ਬਹੁਤ ਲੰਬੇ ਸਮੇਂ ਤੋਂ ਬਾਅਦ ਸਿੱਖ ਨੌਜਵਾਨਾਂ ਵਿੱਚ ਇੱਕ ਬਹੁਤ ਹੀ ਅਨੋਖੇ ਵਿਸ਼ੇ ਦੀ ਉਸਾਰੂ ਬਹਿਸ ਵੇਖਣ ਨੂੰ ਮਿਲੀ ਹੈ। ਇੱਕ ਵੈਬਸਾਈਟ ਲੰਗਰਹਾਲ ਡਾਟ ਕਾਮ (thelangarhall.com) ਉਤੇ ਸਿੱਖ ਨੌਜਵਾਨਾਂ ਨੇ ਆਪਣੇ ਭਵਿੱਖ ਦੇ ਸਿਆਸੀ ਅਤੇ ਡਿਪਲੋਮੈਟਿਕ ਰਿਸ਼ਤੇ ਬਾਰੇ ਗੱਲ ਅਰੰਭ ਕੀਤੀ ਹੈ। ‘ਬਰੁਕਲਿਨਵਾਲਾ’ ਦੇ ਨਾਅ ਤੇ ਉਸ ਵੈਬਸਾਈਟ ਉਤੇ ਯਹੂਦੀਆਂ ਨਾਲ ਸਿੱਖਾਂ ਦੇ ਰਿਸ਼ਤੇ ਜਾਂ ਭਵਿੱਖੀ ਗੱਠਜੋੜ ਬਾਰੇ ਲੇਖ ਛਪਿਆ ਹੈ। ਵੈਸੇ ਸਿੱਖ ਨੌਜਵਾਨਾਂ ਦੀਆਂ ਵੈਬਸਾਈਟਾਂ ਤੇ ਆਮ ਤੌਰ ਤੇ ਬਹੁਤ ਛੋਟੇ ਜਿਹੇ ਮਸਲਿਆਂ ਤੇ ਹੀ ਡੀਬੇਟ ਹੁੰਦੀ ਰਹਿੰਦੀ ਹੈ, ਜਿਵੇਂ ਨਿੱਤਨੇਮ ਦੀਆਂ ਬਾਣੀਆਂ ਕਿੰਨੀਆਂ ਪੜ੍ਹਨੀਆਂ ਚਾਹੀਦੀਆਂ ਹਨ, ਮੀਟ ਖਾਣਾਂ ਚਾਹੀਦਾ ਹੈ ਜਾਂ ਨਹੀ, ਦਸਮ ਗਰੰਥ ਗੁਰੂ ਹੈ ਜਾਂ ਨਹੀ। ਇਨ੍ਹਾਂ ਵਿਸ਼ਿਆਂ ਤੇ ਕੋਈ ਨਾ ਕੋਈ ਆਰਟੀਕਲ ਛਪ ਜਾਂਦਾ ਹੈ ਫਿਰ ਫੇਸਬੁੱਕ ਅਤੇ ਟਵਿਟਰ ਫਰੈਂਡਲੀ-ਲੋਕ ਇਨ੍ਹਾਂ ਬਹੁਤ ਹੀ ਨੀਵੇਂ ਕਿਸਮ ਦੇ ਲੇਖਾਂ ਬਾਰੇ ਨਫਰਤ ਨਾਲ ਭਰਪੂਰ ਕੁਮੈਂਟ ਕਰਕੇ ਆਪਣੀ ਸਾਰੀ ਜਿੰਦਗੀ ਅਤੇ ਸ਼ਕਤੀ ਗਵਾ ਲ਼ੈਂਦੇ ਹਨ। ਲੰਗਰਹਾਲ ਵੈਬਸਾਈਟ ਤੇ ਛਪੇ ਇਸ ਤਾਜ਼ਾ ਲੇਖ ਨੇ ਸਿੱਖਾਂ ਦੇ ਭਵਿੱਖ ਨਾਲ ਸਬੰਧਿਤ ਰਾਜਸੀ ਅਤੇ ਡਿਪਲੋਮੈਟਿਕ ਰਿਸ਼ਤਿਆਂ ਬਾਰੇ ਗੱਲ ਅਰੰਭ ਕਰ ਦਿੱਤੀ ਹੈ।
ਜਿਸ ਲੇਖ ਦੀ ਗੱਲ ਕੀਤੀ ਜਾ ਰਹੀ ਹੈ ਉਸ ਵਿੱਚ ਲੇਖਕ ਨੇ ਕਨੇਡਾ ਦੀ ਸਿੱਖ ਸੰਸਥਾ, ਵਰਲਡ ਸਿੱਖ ਆਰਗੇਨਾਈਜ਼ਨ ਵੱਲੋਂ ਯਹੂਦੀਆਂ ਨਾਲ ਸਿੱਖਾਂ ਦੇ ਗੱਠਜੋੜ ਦੀ ਵਿਰੋਧਤਾ ਕੀਤੀ ਹੈ ਅਤੇ ਉਸ ਸੰਸਥਾ ਦੇ ਕੰਮਾਂ ਬਾਰੇ ਸੁਆਲ ਖੜ੍ਹੇ ਕੀਤੇ ਹਨ। ਲੇਖਕ ਨੇ ਇਜ਼ਰਾਈਲ ਵੱਲੋਂ ਲਗਾਤਾਰ ਫਲਸਤੀਨੀਆਂ ਦੇ ਕੀਤੇ ਜਾ ਰਹੇ ਕਤਲੇਆਮ ਦਾ ਮੱਦਾ ਉਠਾਕੇ ਸਿੱਖਾਂ ਸਾਹਮਣੇ ਇਹ ਸੁਆਲ ਖੜ੍ਹਾ ਕੀਤਾ ਹੈ ਕਿ ਕੀ ਉਹ ਇਜ਼ਰਾਈਲ ਨਾਲ ਦੋਸਤੀ ਪਾ ਕੇ ਸਿੱਖ ਅਜ਼ਾਦੀ ਦਾ ਸੁਪਨਾ ਪੂਰਾ ਕਰ ਸਕਦੇ ਹਨ? ਲੇਖਕ ਨੇ ਇਜ਼ਰਾਈਲੀ ਨੈਸ਼ਨਲਇਜ਼ਮ ਨੂੰ ਸਿੱਖ ਨੈਸ਼ਨਲਇਜ਼ਮ ਨਾਲ ਜੋੜ ਕੇ ਦੇਖਣ ਵਾਲੀ ਦ੍ਰਿਸ਼ਟੀ ਬਾਰੇ ਵੀ ਸੁਆਲ ਖੜ੍ਹੇ ਕੀਤੇ ਹਨ।
ਸੁਆਲ ਅਤੇ ਮਸਲਾ ਬਹੁਤ ਗੰਭੀਰ ਕਿਸਮ ਦਾ ਹੈ। ਇਤਿਹਾਸ ਦੇ ਜਿਸ ਮੋੜ ਤੇ ਸਿੱਖ ਖੜ੍ਹੇ ਹਨ ਉਸ ਮੋੜ ਤੇ ਸਿੱਖਾਂ ਨੂੰ ਪੈਰ-ਪੈਰ ਤੇ ਦੋਸਤਾਂ ਦੀ ਲੋੜ ਹੈ। ਸਿੱਖਾਂ ਦੇ ਸਾਹਮਣੇ ਜੋ ਚੁਣੌਤੀ ਹੈ ਉਸ ਬਾਰੇ ਅਸੀਂ ਸਭ ਜਾਣਦੇ ਹਾਂ ਕਿ ਉਹ ਕੌਮਾਂਤਰੀ ਰਿਸ਼ਤਿਆਂ (International Relations) ਤੋਂ ਬਿਨਾ ਸਰ ਨਹੀ ਹੋ ਸਕੇਗੀ। ਕੋਈ ਵੀ ਕੌਮਾਂਤਰੀ ਅਦਾਲਤ ਜਾਂ ਯੂ.ਐਨ.ਓ. ਉਨੀ ਦੇਰ ਸਿੱਖਾਂ ਦੀ ਗੱਲ ਸੁਣਨ ਲਈ ਰਾਜ਼ੀ ਨਹੀ ਹੋਵੇਗੀ ਜਦੋਂ ਤੱਕ ਅਮਰੀਕਾ ਅਤੇ ਇਜ਼ਰਾਈਲ ਵਰਗੇ ਸ਼ਕਤੀਸ਼ਾਲੀ ਦੇਸ਼ ਸਿੱਖਾਂ ਦੀ ਹਿਮਾਇਤ ਵਿੱਚ ਨਹੀ ਆਉਂਦੇ। ਕੌਮਾਂਤਰੀ ਰਾਜਨੀਤੀ ਦੀ ਸਮਝ ਰੱਖਣ ਵਾਲੇ ਸੱਜਣ ਇਹ ਜਾਣਦੇ ਹਨ ਕਿ ਯੂ.ਐਨ.ਓ. ਸਿਰਫ ਨਾਅ ਦੀ ਹੀ ਸੰਸਥਾ ਹੈ ਇਹ ਉਹ ਕੁਝ ਹੀ ਕਰਦੀ ਹੈ ਜੋ ਅਮਰੀਕਾ ਤੇ ਇਜ਼ਰਾਈਲ ਨੂੰ ਚੰਗਾ ਲਗਦਾ ਹੈ। ਇਨ੍ਹਾਂ ਦੋਵਾਂ ਦੇਸ਼ਾਂ ਦੀ ਇਜ਼ਾਜਤ ਤੋਂ ਬਿਨਾ ਕਿਤੇ ਵੀ ਪੱਤਾ ਨਹੀ ਹਿਲਦਾ। ਇਸ ਲਈ ਸਿੱਖਾਂ ਦੇ ਇਨ੍ਹਾਂ ਮੁਲਕਾਂ ਦੀਆਂ ਵੱਡੀਆਂ ਸੰਸਥਾਵਾਂ ਨਾਲ ਗੂੜ੍ਹੇ ਰਿਸ਼ਤੇ ਹੀ ਕੌਮ ਦੀ ਅਜ਼ਾਦੀ ਦਾ ਰਾਹ ਖੋਲ਼੍ਹ ਸਕਦੇ ਹਨ। ਇਹ ਰਾਹ ਇਜ਼ਰਾਈਲ ਅਤੇ ਅਮਰੀਕਾ ਦੀਆਂ ਲਾਬਿੰਗ ਅਤੇ ਰਾਜਸੀ ਜਥੇਬੰਦੀਆਂ ਰਾਹੀਂ ਹੀ ਖੁਲ਼੍ਹਣੇ ਹਨ। ਰਾਜਨੀਤੀ ਸ਼ਾਸ਼ਤਰ ਵਿੱਚ ਇਸ ਨੂੰ ਕੂਟਨੀਤੀ (Diplomacy) ਕਹਿੰਦੇ ਹਨ। ਡਿਪਲੋਮੈਟਿਕ ਰਿਸ਼ਤਿਆਂ ਵਿੱਚ ਇਤਿਹਾਸ ਦੀਆਂ ਗੰਭੀਰ ਗੱਲਾਂ ਨਹੀ ਬਲਕਿ ਕੌਮਾਂ ਦੀਆਂ ਫੌਰੀ ਲੋੜਾਂ ਅਤੇ ਜਰੂਰਤਾਂ ਵਿਚਾਰੀਆਂ ਜਾਂਦੀਆਂ ਹਨ। ਡਿਪਲੋਮੇਸੀ ਹੁੰਦੀ ਹੀ ਹਰ ਰੋਜ਼ ਦੀ ਰਾਜਸੀ ਸਰਗਰਮੀ ਹੈ। ਇਤਿਹਾਸ ਦੀਆਂ ਨਫਰਤਾਂ ਜਾਂ ਦੋਸਤੀਆਂ ਇਸ ਵਿੱਚ ਅੜਿੱਕਾ ਨਹੀ ਬਣਨੀਆਂ ਚਾਹੀਦੀਆਂ।
ਜਿਹੜੇ ਵੀਰ ਅੱਜ ਇਜ਼ਰਾਈਲ ਵੱਲੋਂ ਪਲਸਤੀਨੀਆਂ ਦੇ ਕਤਲੇਆਮ ਦਾ ਰੌਲਾ ਪਾਕੇ ਸਿੱਖਾਂ ਨੂੰ ਇਜ਼ਰਾਈਲ ਨਾਲ ਸਬੰਧ ਨਾ ਜੋੜਨ ਦੀ ਗੱਲ ਆਖ ਰਹੇ ਹਨ ਉਨ੍ਹਾਂ ਨੂੰ ਇਹ ਵੀ ਯਾਦ ਰੱਖਣਾਂ ਚਾਹੀਦਾ ਹੈ ਕਿ ਇਹ ਯਾਸਰ ਅਰਾਫਾਤ ਹੀ ਸੀ ਜਿਸਨੇ ਇੰਦਰਾ ਗਾਂਧੀ ਨੂੰ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਸਭ ਤੋਂ ਪਹਿਲਾਂ ਵਧਾਈ ਦਿੱਤੀ ਸੀ ਅਤੇ ਯਾਸਰ ਅਰਾਫਾਤ ਇੰਦਰਾ ਗਾਂਧੀ ਦੇ ਅੰਤਿਮ ਸਸਕਾਰ ਤੇ ਸਭ ਤੋਂ ਪਹਿਲਾਂ ਪਹੁੰਚਣ ਵਾਲਾ ਸੱਜਣ ਸੀ। ਉਸਨੇ ਬਹੁਤ ਸ਼ਰਧਾ ਨਾਲ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ ਸੀ। ਕੌਮਾਂਤਰੀ ਡਿਪਲੋਮੇਸੀ ਵਿੱਚ ਰਿਸ਼ਤੇ ਜਿਨ੍ਹਾਂ ਗੱਲਾਂ ਬਾਰੇ ਤੈਅ ਹੁੰਦੇ ਹਨ, ਅਲੈਗਜ਼ੈਂਡਰ ਵੈਂਟ ਨੇ ਉਨ੍ਹਾਂ ਦਾ ਜਿਕਰ ਆਪਣੇ ਬਹੁਤ ਹੀ ਮਕਬੂਲ ਦਸਤਾਵੇਜ਼, ‘Social Construction of Power’ ਵਿੱਚ ਕੀਤਾ ਹੈ। ਇੱਕ ਹੋਰ ਅਮਰੀਕੀ ਵਿਦਵਾਨ, ਸਟਰੋਬ ਟਾਲਬਟ ਨੇ ਆਪਣੀ ਕਿਤਾਬ, ‘Action Theory’ ਵਿੱਚ ਵੀ ਕੌਮਾਂਤਰੀ ਡਿਪਲੋਮੇਸੀ ਤੇ ਵਿਚਾਰਧਾਰਕ ਦਵੰਦ ਬਾਰੇ ਚਾਣਨਾਂ ਪਾਇਆ ਹੈ।
ਜੇ ਇਨ੍ਹਾਂ ਕਿਤਾਬਾਂ ਦੇ ਚੱਕਰ ਵਿੱਚ ਨਹੀ ਵੀ ਪੈਣਾਂ ਤਾਂ ਹਾਲ ਵਿੱਚ ਹੀ ਵਾਪਰੀਆਂ ਘਟਨਾਵਾਂ ਬਾਰੇ ਚਰਚਾ ਕਰਕੇ ਗੱਲ ਸਮਝੀ ਜਾ ਸਕਦੀ ਹੈ।
ਅਮਰੀਕਾ ਅਤੇ ਇਜ਼ਰਾਈਲ ਦੇ ਰਿਸ਼ਤੇ ਕੌਮਾਂਤਰੀ ਰਾਜਨੀਤੀ ਵਿੱਚ ਭਰਾਵਾਂ ਨਾਲ਼ੋਂ ਵੀ ਗੂੜ੍ਹੇ ਹਨ। ਦੋਵੇ ਇੱਕ ਦੂਜੇ ਤੋਂ ਬਿਨਾ ਸਾਹ ਨਹੀ ਲ਼ੈਂਦੇ। ਪਰ ੧੯੮੬ ਵਿੱਚ ਇਜ਼ਰਾਈਲ ਨੇ ਇੱਕ ਅਮਰੀਕੀ ਫੌਜੀ ਅਫਸਰ ਮਿਸਟਰ ਪੋਲਾਰਡ ਨੂੰ ਆਪਣੇ ਦੇਸ਼ ਲਈ ਜਾਸੂਸੀ ਕਰਨ ਖਾਤਰ ਮਨਾ ਲਿਆ। ਉਸ ਅਫਸਰ ਨੇ ਅਮਰੀਕੀ ਸਰਕਾਰ ਦਾ ਏਨਾ ਨੁਕਸਾਨ ਕੀਤਾ ਜਿੰਨਾ ਐਡਵੈਰਡ ਸਨੋਡਨ ਨੇ ਵੀ ਨਹੀ ਕੀਤਾ। ਐਫ.ਬੀ.ਆਈ. ਨੇ ੧੯੮੬ ਵਿੱਚ ਉਸਨੂੰ ਫੜ ਲਿਆ। ਅਮਰੀਕੀ ਸਰਕਾਰ ਨੇ ਉਸਨੂੰ ਦੇਸ਼ ਦਾ ਗਦਾਰ ਐਲਾਨ ਕੇ ੨੮ ਸਾਲ ਦੀ ਸਜ਼ਾ ਸੁਣਾਈ ਪਰ ਇਜ਼ਰਾਈਲ ਵਿੱਚ ਉਸਨੂੰ ਦੇਸ਼ ਭਗਤੀ ਦਾ ਮਸੀਹਾ ਸਮਝਿਆ ਜਾਂਦਾ ਹੈ ਅਤੇ ਉਸਦੀ ਪੂਜਾ ਕੀਤੀ ਜਾਂਦੀ ਹੈ। ਇਜ਼ਰਾਈਲ ਹਾਲੇ ਵੀ ਅਮਰੀਕਾ ਤੇ ਉਸ ਨੂੰ ਰਿਹਾ ਕਰਨ ਲਈ ਦਬਾਅ ਪਾ ਰਿਹਾ ਹੈ। ਉਸਨੂੰ ਇਜ਼ਰਾਈਲ ਦੀ ਨਾਗਰਿਕਤਾ ਵੀ ਦਿੱਤੀ ਗਈ ਹੈ।
ਇਰਾਕ ਅਤੇ ਸੀਰੀਆ ਵਿੱਚ ਜਿਹੜੇ ਅੱਤਵਾਦੀ ਸਰਕਾਰਾਂ ਦੇ ਖਿਲਾਫ ਲੜ ਰਹੇ ਹਨ ਉਨ੍ਹਾਂ ਨੂੰ ਪੈਸਾ ਅਤੇ ਹਥਿਆਰ ਸਾਊਦੀ ਅਰਬ ਦੇ ਰਿਹਾ ਹੈ। ਸਾਊਦੀ ਅਰਬ ਅਮਰੀਕਾ ਦਾ ਖਾਸ ਦੋਸਤ ਹੈ, ਪਰ ਹਥਿਆਰ ਅਲ-ਕਾਇਦਾ ਨੂੰ ਦੇ ਰਿਹਾ ਹੈ। ਅਲਕਾਇਦਾ ਦੀ ਸਾਰੀ ਲੀਡਰਸ਼ਿੱਪ ਸਾਊਦੀ ਅਰਬ ਨਾਲ ਸਬੰਧ ਰੱਖਦੀ ਹੈ। ਇਸਦੇ ਬਾਵਜੂਦ ਅਮਰੀਕਾ ਅਤੇ ਸਾਊਦੀ ਅਰਬ ਦੇ ਡਿਪਲੋਮੈਟਿਕ ਰਿਸ਼ਤਿਆਂ ਵਿੱਚ ਕਦੇ ਵੀ ਤਰੇੜ ਪੈਦਾ ਨਹੀ ਹੋਈ। ਪਿਛਲੇ ਦਿਨੀ ਜਰਮਨੀ ਨੇ ਅਮਰੀਕਾ ਦੇ ਇੱਕ ਸੀਨੀਅਰ ਡਿਪਲੋਮੈਟ ਨੂੰ ਜਾਸੂਸੀ ਦੇ ਦੋਸ਼ਾਂ ਕਾਰਨ ਦੇਸ਼ ਵਿੱਚੋਂ ਕੱਢ ਦਿੱਤਾ ਹੈ, ਇਸਦਾ ਇਹ ਮਤਲਬ ਨਹੀ ਕਿ ਜਰਮਨੀ ਅਤੇ ਅਮਰੀਕਾ ਦੇ ਸਬੰਧ ਖਤਮ ਹੋ ਗਏ ਹਨ।
ਭਾਰਤ ਕਿਸੇ ਸਮੇਂ ਗੁੱਟ- ਨਿਰਲੇਪ ਲਹਿਰ (non-aligned movement) ਦਾ ਮੁਖੀ ਸੀ। ਅੱਜ ਉਸਦੇ ਰਿਸ਼ਤੇ ਅਮਰੀਕਾ ਅਤੇ ਰੂਸ ਨਾਲ ਇੱਕੋ ਜਿਹੇ ਹਨ।
ਜੇ ਲੋਕਾਂ ਦੇ ਕਤਲੇਆਮ ਦੀ ਹੀ ਗੱਲ ਕਰਨੀ ਹੈ ਤਾਂ ਅਮਰੀਕਾ ਤੇ ਵੀ ਇਹ ਦੋਸ਼ ਸਹਿਜੇ ਹੀ ਲਾਇਆ ਜਾ ਸਕਦਾ ਹੈ। ਕਨੇਡਾ ਦੀ ਸਰਕਾਰ ਨੇ ੧੯੮੫ ਵਿੱਚ ਹੋਏ ਜਹਾਜ ਧਮਾਕੇ ਦੀ ਅਜ਼ਾਦ ਤੇ ਨਿਰਪੱਖ ਜਾਂਚ ਅੱਜ ਤੱਕ ਨਹੀ ਹੋਣ ਦਿੱਤੀ, ਕਿਉਂਕਿ ਉਸ ਵਿੱਚ ਭਾਰਤੀ ਸਰਕਾਰ ਦਾ ਹੱਥ ਸਿੱਧ ਹੁੰਦਾ ਹੈ। ਫਿਰ ਕੀ ਸਿੱਖ ਅਮਰੀਕਾ ਅਤੇ ਕਨੇਡਾ ਛੱਡ ਜਾਣ?
ਸਿੱਖ ਮਾਨਸਿਕਤਾ ਵਿੱਚ ਇਹ ਗੰਭੀਰ ਰੋਗ ਵਸਿਆ ਹੋਇਆ ਹੈ ਕਿ ਅਸੀਂ ਭਾਰਤ ਦੀਆਂ ਸਾਰੀਆਂ ਘੱਟ-ਗਿਣਤੀਆਂ ਦੀ ਅਜ਼ਾਦੀ ਦੇ ਮੁਦਈ ਹਾਂ। ਕੌਮਾਂਤਰੀ ਡਿਪਲੋਮੇਸੀ ਵਿੱਚ ਇਸ ਨਾਲ ਸਿੱਖਾਂ ਦਾ ਨੁਕਸਾਨ ਹੁੰਦਾ ਹੈ। ਤੁਸੀਂ ਆਪਣੀ ਅਜ਼ਾਦੀ ਦੀ ਗੱਲ ਕਰੋ, ਕਸ਼ਮੀਰੀਆਂ ਦੀ ਅਜ਼ਾਦੀ, ਨਾਗਿਆਂ ਦੀ ਅਜ਼ਾਦੀ, ਬੋਡੋਆਂ ਦੀ ਅਜ਼ਾਦੀ ਇਹ ਉਨ੍ਹਾਂ ਦੀ ਆਪਣੀ ਸਮੱਸਿਆ ਹੈ। ਜਦੋਂ ਸਿੱਖ ਕਸ਼ਮੀਰੀਆਂ ਦੀ ਅਜ਼ਾਦੀ ਦੀ ਗੱਲ ਆਪਣੀ ਅਜ਼ਾਦੀ ਨਾਲ ਜੋੜਕੇ ਕਰਦੇ ਹਨ ਉਸ ਵੇਲੇ ਹੀ ਅਮਰੀਕਾ ਅਤੇ ਹੋਰ ਮੁਲਕ ਸਿੱਖਾਂ ਵੱਲ ਵਧਣ ਵਾਲੇ ਆਪਣੇ ਹੱਥ ਪਿੱਛੇ ਖਿੱਚ ਲ਼ੈਂਦੇ ਹਨ। ਕਿਉਂਕਿ ਕਸ਼ਮੀਰੀਆਂ ਅਤੇ ਬੋਡੋਆਂ ਬਾਰੇ ਅਮਰੀਕਾ ਦੇ ਵਿਚਾਰ ਉਹ ਨਹੀ ਹਨ ਜੋ ਸਿੱਖਾਂ ਬਾਰੇ ਹਨ। ਸਿੱਖਾਂ ਨੂੰ ਇਹ ਬੀਮਾਰੀ ਵੀ ਬਾਹਰ ਕੱਢਣੀ ਪਵੇਗੀ।
ਮੇਰੇ ਦੋਸਤੋ! ਠੀਕ ਹੈ ਤੁਹਾਡੀ ਇਮਾਨਦਾਰੀ ਸ਼ੱਕੀ ਨਹੀ ਹੈ ਪਰ ਜਿਸ ਮੋੜ ਤੇ ਸਿੱਖ ਖੜ੍ਹੇ ਹਨ ਉਸ ਮੋੜ ਤੇ ਇਹ ਮਸਲੇ ਵਿਚਾਰਨ ਦਾ ਸਮਾਂ ਨਹੀ ਹੈ। ਸਾਨੂੰ ਆਪਣੀ ਅੱਖ ਆਪਣੇ ਨਿਸ਼ਾਨੇ ਤੇ ਰੱਖਣੀ ਚਾਹੀਦੀ ਹੈ। ਉਸ ਲਈ ਜਿੱਥੋਂ ਵੀ ਸਹਾਇਤਾ ਮਿਲੇ ਹਾਸਲ ਕਰਨੀ ਚਾਹੀਦੀ ਹੈ। ਕੌਮਾਂਤਰੀ ਰਾਜਨੀਤੀ ਦੇ ਇਹ ਸਿਧਾਂਤਿਕ ਸੁਆਲ ਬਾਅਦ ਵਿੱਚ ਵਿਚਾਰ ਲਏ ਜਾਣਗੇ।