ਪਿਛਲੇ ਦਿਨੀਂ ਪੰਜਾਬੀ ਦੇ ਉੱਘੇ ਸਾਹਿਤਕਾਰ ਤੇ ਨਾਵਲਕਾਰ ਸਰਦਾਰ ਜਸਵੰਤ ਸਿੰਘ ਕੰਵਲ ਜੀ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਇਸ ਮੁਲਾਕਾਤ ਦੌਰਾਨ ਉਨਾਂ ਦੇ ਜੀਵਨ ਅਤੇ ਸਿੱਖ ਇਤਿਹਾਸ ਨਾਲ ਜੁੜੇ ਹੋਏ ਕੁਝ ਅਜਿਹੇ ਪੱਖ ਵੀ ਉਜਾਗਰ ਹੋਵ ਜਿਨਾਂ ਬਾਰੇ ਕਦੀ ਕਿਸੇ ਨੇ ਦੱਸਣਾ ਜਾਂ ਜਿਕਰ ਕਰਨਾ ਠੀਕ ਨਹੀਂ ਸਮਝਿਆਂ। ਹੁਣ ਤੱਕ ਚੌਦਾਂ ਤੋਂ ਵੀ ਵੱਧ ਨਾਵਲ ਲਿਖ ਚੁੱਕੇ ਅਤੇ ਕੁਝ ਕਿਤਾਬਾਂ ਦਾ ਅਨੁਵਾਦ ਕਰ ਚੁੱਕੇ ਕੰਵਲ ਜੀ ਬੇਹੱਦ ਸੁਲਝੇ ਹੋਏ ਅਤੇ ਇੱਕ ਸਦੀ ਦਾ ਇਤਹਾਸ ਆਪਣੇ ਨਾਲ ਸਮਾਈ ਬੈਠੇ ਹਨ। ਉਨਾਂ ਦਾ ਪਹਿਲਾ ਨਾਵਲ ‘ਸੱਚ ਨੂੰ ਫਾਂਸੀ’ ਲਿਖਿਆ ਗਿਆ ਸੀ। ਉਹਨਾਂ ਦੇ ਦੱਸਣ ਅਨੁਸਾਰ ਇਹ ਨਾਵਲ ਯਥਾਰਥਕ ਘਟਨਾਵਾਂ ਉਪਰ ਲਿਖਿਆ ਗਿਆ ਹੈ ਪਰ ਇਸ ਨੂੰ ਦਿਲਚਸਪ ਬਣਾਉਣ ਲਈ ਇਸ ਵਿੱਚ ਕੁਝ ਕਾਲਪਨਿਕ ਘਟਨਾਵਾਂ ਨੂੰ ਵੀ ਜੋੜਿਆ ਗਿਆ ਹੈ।
ਭਾਰਤ-ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਦੀਆਂ ਇਤਹਾਸਕ ਘਟਾਨਾਵਾਂ ਅਤੇ ਅੱਜ ਤੱਕ ਦੇ ਪੰਜਾਬ ਦੀ ਸੌੜੀ ਸਿਆਸਤ ਨੂੰ ਕੰਵਲ ਜੀ ਨੇ ਬਹੁਤ ਨੇੜੇ ਤੋਂ ਦੇਖਿਆ ਜਾਇਆ ਤੇ ਸਮਝਿਆ ਹੈ। ਕੰਵਲ ਜੀ ਦੇ ਦੱਸਣ ਅਨੁਸਾਰ ਭਾਰਤ-ਪਾਕਿਸਤਾਨ ਵੰਡ ਵੇਲੇ ਮਿਸਟਰ ਜਿਨਾਹ ਵੱਲੋਂ ਇੱਕ ਸਿੱਖ ਸੁਨੇਹਾ ਲੈ ਕੇ ਸ੍ਰੋਮਣੀ ਕਮੇਟੀ ਕੋਲ ਪੁਜਾ ਸੀ ਜਿਸ ਅਨੁਸਾਰ ਮਿਸਟਰ ਜਿਨਾਹ ਨੇ ਇਹ ਭਰੋਸਾ ਦਿੱਤਾ ਸੀ ਕਿ ਪੰਜਾਬ ਦੀ ਰਾਜਧਾਨੀ ਲਹੌਰ ਨੂੰ ਬਣਾਇਆ ਜਾਵੇਗਾ ਅਤੇ ਚਨਾਬ ਤੱਕ ਦਾ ਹਿੱਸਾ ਪੰਜਾਬ ਨੂੰ ਦਿੱਤਾ ਜਾਵੇਗਾ ਅਤੇ ਪੰਜਾਬ ਨੂੰ ਖੁਦਮੁਖਤਿਅਤਰੀ ਵੀ ਦਿੱਤੀ ਜਾਵੇਗੀ ਤੇ ਫੌਜੀ ਸੇਵਾਵਾਂ ਵਿੱਚ ਸਿੱਖਾਂ ਦੀ ਵਿਸ਼ੇਸ ਭਰਤੀ ਕੀਤੀ ਜਾਵੇਗੀ ਭਾਵੇਂਕਿ ਉਸ ਸਮੇਂ ਅਬਾਦੀ ਦਾ ਅਨੁਪਾਤ ਚਾਲੀ ਫੀਸਦੀ ਹਿੰਦੂ, ਚਾਲੀ ਫੀਸਦੀ ਮੁਸਲਮਾਨ ਅਤੇ ਵੀਹ ਫੀਸਦੀ ਸਿੱਖ ਸਨ। ਭਾਵੇਂ ਕਿ ਉਸ ਸਮੇਂ ਦੇ ਸਿੱਖ ਇਸ ਸਮਝੌਤੇ ਨੂੰ ਮੰਨਣ ਲਈ ਤਿਆਰ ਸਨ ਪਰ ਉਸ ਸਮੇਂ ਦੇ ਸਿਰ ਮੋਰ ਲੀਡਰ ਮਾਸਟਰ ਤਾਰਾ ਸਿੰਘ ਉਸ ਸਮੇਂ ਦੀ ਹਿੰਦੂ ਪ੍ਰੈਸ ਦੇ ਦਬਾਅ ਅਧੀਨ ਸਨ ਤੇ ਉਨਾਂ ਨੇ ਇਸ ਫੈਸਲੇ ਦਾ ਪੂਰਾ ਵਿਰੋਧ ਕੀਤਾ। ਭਾਵੇਂ ਇਸ ਗੱਲ ਨੂੰ ਅੱਜ ਤੱਕ ਕਦੀ ਜੱਗ ਜਾ ਹਰ ਨਹੀਂ ਹੋਣ ਦਿੱਤਾ ਗਿਆ ਪਰ ਕੰਵਲ ਜੀ ਖੁਦ ਇਨਾਂ ਮੀਟਿੰਗਾਂ ਵਿੱਚ ਸਾਮਲ ਹੋਣ ਕਰਕੇ ਇਹ ਸਭ ਗੱਲਾਂ ਪੂਰੇ ਵਿਸ਼ਵਾਸ ਤੇ ਦਾਅਵੇ ਨਾਲ ਦੱਸਦੇ ਹਨ। ਕੰਵਲ ਜੀ ਦੇ ਅਨੁਸਾਰ ਉਸ ਸਮੇਂ ਦੇ ਰੱਖਿਆ ਮੰਤਰੀ ਬਲਦੇਵ ਸਿੰਘ ਨੂੰ ਵੀ ਅੰਗਰੇਜਾਂ ਨੇ ਆਪਣੇ ਨਾਲ ਇੰਗਲੈਂਡ ਲੈ ਜਾ ਕੇ ਇਹ ਵਿਸਵਾਸ ਦਿਵਾਇਆ ਸੀ ਕਿ ਸਿੱਖਾਂ ਦਆਿਂ ਬੇਹੱਦ ਵਿਸਵਾਸਪੂਰਵਕ ਤੇ ਦਲੇਰਾਨਾਂ ਸੇਵਾਵਾਂ ਕਾਰਨ ਉਹ ਸਿੱਖਾਂ ਨੂੰ ਇੱਕ ਵੱਖਰਾ ਸੂਬਾ ਦੇਣਾ ਚਾਹੁੰਦੇ ਹਨ, ਪਰ ਬਲਦੇਵ ਸਿੰਘ ਨੇ ਆਪਣੇ ਨਿੱਜੀ ਮੁਫਾਦਾਂ ਕਾਰਨ ਇਹ ਗੱਲ ਨਹਿਰੂ ਨੂੰ ਦੱਸ ਕੇ ਸਿੱਖਾਂ ਨੂੰ ਹਮੇਸਾਂ ਲਈ ਉਹਨਾਂ ਦੇ ਹੱਕਾਂ ਤੋਂ ਵਾਝਿਆ ਕਰ ਦਿੱਤਾ।
ਇਸੇ ਤਰਾਂ ਪੰਜਾਬ ਅੰਦਰ ੧੯੬੦ ਤੋਂ ਸ਼ੁਰੂ ਹੋਈ ਨੈਕਸਲਾਈਟ ਮੂਵਮੈਂਟ ਨੂੰ ਵੀ ਬੇਹੱਦ ਜਜ਼ਬਾਤੀ ਦੱਸਿਆਂ। ਉਹ ਹਮੇਸ਼ਾ ਇਸ ਗੱਲ ਨੂੰ ਦੁਹਰਾਉਂਦੇ ਹਨ ਕਿ ਸਿੱਖਾਂ ਅੰਦਰ ਜ਼ਜ਼ਬਾ ਭਾਰੂ ਰਿਹਾ ਹੈ ਜਿਸ ਕਰਕੇ “ਜ਼ਜ਼ਬਾਤ ਨੇ ਸਿਆਣਪ ਦੇ ਪੈਰ ਨਹੀਂ ਲੱਗਣ ਦਿੱਤੇ।” ਸਾਡੇ ਜ਼ਜ਼ਬਾਤੀ ਪੱਖ ਨੇ ਹੀ ਸਾਨੂੰ ਮਰਵਾਇਆ ਹੈ। ਸਿੱਖ ਇਤਿਹਾਸ ਅੰਦਰ ਵਾਧਰੇ ੧੯੮੪ ਦੇ ਦੁਖਾਂਤ ਬਾਰੇ ਉਹ ਆਖਦੇ ਹਨ ਕਿ ਹਮਲਾ ਹੋਣ ਤੋਂ ਚਾਰ ਦਿਨ ਪਹਿਲਾਂ ਹੀ ਸੰਤ ਭਿੰਡਰਾਵਲਿਆਂ ਨੂੰ ਮਿਲਕੇ ਆਏ ਸਨ ਤੇ ਉਹਨਾਂ ਦੀ ਮੀਟਿੰਗ ਅੱਧਾ ਘੰਟਾ ਹੋਈ ਸੀ। ਜਿਸ ਦੌਰਾਨ ਉਹਨਾਂ ਨੇ ਸੰਤਾਂ ਨੂੰ ਹਮਲੇ ਬਾਰੇ ਜਾਣੂੰ ਕਰਵਾਇਆ ਸੀ ਤੇ ਕਿਹਾ ਸੀ ਜੇ ਸੰਤ ਸ਼ਾਮ ਦੀ ਕਥਾ ਸਮੇਂ ਜੁੜੀ ਸੰਗਤ ਤੋਂ ਹਾਂ ਪੱਖੀ ਫਤਵਾ ਲੈ ਲੈਣ ਕਿ ਇਥੇ ਉਹਨਾਂ ਦਾ ਸ਼ਹੀਦ ਹੋਣਾ ਜਾਇਜ ਹੈ ਤਾਂ ਮੈਂ ਵੀ (ਕੰਵਲ ਸਾਹਿਬ) ਤੁਹਾਡੇ ਨਾਲ ਹੀ ਮਰਾਂਗਾ। ਪਹਿਲਾਂ ਸੰਗਤ ਤੋਂ ਫਤਵਾਂ ਲੈਣਾ ਜਰੂਰੀ ਹੈ, ਪਰ ਸੰਤ ਭਿਡਰਾਂਵਾਲੇ ਇਸ ਲਈ ਸਹਿਮਤ ਨਹੀਂ ਹੋਏ। ਕੰਵਲ ਸਾਹਿਬ ਅਨੁਸਾਰ ਸੰਤ ਸੋਚਦੇ ਸਨ ਕਿ ਹਮਲਾ ਹੋਵੇਗਾ ਹੀ ਨਹੀਂ, ਸਰਕਾਰ ਉਹਨਾਂ ਨੂੰ ਦਬਾਅ ਹੀ ਦੇ ਰਹੀਂ ਹੈ। ਉਨਾਂ ਅਨੁਸਾਰ ਸੰਤਾਂ ਦੀ ਸੋਚ ਉਪਰੁ ਵੀ ਜ਼ਜ਼ਬਾਤ ਹਾਵੀ ਸਨ। ਜਦੋਂ ਸੰਤਾਂ ਨੂੰ ਇਹ ਪੁੱਛਿਆਂ ਕਿ ਤੁਹਾਡੇ ਤੋਂ ਬਾਅਦ ਕੌਮ ਦੀ ਅਗਵਾਈ ਕੌਣ ਕਰੇਗਾ ਤਾਂ ਸੰਤਾਂ ਨੇ ਕੋਈ ਢੋਸ ਜਵਾਬ ਨਹੀਂ ਦਿੱਤਾ। ਕੰਵਲ ਜੀ ਅਨੁਸਾਰ ਸੰਤਾਂ ਦੀ ਇਸ ਜ਼ਜ਼ਬਾਤੀ ਸੋਚ ਦਾ ਪੱਲਾ ਫੜਕੇ ਅਣਗਿਣਤ ਸਿੱਖ ਨੌਜਵਾਨ ਸ਼ਹੀਦ ਹੋ ਗਏ ਅਤੇ ਇਸ ਸੰਘਰਸ ਦਾ ਨਾ ਤਾਂ ਕੋਈ ਸਿੱਟਾ ਨਿਕਲਿਆ ਤੇ ਨਾ ਹੀ ਕੋਈ ਮੁਕਾਮ ਹਾਸਿਲ ਹੋਇਆ। ਸੰਤਾਂ ਦੀ ਜ਼ਜਬਾਤੀ ਸੋਚ ਨੂੰ ਅੱਜ ਵੀ ਪੰਜਾਬ ਦੀ ਜਵਾਨੀ ਮੰਨਦੀ ਹੈ ਤੇ ਉਸਤੋਂ ਕੁਰਬਾਨ ਹੋਣਾ ਲੋਚਦੀ ਹੈ ਪਰ ਇਸ ਜ਼ਜ਼ਬਾਤ ਅੰਦਰ ਕੋਈ ਰਾਜ਼ਨੀਤਿਕ ਸੂਝ ਨਹੀਂ ਹੈ। ਉਨਾਂ ਅਨੁਸਾਰ ਰਾਜੀਵ-ਲੋਂਗੋਵਾਲ ਸਮਝੌਤੇ ਸਮੇਂ ਵੀ ਸਿੱਖ ਇੱਕ ਰਾਇ ਨਹੀਂ ਹੋ ਸਕੇ ਤੇ ਇਹ ਸਮਝੌਤਾ ਬੇ-ਸਿੱਟਾ ਨਿਕਲਿਆ। ਉਹਨਾਂ ਕਿਹਾ ਕਿ ਅੱਜ ਦੇ ੬੫ ਫੀਸਦੀ ਨੌਜਵਾਨ ਪੰਜਾਬ ਅੰਦਰ ਨਸ਼ਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਪੰਜਾਬ ਵਿਨਾਸ਼ ਵੱਲ ਜਾ ਰਿਹਾ ਹੈ। ‘ਅਸੀਂ ਡੁੱਬ ਸਕਦੇ ਹਾਂ ਮਰ ਸਕਦੇ ਹਾਂ, ਪਰ ਇੱਕਠੇ ਨਹੀਂ ਹੋ ਸਕਦੇ ਅਤੇ ਕਦੀ ਉੱਭਰ ਵੀ ਨਹੀਂ ਸਕਦੇ।’ ਸਮਾਜ ਅੰਦਰ ਫੈਲੇ ਸੰਤ ਸਮਾਜ ਦੇ ਪ੍ਰਭਾਵ ਨੂੰ ਉਹ ਦਿਸ਼ਾਹੀਣ ਆਖਦੇ ਹਨ ਤੇ ਉਨਾਂ ਅਨੁਸਾਰ ਸੰਤ ਜਮਾਤ ਮੁਫਤ ਖੋਰਿਆਂ ਦੀ ਜਮਾਤ ਹੈ। ਇਨਾਂ ਨੇ ਗੁਰਬਾਣੀ ਦਾ ਆਸਰਾ ਲਿਆ ਹੈ ਤੇ ਕੋਈ ਵੀ ਸਿੱਖ ਗੁਰਬਾਣੀ ਦਾ ਵਿਰੋਧ ਨਹੀਂ ਕਰ ਸਕਦਾ। ਲੋਕ ਆਸਰਾ ਤੱਕਦੇ ਇਹਨਾਂ ਦੀ ਸ਼ਰਨ ਵਿੱਚ ਜਾਂਦੇ ਹਨ ਤੇ ਮਾਇਆ ਭੇਟ ਕਰਦੇ ਹਨ। ਪਰ ਮਾਇਆ ਦੇਣ ਵਾਲੇ ਲੋਕ ਵੀ ਇਹ ਨਹੀਂ ਜਾਣਦੇ ਕਿ ਇਹ ਮਾਇਆ ਸੰਤਾਂ ਨੇ ਖਰਚਣੀ ਕਿਥੇ ਹੈ। ਨਿਰਾ ਧਾਰਮਿਕ ਹੋਣਾ ਇਹ ਹੈ ਕਿ ਤੁਹਾਡੇ ਦਿਮਾਗ ਦਾ ਇਕੋ ਪਾਸਾ ਕੰਮ ਕਰਦਾ ਹੈ। ਜ਼ਜ਼ਬਾਤ ਨੂੰ ਸੇਧ ਦੇਣ ਲਈ ਇਸਦੀ ਬਾਗਡੋਰ ਸੂਝ ਦੇ ਹੱਥ ਹੋਣੀ ਚਾਹੀਦੀ ਹੈ। ਸੂਝ ਨੂੰ ਸਿੱਖ ਕੱਟ ਰਹੇ ਹਨ। ਇਨਕਾਲਬ ਲਿਆਉਣ ਵਾਲੇ ਖਿੱਲਰੇ ਨਹੀਂ ਹੋਣੇ ਚਾਹੀਦੇ। ਉਨਾਂ ਵਿੱਚ ਏਕਾ ਹੋਣਾ ਲਾਜ਼ਮੀ ਹੈ, ਲਿਖਣਾ ਤੇ ਲੜਨਾ ਵੱਖਰੇ-ਵੱਖਰੇ ਰਾਹ ਹਨ। ਸਾਹਿਤ ਬਹੁਤ ਥੋੜੇ ਲੋਕਾਂ ਵਿੱਚ ਜਾਂਦਾ ਹੈ। ਆਮ ਲੋਕਾਂ ਦੇ ਜੀਵਨ ਵਿੱਚ ਇਸਦੀ ਕੋਈ ਸਾਂਝ ਨਹੀਂ ਹੈ। ਪੰਜਾਬ ਦੀ ਜੋ ਅੱਜ ਇੰਨੀ ਮਾੜੀ ਹਾਲਤ ਹੈ, ਉਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਸੀ। ਨੇੜ ਦੇ ਭਵਿੱਖ ਵਿੱਚ ਵੀ ਕੋਈ ਆਸ ਦੀ ਕਿਰਨ ਨਜ਼ਰ ਨਹੀਂ ਆਉਂਦੀ। ਇਨਕਲਾਬੀ ਸੋਚ ਵਾਲੇ ਬੰਦੇ ਡਰਦੇ ਹਨ। ਸੰਤ ਡੰਮ ਕਿਸੇ ਨੂੰ ਉਭਰਨ ਹੀ ਨਹੀਂ ਦਿੰਦਾ। ਘੱਟ ਗਿਣਤੀ ਕੌਮਾਂ ਸਿੱਖ, ਬੋਧੀ, ਜੈਨੀ ਸਾਰੇ ਹੀ ਔਖੇ, ਹਨ।
ਪੰਜਾਬ ਦੀ ਮੌਜੂਦਾ ਸਰਕਾਰ ਬਾਰੇ ਟਿੱਪਣੀ ਕਰਦੇ ਹੋਏ ਉਹ ਆਖਦੇ ਹਨ ਕਿ ਇਸਦਾ ਭਵਿੱਖ ਸਿਰਫ ਬਾਦਲ ਸਾਹਿਬ ਦੇ ਜੀਵਨ-ਕਾਲ ਤੱਕ ਹੀ ਹੈ। ਭਾਜਪਾ ਕਾਂਗਰਸ ਤੋਂ ਵੀ ਮਾੜੀ ਹੈ। ਕਾਂਗਰਸ ਪਾਰਟੀ ਦਿੱਲੀ ਦੀ ਝੋਲੀ ਚੁੱਕ ਹੈ। ਮਨਪ੍ਰੀਤ ਸਿੰਘ ਬਾਦਲ ਅਸੂਲਾ ਨਾਲ ਖੜ੍ਹਾ ਹੈ ਪਰ ਜਨ-ਸਧਾਰਨ ਕੋਲ ਇੰਨੀ ਸੂਝ ਨਹੀਂ ਕਿ ਅਸੂਲਾ ਨਾਲ ਖੜੇ ਹੋ ਸਕਣ। ਇਸ ਲਈ ਅਸੂਲ ਵਾਲਾ ਬੰਦਾ ਹਾਰ ਰਿਹਾ ਹੈ। ਆਮ-ਆਦਮੀ ਪਾਰਟੀ ਦੇ ਵੀ ਪੈਰ ਨਹੀਂ ਲਗਣੇ ਕਿਉਂਕਿ ਇਹ ਵੀ ਇੱਕ ਜ਼ਜ਼ਬਾਤ ਨਾਲ ਹੀ ਉਭਰੀ ਹੋਈ ਪਾਰਟੀ ਹੈ। ਇਹਨਾਂ ਵਿੱਚ ਕੋਈ ਤਕੜੀ ਸੋਚ ਵਾਲਾ ਬੰਦਾ ਨਹੀਂ ਹੈ। ਸਿੱਖ ਮਿਹਨਤੀ ਕੌਮ ਹੈ। ਪਰ ਲੀਡਰਸ਼ਿਪ ਬੇਹੱਦ ਮਾੜੀ ਹੈ। ਪੰਜਾਬ ਵਿੱਚ ਨਸ਼ਾ ਇਸ ਲਈ ਵਧਿਆ ਹੈ ਕਿਉਂਕਿ ਸਰਕਾਰ ਨਸ਼ਾ ਤਸਰਕਰਾਂ ਦੇ ਨਾਲ ਖੜੀ ਹੈ। ਪੰਜਾਬੀਆਂ ਨਾਲ ਖੜੇ ਹੋਣ ਵਾਲਾ ਕੋਈ ਆਗੂ ਨਹੀਂ। ੧੯੮੪ ਦੇ ਜ਼ਜ਼ਬਾਤ ਅਜੇ ਤੱਕ ਸਿੱਖ ਕੌਮ ਤੇ ਹਾਵੀ ਹਨ। ‘ਬੋਲੇ ਸੋ ਨਿਹਾਲ’ ਨੂੰ ਹੀ ਗਲਤ ਵਰਤਿਆ ਜਾ ਰਿਹਾ ਹੈ। ਕਿਧਰੇ ਵੀ ਚੰਗੀ ਸਿੱਖਿਆ ਪ੍ਰਣਾਲੀ ਨਹੀ ਹੈ। ਸਿੱਖਿਆ ਵੀ ਅਜਿਹੀ ਹੀ ਦਿੱਤੀ ਜਾ ਰਹੀ ਜਿਸ ਨਾਲ ਸਿਆਸਤਦਾਨ ਆਪਣੀ ਸੌੜੀਆਂ ਨੀਤੀਆਂ ਨੂੰ ਵਰਤੋਂ ਵਿੱਚ ਲਿਆ ਸਕਣ। ਸਾਧ ਸੰਤ ਹਾਉਮੈਂ ਦੇ ਮਾਰੇ ਪਏ ਹਨ ਤੇ ਉਹਨਾਂ ਕੋਲ ਨਿਰੀ ਧਾਰਮਿਕ ਸਿੱਖਿਆ ਹੈ। ਸਾਡੇ ਲੀਡਰਾਂ ਨੇ ਹੀ ਜਨ-ਸਧਾਰਨ ਨੂੰ ਵੇਚ ਦਿੱਤਾ ਹੈ। ਅਸੀਂ ਆਪੋ ਵਿੱਚ ਹੀ ਲੜੀ-ਵੰਡੀ ਜਾ ਰਹੇ ਹਾਂ। ਵਰਕਰ ਵੰਡਿਆ ਗਿਆ ਹੈ। ਜਿੱਥੇ ਸੂਝ ਤੜਪਦੀ ਹੈ ਉੱਥੇ ਥੋੜੀ-ਬਹੁਤ ਹਿਲਜੁਲ ਹੁੰਦੀ ਹੈ ਪਰ ਹਾਲਾਤ ਵਫਾ ਨਹੀਂ ਕਰਦੇ। ਅਸੀਂ ਸੂਝ ਨੂ ਘੋੜੀ ਬਣਾ ਲੈਂਦੇ ਹਾਂ। ਹੇਠਾਂ ਲੈ ਲੈਂਦੇ ਹਾਂ। ਉਸਨੂੰ ਵਰਤੋਂ ਵਿੱਚ ਨਹੀਂ ਲਿਆਉਂਦੇ ਮੁਸਲਮਾਨ ਕਦੀ ਵੀ ਪਾਕਿਸਤਾਨ ਨਹੀਂ ਲੈਣਾ ਚਾਹੁੰਦੇ ਸੀ ਪਰ ਹਿੰਦੂ ਪ੍ਰੈਸ ਲਹੌਰ ਨੇ ਉਹਨਾਂ ਨੂੰ ਮਜਬੂਰ ਕਰ ਦਿੱਤਾ। ਅੱਜ ਵੀ ਨੌਜਵਾਨਾਂ ਨੂੰ ਜੇ ਚੰਗੀ ਸਿੱਖਿਆ ਦਿੱਤੀ ਜਾਵੇ ਸੇਧ ਦਿੱਤੀ ਜਾਵੇ ਤਾਂ ਬਦਲਾਉਂ ਆਉਣ ਦੇ ਆਸਾਰ ਬਣ ਸਕਦੇ ਹਨ। ਉਹ ਗੁਰੂ ਗੋਬਿੰਦ ਸਿੰਘ ਜੀ ਦੀ ਉਦਾਹਰਨ ਦਿੰਦੇ ਆਖਦੇ ਹਨ ਕਿ ਉਹਨਾਂ ਨੇ ਹਮੇਸ਼ਾ ਕਾਮਿਆਂ, ਕਿਸਾਨਾਂ ਦਾ ਸਾਥ ਦਿੱਤਾ ਤੇ ਰਾਜਿਆ ਮਾਹਾਰਾਜਿਆਂ ਨਾਲ ਲੜਦੇ ਰਹੇ ਤੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਉਹ ਸੋਚਦੇ ਹਨ ਕਿ ਪੰਜਾਬ ਅੰਦਰ ਅਜਿਹੇ ਵੀਹ-ਪੱਚੀ ਬੰਦੇ ਖੜੇ ਹੋਣ ਜੋ ਸਧਾਰਨ ਲੋਕਾਂ ਨੂੰ ਜਾਗਰੂਕ ਕਰਨ ਕਿ ਅਸੀਂ ਆਪਣੇ ਕੁਰਬਾਨੀਆਂ ਭਰੇ ਇਤਹਾਸ ਨੂੰ ਕਿਵੇਂ ਕਾਇਮ ਰੱਖਣਾ ਹੈ। ਮਾਰਕਸਵਾਦ ਵਾਲੀ ਸੋਚ ਨੂੰ ਅੱਗੇ ਲਿਆਉਣਾ ਚਾਹੀਦਾ ਹੈ। ਅੱਜ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਸਾਇੰਸ ਹੀ ਦੁਨੀਆਂ ਨੂੰ ਚਲਾ ਰਹੀ ਹੈ ਕੋਈ ਦੁਨਿਆਵੀ ਸ਼ਕਤੀ ਨਹੀਂ। ਗੁਰੂ ਨਾਨਕ ਦੇਵ ਜੀ ਦੀ ਬਾਣੀ ਵੀ ਪੂਰੀ ਤਰਾਂ ਸਾਇੰਸ ਦੇ ਅਨੁਸਾਰ ਢੁਕਵੀਂ ਹੈ। ਅੱਜ ਦੇ ਲੋਕਾਂ ਵਿੱਚ ਭਾਈਚਾਰਾ ਨਹੀਂ ਰਿਹਾ ਅਤੇ ਸਰਮਾਏਦਾਰੀ ਨੇ ਸਭ ਨੂੰ ਵੰਡ ਕੇ ਰੱਖ ਦਿੱਤਾ ਹੈ। ਅਸੀਂ ਚੰਗੀ ਸੂਝ ਨੂੰ ਵਰਤੋਂ ਵਿੱਚ ਲਿਆਕੇ ਸਵੇਰ ਤੋਂ ਸ਼ਾਮ ਤੱਕ ਨਤੀਜੇ ਤੇ ਨਹੀਂ ਪਹੁੰਚ ਸਕਦੇ ਸਗੋਂ ਇੱਕ ਪੀੜੀ ਸੋਚ ਨੂੰ ਲਾਗੂ ਕਰੇ ਤਾਂ ਦੂਜੀ ਪੀੜੀ ਦੇ ਪਹੁੰਚਣ ਤੱਕ ਚੰਗੇ ਨਤੀਜਿਆਂ ਦੀ ਆਸ ਕੀਤੀ ਜਾ ਸਕਦੀ। ਸਿੱਖ ਰਾਜ ਨਾਲੋਂ ਪੰਜਾਬ ਦੇ ਰਾਜ ਦੀ ਗੱਲ ਕੀਤੀ ਜਾਵੇ ਪਰ ਅੱਜ ਦਾ ਪੰਜਾਬ ਦਾ ਨੌਜਵਾਨ ਵਰਗ ਸੈਂਟਰ ਨਾਲ ਖੜ੍ਹਾ ਹੈ। ਅੱਜ ਦਾ ਬਾਣੀਆ ਵਰਗ ਠੀਕ ਹੈ ਤੇ ਸਿੱਖਾਂ ਦੀ ਸੋਚ ਠੀਕ ਨਹੀਂ ਰਹੀ। ਸਿੱਖਾਂ ਦੀਆਂ ਕੁਰਬਾਨੀਆਂ ਨੂੰ, ਇਤਹਾਸ ਨੂੰ ਬਚਾਉਣ ਲਈ ਤੇ ਖੜਾ ਰੱਖਣ ਲਈ ਸੋਚ, ਸਿਧਾਂਤ ਤੇ ਵਿਦਾਂਤ ਨੂੰ ਅੱਗੇ ਲਿਆਂਦਾ ਜਾਵੇ। ਸਿੱਖਿਆਂ ਪ੍ਰਣਾਲੀ ਵਿੱਚ ਤਬਦੀਲੀ ਵਾਲੇ ਪੱਖ ਉਜਾਗਰ ਹੀ ਨਹੀਂ ਕੀਤੇ ਜਾਂਦੇ। ਇਨਾਂ ਪੱਖਾ ਨੂੰ ਉਜਾਗਰ ਕਰਨ ਲਈ ਮੁੱਢ ਤੋਂ ਤੁਰਨਾ ਪਵੇਗਾ। ਇਸ ਲਈ ਆਗੂਆਂ ਕੋਲ ਸਮਾਜ ਦੀ ਸੂਝ, ਸਾਇੰਸ ਦੀ ਸੂਝ ਤੇ ਲੋਕਾਂ ਦਾ ਵਿਸ਼ਵਾਸ ਹੋਣਾ ਜਰੂਰੀ ਹੈ। ਅੱਜ ਦੇ ਆਗੂ ਵੀ ਅੰਧ ਵਿਸਵਾਸ਼ੀ ਹਨ ਉਹ ਤਬਦੀਲੀ ਲਿਆਉਣਾ ਹੀ ਨਹੀਂ ਚਾਹੁੰਦੇ। ਉਹ ਚਾਹੁੰਦੇ ਹਨ ਕਿ ਚੰਗੀ ਸੋਚ ਵਾਲੇ ਆਦਮੀ ਅੱਗੇ ਆਉਣ, ਮੁੱਢ ਬੰਨਣ, ਚਾਰ ਬੰਦਿਆਂ ਨੂੰ ਜੋੜਨ ਮਾਰਕਸਵਾਦ ਦੇ ਸਿਧਾਂਤ ਨੂੰ ਹਮੇਸਾ ਦਿਮਾਗ ਵਿੱਚ ਰੱਖਿਆ ਜਾਵੇ। ਨਿੱਜੀ ਮੁਫਾਦਾਂ ਤੇ ਰੰਜਸ਼ਾ ਤੋਂ ਉੱਪਰ ਉਠ ਕੇ ਸੋਚਿਆ ਜਾਵੇ। ਸਿੱਖਾਂ ਨੂੰ ਅਜੇ ਤੱਕ ਕੋਈ ਚੰਗਾਂ ਅਗਵਾਕਾਰ ਨਹੀਂ ਮਿਲਿਆ। ਅਸੀਂ ਅਜੇ ਤੱਕ ਜੁੜਨਾ ਨਹੀਂ ਸਿੱਖੇ ਤੇ ਮਾਰ ਖਾਈ ਜਾ ਰਹੇ ਹਾਂ। ਬਾਦਲ ਭਾਜਪਾ ਸਰਕਾਰ ਨੇ ਪੰਜਾਬ ਨੂੰ ਖਾ ਜਾਣਾ ਹੈ।
ਪੰਜਾਬ ਦਾ ਇਹ ਮਹਾਨ ਬੁਧੀਜੀਵੀ ਆਪਣੀ ੯੫ ਵਰ੍ਹੇ ਉਮਰ ਭੋਗਣ ਤੇ ਇਹ ਮਹਿਸੂਸ ਕਰ ਰਿਹਾ ਹੈ ਕਿ ਹੁਣ ਸਰੀਰਿਕ ਤੌਰ ਤੇ ਉਸ ਕੋਲ ਲੋਕਾਂ ਵਿੱਚ ਵਿਚਰਨ ਦੀ ਸਮੁਰੱਥਾ ਨਹੀਂ ਰਹੀਂ ਹੈ। ਪਰ ਉਸਨੂੰ ਮਿਲਕੇ ਉਸਦੀ ਸੋਚ ਅੱਜ ਵੀ ਸਮੇਂ ਦੇ ਹਾਣ ਦੀ ਤੇ ਜਵਾਨ ਹੈ। ਉਹ ਚਾਹੁੰਦੇ ਹਨ ਕਿ ਪੰਜਾਬ ਅੰਦਰ ਕੋਈ ਬੇਹੱਦ ਯੋਗ ਅਗਵਾਕਾਰ ਉੱਠੇ ਜੋ ਗਰਕਦੇ ਜਾ ਰਹੇ ਪੰਜਾਬ ਨੂੰ ਨਵੀਂ ਦਿਸ਼ਾ ਦੇ ਕੇ ਇਸ ਨੂੰ ਇੱਕ ਸੱਜਰੀ ਸਵੇਰ ਵੱਲ ਲੈ ਜਾਵੇ। ਇਸ ਨੂੰ ਮਿਲਕੇ ਸੱਚਮੁੱਚ ਹੀ ਜਾਪਦਾ ਹੈ ਕਿ ਉਹ ਕਿੰਨੇ ਨਿਮਰ ਤੇ ਲੋਕ ਹਿੱਤਾਂ ਦੇ ਮੁਦੱਈ ਹਨ।