ਸਿੱਖ ਪੰਥ ਦੇ ਸਬੰਧ ਵਿੱਚ ਦੋ ਖਬਰਾਂ ਪਿਛਲੇ ਦਿਨੀ ਚਰਚਾ ਵਿੱਚ ਰਹੀਆਂ ਹਨ। ਪਹਿਲੀ ਖਬਰ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ੯ ਅਰਬ ਰੁਪਏ ਦਾ ਬਜਟ ਪਾਸ। ਦੂਜੀ ਖਬਰ ਸੀ ਕਿ ਮਹਾਰਾਸ਼ਟਰ ਸਰਕਾਰ ਨੇ ਇੱਕ ਅਜਿਹੇ ਦਸਤਾਰਧਾਰੀ ਨੂੰ ਸੱਚਖੰਡ ਸ੍ਰੀ ਨਾਦੇੜ ਸਾਹਿਬ ਦਾ ਮੁੱਖ ਪ੍ਰਬੰਧਕ ਲਗਾ ਦਿੱਤਾ ਹੈ ਜੋ ਆਪਣੀ ਪਦਵੀ ਦੇ ਮੇਚ ਦਾ ਸੱਜਣ ਨਹੀ ਹੈ। ਪੰਜਾਬ ਸਰਕਾਰ ਅਤੇ ਇਸਦੇ ਰੂਹੇ-ਰਵਾਂ ਪ੍ਰਕਾਸ ਸਿੰਘ ਬਾਦਲ ਨੇ ਮਹਾਰਾਸ਼ਟਰ ਸਰਕਾਰ ਦੀ ਇਸ ਕਾਰਵਾਈ ਦੇ ਵਿਰੋਧ ਵਿੱਚ ਪ੍ਰਧਾਨ ਮੰਤਰੀ ਨੂੰ ਖਤ ਲਿਖਿਆ ਹੈ। ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾਂ ਹੈ ਕਿ ਮਹਾਰਾਸ਼ਟਰ ਸਰਕਾਰ ਦੀ ਕਾਰਵਾਈ ਸਰਾਸਰ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਹੈ ਅਤੇ ਉਸ ਪਦਵੀ ਤੇ ਕੋਈ ਸੱਚਾ ਸੁੱਚਾ ਸਿੱਖ ਹੀ ਲਗਾਇਆ ਜਾਣਾਂ ਚਾਹੀਦਾ ਹੈ।
ਸ਼੍ਰੋਮਣੀ ਕਮੇਟੀ ਦਾ ੯ ਅਰਬ ਰੁਪਏ ਦਾ ਬਜਟ, ਸਿੱਖ ਕੌਮ ਦੇ ਕਿਰਦਾਰ ਵਿੱਚ ਆ ਰਹੀ ਗਿਰਾਵਟ, ਕੌਮ ਦਾ ਆਪਣੇ ਰੁਹਾਨੀ ਸਰੋਤਾਂ ਤੋਂ ਦੂਰ ਹੋਣ ਦਾ ਸਫਰ ਅਤੇ ਭਾਰਤ ਸਰਕਾਰ ਵੱਲ਼ੋਂ ਬੇਫਿਕਰੀ ਨਾਲ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਦੇਣ ਦੀ ਕਾਰਵਾਈ ਨਿਰਸੰਦੇਹ ਕਾਫੀ ਫਿਕਰਮੰਦੀ ਵਾਲੀਆਂ ਗੱਲਾਂ ਹਨ।
੯ ਅਰਬ ਦੇ ਬਜਟ ਵਾਲੀ ਸਿੱਖ ਸੰਸਥਾ ਸਿੱਖ ਧਰਮ ਲਈ, ਸਿੱਖ ਪੰਥ ਲਈ, ਸਿੱਖ ਸਮਾਜ ਲਈ ਅਤੇ ਇਸਦੀਆਂ ਕੌਮੀ ਲੋੜਾਂ ਅਤੇ ਰੀਝਾਂ ਲਈ ਕੀ ਕਰ ਰਹੀ ਹੈ ਸ਼ਾਇਦ ਇਸ ਸਵਾਲ ਨਾਲ ਨਿਬੜੇ ਤੋਂ ਬਿਨਾ ਉਸ ਤਰਕ ਦੀ ਸਮਝ ਨਹੀ ਆ ਸਕੇਗੀ ਜੋ ਭਾਰਤ ਸਰਕਾਰ ਦੇ ਕਦਮ ਵਿੱਚ ਪਿਆ ਹੈ।
ਯੂ.ਕੇ. ਦੇ ਇੱਕ ਵੀ ਚੈਨਲ ਤੇ ਪਿਛਲੇ ਦਿਨੀ ਸੰਗਤਾਂ ਨੂੰ ਅਪੀਲ ਕੀਤੀ ਜਾ ਰਹੀ ਸੀ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਵੀਂ ਪਾਲਕੀ ਸ਼ੁਸ਼ੋਭਿਤ ਕੀਤੀ ਜਾਣੀ ਹੈ ਜਿਸ ਦੀ ਕੀਮਤ ੨੪ ਲੱਖ ਰੁਪਏ ਹੈ ਇਸ ਲਈ ਸੰਗਤਾਂ ਆਪਣਾਂ ਦਸਵੰਧ ਉਸ ਕਾਰਜ ਲਈ ਦੇਣ। ਅਣਗਿਣਤ ਸੰਗਤਾਂ ਨੇ ਆਪਣੇ ਤਖਤ ਦੀ ਸ਼ਅਨ ਅਤੇ ਗੌਰਵ ਨੂੰ ਬੁਲੰਦ ਰੱਖਣ ਲਈ ਬੇਹਿਸਾਬੀ ਮਾਇਆ ਉਸ ਕਾਰਜ ਲਈ ਭੇਟ ਕੀਤੀ। ਇਸੇ ਦੌਰਾਨ ਇੱਕ ਸੱਜਣ ਦਾ ਫੋਨ ਆਇਆ ਕਿ ਤਖਤ ਸਾਹਿਬ ਦੀ ਪਾਲਕੀ ਲਈ ਅਸੀਂ ੨੪ ਲੱਖ ਰੁਪਈਆ ਯੂ ਕੇ ਦੀਆਂ ਸੰਗਤਾਂ ਤੋਂ ਮੰਗ ਰਹੇ ਹਾਂ ਉਥੇ ਸ਼੍ਰੋਮਣੀ ਕਮੇਟੀ ਦੇ ਹਰ ਅਧਿਕਾਰੀ ਕੋਲ ੨੪-੨੪ ਲੱਖ ਦੀ ਗੱਡੀ ਹੈ।
ਖ਼ੈਰ ਸੰਗਤਾਂ ਅਜਿਹੇ ਵਿਚਾਰਾਂ ਬਾਰੇ ਬਹੁਤਾ ਧਿਆਨ ਨਹੀ ਦੇਂਦੀਆਂ ਉਨ੍ਹਾਂ ਦੀ ਸੁਰਤ ਤਾਂ ਆਪਣੇ ਗੁਰੂ ਵੱਲ਼ੋਂ ਸਾਜੇ ਪੰਥ ਖਾਲਸਾ ਦੀ ਹੋਂਦ ਅਤੇ ਉਸ ਹੋਦ ਦੇ ਪ੍ਰਤੀਕ ਸਾਡੇ ਗੁਰਧਾਮਾਂ ਦੀ ਸੁੰਦਰਤਾ ਅਤੇ ਵਿਲੱਖਣਤਾ ਨੂੰ ਚਾਰ ਚੰਨ ਲਾਉਣ ਵਾਲੇ ਉਦਮਾਂ ਦੀ ਰੁਹਾਨੀ ਪਾਕੀਜ਼ਗੀ ਨਾਲ ਭਰੀ ਹੁੰਦੀ ਹੈ।
੯ ਅਰਬ ਰੁਪਏ ਦਾ ਬਜਟ, ਕੋਈ ਜਮਹੂਰੀ ਹਿਸਾਬ ਕਿਤਾਬ ਨਹੀ, ਸਿੱਖ ਪੰਥ ਦੀ ਹੋਣੀ ਬਾਰੇ ਕੋਈ ਖੋਜ ਕਾਰਜ ਨਹੀ, ਕੋਈ ਖੋਜ ਸੰਸਥਾ ਨਹੀ, ਨਵੀਂ ਪੀੜ੍ਹੀ ਦੇ ਖੋਜੀਆਂ ਨੂੰ ਸਾਂਭਣ ਲਈ ਕੋਈ ਸੰਸਥਾ ਨਹੀ।
੫੮ ਕਰੋੜ ਰੁਪਏ ਦੀਆਂ ਲਾਈਟਾਂ ਦਾ ਪ੍ਰਜੈਕਟ ਡਿਪਟੀ ਮੁੱਖ ਮੰਤਰੀ ਦੀ ਹਿਦਾਇਤ ਤੇ ਕਿਸੇ ਨੂੰ ਫਾਇਦਾ ਪਹੁੰਚਾਉਣ ਲਈ ਦਿੱਤਾ ਜਾਂਦਾ ਹੈ, ਅਣਗਿਣਤ ਕੋਹਲੀਆਂ-ਸ਼ੋਹਲੀਆਂ ਦੀ ਦਾਲ ਰੋਟੀ ਸ਼ਰਧਾ ਨਾਲ ਭੇਟ ਕੀਤੀ ਮਾਇਆ ਵਿੱਚੋਂ ਚਲਾਈ ਜਾ ਰਹੀ ਹੈ, ਸੱਤਾਧਾਰੀ ਪਰਿਵਾਰ ਦੇ ਵਪਾਰ ਦਾ ਹਿਸਾਬ ਕਿਤਾਬ ਰੱਖਣ ਵਾਲੀਆਂ ਕੰਪਨੀਆਂ ਨੂੰ ਇਸ ਮਾਇਆ ਵਿੱਚੋਂ ਭੁਗਤਾਨ ਹੁੰਦਾ ਹੈ, ਸੰਗਤ ਦਰਸ਼ਨਾਂ ਦੇ ਪੈਸੇ ਇਸੇ ਖਾਤੇ ਵਿੱਚੋਂ ਵੰਡੇ ਦੱਸੇ ਜਾਂਦੇ ਹਨ।
ਖੈਰ ਇਸ ਸਭ ਕੁਝ ਦੇ ਬਾਵਜੂਦ ਇੱਕ ਹੋਰ ਪੱਖ ਹੈ ਜੋ ਗੁਰੂ ਦੀਆਂ ਬਖਸ਼ਿਸ਼ਾਂ ਦੇ ਦਰਿਆ ਵਿੱਚ ਅਨੰਦ ਲੈ ਰਿਹਾ ਹੈ। ਏਨੇ ਵੱਡੇ ਭਰਿਸ਼ਟ ਤੰਤਰ ਦੇ ਦਰਮਿਆਨ ਇੱੰਕ ਅਜਿਹਾ ਵਰਗ ਹੈ ਜੋ ਹਮੇਸ਼ਾ ਗੁਰੂ ਦੀ ਰਜ਼ਾ ਵਿੱਚ ਰਾਜ਼ੀ ਰਹਿ ਰਿਹਾ ਹੈ। ਆਪਣੇ ਗੁਰੂ ਨਾਲ਼ੋਂ ਇੱਕ ਪਲ ਦਾ ਵਿਛੋੜਾ ਉਸ ਲਈ ਅਸਹਿ ਹੈ। ਉਹ ਹਰ ਵੇਲੇ ਅਰਦਾਸ ਕਰਦਾ ਹੈ,
ਮਾਇਆ ਮੋਹਿ ਭਰਮੁ ਭੈਅ ਭੂਲੇ
ਸੁਤਿ ਦਾਰਾ ਸਿਉ ਪ੍ਰੀਤ ਲਗਾਈ।
ਅੰਮ੍ਰਿਤ ਵੇਲੇ ਜਦੋਂ ਸ੍ਰੀ ਦਰਬਾਰ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਸਰੂਪ ਬਿਰਾਜਮਾਨ ਹੁੰਦਾ ਹੈ ਤਾਂ ਬਹੁਤ ਹੀ ਭੋਲੀਆਂ ਅਤੇ ਰੁਹਾਨੀ ਸੂਰਤਾਂ ਵਾਲੇ ਸੱਜਣ ਗੁਰੂ ਦੀ ਉਪਮਾ ਵਿੱਚ ਦੋਹਰੇ ਪੜ੍ਹਨ ਆਉਂਦੇ ਹਨ।ਹਰ ਰੋਜ਼ ਬਿਨਾ ਨਾਗਾ ਧਾਰਮਿਕ ਸ਼ਰਧਾ ਨਾਲ ਰੰਗੇ ਉਹ ਸੱਜਣ ਗੁਰੂ ਨੂੰ ਸਿਜਦਾ ਕਰਦੇ ਹਨ। ਮੀਂਹ ਹਨੇਰੀ, ਠੰਡ ਗਰਮੀ ਉਹ ਹਰ ਔਕੜ ਝੱਲ ਕੇ ਆਪਣੇ ਗੁਰੂ ਨਾਲ ਪਾਈ ਹੋਈ ਪ੍ਰੀਤ ਦੇ ਬੱਝੇ ਗੁਰੂ ਦੇ ਦਰ ਤੇ ਆ ਨਤਮਸਤਕ ਹੁੰਦੇ ਹਨ ਗੁਰੂ ਸਾਹਿਬ ਦੀ ਉਪਮਾਂ ਵਿੱਚ ਸ਼ਬਦ ਪੜ੍ਹਦੇ ਹਨ। ਉਨ੍ਹਾਂ ਦੇ ਦੋਹਰੇ ਕਲ ਭੱਟ ਜੀ ਦੇ ਇਸ ਮਹਾਨ ਕਥਨ ਨਾਲ ਸਮਾਪਤ ਹੁੰਦੇ ਹਨ-
ਹਮ ਅਵਗੁਨ ਭਰੇ ਏਕ ਗੁਣ ਨਾਹੀ
ਅੰਮ੍ਰਿਤ ਛਾਡ ਬਿਖੇ ਬਿਖੁ ਖਾਹੀ
ਮਾਇਆ ਮੋਹਿ ਭਰਮੁ ਭੈਅ ਭੂਲੇ
ਸੁਤਿ ਦਾਰਾ ਸਿਓ ਪ੍ਰੀਤ ਲਗਾਈ
ਇਕ ਅਰਦਾਸ ਭਾਟ ਕੀਰਤ ਕੀ
ਗੁਰੂ ਰਾਮਦਾਸ ਰਾਖਹੁ ਸਰਣਾਈ
ਗੁਰੂ ਦੇ ਰੰਗ ਵਿੱਚ ਰੰਗਿਆ ਇੱਕ ਉਹ ਪੰਥ ਖਾਲਸਾ ਹੈ ਜਿਸਦਾ ਸਭ ਕੁਝ ਆਪਣੇ ਗੁਰੂ ਅਤੇ ਪੰਥ ਖਾਲਸੇ ਲਈ ਕੁਰਬਾਨ ਹੈ। ਦੂਜੇ ਪਾਸੇ ਉਹ ਧਿਰ ਹੈ ਜਿਸ ਲਈ ਗੁਰੂ ਦਾ ਦਰ ਇੱਕ ਹੋਰ ਵਪਾਰ ਦੀ ਦੁਕਾਨ ਤੋਂ ਵੱਧ ਕੁਝ ਨਹੀ ਹੈ। ਅੰਮ੍ਰਿਤ ਵੇਲੇ ਅਰਦਾਸ ਕਰਨ ਵਾਲੇ ਉਹ ਸੱਜਣ ਸਭ ਕੁਝ ਤੋਂ ਅਣਜਾਣ ਆਪਣੇ ਗੁਰੂ ਨਾਲ ਆਪਣੀ ਪ੍ਰੀਤ ਕਮਾ ਰਹੇ ਹਨ। ਵੇਲੇ ਦੇ ਸ਼ਾਸ਼ਕ ਗੁਰੂ ਘਰ ਨਾਲ ਕੀ ਕਰ ਰਹੇ ਹਨ ਇਸਦਾ ਨਾਲ ਉਨ੍ਹਾਂ ਨੂੰ ਕੋਈ ਸਰੋਕਾਰ ਨਹੀ ਹੈ।
ਉਨ੍ਹਾਂ ਨੂੰ ਕੋਈ ਪਤਾ ਨਹੀ ਹੈ ਕਿ ਕਿੰਨੇ ਕੋਹਲੀਆਂ ਸ਼ੋਹਲੀਆਂ ਨੇ ਗੁਰੂ ਦੀ ਇਸ ਭੇਟ ਨੂੰ ਆਪਣੇ ਵਪਾਰ ਲਈ ਵਰਤਿਆ ਹੋਇਆ ਹੈ। ਕਿੰਨੇ ਬਿਜਲੀ, ਕਿਤਾਬਾਂ ਤੇ ਰੁਮਾਲਿਆਂ ਦੇ ਵਪਾਰੀ ਗੁਰੂ ਦੇ ਦਰ ਤੋਂ ਆਪਣਾਂ ਹਲਵਾ ਮੰਡਾ ਚਲਾਈ ਜਾ ਰਹੇ ਹਨ।
ਇਸ ਹਾਲਤ ਵਿੱਚ ਜੇ ਨੱਤੀਆਂ ਵਾਲੇ ਸਰਦਾਰ ਗੁਰੂ ਘਰ ਦੇ ਪ੍ਰਬੰਧਕ ਬਣਾ ਵੀ ਦਿੱਤੇ ਜਾ ਰਹੇ ਹਨ ਤਾਂ ਇਸ ਨਾਲ ਕੋਈ ਬਹੁਤੇ ਹਾਲਾਤ ਵਿਗੜਨ ਦਾ ਖਤਰਾ ਨਹੀ ਹੈ। ਕਿਉਂਕਿ ਪੰਜਾਬ ਵਿੱਚ ਜੋ ਬੰਦੇ ਇਸ ਧਾਰਮਿਕ ਸੰਸਥਾ ਦੇ ਮੈਂਬਰ ਬਣੇ ਹੋਏ ਹਨ ਉਨ੍ਹਾਂ ਦਾ ਕਿਰਦਾਰ ਤਾਂ ਨੱਤੀਆਂ ਵਾਲੇ ਸਰਦਾਰ ਨਾਲ਼ੋਂ ਵੀ ਭੈੜਾ ਹੈ।
ਗੁਰੂ ਦੇ ਜਸ ਨੂੰ ਗਾਇਨ ਕਰਨ ਵਾਲਿਆਂ ਦੇ ਮਨ ਤੇ ਇਸਦਾ ਕੋਈ ਅਸਰ ਨਹੀ ਹੈ।
ਉਹ ਤਾਂ ਵਾਰ ਵਾਰ ਅਰਦਾਸ ਕਰ ਰਹੇ ਹਨ ਮਾਇਆ ਮੋਹਿ ਭਰਮੁ ਭੈਅ ਭੂਲੇ।