ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਵਾਲੇ ਕੇਸਾਂ ਤੇ ਪੰਜਾਬ ਵਿੱਚ ਇੱਕ ਵਾਰ ਫਿਰ ਰਾਜਨੀਤੀ ਸ਼ੁਰੂ ਹੋ ਗਈ ਹੈ। ਗੁਰੂ ਸਾਹਿਬ ਦੇ ਸੱਚੇ ਮੁਰੀਦ ਅਖਵਾਉਣ ਵਾਲਿਆਂ ਨੇ ਇਸ ਗੰਭੀਰ ਮਾਮਲੇ ਨੂੰ ਆਪਣੀ ਰਾਜਸੀ ਪਕੜ ਮਜਬੂਤ ਬਣਾਉਣ ਲਈ ਵਰਤਣਾਂ ਸ਼ੁਰੂ ਕਰ ਦਿੱਤਾ ਹੈ।
ਗੱਲ ਸ਼ੁਰੂ ਹੋਈ ਸੀ ਪੰਜਾਬ ਅਤੇ ਹਰਿਆਣਾਂ ਹਾਈ ਕੋਰਟ ਵੱਲੋਂ ਕੋਟਕਪੂਰਾ ਵਾਲੇ ਗੋਲੀਕਾਂਡ ਦੀ ਜਾਂਚ ਰਿਪੋਰਟ ਰੱਦ ਕਰਨ ਦੇ ਮਾਮਲੇ ਨੂੰ ਲੈਕੇ। ਜਿਉਂ ਹੀ ਹਾਈਕੋਰਟ ਦਾ ਇੱਕਪਾਸੜ ਫੈਸਲਾ ਸਾਹਮਣੇ ਆਉਂਦਾ ਹੈ ਤਾਂ ਪੰਜਾਬ ਦੀ ਸੱਤਾਧਾਰੀ ਧਿਰ ਵਿੱਚ ਇੱਕ ਭੁਚਾਲ ਆ ਜਾਂਦਾ ਹੈ। ਖਾਸ ਕਰਕੇ ਜਿਹੜੇ ਸੱਜਣ ਉਸ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਗੰਭੀਰ ਸਨ ਉਨ੍ਹਾਂ ਨੇ ਰਾਜਸੀ ਬਗਾਵਤ ਦੇ ਸੁਰ ਤਿੱਖੇ ਕਰ ਲਏ। ਪੰਜਾਬ ਕੈਬਨਿਟ ਦੀ ਹੋਈ ਬੈਠਕ ਵਿੱਚ ਦੋ ਅਸਤੀਫੇ ਸਾਹਮਣੇ ਆਉਣ ਦੀ ਗੱਲ ਬਾਹਰ ਨਿਕਲੀ। ਪੰਜਾਬ ਦੇ ਐਡਵੋਕੇਟ ਜਨਰਲ ਤੇ ਤਿੱਖੀਆਂ ਟਿੱਪਣੀਆਂ ਹੋਈਆਂ। ਦੋਸ਼ ਲਾਏ ਗਏ ਕਿ ਐਡਵੋਕੇਟ ਜਨਰਲ ਬਾਦਲਾਂ ਦੀ ਖੇਡ ਖੇਡ ਰਹੇ ਹਨ। ਮੁੱਖ ਮੰਤਰੀ ਨੇ ਸਥਿਤੀ ਨੂੰ ਸ਼ਾਂਤ ਕਰਨ ਦੇ ਯਤਨ ਵੀ ਕੀਤੇ ਅਤੇ ਧਮਕੀ ਵੀ ਦਿੱਤੀ ਕਿ ਜਿਹੜਾ ਪਾਰਟੀ ਚੋਂ ਬਾਹਰ ਜਾਣਾਂ ਚਾਹੰਦਾ ਹੈ ਉਹ ਜਾ ਸਕਦਾ ਹੈ।
ਇਸਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਦਾ ਭਰਵਾਂ ਹਮਲਾ ਕੈਪਟਨ ਸਰਕਾਰ ਤੇ ਹੋ ਜਾਂਦਾ ਹੈ। ਉਹ ਲਗਾਤਾਰ ਹਾਈਕੋਰਟ ਦੇ ਫੈਸਲੇ ਸਬੰਧੀ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨੇ ਸਾਧ ਰਹੇ ਹਨ। ਇਸਦੇ ਨਾਲ ਹੀ ਪਰਗਟ ਸਿੰਘ ਦੀ ਗੰਭੀਰ ਮੁਲਾਕਾਤ ਵੀ ਸਾਹਮਣੇ ਆ ਜਾਂਦੀ ਹੈ। ਪਰਗਟ ਸਿੰਘ ਵੈਸੇ ਮੀਡੀਆ ਨਾਲ ਬਹੁਤ ਘੱਟ ਵਾਰਤਾ ਕਰਦੇ ਹਨ ਪਰ ਉਸ ਮੁਲਾਕਾਤ ਵਿੱਚ ਉਨ੍ਹਾਂ ਬਹੁਤ ਸਪਸ਼ਟ ਸਟੈਂਡ ਲਿਆ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਕਿਸੇ ਤਰ੍ਹਾਂ ਬਚਾਉਣ ਦੀਆਂ ਕਾਰਵਾਈਆਂ ਹੋ ਰਹੀਆਂ ਹਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਤੇ ਸਿੱਧੇ ਦੋਸ਼ ਵੀ ਲਾਏ ਕਿ ਉਹ ਬਾਦਲਾਂ ਨਾਲ ਮਿਲਕੇ ਖੇਡ ਰਹੇ ਹਨ।
ਪਰਗਟ ਸਿੰਘ ਵਾਲੀ ਮੁਲਾਕਾਤ ਨੇ ਪੰਜਾਬ ਕਾਂਗਰਸ ਵਿੱਚ ਤਿੱਖੀ ਸਰਗਰਮੀ ਛੇੜ ਦਿੱਤੀ। ਹੁਣ ਤੱਕ ਚੁੱਪ ਬੈਠੇ ਲੋਕ ਵੀ ਹੌਲੀ ਹੌਲੀ ਬਾਦਲਾਂ ਦੇ ਨਾਲ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਘੇਰਨ ਲੱਗੇ।
ਇਸੇ ਦੌਰਾਨ ਸੀਨੀਅਰ ਵਕੀਲ ਅਮਰ ਸਿੰਘ ਚਾਹਲ ਦਾ ਹਾਈਕੋਰਟ ਦੇ ਫੈਸਲੇ ਬਾਰੇ ਵੱਡਾ ਬਿਆਨ ਆ ਗਿਆ। ਜਸਟਿਸ ਰਣਜੀਤ ਸਿੰਘ ਨੇ ਵੀ ਕਾਫੀ ਤਿੱਖੀਆਂ ਟਿੱਪਣੀਆਂ ਕੀਤੀਆਂ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਵੀ ਬਾਦਲਾਂ ਦੇ ਨਾਲ ਨਾਲ ਕੈਪਟਨ ਨੂੰ ਘੇਰਿਆ।
ਇੱਥੋਂ ਤੱਕ ਸਾਰੀ ਸਰਗਰਮੀ 2015 ਦੀ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ, ਉਸਤੋਂ ਬਾਅਦ ਹੋਏ ਦੋ ਗੋਲੀਕਾਂਡਾਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵੱਲ ਸੇਧਤ ਸੀ। ਪਰ ਇਸਤੋਂ ਬਾਅਦ ਇਸ ਸਾਰੀ ਸਰਗਰਮੀ ਦੀ ਸੇਧ ਹੀ ਬਦਲ ਗਈ। ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਵਾਲੇ ਕੇਸ ਦਾ ਆਸਰਾ ਲੈਕੇ ਲੋਕ ਆਪਣੀ ਰਾਜਸੀ ਪਕੜ ਮਜਬੂਤ ਕਰਨ ਵੱਲ ਤੁਰ ਪਏ। ਇਸ ਸਾਰਾ ਮਾਮਲਾ ਸੱਤਾ ਦੀ ਭੁੱਖ ਦੁਆਲੇ ਕੇਂਦਰਤ ਹੋ ਗਿਆ।
ਇਸ ਸਬੰਧੀ ਪਹਿਲੀ ਮੀਟਿੰਗ ਪੰਚਕੂਲੇ ਵਿੱਚ ਹੋਈ ਦੱਸੀ ਜਾਂਦੀ ਹੈ ਜਿਸ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਨਾਲ ਹੋਰ ਲੀਡਰ ਵੀ ਸ਼ਾਮਲ ਹੋਏ। ਇਸ ਮੀਟਿੰਗ ਨੇ ਕੈਪਟਨ ਅਮਰਿੰਦਰ ਸਿੰਘ ਲਈ ਖਤਰੇ ਦੀ ਘੰਟੀ ਖੜਕਾ ਦਿੱਤੀ। ਕੈਪਟਨ ਨੇ ਵੀ ਆਪਣੇ ਲਫਟੈਨਾਂ ਨੂੰ ਮੋੜਵਾਂ ਹਮਲਾ ਕਰਨ ਦੇ ਆਦੇਸ਼ ਦੇ ਦਿੱਤੇ। ਸਿੱਧੂ ਦੇ ਖਿਲਾਫ ਹੌਲੀ ਹੌਲੀ ਬਿਆਨ ਆਉਣੇ ਸ਼ੁਰੂ ਹੋਏ। ਸੱਤਾ ਦੀ ਭੁੱਲ ਉਬਾਲੇ ਮਾਰਨ ਲੱਗੀ। ਰਵਨੀਤ ਸਿੰਘ ਬਿੱਟੂ ਵਿੱਚ ਵੀ ਮੁੱਖ ਮੰਤਰੀ ਬਣਨ ਦੀ ਭੁੱਖ ਉਸਲਵੱਟੇ ਲੈਣ ਲੱਗੀ। ਉਸਨੇ ਗੁਰੂ ਸਾਹਿਬ ਦੀ ਬੇਅਦਬੀ ਦੇ ਓਹਲੇ ਹੇਠ ਆਪਣਾਂ ਧੜਾ ਮਜਬੂਤ ਕਰਕੇ ਪੰਜਾਬ ਦਾ ਅਗਲਾ ਮੁੱਖ ਮੰਤਰੀ ਹੋਣ ਦਾ ਲੁਕਵਾਂ ਇਸ਼ਾਰਾ ਦੇ ਦਿੱਤਾ। ਜਿਉਂ ਹੀ ਗੱਲ ਗੁਰੂ ਸਾਹਿਬ ਦੀ ਬੇਅਦਬੀ ਦੇ ਇਨਸਾਫ ਵਾਲੇ ਕੇਂਦਰ ਤੋਂ ਥਿੜਕੀ ਫਿਰ ਤਾਂ ਹਫੜਾ-ਦਫੜੀ ਹੀ ਪੈ ਗਈ। ਇਸ ਹਫੜਾ ਦਫੜੀ ਵਿੱਚ ਸਾਰੇ ਆਪਣਾਂ ਦਾਅ ਲਾਉਣ ਲੱਗੇ।
ਚਰਨਜੀਤ ਸਿੰਘ ਚੰਨੀ ਅਤੇ ਰਾਜ ਕੁਮਾਰ ਵੇਰਕਾ ਨੇ ਆਪਣਾਂ ਨਿੱਜੀ ਮੋਰਚਾ ਖੋਲ੍ਹ ਲਿਆ। ਉਹ ਪੰਜਾਬ ਦੇ ਅਗਲੇ ਮੁੱਖ ਮੰਤਰੀ ਬਣਨ ਲਈ ਲਾਲਾਂ ਸੁੱਟਣ ਲੱਗ ਪਏ।
ਇਸਤੋਂ ਬਾਅਦ ਇੱਕ ਹੋਰ ਵੱਡੀ ਮੀਟਿੰਗ ਗੁਰਦਾਸਪੁਰ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਹੋਈ ਜਿਸ ਵਿੱਚ ਸਾਰੇ ਕੈਪਟਨ ਵਿਰੋਧੀ ਸ਼ਾਮਲ ਹੋਏ ਪਰ ਨਵਜੋਤ ਸਿੰਘ ਸਿੱਧੂ ਨਹੀ। ਇਸ ਨਵੇਂ ਉਭਰ ਰਹੇ ਗਰੁੱਪ ਨੇ ਨਵਜੋਤ ਸਿੰਘ ਸਿੱਧੂ ਨੂੰ ਪਾਸੇ ਕਰਕੇ ਪੰਜਾਬ ਦੀ ਸੂਬੇਦਾਰੀ ਆਪ ਹਥਿਆਉਣ ਦੀਆਂ ਘਾੜਤਾਂ ਘੜਨੀਆਂ ਸ਼ੁਰੂ ਕਰ ਦਿੱਤੀਆਂ।
ਆਖਰ ਗੁਰੂ ਸਾਹਿਬ ਦੀ ਬੇਅਦਬੀ ਦੇ ਇਨਸਾਫ ਤੋਂ ਸ਼ੁਰੂ ਹੋਈ ਗੱਲ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਲਾਹ ਕੇ ਪੰਜਾਬ ਦਾ ਅਗਲਾ ਮੁੱਖ ਮੰਤਰੀ ਕੌਣ? ਵਾਲੇ ਮੁੱਦੇ ਉੱਤੇ ਆ ਕੇ ਟਿਕ ਗਈ ਹੈ। ਗੁਰੂ ਸਾਹਿਬ ਦੀ ਬੇਅਦਬੀ ਸਭ ਭੁੱਲ ਭੁਲਾ ਗਏ ਹਨ ਹੁਣ ਤਾਂ ਪੰਜਾਬ ਵਿੱਚ ਹੋ ਰਹੀ ਲੁੱਟ ਵਿੱਚੋਂ ਆਪਣਾਂ ਹਿੱਸਾ ਵੰਡਾਉਣ ਦੀ ਹਫੜਾ ਦਫੜੀ ਮਚ ਗਈ ਹੈ। ਜਿਨ੍ਹਾਂ ਨੇ ਲੋਕਾਂ ਦਾ ਕਤਲੇਆਮ ਕੀਤਾ ਅਤੇ ਕਰਵਾਇਆ ਉਹ ਲੱਡੂ ਵੀ ਵੰਡ ਰਹੇ ਹਨ ਅਤੇ ਲੁੱਡੀਆਂ ਵੀ ਪਾ ਰਹੇ ਹਨ।
ਵਾਹਿਗੁਰੂ ਮਿਹਰ ਕਰਨ।