸ ਹੈ, ਫੌਜ ਹੈ ਅਤੇ ਸਰਕਾਰ ਤੰਤਰ ਹੈ ਏਨੇ ਲਾਮ ਲਸ਼ਕਰ ਦੀ ਦਹਿਸ਼ਤ ਹੈ ਪਰ ਸਾਰੀ ਦਹਿਸ਼ਤ ਦੇ ਬਾਵਜੂਦ ਵੀ ਹਰ ਸਿੱਖ਼ ੬ ਜੂਨ ਵਾਲੇ ਦਿਨ ਸ੍ਰੀ ਹਰਿਮੰਦਰ ਸਾਹਿਬ ਜਾਕੇ ਆਪਣੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਾ ਚਾਹੁੰਦਾ ਹੈ। ਪੈਰ ਪੈਰ ਤੇ ਰੋਕਾਂ ਹਨ, ਦਹਿਸ਼ਤ ਹੈ ਦੋਸਤਾਂ ਦੀ ਵੀ ਅਤੇ ਦੁਸ਼ਮਣਾਂ ਦੀ ਵੀ ਪਰ ਇਸਦੇ ਬਾਵਜੂਦ ਵੀ ਇੱਕ ਚਾਅ ਹੈ ਕਿ ਆਪਣੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਹਨ, ਹਰ ਜਬਰ ਸਹਿ ਕੇ ਵੀ ਕੌਮ ਸ੍ਰੀ ਹਰਿਮੰਦਰ ਸਾਹਿਬ ਪਹੁੰਚਣ ਦਾ ਜਜਬਾ ਰੱਖਦੀ ਹੈ। ਇੱਥੇ ਹੀ ਬਸ ਨਹੀ, ੧੯੮੪ ਵਿੱਚ ਸ਼ਹੀਦ ਹੋਏ ਪਰਵਾਨਿਆਂ ਦੀ ਸ਼ਹਾਦਤ ਦਾ ਰੰਗ ਏਨਾ ਗੂੜ੍ਹਾ ਹੈ ਕਿ ਉਨ੍ਹਾਂ ਦੇ ਪੋਸਟਰ ਨੂੰ ਹੱਥ ਲਾਉਣ ਵਾਲੇ ਕਿਸੇ ਸਰਕਾਰੀ ਅਫਸਰ ਦੀ ਹਿਮਾਕਤ ਨੂੰ ਵੀ ਕੌਮ ਬਰਦਾਸ਼ਤ ਨਹੀ ਕਰ ਸਕਦੀ। ਉਨ੍ਹਾਂ ਸ਼ਹੀਦਾਂ ਦੇ ਪੋਸਟਰ ਲਈ ਕੋਈ ਨੌਜਵਾਨ ਆਪਣੀ ਜਾਨ ਦੇ ਦੇਵੇ ਇਸ ਨੂੰ ਸ਼ਹਾਦਤ ਦੇ ਰੰਗ ਨਾ ਆਖਿਆ ਜਾਵੇ ਤਾਂ ਕੀ ਆਖਿਆ ਜਾਵੇ। ੩੧ ਸਾਲਾਂ ਬਾਅਦ ਵੀ ਸਿੱਖ ਕੌਮ ਉਨੇ ਹੀ ਜਜਬੇ ਨਾਲ ਆਪਣੇ ਸ਼ਹੀਦਾਂ ਨੂੰ ਯਾਦ ਕਰ ਰਹੇ ਹਨ, ਉਨ੍ਹਾਂ ਦੇ ਰਾਹ ਤੇ ਚੱਲਣ ਦਾ ਅਹਿਦ ਕਰ ਰਹੇ ਹਨ। ਕਿਸੇ ਨਕਸਲੀ ਜਾਂ ਹੋਰ ਲਹਿਰ ਵਿੱਚ ਏਨਾ ਜਜਬਾ ਅਤੇ ਜਾਨ ਨਹੀ ਹੋਣੀ ਜਿੰਨੀ ਸਿੱਖ ਕੌਮ ਵਿੱਚ ਅੱਜ ਵੀ ਹੈ।
ਸ਼ਹੀਦ ਤਾਂ ਭਾਰਤੀ ਸਟੇਟ ਦੇ ਵੀ ਹੋਏ ਹੋਣਗੇ। ੧੯੮੪ ਵਿੱਚ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾਵਰ ਬਣਕੇ ਆਏ ਤੇ ਮਾਰੇ ਗਏ ਲੋਕ ਵੀ ਕਿਸੇ ਧਿਰ ਦੇ ਸ਼ਹੀਦ ਹੋਣਗੇ। ਸਾਰੀ ਸਟੇਟ ਅਤੇ ਫੌਜ ਆਪਣੇ ਕੋਲ ਹੋਣ ਦੇ ਬਾਵਜੂਦ ਵੀ ਕੋਈ ਏਨੇ ਚਾਅ ਨਾਲ ਸਟੇਟ ਦੇ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਨਹੀ ਜਾਂਦਾ ਦੇਖਿਆ ਜਿੰਨੇ ਚਾਅ ਨਾਲ ਸਿੱਖ ਪੰਥ ਜਾ ਰਿਹਾ ਹੈ।
ਸੋ ਸ਼ਹਾਦਤਾਂ ਦਾ ਰੰਗ ਕੀ ਹੁੰਦਾ ਹੈ ਇਹ ਤਾਂ ਉਹ ਕੌਮ ਹੀ ਜਾਣ ਸਕਦੀ ਹੈ ਜਿਸਦੇ ਸ਼ਹੀਦ ਹੁੰਦੇ ਹਨ, ਬੇਗਾਨੇ ਨਹੀ ਅਤੇ ਨਾ ਹੀ ਬੇਗਾਨਿਆਂ ਦੇ ਸ਼ਹੀਦਾਂ ਦੀ ਕੋਈ ਯਾਦ ਮਨਾਉਂਦਾ ਹੈ। ਸ਼ਹਾਦਤ ਦਾ ਰੰਗ ਹੁੰਦਾ ਹੀ ਏਨਾ ਸਰ-ਸਬਜ਼ ਅਤੇ ਪਵਿੱਤਰ ਹੈ।