ਪੂਰੀ ਦੁਨੀਆਂ ਵਿੱਚ ਪਿਛਲੇ ਦਿਨੀ ਸਿੱਖ ਇਨਕਲਾਬ ਦੇ ਮੋਢੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ। ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਨੇ ਆਪੋ ਆਪਣੇ ਢੰਗ ਨਾਲ ਧਾਰਮਿਕ ਬਿਰਤੀ ਤਹਿਤ ਗੁਰ ਧਾਮਾਂ ਵਿੱਚ ਸਮਾਗਮ ਕਰਵਾਕੇ ਅਤੇ ਗੁਰਬਾਣੀ ਦਾ ਪ੍ਰਵਾਹ ਚਲਾਕੇ ਗੁਰੂ ਸਾਹਿਬ ਦੀ ਯਾਦ ਮਨਾਈ।
ਸ਼ਬਦ ਗੁਰੂ ਦੇ ਸੰਕਲਪ ਨਾਲ ਆਪਣੀ ਪ੍ਰੀਤ ਜੋੜ ਕੇ ਸਿੱਖ ਸੰਗਤਾਂ ਨੇ ਗੁਰੂ ਸਾਹਿਬ ਜੀ ਨਾਲ ਆਪਣੇ ਪ੍ਰੇਮ ਅਤੇ ਪ੍ਰਤੀਬੱਧਤਾ ਦਾ ਸੰਕਲਪ ਦੁਹਰਾਇਆ ਗਿਆ।
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਇਨਕਲਾਬ ਦੇ ਮੋਢੀ ਸਨ। ਉਹ ਸਿੱਖ ਇਨਕਲਾਬ ਜਿਸਨੇ ਕਰਨੀ ਅਤੇ ਕਹਿਣੀ ਦੇ ਪੂਰੇ ਅਤੇ ਸੁਚੇ ਮਨੁੱਖ ਦੀ ਭਾਰਤ ਵਿੱਚ ਸਿਰਜਣਾਂ ਕੀਤੀ। ਗੁਰੂ ਸਾਹਿਬ ਜੀ ਨੇ ਮਨੁੱਖਤਾ ਨੂੰ ਮਾਨਸਿਕ ਗੁਲਾਮੀ ਵਿੱਚੋਂ ਬਾਹਰ ਕੱਢ ਕੇ ਅਜ਼ਾਦ ਫਿਜ਼ਾ ਵਿੱਚ ਸਾਹ ਲ਼ੈਣ ਦੀ ਸੋਝੀ ਬਖਸ਼ੀ। ਗੁਰੂ ਨਾਨਕ ਦੇਵ ਜੀ ਨੇ ਜਦੋਂ ਆਪਣੇ ਬਚਪਨ ਤੋਂ ਬਾਅਦ ਵਾਹਿਗੁਰੂ ਨਾਲ ਜੁੜ ਕੇ ਧਰਤੀ ਤੇ ਵਾਪਰ ਰਹੇ ਵਰਤਾਰੇ ਤੇ ਝਾਤ ਮਾਰੀ ਤਾਂ ਆਪ ਜੀ ਨੂੰ ਚਾਰੇ ਪਾਸੇ ਜਲਦੀ ਹੋਈ ਪ੍ਰਿਥਵੀ ਨਜ਼ਰ ਆਈ। ਗੁਰੂ ਸਾਹਿਬ ਜੀ ਦੀ ਇਲਾਹੀ ਨਜ਼ਰ ਨੇ ਇਹ ਮਹਿਸੂਸ ਕੀਤਾ ਕਿ ਵਕਤ ਦੇ ਗਿਆਨ ਪ੍ਰਬੰਧ (Knowledge System) ਉਤੇ ਇੱਕ ਵਰਗ ਨੇ ਕਬਜਾ ਕੀਤਾ ਹੋਇਆ ਹੈ। ਸਭ ਨੂੰ ਸੱਚ ਦੇ ਨੇੜੇ ਲ਼ੈ ਜਾਣ ਵਾਲੇ ਸ਼ਬਦ ਉਤੇ ਕੁਝ ਖਾਸ ਲੋਕਾਂ ਦੀ ਪਕੜ ਬਣੀ ਹੋਈ ਹੈ ਅਤੇ ਉਹ ਖਾਸ ਲੋਕ (ਬ੍ਰਾਹਮਣ) ਉਸ ਗਿਆਨ ਪ੍ਰਬੰਧ ਨੂੰ ਇਤਿਹਾਸ, ਧਰਮ ਅਤੇ ਸੱਭਿਅਤਾ ਵਿੱਚ ਵਿਗਾੜ ਪੈਦਾ ਕਰਨ ਲਈ ਵਰਤ ਰਹੇ ਹਨ।
ਜੇ ਕਿਸੇ ਕੌਮ ਅਤੇ ਸੱਭਿਅਤਾ ਦਾ ਗਿਆਨ ਪ੍ਰਬੰਧ ਹੀ ਅਜ਼ਾਦ ਨਾ ਹੋਵੇ ਅਤੇ ਗਿਆਨ ਦਾ ਪ੍ਰਕਾਸ਼ ਹਰ ਕੋਨੇ ਅਤੇ ਹਰ ਨੁੱਕਰ ਤੱਕ ਨਾ ਹੋਵੇ ਤਾਂ ਫਿਰ ਉਸ ਖਿੱਤੇ ਵਿੱਚ ਵਸਣ ਵਾਲੀ ਲੋਕਾਈ ਮਾਨਸਿਕ ਤੌਰ ਤੇ ਗੁਲਾਮ ਹੋ ਜਾਇਆ ਕਰਦੀ ਹੈ। ਸੱਭਿਅਤਾ ਦੇ ਵਿਕਾਸ ਲਈ ਗਿਆਨ ਦਾ ਅਜ਼ਾਦ ਹੋਣਾਂ ਬਹੁਤ ਜਰੂਰੀ ਹੈ। ਗੁਰੂ ਸਾਹਿਬ ਨੇ ਆਪਣੀ ਸਾਰੀ ਜਿੰਦਗੀ ਗਿਆਨ ਪ੍ਰਬੰਧ ਨੂੰ ਅਜ਼ਾਦ ਕਰਵਾਉਣ ਅਤੇ ਸ਼ਬਦ ਦੀ ਧੁੰਨ ਹਰ ਘਰ ਵਿੱਚ ਪਹੁੰਚਾਣ ਦੇ ਲੇਖੇ ਲਾ ਦਿੱਤੀ। ਘਰ ਘਰ ਅੰਦਰਿ ਧਰਮਸ਼ਾਲ ਵਾਲਾ ਸ਼ਬਦ ਗੁਰੂ ਸਾਹਿਬ ਦੀ ਇਸ ਕੋਸ਼ਿਸ ਦੀ ਗਵਾਹੀ ਭਰਦਾ ਹੈ।
ਗਿਆਨ ਨੂੰ ਆਪਣੇ ਹਿੱਤਾਂ ਲਈ ਵਰਤ ਰਹੇ ਲੋਕਾਂ ਨੇ ਅਗਿਆਨੀ ਲੋਕਾਂ ਵਿੱਚ ਵੰਡੀਆਂ ਪਾਕੇ ਉਨ੍ਹਾਂ ਨੂੰ ਜਾਤਪਾਤੀ ਰੰਗ ਵਿੱਚ ਰੰਗ ਕੇ ਕਮਜ਼ੋਰ ਬਣਾ ਦਿੱਤਾ ਸੀ। ਗੁਰੂ ਸਾਹਿਬ ਦੀ ਕੋਸ਼ਿਸ ਗਿਆਨ ਪ੍ਰਬੰਧ ਉਤੇ ਬਾ੍ਰਹਮਣ ਦੇ ਕਬਜੇ ਨੂੰ ਖਤਮ ਕਰਕੇ ਮਨੁਖਤਾ ਨੂੰ ਗਿਆਨ ਦੀ ਲੋਅ ਨਾਲ ਚਮਕਾਉਣ ਦੀ ਸੀ ਕਿਉਂਕਿ ਗਿਆਨ ਦੀ ਲੋਅ ਮਨੁੱਖ ਨੂੰ ਦਲੇਰ, ਖੁਦਦਾਰ ਅਤੇ ਆਤਮਕ ਬੁਲੰਦੀ ਵਾਲਾ ਬਣਾ ਦਿੰਦੀ ਹੈ।
ਜਿੱਥੇ ਗੁਰੂ ਨਾਨਕ ਦੇਵ ਜੀ ਨੇ ਬ੍ਰਾਹਮਣ ਦੇ ਸਮੁੱਚੇ ਘੇਰੇ ਨੂੰ ਤੋੜਨ ਲਈ ਸ਼ਬਦ ਦਾ ਪਸਾਰ ਕੀਤਾ ਉਥੇ ਲੋਕਾਈ ਨੂੰ ਵੀ ਕੁਝ ਮਨੁੱਖਾਂ ਦੀ ਪੂਜਾ ਕਰਨ ਨਾਲ਼ੋਂ ਸ਼ਬਦ ਗੁਰੂ ਦੇ ਲੜ ਲਾਇਆ। ਕਿਉਂਕਿ ਮਨੁੱਖਾਂ (ਦੇਵੀ-ਦੇਵਤਿਆਂ) ਦੀ ਪੂਜਾ ਵੀ ਮਨੁੱਖੀ ਗੁਲਾਮੀ ਨੂੰ ਮਜਬੂਤ ਕਰਨ ਦਾ ਕਾਰਨ ਬਣ ਰਹੀ ਸੀ।
ਜਦੋਂ ਗੁਰੂ ਸਾਹਿਬ ਜੀ ਨੇ ਇਲਾਹੀ ਬਾਣੀ ਰਾਹੀਂ ਗਿਆਨ ਦੇ ਛੱਟੇ ਬਿਖੇਰੇ ਤਾਂ ਨਵੀਂ ਜਿੰਦਗੀ ਦੇ ਆਗਾਜ਼ ਨਾਲ ਟਹਿਕੀ ਮਨੁੱਖਤਾ ਸਾਰੀਆਂ ਤੰਗ ਵਲਗਣਾਂ ਤੋੜ ਕੇ ਅਗਾਂਹ ਵਧ ਗਈ। ਗੁਰੂ ਸਾਹਿਬ ਦੇ ਨਾਲ ਇੱਕ ਮੁਸਲਮਾਨ ਭਾਈ ਮਰਦਾਨਾ ਆਣ ਰਲਿਆ ਜੋ ਸਾਰੀ ਜਿੰਦਗੀ ਗੁਰੂ ਸਾਹਿਬ ਦੀ ਇਲਾਹੀ ਬਖਸ਼ਿਸ਼ ਦਾ ਪਾਤਰ ਬਣਿਆ ਰਿਹਾ। ਗੁਰੂ ਸਾਹਿਬ ਜੀ ਨੇ ਗਿਆਨ ਦੇ ਜੋ ਚਸਮੇ ਵਹਾਏ ਉਨ੍ਹਾਂ ਨੇ ਮਨੁੱਖਤਾ ਵਿੱਚ ਵੰਡੀਆਂ ਪਾਉਣ ਵਾਲੇ ਜਾਤਪਾਤੀ ਸਿਸਟਮ ਨੂੰ ਹੀ ਨਹੀ ਤੋੜਿਆ ਬਲਕਿ ਧਰਮਾਂ ਦੇ ਆਰ ਪਾਰ ਮਨੁੱਖਤਾ ਦਾ ਸੰਦੇਸ਼ ਪਹੁੰਚਿਆ। ਭਾਈ ਮਰਦਾਨਾ ਸਾਰੀ ਉਮਰ ਗੁਰੂ ਸਾਹਿਬ ਦੇ ਨਾਲ ਰਿਹਾ ਪਰ ਕਦੇ ਵੀ ਗੁਰੂ ਸਾਹਿਬ ਨੇ ਉਸ ਨੂੰ ਨਮਾਜ਼ ਪੜ੍ਹਨ ਤੋਂ ਨਹੀ ਰੋਕਿਆ। ਏਨੀ ਲੰਬੀ ਸਾਂਝ ਵਿੱਚ ਕਦੇ ਉਨ੍ਹਾਂ ਦਾ ਆਪਸ ਵਿੱਚ ਇਸ ਮਸਲੇ ਤੇ ਤਕਰਾਰ ਹੀ ਨਹੀ ਹੋਇਆ ਕਿ ਨਮਾਜ਼ ਪੜ੍ਹੀ ਜਾਣੀ ਚਾਹੀਦੀ ਹੈ ਜਾਂ ਨਹੀ। ਗੁਰੂ ਸਾਹਿਬ ਨੇ ਭਾਈ ਮਰਦਾਨਾ ਨੂੰ ਸਿਰਫ ਸਹਿਣ (Intolerance) ਹੀ ਨਹੀ ਕੀਤਾ ਬਲਕਿ ਉਸਦਾ ਸਤਿਕਾਰ ਕੀਤਾ। ਦੇਹਧਾਰੀ ਦੇਵਤਿਆਂ ਤੋਂ ਤੋੜਕੇ ਸ਼ਬਦ ਗੁਰੂ ਦੀ ਜਿਸ ਅਗੰਮੀ ਸੋਚ ਦਾ ਗੁਰੂ ਸਾਹਿਬ ਨੇ ਅਗਾਜ਼ ਕੀਤਾ ਉਸ ਵਿੱਚ ਧਰਮਾਂ ਦੀਆਂ ਇਹ ਵਲਗਣਾਂ ਕਿਤੇ ਅਰਥ ਹੀ ਨਹੀ ਸੀ ਰੱਖਦੀਆਂ। ਗੁਰੂ ਸਾਹਿਬ ਤੇ ਭਾਈ ਮਰਦਾਨਾ ਸ਼ਬਦ ਗੁਰੂ ਦੀ ਇਲਾਹੀ ਨਦਰਿ ਦੇ ਪਾਤਰ ਬਣੇ।
ਅੱਜ ਵੀ ਗੁਰੂ ਸਾਹਿਬ ਦਾ ਮਾਡਲ ਹੀ ਇਸ ਸੰਸਾਰ ਨੂੰ ਬਚਾ ਸਕਦਾ ਹੈ। ਅੱਜ ਸੰਸਾਰ ਵਿੱਚ ਜੋ ਸੰਕਟ ਪੈਦਾ ਹੋਇਆ ਹੈ ਉਹ ਮਨੁੱਖਤਾ ਦੇ ਇੱਕ ਹਿੱਸੇ ਵੱਲ਼ੋਂ ਦੂਜੇ ਦੀ ਪਹਿਚਾਣ ਨੂੰ ਸਹਿਣ ਨਾ ਕਰਨ ਕਰਕੇ ਪੈਦਾ ਹੋਇਆ ਹੋਇਆ ਹੈ। ਈਸਾਈਅਤ ਅਤੇ ਇਸਲਾਮ ਦੀ ਜੰਗ ਇਸ ਅਸਿਹਣਸ਼ੀਲਤਾ intolerance ਦੀ ਨਿਸ਼ਾਨੀ ਹੈ। ਦੋਵੇਂ ਇੱਕ ਦੂਜੇ ਨੂੰ ਖਤਮ (assimilate) ਕਰ ਦੇਣਾਂ ਚਾਹੁੰਦੇ ਹਨ।
ਭਾਰਤ ਵਿੱਚ ਵੀ ਦੇਵੀ ਦੇਵਤਿਆਂ ਦੇ ਪੁਜਾਰੀ ਬਾਕੀ ਧਰਮਾਂ ਨੂੰ ਜਜਬ (assimilate) ਕਰਨ ਦੀ ਰਾਜਨੀਤੀ ਕਰ ਰਹੇ ਹਨ ਜਿਸ ਕਰਕੇ ਇਸ ਦੇਸ਼ ਵਿੱਚ ਵੀ ਸੰਕਟ ਹੈ। ਅੱਜ ਦੁਨੀਆਂ ਨੂੰ ਸਿਰਫ ਅਤੇ ਸਿਰਫ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਅਤੇ ਮਾਡਲ ਹੀ ਬਚਾ ਸਕਦਾ ਹੈ। ਮਨੁੱਖਤਾ ਨੂੰ ਸਿਰਫ ਸਹਿਣ ਹੀ ਨਾ ਕਰੋ ਬਲਕਿ ਉਸਦੀ ਵੱਖਰੀ ਪਹਿਚਾਣ ਦਾ ਸਤਿਕਾਰ ਕਰੋ। ਕਿਸੇ ਦੀ ਵੱਖਰੀ ਪਹਿਚਾਣ ਨੂੰ ਜਦੋਂ ਖ਼ਤਮ ਕਰਨ ਦਾ ਯਤਨ ਕਰੋਗੇ ਤਾਂ ਝਗੜੇ ਬਣੇ ਰਹਿਣਗੇ। ਗੁਰੂ ਸਾਹਿਬ ਦਾ ਸੰਦੇਸ਼ ੨੧ਵੀਂ ਸਦੀ ਲਈ ਵੀ ਓਨਾ ਹੀ ਕਾਰਗਰ ਹੈ ਜਿੰਨਾ ਇਹ ੧੫ਵੀਂ ਸਦੀ ਵਿੱਚ ਸੀ।