ਸਿੱਖਾਂ ਦੀ ਸਭ ਤੋਂ ਸਿਰਮੌਰ ਸਿਆਸੀ ਸੰਸਥਾ ਅਕਾਲੀ ਦਲ ਇਸ ਵੇਲੇ ਗੰਭੀਰ ਸੰਕਟ ਦਾ ਸ਼ਿਕਾਰ ਹੈ। ਬਾਦਲ ਪਰਵਾਰ ਵੱਲੋਂ ਸ਼ਹੀਦਾਂ ਦੀ ਇਸ ਸੰਸਥਾ ਨੂੰ ਆਪਣੇ ਨਿੱਜੀ ਕਬਜੇ ਹੇਠ ਲੈ ਲੈਣ ਤੋਂ ਬਾਅਦ ਇਸਨੇ ਜੋ ਸਿਆਸੀ ਅਤੇ ਧਾਰਮਕ ਰਾਹ ਅਖਤਿਆਰ ਕਰਿਆ ਉਹ ਕਿਸੇ ਵੀ ਤਰ੍ਹਾਂ ਨਾਲ ਸਿੱਖੀ ਸਿਧਾਂਤਾਂ ਦਾ ਰਾਹ ਨਹੀ ਸੀ। ਹਮੇਸ਼ਾ ਸਿੱਖ ਸਿਧਾਂਤਾਂ ਤੇ ਪਹਿਰਾ ਦੇਣ ਵਾਲੀ ਸੰਸਥਾ ਕੁਝ ਕੁ ਲਾਲਚੀ ਲੀਡਰਾਂ ਨੇ ਕਿਵੇਂ ਆਪਣੀ ਹਵਸ ਦੀ ਗੁਲਾਮ ਬਣਾ ਲਈ ਇਸਦਾ ਸਭ ਕੁਝ ਹੁੰਦਾ ਉਸਰਦਾ ਅਸੀਂ ਸਾਰਿਆਂ ਨੇ ਆਪਣੀਆਂ ਸੱਖਾਂ ਸਾਹਮਣੇ ਦੇਖਿਆ। ਕਿਵੇਂ ਚੁਣ ਚੁਣ ਕੇ ਦਸਤਾਰਧਾਰੀ ਅਤੇ ਅੰਮ੍ਰਿਤਧਾਰੀ ਅਕਾਲੀਆਂ ਨੂੰ ਸੰਸਥਾ ਵਿੱਚੋਂ ਬੇਇਜ਼ਤ ਕਰਕੇ ਕੱਢਿਆ ਗਿਆ ਅਤੇ ਕਿਵੇਂ ਇਸ ਸੰਸਥਾ ਨੇ ਪੈਰ ਪੈਰ ਤੇ ਸਿੱਖੀ ਸਿਧਾਂਤਾਂ ਦਾ ਘਾਣ ਕੀਤਾ। ਉਸਨੇ ਸਾਰੇ ਦਰਦਮੰਦ ਸਿੱਖਾਂ ਦੇ ਹਿਰਦੇ ਵਲੂੰਧਰ ਦਿੱਤੇ ਸਨ। ਅਕਾਲੀ ਦਲ ਨਾਲ ਮਾਨਸਕ ਅਤੇ ਸਿਧਾਂਤਕ ਤੌਰ ਤੇ ਜੁੜੇ ਹੋਏ ਸਿੱਖ ਇਸ ਸੰਸਥਾ ਦੇ ਸਿੱਖ ਵਿਰੋਧੀ ਮੋੜੇ ਤੋਂ ਕਾਫੀ ਦੁਖੀ ਸਨ। ਪਰ ਅਕਾਲੀ ਦਲ ਤੇ ਕਬਜਾ ਜਮਾਈ ਬੈਠੇ ਲੋਕ ਉਸ ਵੇਲੇ ਸੱਤਾ ਦੇ ਲੁਤਫ ਵਿੱਚ ਕਿਸੇ ਹੋਰ ਹੀ ਦੁਨੀਆਂ ਵਿੱਚ ਮਸਤ ਸਨ। ਉਨ੍ਹਾਂ ਨੂੰ ਇਹ ਚੇਤਾ ਹੀ ਭੁੱਲ ਗਿਆ ਸੀ ਕਿ ਅਸੀਂ ਇਸ ਸੰਸਥਾ ਦੀ ਅਗਵਾਈ ਕਰ ਰਹੇ ਹਾਂ ਉਹ ਸੱਤਾ ਹਥਿਆ ਕੇ ਕਾਂਗਰਸੀ ਮਾਡਲ ਦੀ ਰਾਜਨੀਤੀ ਕਰਨ ਵਾਲੀ ਸੰਸਥਾ ਨਹੀ ਹੈ। ਇਸਦੇ ਅਹੁਦੇਦਾਰਾਂ ਤੇ ਧਾਰਮਕ ਅਤੇ ਰਾਜਨੀਤਕ ਜਿੰਮੇਵਾਰੀਆਂ ਆਇਦ ਹੁੰਦੀਆਂ ਹਨ।
ਇੱਕ ਇੱਕ ਕਰਕੇ ਪਾਰਟੀ ਵਿੱਚੋਂ ਬਾਹਰ ਧੱਕੇ ਗਏ ਦਰਦਮੰਦ ਸਿੱਖਾਂ ਨੇ ਦਬਵੀਂ ਅਵਾਜ਼ ਵਿੱਚ ਬਹੁਤ ਵਾਰ ਚਿਤਾਰਿਆ ਸੀ ਕਿ ਜੋ ਰਾਹ ਤੁਸੀਂ ਫੜ ਲਿਆ ਹੈ ਇਹ ਆਤਮਘਾਤ ਵੱਲ ਨੂੰ ਜਾਂਦਾ ਹੈ। ਪਰ ਉਸ ਵੇਲੇ ਸੱਤਾ ਦਾ ਜਾਦੂ ਇਸ ਕਦਰ ਸਿਰ ਚੜ੍ਹਕੇ ਬੋਲ ਰਿਹਾ ਸੀ ਕਿ ਕਿਸੇ ਨੇ ਵੀ ਸੱਚ ਦੀ ਅਵਾਜ਼ ਸੁਣਨ ਦਾ ਜਿਗਰਾ ਨਾ ਕੀਤਾ।
ਅੱਜ ਜਿਸ ਕਿਸਮ ਦਾ ਅਕਾਲੀ ਦਲ ਸਾਡੇ ਸਾਹਮਣੇ ਹੈ ਉਹ ਉਨ੍ਹਾਂ ਗਲਤੀਆਂ ਦੀ ਹੀ ਚਰਮਸੀਮਾਂ ਹੈ ਜਿਹੜੀਆਂ 1996 ਵਿੱਚ ਕਰਨੀਆਂ ਸ਼ੁਰੂ ਕੀਤੀਆਂ ਗਈਆਂ ਸਨ। ਜਿਸ ਅਕਾਲੀ ਦਲ ਤੋਂ ਇੰਦਰਾ ਗਾਂਧੀ ਵੀ ਡਰਦੀ ਸੀ ਅੱਜ ਉਸ ਅਕਾਲੀ ਦਲ ਦਾ ਇਹ ਹਾਲ ਹੋ ਗਿਆ ਹੈ ਕਿ ਦਿੱਲੀ ਦੀ ਮਿਉਂਸਪਲ ਕਮੇਟੀ ਦਾ ਮੇਅਰ ਵੀ ਇਨ੍ਹਾਂ ਤੋਂ ਮੈਮੋਰੰਡਮ ਲੈਣਾਂ ਗਵਾਰਾ ਨਹੀ ਸਮਝਦਾ। ਜਿਹੜਾ ਅਕਾਲੀ ਦਲ ਭਾਰਤ ਦੀ ਰਾਜਨੀਤੀ ਦੀ ਦਿਸ਼ਾ ਤਹਿ ਕਰਦਾ ਸੀ ਅੱਜ ਉਹ ਇੱਕ ਮੰਤਰੀ ਦੀ ਕੁਰਸੀ ਲੈਣ ਲਈ ਲੇਲ੍ਹੜੀਆਂ ਕੱਢਦਾ ਫਿਰਦਾ ਹੈ। ਇਤਿਹਾਸ ਦੀ ਸਭ ਤੋਂ ਬੁਰੀ ਅਤੇ ਗੈਰਤਹੀਣ ਹਾਰ ਅਕਾਲੀ ਦਲ ਨੇ ਫਰਵਰੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਦੇਖੀ ਹੈ।ਸੰਗਰੂਰ ਦੀ ਲੋਕ ਸਭਾ ਚੋਣ ਵੇਲੇ ਤਾਂ ਇਹ ਪੰਜਵੇਂ ਥਾਂ ਤੇ ਡਿਗ ਗਿਆ।
ਅਕਾਲੀ ਦਲ ਦੀ ਤਰਸਯੋਗ ਹਾਲਤ ਦਾ ਮਤਾਲਿਆ ਕਰਨ ਲਈ ਕੁਝ ਸਮਾਂ ਪਹਿਲਾਂ ਇੱਕ ਕਮੇਟੀ ਬਣਾਈ ਗਈ ਸੀ। ਇਸ ਕਮੇਟੀ ਨੇ ਲਗਭਗ ਸੌ ਹਲਕਿਆਂ ਦੇ ਅਕਾਲੀ ਸਮਰਥਕਾਂ ਦੇ ਵਿਚਾਰ ਲੈਕੇ ਰਿਪੋਰਟ ਤਿਆਰ ਕੀਤੀ। ਉਸ ਰਿਪੋਰਟ ਵਿੱਚ ਕੇਂਦਰੀ ਨੁਕਤਾ ਇਹ ਸਾਹਮਣੇ ਆਇਆ ਕਿ ਜੇ ਅਕਾਲੀ ਦਲ ਨੂੰ ਬਚਾਉਣਾਂ ਹੈ ਤਾਂ ਇਸ ਨੂੰ ਬਾਦਲ ਪਰਵਾਰ ਦੀ ਚੁੰਗਲ ਵਿੱਚੋਂ ਬਾਹਰ ਕੱਢਿਆ ਜਾਵੇ। ਉਸ ਕਮੇਟੀ ਦੀ ਰਿਪੋਰਟ ਜਨਤਕ ਹੁੰਦਿਆਂ ਹੀ ਬਾਦਲ ਪਰਵਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਨ੍ਹਾਂ ਨੂੰ ਉਮੀਦ ਨਹੀ ਸੀ ਕਿ ਪਾਰਟੀ ਵਿੱਚ ਕੋਈ ਸਾਡੇ ਖਿਲਾਫ ਬੋਲਣ ਦੀ ਹਿੰਮਤ ਵੀ ਕਰ ਸਕਦਾ ਹੈ। ਕਿਉਂਕਿ ਉਨ੍ਹਾਂ ਨੇ ਪਾਰਟੀ ਨੂੰ ਆਪਣੀ ਨਿੱਜੀ ਕੰਪਨੀ ਵਿੱਚ ਹੀ ਬਦਲ ਲਿਆ ਸੀ। ਝੂੰਦਾ ਕਮੇਟੀ ਦੀ ਰਿਪੋਰਟ ਨੂੰ ਬਾਦਲ ਪਰਵਾਰ ਨੇ ਕਿਵੇ ਨਾ ਕਿਵੇਂ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਵੱਧ ਦਬਾਅ ਪੈਣ ਕਾਰਨ ਅਕਾਲੀ ਦਲ ਦਾ ਸਾਰਾ ਢਾਂਚਾ ਤਾਂ ਭੰਗ ਕਰ ਦਿੱਤ ਗਿਆ ਪਰ ਪਾਰਟੀ ਪਰਧਾਨ ਨੇ ਅਸਤੀਫਾ ਨਾ ਦਿੱਤਾ। ਅਕਾਲੀ ਵਰਕਰਾਂ ਨੇ ਪਾਰਟੀ ਪਰਧਾਨ ਨੂੰ ਲਾਂਭੇ ਕਰਨ ਦੀ ਗੱਲ ਆਖੀ ਸੀ। ਪਰਧਾਨ ਦੀ ਜਿੱਦ ਦੇ ਬਾਅਦ ਹੁਣ ਜਦੋਂ ਮਨਪਰੀਤ ਸਿੰਘ ਇਆਲੀ ਅਤੇ ਜਗਮੀਤ ਸਿੰਘ ਬਰਾੜ ਨੇ ਅਕਾਲੀ ਦਲ ਨੂੰ ਬਾਦਲ ਪਰਵਾਰ ਦੀ ਚੁੰਗਲ ਵਿੱਚੋਂ ਮੁਕਤ ਕਰਵਾਉਣ ਦੇ ਯਤਨ ਅਰੰਭੇ ਹਨ ਤਾਂ ਸੁਖਬੀਰ ਸਿੰਘ ਬਾਦਲ ਨੇ ਬਾਗੀਆਂ ਨੂੰ ਸਬਕ ਸਿਖਾਉਣ ਲਈ ਅਨੁਸ਼ਾਸ਼ਨੀ ਕਮੇਟੀ ਬਣਾ ਕੇ ਆਪਣੀ ਚੌਧਰ ਪੱਕੀ ਕਰਨ ਦੇ ਯਤਨ ਅਰੰਭ ਦਿੱਤੇ ਹਨ। ਅਕਾਲੀ ਸੰਵਿਧਾਨ ਅਨੁਸਾਰ ਜਦੋਂ ਢਾਂਚਾ ਭੰਗ ਹੈ ਤਾਂ ਅਨੁਸ਼ਾਸ਼ਨੀ ਕਮੇਟੀ ਵੀ ਨਹੀ ਬਣ ਸਕਦੀ। ਅੰਮ੍ਰਿਤਸਰ ਵਿਖੇ ਹੋਈ ਪਾਰਟੀ ਦੇ ਬਾਗੀਆਂ ਦੀ ਮੀਟਿੰਗ ਨੇ ਬਾਦਲ ਪਰਵਾਰ ਲਈ ਤਿੱਖੇ ਸੰਦੇਸ਼ ਦੇ ਦਿੱਤੇ ਹਨ, ਪਰ ਸੁਖਬੀਰ ਸਿੰਘ ਬਾਦਲ ਹਾਖੇ ਵੀ ਪਰਧਾਨਗੀ ਤੋਂ ਪਾਸੇ ਹਟਣ ਦਾ ਨਾਅ ਨਹੀ ਲੈ ਰਹੇ। ਜੇ ਸੁਖਬੀਰ ਸਿੰਘ ਨੇ ਹਾਲੇ ਵੀ ਕੰਧ ਤੇ ਲਿਖਿਆ ਨਾ ਪੜ੍ਹਿਆ ਅਤੇ ਸਿੱਖ ਸੰਗਤਾਂ ਦੇ ਮਨ ਦੀ ਅਵਾਜ਼ ਨਾ ਸੁਣੀ ਤਾਂ ਉ੍ਹਹ ਅਕਾਲੀ ਦਲ ਦਾ ਹੋਰ ਨੁਕਸਾਨ ਕਰ ਰਹੇ ਹੋਣਗੇ। ਇਸ ਵੇਲੇ ਸਮੇਂ ਦੀ ਮੰਗ ਹੈ ਕਿ ਅਕਾਲੀ ਦਲ ਦਾ ਪਰਧਾਨ ਕੋਈ ਨੌਜਵਾਨ ਚਿਹਰਾ ਲਾਇਆ ਜਾਵੇ ਜੋ ਬਾਦਲ ਪਰਵਾਰ ਵੱਲੋਂ ਕੀਤੀ ਬਰਬਾਦੀ ਨੂੰ ਮੁੜ ਹਰਿਆਵਲ ਵਿੱਚ ਬਦਲ ਸਕੇ।