ਵਿਚਾਰ ਪਰਗਟਾਵੇ ਦੀ ਅਜ਼ਾਦੀ ਦੇ ਨਾਅ ਹੇਠ ਭਾਰਤੀ ਸਮਾਜ ਦਾ ਦੋਗਲਾਪਣ ਅਤੇ ਵਹਿਸ਼ੀਪਣ ਸਾਹਮਣੇ ਆ ਰਿਹਾ ਹੈੈ। ਭਾਰਤੀ ਸਮਾਜ ਵਿੱਚ ਪਸਰ ਰਹੀ ਖੁੰਖਾਰੂ ਨਫਰਤ ਅੱਜਕੱਲ੍ਹ ਸਿਰ ਚੜ੍ਹਕੇ ਪਰਗਟ ਹੋ ਰਹੀ ਹੈੈ। ਮੰਜਰ ਜਾਂ ਮਸਲਾ ਭਾਵੇਂ ਕੋਈ ਵੀ ਹੋਵੇ ਪਰ ਭਾਰਤੀ ਉੱਚ ਵਰਗ ਦਾ ਹੰਕਾਰ ਲਗਾਤਾਰ ਸਾਹਮਣੇ ਪਰਗਟ ਹੋ ਰਿਹਾ ਹੈੈ।
ਇਸ ਵਾਰ ਗੱਲ ਤੁਰੀ ਫਰਾਂਸ ਵਿੱਚ ਕਤਲ ਹੋਏ ਇੱਕ ਅਧਿਆਪਕ ਤੋਂ। ਪਿਛਲੇ ਦਿਨੀ ਫਰਾਂਸ ਵਿੱਚ ਇੱਕ ਸਕੂਲ ਅਧਿਆਪਕ ਨੂੰ ਇਸ ਲਈ ਕਤਲ ਕਰ ਦਿੱਤਾ ਗਿਆ ਕਿਉਂਕਿ ਉਸਨੇ ਇਸਲਾਮ ਧਰਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਬਾਰੇ ਛਾਪੇ ਗਏ ਘਟੀਆ ਕਾਰਟੂਨਾਂ ਦੀ ਨੁਮਾਇਸ਼ ਆਪਣੀ ਜਮਾਤ ਦੇ ਵਿਦਿਆਰਥੀਆਂ ਸਾਹਮਣੇ ਲਗਾਈ। ਵਿਚਾਰ ਪਰਗਟਾਵੇ ਦੀ ਅਜ਼ਾਦੀ ਦੇ ਨਾਅ ਤੇ ਉਸ ਅਧਿਆਪਕ ਨੇ ਮੁੜ ਤੋਂ ਉਹ ਪੁਰਾਣੇ ਦੁਖਦਾਈ ਕਾਰਟੂਨ ਕੱਢ ਲਿਆਂਦੇ ਜਿਨ੍ਹਾਂ ਦੇ ਛਪਣ ਦੀ ਵਜ੍ਹਾ ਕਾਰਨ ਫਰਾਂਸ ਵਿੱਚ ਕਾਫੀ ਵੱਡਾ ਸੰਕਟ ਖੜ੍ਹਾ ਹੋ ਗਿਆ ਸੀ।
ਇੱਕ ਵਾਰ ਫਿਰ ਉਨ੍ਹਾਂ ਕਾਰਟੂਨਾਂ ਦੀ ਨੁਮਾਇਸ਼ ਲਗਾਕੇ ਫਰਾਂਸ ਦੇ ਇੱਕ ਅਧਿਆਪਕ ਨੇ ਆਪਣੀ ਘਟੀਆ ਬੁੱਧੀ ਦਾ ਮੁਜਾਹਰਾ ਕੀਤਾ। ਕਿਉਂਕਿ ਕੋਈ ਵੀ ਸੱਭਿਅਕ ਸਮਾਜ ਕਿਸੇ ਨੂੰ ਇਹ ਇਜਾਜਤ ਨਹੀ ਦੇਂਦਾ ਕਿ ਜਿਸ ਧਰਮ ਜਾਂ ਅਕੀਦੇ ਨੂੰ ਉਹ ਨਹੀ ਮੰਨਦੇ ਉਸਦਾ ਮਜ਼ਾਕ ਉਡਾਇਆ ਜਾਵੇ ਜਾਂ ਉਸਦੇ ਪੈਗੰਬਰਾਂ,ਗਰੰਥਾਂ ਜਾਂ ਰਵਾਇਤਾਂ ਦੀ ਬੇਪਤੀ ਕੀਤੀ ਜਾਵੇ। ਇੱਕ ਵੱਡੇ ਅਗਾਂਹਵਧੂ ਮੁਲਕ ਦੇ ਇੱਕ ਸਤਿਕਾਰਯੋਗ ਅਧਿਆਪਕ ਦੇ ਮਨ ਵਿੱਚ ਜੇ ਇਹ ਜਹਿਰੀਲੀ ਬਿਰਤੀ ਪੈਦਾ ਹੋ ਗਈ ਸੀ ਤਾਂ ਗੱਲ ਸਮਝ ਵਿੱਚ ਆਉਂਦੀ ਹੈ ਕਿ ਪੱਛਮੀ ਸਮਾਜ ਕਿੱਧਰ ਨੂੰ ਉੱਲਰ ਰਿਹਾ ਹੈੈ। ਸੱਭਿਅਤਾ ਦਾ ਇਹ ਪਹਿਲਾ ਗੁਣ ਹੈ ਕਿ ਹਰ ਦੂਸਰੇ ਦੇ ਅਕੀਦੇ ਦਾ ਸਤਿਕਾਰ ਕਰੋ, ਉਸਦੇ ਜੀਵਨ ਜਿਉੂਣ ਦੇ ਢੰਗ ਦਾ ਮਾਣ ਕਰੋ, ਉਸਦੀਆਂ ਰਵਾਇਤਾਂ ਨੂੰ ਪਰਵਾਨਗੀ ਦਿਉ। ਇਹ ਮੰਨਕੇ ਨਾ ਚੱਲੋਂ ਕਿ ਜਿਹੜਾ ਬੇਗਾਨਾ ਜਾਂ ਸਾਡੇ ਨਾਲੋਂ ਭਿੰਨ ਹੈ ਉਹ ਮਨੁੱਖਤਾ ਦਾ ਦੁਸ਼ਮਣ ਹੈੈੈ। ਹਰ ਕਿਸੇ ਦੇ ਨਿਆਰੇਪਣ ਜਾਂ ਵੱਖਰੇਪਣ ਦਾ ਸਤਿਕਾਰ ਹੀ ਸੱਭਿਅਤਾ ਦੀ ਨਿਸ਼ਾਨੀ ਹੈੈੈ।
ਪਰ ਦੁਖਦਾਈ ਗੱਲ ਹੈ ਕਿ ਦੁਨੀਆਂ ਦੀ ਸੱਭਿਅਤਾ ਦਾ ਧੁਰਾ ਫਰਾਂਸ ਆਪਣੀਆਂ ਜੜ੍ਹਾਂ ਤੋਂ ਟੁੱਟ ਕੇ ਇੱਕ ਅਜਿਹੇ ਵਹਿਣ ਵਿੱਚ ਵਹਿ ਰਿਹਾ ਹੈ ਜਿਸਨੂੰ ਡਿਪਲੋਮੇਸੀ ਦੀ ਭਾਸ਼ਾ ਵਿੱਚ,‘ਸ਼ੈਤਾਨ ਦੀ ਨੀਤੀ’ ਆਖਿਆ ਜਾਂਦਾ ਹੈੈ। ਜੇ ਫਰਾਂਸ ਦੇ ਸਕੂਲ ਅਧਿਆਪਕਾਂ ਤੱਕ ਨੂੰ ਨਫਰਤ ਦੀ ਇਸ ਭਿਆਨਕ ਬੀਮਾਰੀ ਨੇ ਘੇਰ ਲਿਆ ਹੈ ਕਿ ਉਹ ਕਿਸੇ ਦੂਜੇ ਦੇ ਦੂਜੇਪਣ ਨੂੰ ਸਹਿਣ ਕਰਨ ਲਈ ਤਿਆਰ ਨਹੀ ਹਨ ਤਾਂ ਸਮਝ ਆਉਂਦਾ ਹੈ ਕਿ ਸੱਭਿਅਤਾ ਕਿਸ ਰਸਾਤਲ ਵੱਲ ਨੂੰ ਜਾ ਰਹੀ ਹੈੈ।
ਖੈਰ ਹਜ਼ਰਤ ਮੁਹੰਮਦ ਸਾਹਿਬ ਦੀ ਬੇਪਤੀ ਨੂੰ ਨਾ ਸਹਾਰਦੇ ਹੋਏ ਕਿਸੇ ਕੱਟੜਪੰਥੀ ਨੇ ਇੱਕ ਅਧਿਆਪਕ ਦਾ ਕਤਲ ਕਰ ਦਿੱਤਾ ਜੋ ਨਿੰਦਣਯੋਗ ਹੈ ਅਤੇ ਜਿਸਦੀ ਇਜਾਜਤ ਕੋਈ ਵੀ ਸੱਭਿਅਕ ਸਮਾਜ ਨਹੀ ਦੇਂਦਾ। ਇਸ ਕਤਲ ਤੋਂ ਬਾਅਦ ਫਰਾਂਸ ਦੀ ਸਰਕਾਰ ਵੱਲੋਂ, ਮੁਹੰਮਦ ਸਾਹਿਬ ਦੀ ਬੇਪਤੀ ਭਰੇ ਕਾਰਟੂਨ ਗਲੀਆਂ ਬਜ਼ਾਰਾਂ ਵਿੱਚ ਪਰਦਰਸ਼ਿਤ ਕੀਤੇ ਗਏ।
ਭਾਰਤ ਵਿੱਚ ਇੱਕਦਮ ਫਰਾਂਸ ਦੀ ਸਰਕਾਰ ਦੇ ਹੱਕ ਵਿੱਚ ਲਹਿਰ ਚੱਲ ਪਈ। ਸ਼ੋਸ਼ਲ ਮੀਡੀਆ ਦੇ ਸੂਰਬੀਰਾਂ ਨੇ ਮੁਸਲਮਾਨਾਂ ਖਿਲਾਫ ਆਪਣੀ ਨਫਰਤ ਦਾ ਮੁਜਾਹਰਾ ਕਰਨ ਲਈ, ਫਰਾਂਸ ਦਾ ਸਾਥ ਦੇਣ ਦੇ ਨਾਅਰੇ ਮਾਰਨੇ ਅਰੰਭ ਕਰ ਦਿੱਤੇ। ਵੱਡੇ ਵੱਡੇ ਅਮੀਰ ਅਤੇ ਉੱਚ ਜਾਤੀ ਦੇ ਲੋਕਾਂ ਨੂੰ ਵੀ ਵਿਚਾਰ ਪਰਗਟਾਵੇ ਦੀ ਅਜ਼ਾਦੀ ਦਾ ਬੁਖਾਰ ਚੜ੍ਹ ਪਿਆ। ਕਿਉਂਕਿ ਸਾਰੀ ਨਫਰਤ ਮੁਸਲਮਾਨਾਂ ਦੇ ਖਿਲਾਫ ਸੇਧਤ ਸੀ। ਕਈ ਦਿਨ ਇਸ ਮਸਲੇ ਬਾਰੇ ਬਹੁਤ ਸਾਰੇ ਹਿੰਦੂ ਭਲਵਾਨਾਂ ਨੇ ਆਪਣੇ ਵਿਚਾਰ ਪਰਗਟ ਕਰਕੇ ਵਿਚਾਰ ਪਰਗਟਾਵੇ ਦੀ ਅਜ਼ਾਦੀ ਨੂੰ ਮਨੁੱਖਤਾ ਲਈ ਸਰਬ-ਉੱਚ ਦੱਸਿਆ।
ਜਿਹੜੇ ਭੱਦਰਪੁਰਸ਼ ਭਾਰਤ ਵਿੱਚ ਫਰਾਂਸ ਲਈ ਹਮਾਇਤ ਜੁਟਾ ਰਹੇ ਸਨ ਉਹ ਉਸ ਵੇਲੇ ਇੱਕਦਮ ਬਦਲ ਗਏ ਜਦੋਂ ਜੰਮੂ-ਕਸ਼ਮੀਰ ਦੀ ਇੱਕ ਸੀਨੀਅਰ ਵਕੀਲ ਨੇ ਇਹ ਬਿਆਨ ਆਪਣੇ ਸ਼ੋਸ਼ਲ ਮੀਡੀਆ ਰਾਹੀਂ ਦਿੱਤਾ ਕਿ, ਮਾਤਾ ਦੁਰਗਾ ਦੀ ਪੂਜਾ ਕਰਨ ਵਾਲਾ ਹਿੰਦੂ ਸਮਾਜ ਛੋਟੀਆਂ ਛੋਟੀਆਂ ਬੱਚੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਰਿਹਾ ਹੈੈ। ਉਸ ਆਖਿਆ ਕਿ ਮਹਾਨ ਮਾਤਾ ਦੁਰਗਾ ਦੀ ਪੂਜਾ ਕਰਨ ਦਾ ਕੀ ਫਾਇਦਾ ਜੇ ਉਸ ਮਾਤਾ ਦੀਆਂ ਛੋਟੀਆਂ ਛੋਟੀਆਂ ਬੱਚੀਆਂ ਦਾ ਮਾਸ ਹੀ ਨੋਚਣਾ ਹੈੈ। ਇਹ ਬਿਆਨ ਆਉਣ ਦੀ ਦੇਰ ਸੀ ਕਿ ਫਰਾਂਸ ਵਿੱਚ ਵਿਚਾਰ ਪਰਗਟਾਵੇ ਦੀ ਅਜ਼ਾਦੀ ਦਾ ਹੋਕਾ ਦੇਣ ਵਾਲੇ ਉਸ ਵਕੀਲ ਕੁੜੀ ਖਿਲਾਫ ਕੇਸ ਦਰਜ ਕਰਨ ਦੀ ਮੰਗ ਕਰਨ ਲੱਗੇ। ਜਦੋਂ ਗੱਲ ਆਪਣੇ ਧਰਮ ਅਤੇ ਆਪਣੇ ਸਮਾਜ ਦੇ ਲੋਕਾਂ ਤੇ ਆਈ ਤਾਂ ਵਿਚਾਰ ਪਰਗਟਾਵੇ ਦੀ ਅਜ਼ਾਦੀ ਅੱਗੇ ਸੁਆਲੀਆ ਨਿਸ਼ਾਨ ਲੱਗ ਗਿਆ।
ਭਾਰਤੀ ਉਚ ਵਰਗ ਦਾ ਸਾਰਾ ਢੌਂਗ ਬੇਪਰਦ ਹੋ ਗਿਆ। ਕੋਈ ਸਾਡੀ ਮਾਤਾ ਨੂੰ ਇਸ ਤਰ੍ਹਾਂ ਕਿਵੇਂ ਕਹਿ ਸਕਦਾ ਹੈੈ? ਕੇਸ ਦਰਜ ਕਰੋ, ਗਰਿਫਤਾਰ ਕਰੋ, ਜੇਲ੍ਹ ਵਿੱਚ ਦਿਉ ਦੇ ਨਾਅਰੇ ਗੂੰਜਣ ਲੱਗੇ।
ਇਸੇ ਤਰ੍ਹਾਂ ਪੰਜਾਬ ਦੇ ਕਿਸੇ ਸ਼ਹਿਰ ਵਿੱਚ ਕੁਝ ਭਟਕੇ ਹੋਏ ਲੋਕਾਂ ਨੇ ਦੁਸਹਿਰੇ ਵਾਲੇ ਦਿਨ ਭਗਵਾਨ ਰਾਮ ਦਾ ਪੁਤਲਾ ਫੂਕ ਦਿੱਤਾ ਜੋ ਨਿੰਦਣਯੋਗ ਸੀ। ਉਸਦੇ ਖਿਲਾਫ ਵੀ ਮੁਜਾਹਰੇ ਹੋਣ ਲੱਗੇ। ਹੁਣ ਭਾਰਤੀ ਸਮਾਜ ਨੂੰ ਜੋ ਵਿਚਾਰ ਪਰਗਟਾਵੇ ਦੀ ਮਸਤੀ ਲੜਦੀ ਸੀ ਉਹ ਇੱਕ ਦਮ ਰਫੂ-ਚੱਕਰ ਹੋ ਗਈ। ਹੁਣ ਭਾਈਚਾਰਿਆਂ ਦਰਮਿਆਨ ਨਫਰਤ ਫੈਲਾਉਣ ਦੀਆਂ ਗੱਲਾਂ ਹੋਣ ਲੱਗੀਆਂ।
ਸੋ ਅਸੀਂ ਦੇਖ ਰਹੇ ਹਾਂ ਕਿ ਭਾਰਤੀ ਸਮਾਜ ਵਿਚਾਰਧਾਰਕ ਤੌਰ ਤੇ ਕਿੰਨਾਂ ਗਲ ਸੜ ਰਿਹਾ ਹੈੈ। ਕਿਸੇ ਹੋਰ ਦੇ ਧਰਮ ਤੇ ਹੁੰਦੇ ਵਾਰ ਦਾ ਜਸ਼ਨ ਮਨਾਉਂਦਾ ਹੈ ਪਰ ਆਪਣੇ ਧਰਮ ਤੇ ਹੁੰਦੇ ਵਾਰ ਤੇ ਅੱਗ-ਬਬੂਲਾ ਹੋ ਜਾਂਦਾ ਹੈੈੈ। ਇਹ ਭਾਰਤੀ ਸਮਾਜ ਦਾ ਦੋਗਲਾਪਣ ਅਤੇ ਖੋਖਲਾਪਣ ਹੈੈੈ।