ਸਿੱਖ ਕੌਮ ਦੀ ਪਛਾਣ ਅਤੇ ਭਾਰਤੀ ਸੰਵਿਧਾਨ ਮੁਤਾਬਕ ਉਸਨੂੰ ਆਜ਼ਾਦੀ ਤੋਂ ਬਾਅਦ ਵੱਖਰੀ ਕੌਮ ਵਜੋਂ ਮਾਨਤਾ ਨਾ ਮਿਲਣਾ ਇੱਕ ਅਜਿਹਾ ਮੁੱਦਾ ਸੀ ਜਿਸਨੂੰ ਲੈ ਕੇ ਅਨੇਕਾਂ ਵਾਰ ਸਿੱਖ ਕੌਮ ਨੂੰ ਸੰਘਰਸ਼ ਕਰਨਾ ਪਿਆ। ਇਹ ਮੁੱਦਾ ਸਿੱਖ ਕੌਮ ਵਿੱਚ ਪਈਆਂ ਅਨੇਕਾਂ ਵੰਡੀਆਂ ਦੀ ਭੇਂਟ ਚੜ ਚੁੱਕਿਆ ਹੈ ਅਤੇ ਭਾਰਤੀ ਹਕੂਮਤ ਨੇ ਵੀ ਇਸਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਇੱਕ ਮਸ਼ਹੂਰ ਕਵੀ ਦੇ ਕਹਿਣ ਮੁਤਾਬਕ ਲੰਮੇਰੀ ਉਮਰ ਇੱਕ ਅਜਿਹਾ ਆਲਮ ਹੈ ਕਿ ਜਦੋਂ ਤਹਾਨੂੰ ਜਾਪਣ ਲੱਗ ਜਾਂਦਾ ਹੈ ਕਿ ਆਲੇ ਦੁਆਲੇ ਤਾਂ ਠੰਡੀਆਂ ਹਵਾਵਾਂ ਹਨ ਪਰ ਮੇਰਾ ਆਲਾ ਦੁਆਲਾ ਤੇ ਮੈਂ ਆਪ ਸੋਕੇ ਦੀ ਭੇਂਟ ਚੜਦਾ ਜਾ ਰਿਹਾ ਹਾਂ। ਠੀਕ ਅਜਿਹੀ ਹਾਲਾਤ ਹੀ ਸਿੱਖ ਕੌਮ ਨਾਲ ਵਾਪਰਦੇ ਜਾਪਦੇ ਹਨ।
ਸਿੱਖ ਕੌਮ ਅੱਗੇ ਇੱਕ ਹੋਰ ਅਹਿਮ ਮਸਲਾ, ਆਪਣਾ ਸਰਵ ਪ੍ਰਵਾਨਤ ਕਲੰਡਰ ਵੀ ਹੈ ਕਿਉਂਕਿ ਸਿੱਖ ਕੌਮ ਵਿੱਚ ਸਿਆਸਤ ਸਮਝ ਤੇ ਭਾਰੂ ਹੋਣ ਕਾਰਨ ਇਹ ਕਲੰਡਰ ਵੱਡੀ ਵੰਡੀ ਦਾ ਕਾਰਨ ਬਣ ਗਿਆ ਹੈ। ਬੜੀ ਮਿਹਨਤ ਤੇ ਵਿਚਾਰ ਵਟਾਂਦਰੇ ਮਗਰੋਂ ਸਿੱਖ ਕੌਮ ਦਾ ਸਰਵ ਪ੍ਰਵਾਨਤ ਆਪਣਾ ਕਲੰਡਰ ਨਾਨਕਸ਼ਾਹੀ ਕਲੰਡਰ ਦੇ ਰੂਪ ਵਿੱਚ ਸਾਹਮਣੇ ਆਇਆ ਸੀ। ਜਿਸ ਮੁਤਾਬਕ ਗੁਰੂ ਸਹਿਬਾਨ ਦੇ ਗੁਰ-ਪੁਰਬ ਅਤੇ ਹੋਰ ਸ਼ਹੀਦੀ ਜੋੜ ਮੇਲਿਆਂ ਦੇ ਦਿਨ ਮੁਕੱਰਰ ਹੋਏ ਸਨ। ਸਮੇਂ ਨਾਲ ਅਤੇ ਸਿਆਸਤ ਸਿੱਖ ਕੌਮ ਦੀ ਸੂਝ-ਬੂਝ ਉੱਪਰ ਪੂਰੀ ਤਰਾਂ ਹਾਵੀ ਹੋਣ ਕਾਰਨ ਇਹ ਨਾਨਕ ਸਾਹੀ ਕਲੰਡਰ ਜੋ ਸਿੱਖ ਕੌਮ ਦੀ ਵੱਖਰੀ ਪਛਾਣ ਦਾ ਪ੍ਰਤੀਕ ਸੀ, ਵੀ ਦੋ ਥਾਈਂ ਵੰਡਿਆ ਜਾ ਚੁੱਕਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਅਤੇ ਹੋਰ ਸਿੰਘ ਸਾਹਿਬਾਨਾਂ ਵੱਲੋਂ ਵੀ ਸਿੱਖ ਕੌਮ ਤੇ ਡੇਰਾਵਾਦ ਦੇ ਸੰਘਣੇ ਪ੍ਰਛਾਵੇਂ ਦੇ ਪ੍ਰਭਾਵ ਕਰਕੇ ਅਤੇ ਸਿਆਸਤ ਦੇ ਹਾਵੀ ਹੋਣ ਕਾਰਨ, ਇਹ ਸਰਵ ਪ੍ਰਵਾਨਤ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਕੇ ਇੱਕ ਹੋਰ ਨਾਨਕਸ਼ਾਹੀ ਕੈਲੰਡਰ ਜ਼ਾਰੀ ਕਰ ਦਿੱਤਾ ਗਿਆ ਹੈ। ਇਸ ਦਾ ਨਤੀਜਾ ਇਹ ਨਿਕਲਿਆ ਕਿ ਅੱਜ ਆਪਣੇ ਗੁਰੂ ਸਾਹਿਬਾਨ ਨਾਲ ਜੁੜੇ ਦਿਨ ਅਤੇ ਹੋਰ ਸ਼ਹੀਦੀ ਦਿਹਾੜੇ ਵੀ ਦੋ ਦੋ ਥਾਵਾਂ ਤੇ ਵੰਡੇ ਗਏ ਹਨ। ਇਸਦੀ ਤਾਜਾ ਮਿਸਾਲ ਸਿੱਖ ਕੌਮ ਦੇ ਪਹਿਲੇ ਸ਼ਹੀਦ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਵੀ ਦੋ ਤਰੀਕਾਂ ਵਿੱਚ ਵੰਡੀਆਂ ਦੀ ਭੇਂਟ ਚੜ ਗਿਆ ਸੀ। ਇਸ ਨਾਲ ਸਿੱਖ ਕੌਮ ਨਾਲ ਜੁੜੀ ਨੌਜਵਾਨ ਪੀੜੀ ਤੇ ਹੋਰ ਸ਼ਰਧਾਵਾਨ ਸਿੱਖ ਨਿਰਾਸ਼ਤਾ ਤੇ ਦੁਬਿਧਾ ਦੇ ਘੇਰੇ ਵਿੱਚ ਘਿਰਨੇ ਲਾਜ਼ਮੀ ਹਨ।
ਥੋੜੇ ਦਿਨਾਂ ਬਾਅਦ ਸਿੱਖਾਂ ਦੀ ਤੀਜੇ ਘੱਲੂਘਾਰੇ ਵਜੋਂ ਜਾਣੇ ਜਾਂਦੇ ਜੂਨ ਚੁਰਾਸੀ ਦੇ ਦਰਬਾਰ ਸਾਹਿਬ ਤੇ ਹੋਏ ਭਾਰਤੀ ਫੌਜੀ ਹਮਲੇ ਨੂੰ ਇਕੱਤੀ ਸਾਲ ਹੋ ਜਾਣੇ ਹਨ ਅਤੇ ਇੰਨਾ ਇਕੱਤੀ ਸਾਲਾਂ ਵਿੱਚ ਅਕਾਲੀ ਦਲ ਜੋ ਕਿ ਸਿੱਖ ਕੌਮ ਦੀ ਪ੍ਰਮੁੱਖ ਰਾਜਨੀਤਿਕ ਜਮਾਤ ਹੈ ਅਤੇ ਧਾਰਮਿਕ ਸੰਸਥਾਵਾਂ ਤੇ ਵੀ ਪੂਰੀ ਤਰਾਂ ਭਾਰੂ ਹੈ ਦੇ ਲੰਮੇ ਰਾਜ ਕਾਲ ਦੌਰਾਨ ਵੀ ਅੱਜ ਤੱਕ ਛੇ ਜੂਨ ਦੇ ਘੱਲੂਘਾਰੇ ਨੂੰ ਮਾਨਤਾ ਵਜੋਂ ਛੁੱਟੀ ਦਾ ਦਿਨ ਹੋਣ ਦਾ ਮਾਣ ਪ੍ਰਾਪਤ ਨਹੀਂ ਹੋਇਆ। ਭਾਵੇਂ ਕਿ ਜੂਨ ਚੁਰਾਸੀ ਦੇ ਦਰਬਾਰ ਸਾਹਿਬ ਉੱਪਰ ਹੋਏ ਫੌਜੀ ਹਮਲੇ ਦਾ, ਰਾਜ ਭਾਗ ਹਾਸਲ ਕਰਨ ਲਈ ਅਤੇ ਸਿੱਖ ਸੰਸਥਾਵਾਂ ਤੇ ਪੂਰੀ ਤਰਾਂ ਹਾਵੀ ਹੋਣ ਲਈ ਇੱਕ ਰਾਜਨੀਤਿਕ ਲਾਹਾ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਪੂਰੀ ਤਰਾਂ ਮਾਣਿਆ ਹੈ ਪਰ ਦਿਲ ਅਤੇ ਮਨ ਕਰਕੇ ਇਸ ਖੂਨੀ ਸਾਕੇ ਨੂੰ ਮਾਨਤਾ ਅਤੇ ਸਤਿਕਾਰ ਨਹੀਂ ਦਿੱਤਾ। ਇਹੀ ਕਾਰਨ ਹੈ ਕਿ ਅੱਜ ਇਕੱਤੀ ਸਾਲਾਂ ਵਿੱਚ ਕਦੇ ਵੀ ੬ ਜੂਨ ਨੂੰ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸ਼ਰਧਾ ਦੇ ਫੁੱਲ ਚੜਾਉਣ ਲਈ ਦਰਬਾਰ ਸਾਹਿਬ ਵਿਖੇ ਮੱਥਾ ਨਹੀਂ ਟੇਕਿਆ ਅਤੇ ਨਾ ਹੀ ਇਸ ਨਾਲ ਜੁੜੇ ਕਿਸੇ ਸਮਾਗਮ ਵਿੱਚ ਸ਼ਾਮੂਲੀਅਤ ਕੀਤੀ ਹੈ। ਇਥੋਂ ਤੱਕ ਕੇ ਦਮਦਮੀ ਟਕਸਾਲ ਦੇ ਮਾਣਮੱਤੇ ਮੁੱਖੀ ਸ਼ਹੀਦ ਸੰਤ ਜਰਨੈਲ ਸਿੱਖ ਭਿੰਡਰਾਵਾਲੇ ਜੋ ਕਿ ਦਰਬਾਰ ਸਾਹਿਬ ਦੀ ਰਾਖੀ ਲਈ ਸ਼ਹੀਦ ਹੋਏ ਸੀ ਉਹ ਵੀ ਛੇ ਜੂਨ ਦਾ ਮੁੱਖ ਸਮਾਗਮ ਦਰਬਾਰ ਸਾਹਿਬ ਦੀ ਬਜਾਇ ਆਪਣੇ ਹੈਡ ਕੁਆਟਰ ਚੌਕ ਮਹਿਤਾ ਵਿਖੇ ਮਨਾਉਣ ਨੂੰ ਮਾਣ ਸਮਝਦੀ ਹੈ ਤਾਂ ਜੋ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਦੀ ਮਹੱਤਤਾ ਦੀ ਬਜਾਇ ਆਪਣੇ ਡੇਰੇ ਨੂੰ ਵੱਡਾ ਦੱਸਿਆ ਜਾਵੇ।
ਇਸੇ ਤਰਾਂ ਗੁਰੁ ਸਾਹਿਬਾਨ ਦੇ ਗੁਰਪੁਰਬ ਤੇ ਹੋਰ ਦਿਹਾੜੇ ਭਾਵੇਂ ਵੰਡੇ ਗਏ ਹਨ ਪਰ ਸਿੱਖ ਕੌਮ ਤੇ ਡੇਰਾਵਾਦ ਅਤੇ ਬਾਬਾ ਡੰਮ ਦੇ ਪ੍ਰਭਾਵ ਕਰਕੇ ਸੰਤ ਬਾਬਿਆਂ ਦੀ ਬਰਸੀਆਂ ਕਦੇ ਵੰਡੀਆਂ ਦੀ ਭੇਂਟ ਨਹੀਂ ਚੜੇ ਸਗੋਂ ਦਿਨਾਂ ਬੱਧੀ ਪੂਰੇ ਜਲੌਅ ਨਾਲ ਧੜਾ-ਧੜ ਮਨਾਏ ਜਾ ਰਹੇ ਹਨ ਅਤੇ ਅਵੇਸਲੀ ਸਿੱਖ ਕੌਮ ਨੂੰ ਆਪਣੇ ਮਗਰ ਲਾ ਗੁਰੂ ਸਾਹਿਬਾਨਾਂ ਦੇ ਦਿਹਾੜੇ ਤਾਂ ਵੰਡਣ ਵਿੱਚ ਕਾਮਯਾਬ ਹੋਏ ਹੀ ਹਨ ਸਗੋਂ ਆਪਣੇ ਆਪ ਨੂੰ ਗੁਰੂ ਸਾਹਿਬਾਨ ਤੇ ਵਾਹਿਗੁਰੂ ਦੇ ਸਭ ਤੋਂ ਵੱਡੇ ਪ੍ਰਚਾਰਕ ਤੇ ਪੁਜ਼ਾਰੀ ਵੀ ਮੰਨ ਬੈਠੇ ਹਨ। ਇਸ ਦੁਬਿਦਾ ਅਤੇ ਵੰਡੀਆਂ ਦਾ ਸ਼ਿਕਾਰ ਸਿੱਖ ਕੌਮ, ਮੌਜੂਦਾ ਸਿੱਖ ਸੰਘਰਸ਼ ਵਿੱਚੋਂ ਬੇਸ਼ਮਾਰ ਕੁਰਬਾਨੀਆਂ ਕਰਕੇ ਲੰਘੀ ਤੇ ਅਤੇ ਪੰਜਾਬ ਅੰਦਰ ਚਿੱਟੇ ਨਸ਼ਿਆਂ ਦੀ ਭੇਟ ਚੜਦੀ ਜਾ ਰਹੀ ਹੈ। ਅਜੀਤ ਅਖਬਾਰ ਜੋ ਪੰਜਾਬੀ ਦਾ ਮੁੱਖ ਅਖਬਾਰ ਹੈ ਦੇ ਅਨੁਸਾਰ ਪੰਜਾਬ ਦੀ ਜਗਰਾਉਂ ਤਹਿਸੀਲ ਅੰਦਰ ੧੫,੦੦੦ ਤੋਂ ਉੱਪਰ ਨੌਜਵਾਨ ਇਸ ਚਿੱਟੇ ਨਸ਼ੇ ਦੇ ਬੁਰੀ ਤਰਾਂ ਆਦੀ ਹੋ ਗਏ ਹਨ ਅਤੇ ਹਜ਼ਾਰਾ ਦੀ ਤਾਦਾਦ ਵਿੱਚ ਇਸਦੀ ਭੇਂਟ ਚੜ ਚੁੱਕੇ ਹਨ। ਸਿੱਖ ਕੌਮ ਜਿਸ ਕੋਲ ਮਾਣਮੱਤਾ ਲਾਸਾਨੀ ਕੁਰਬਾਨੀਆਂ ਤੇ ਸ਼ਹਾਦਤਾਂ ਦਾ ਵਿਰਸਾ ਹੈ ਪਰ ਅੱਜ ਆਪਣੇ ਗੁਰੂ ਸਾਹਿਬਨਾਨ ਦੇ ਦਿਨ ਦਿਹਾੜੇ ਵੀ ਵੰਡ ਚੁੱਕੀ ਹੈ ਉਸਦੇ ਭਵਿੱਖ ਬਾਰੇ ਚਿੰਤਾ ਅਤੇ ਨਿਰਾਸ਼ਤਾ ਹੋਣੀ ਸੁਭਾਵਕ ਹੈ।