ਦ ਸੈਂਚਰੀ ਆਫ ਦ ਸੈਲਫ ਫਿਲਮਸਾਜ ਐਡਮ ਕਰਟਿਸ ਦੁਆਰਾ ਬਣਾਈ ਗਈ ਇਕ ਡਾਕੂਮੈਂਟਰੀ ਸੀਰੀਜ਼ ਹੈ।ਇਹ ਡਾਕੂਮੈਂਟਰੀ ਮਨੋਵਿਗਆਨੀਆਂ ਸਿਗਮੰਡ ਫਰਾਇਡ, ਐਨਾ ਫਰਾਇਡ, ਅਤੇ ਜਨਤਕ ਸੰਬੰਧਾਂ ਦੇ ਸਲਾਹਕਾਰ ਐਡਵਰਡ ਬਾਰਨੇਜ਼ ਦੇ ਕੰਮ ਉੱਪਰ ਕੇਂਦਰਿਤ ਹੈ।ਇਸ ਦੀ ਪਹਿਲੇ ਭਾਗ ਵਿਚ ਕਰਟਿਸ ਕਹਿੰਦਾ ਹੈ, “ਇਹ ਸੀਰੀਜ਼ ਦਿਖਾਉਂਦੀ ਹੈ ਕਿ ਸੱਤਾ ਵਿਚ ਰਹਿਣ ਵਾਲਿਆਂ ਨੇ ਲੋਕਤੰਤਰ ਦੇ ਯੁੱਗ ਵਿਚ ਫਰਾਇਡ ਦੇ ਸਿਧਾਂਤਾਂ ਦਾ ਇਸਤੇਮਾਲ ਖਤਰਨਾਕ ਭੀੜ ਨੂੰ ਨਿਯੰਤ੍ਰਤ ਕਰਨ ਲਈ ਇਸਤੇਮਾਲ ਕੀਤਾ ਹੈ।ਇਸ ਡਾਕੂਮੈਂਟਰੀ ਦੇ ਚਾਰ ਭਾਗ, “ਖੁਸ਼ੀ ਦੀਆਂ ਮਸ਼ੀਨਾਂ”, “ਸਹਿਮਤੀ ਦੀ ਇੰਜਨੀਅਰਿੰਗ” “ਸਾਡੇ ਸਾਰਿਆਂ ਦੇ ਅੰਦਰ ਇਕ ਪੁਲਿਸ ਵਾਲਾ ਹੁੰਦਾ ਹੈ ਜਿਸ ਨੂੰ ਮਾਰਨਾ ਬਹੁਤ ਜਰੂਰੀ ਹੈ,” ਅਤੇ “ਕੈਟਰਿੰਗ ਵਿਚ ਅੱਠ ਲੋਕ ਵਾਈਨ ਪੀਂਦੇ ਹੋਏ” ਅਲੱਗ-ਅਲੱਗ ਪੱਖਾਂ ਨੂੰ ਪੇਸ਼ ਕਰਦੇ ਹਨ।
ਮਨੋਵਿਗਿਆਨੀ ਸਿਗਮੰਡ ਫਰਾਇਡ ਨੇ ਸਾਡੇ ਦਿਮਾਗ ਦੀ ਅਨੁਭੂਤੀ ਅਤੇ ਇਸ ਦੇ ਕੰਮ ਕਰਨ ਦੇ ਢੰਗ ਨੂੰ ਹਮੇਸ਼ਾ ਲਈ ਬਦਲ ਦਿੱਤਾ।ਇਸ ਡਾਕੂਮੈਂਟਰੀ ਵਿਚ ਦਿਖਾਇਆ ਗਿਆ ਹੈ ਕਿਵੇਂ ਸਰਕਾਰਾਂ, ਗਲੋਬਲ ਸੰਸਥਾਵਾਂ ਅਤੇ ਕਾਰਪੋਰੇਸ਼ਨਾਂ ਨੇ ਫਰਾਇਡ ਦੇ ਸਿਧਾਂਤਾਂ ਦਾ ਇਸਤੇਮਾਲ ਕੀਤਾ ਹੈ।ਇਸ ਦੇ ਪਹਿਲੇ ਭਾਗ ਵਿਚ ਫਰਾਇਡ ਅਤੇ ਉਸ ਦੇ ਭਤੀਜੇ ਐਡਵਰਡ ਬਾਰਨੇਜ਼, ਜੋ ਕਿ ਜਨਤਕ ਸੰਬੰਧਾਂ ਵਿਚ ਮਨੋਵਿਗਿਆਨਕ ਤਕਨੀਕਾਂ ਨੂੰ ਵਰਤਣ ਵਾਲਾ ਪਹਿਲਾ ਵਿਅਕਤੀ ਸੀ, ਬਾਰੇ ਵਿਸ਼ਲੇਸ਼ਣ ਕੀਤਾ ਗਿਆ ਹੈ।ਉਸ ਦੀ ਬੇਟੀ ਐਨਾ ਫਰਾਇਡ, ਜੋ ਕਿ ਬੱਚਿਆਂ ਦੇ ਮਨੋਵਿਗਿਆਨ ਨਾਲ ਸੰਬੰਧਿਤ ਸੀ, ਬਾਰੇ ਜ਼ਿਕਰ ਇਸ ਦੇ ਦੂਜੇ ਭਾਗ ਵਿਚ ਮਿਲਦਾ ਹੈ।ਫਰਾਇਡ ਦੇ ਸਿਧਾਂਤਾਂ ਦੇ ਵਿਰੋਧੀ ਵਿਲਹੀਮ ਰਾਇਚ ਬਾਰੇ ਵਿਸ਼ਲੇਸ਼ਣ ਤੀਜੇ ਭਾਗ ਵਿਚ ਕੀਤਾ ਗਿਆ ਹੈ।
ਸੱਤਾ ਅਤੇ ਬਿਜ਼ਨਸ ਨਾਲ ਸੰਬੰਧਿਤ ਬਹੁਤੇ ਵਿਅਕਤੀਆਂ ਲਈ ਸਵੈ ਦੀ ਜਿੱਤ ਹੀ ਲੋਕਤੰਤਰ ਦਾ ਅੰਤਿਮ ਇਜ਼ਹਾਰ ਹੈ ਜਿੱਥੇ ਸੱਤਾ ਲੋਕਾਂ ਤੱਕ ਪਹੁੰਚ ਗਈ ਹੈ।ਨਿਸ਼ਚਿਤ ਹੀ ਲੋਕ ਇਹ ਮਹਿਸੂਸ ਕਰ ਸਕਦੇ ਹਨ ਕਿ ਸਭ ਕੁਝ ਉਨ੍ਹਾਂ ਦੇ ਨਿਯੰਤ੍ਰਣ ਵਿਚ ਹੈ, ਪਰ ਕੀ ਇਹ ਅਸਲ ਵਿਚ ਸੱਚ ਹੈ? ਸੈਂਚਰੀ ਆਫ ਦ ਸੈਲਫ ਵਿਆਪਕ ਉਪਭੋਗਤਾ ਸਮਾਜ ਦੀ ਅਕਹਿ ਅਤੇ ਵਿਵਾਦਪੂਰਨ ਤਰੱਕੀ ਬਾਰੇ ਦੱਸਦੀ ਹੈ ਅਤੇ ਕਿਵੇਂ ਵਿਆਪਕ ਉਪਭੋਗੀ ਸਵੈ ਦੀ ਸਿਰਜਣਾ ਕੀਤੀ ਗਈ, ਕਿਸ ਦੁਆਰਾ ਅਤੇ ਕਿਉਂ ਕੀਤੀ ਗਈ?ਇਸ ਦੀ ਰੋਸ਼ਨੀ ਵਿਚ ਹੀ ਦ ਸੈਂਚਰੀ ਆਫ ਦ ਸੈਲਫ ਉਪਭੋਗਤਾਵਾਦ ਦੀਆਂ ਜੜ੍ਹਾਂ ਅਤੇ ਇਸ ਦੇ ਢੰਗਾਂ ਅਤੇ ਨਤੀਜਿਆਂ ਬਾਰੇ ਡੂੰਘੇ ਸੁਆਲ ਕਰਦੀ ਹੈ।ਇਹ ਉਸ ਆਧੁਨਿਕ ਢੰਗ ਨੂੰ ਵੀ ਸੁਆਲ ਕਰਦੀ ਹੈ ਜਿਸ ਰਾਹੀ ਲੋਕ ਆਪਣੇ ਆਪ ਨੂੰ ਦੇਖਦੇ ਹਨ ਅਤੇ ਉਨ੍ਹਾਂ ਦੇ ਫੈਸ਼ਨ ਪ੍ਰਤੀ ਸਤਹੀ ਰਵੱਈਏ ਦੀਆਂ ਵੀ ਪਰਤਾਂ ਫਰੋਲਦੀ ਹੈ।ਸੱਤਾ ਅਤੇ ਬਿਜਨਸ ਲੋਕਾਂ ਦੀਆਂ ਇਛਾਵਾਂ ਨੂੰ ਪੜ੍ਹਨ ਅਤੇ ਜਾਣਨ ਲਈ ਮਨੋਵਿਗਿਆਨਕ ਢੰਗਾਂ ਦਾ ਇਸਤੇਮਾਲ ਕਰਦੇ ਹਨ ਅਤੇ ਉਹੋ ਜਿਹੇ ਉਤਪਾਦ ਅਤੇ ਭਾਸ਼ਣ ਤਿਆਰ ਕਰਦੇ ਹਨ ਜੋ ਕਿ ਜਿਆਦਾ ਤੋਂ ਜਿਆਦਾ ਉਪਭੋਗੀਆਂ ਅਤੇ ਵੋਟਰਾਂ ਨੂੰ ਲੁਭਾ ਸਕਣ।ਕਰਟਿਸ ਜਨਤਾ ਨੂੰ ਇਸ ਤਰਾਂ ਲੁਭਾਉਣ ਦੇ ਨਵੇਂ ਢੰਗ ਤਰੀਕਿਆਂ ਨੂੰ ਸੁਆਲਾਂ ਦੇ ਘੇਰੇ ਵਿਚ ਲੈ ਕੇ ਆਉਂਦਾ ਹੈ।
ਕਿਸੇ ਸਮੇਂ ਰਾਜਨੀਤਿਕ ਪ੍ਰੀਕਿਰਿਆ ਲੋਕਾਂ ਦੇ ਤਰਕਪੂਰਣ ਅਤੇ ਚੇਤਨ ਦਿਮਾਗਾਂ ਨੂੰ ਰੁਝਾਉਣ ਅਤੇ ਕਿਦੇ ਸਮੂਹ ਦੀਆਂ ਜਰੂਰਤਾਂ ਪੂਰੀਆਂ ਕਰਨ ਨਾਲ ਸੰਬੰਧਿਤ ਸੀ।ਜਨਤਕ ਸੰਬੰਧਾਂ ਦੇ ਇਤਿਹਾਸਕਾਰ ਸਟੂਅਰਟ ਇਵਨ ਦਾ ਕਹਿਣਾ ਹੈ ਕਿ ਅੱਜ ਦੇ ਰਾਜਨੇਤਾ ਲੋਕਾਂ ਦੇ ਰੂੜ੍ਹੀਵਾਦੀ ਝੁਕਾਵਾਂ ਨੂੰ ਲੁਭਾਉਂਦੇ ਹਨ ਜਿਨ੍ਹਾਂ ਦੀ ਉਪਭੋਗਤਾ ਸਮਾਜ ਦੇ ਸੌੜੇ ਹਿੱਤਾਂ ਨੂੰ ਪੂਰਾ ਕਰਨ ਤੋਂ ਇਲਾਵਾ ਹੋਰ ਕੋਈ ਸਾਰਥਿਕਤਾ ਨਹੀਂ ਹੁੰਦੀ।ਵਾਲ ਸਟਰੀਟ ਦੇ ਬੈਂਕਰ ਪਾਲ ਮਾਜ਼ਰ ਦੇ ਲਹਿਮਨ ਭਰਾਵਾਂ ਬਾਰੇ ੧੯੨੭ ਵਿਚ ਕਹੇ ਇਹ ਸ਼ਬਦ ਬਹੁਤ ਮਹੱਤਵਪੂਰਨ ਹਨ “ਸਾਨੂੰ ਅਮਰੀਕਾ ਨੂੰ ਜਰੂਰਤ ਮੁਖੀ ਸਮਾਜ ਤੋਂ ਇਛਾਵਾਂ ਮੁਖੀ ਸਮਾਜ ਵੱਲ ਮੋੜਨਾ ਚਾਹੀਦਾ ਹੈ।ਲੋਕਾਂ ਨੂੰ ਕਿਸੇ ਚੀਜ ਦੀ ਇੱਛਾ ਰੱਖਣ, ਪੁਰਾਣੀਆਂ ਚੀਜ਼ਾਂ ਦੇ ਖਤਮ ਹੋਣ ਤੋਂ ਪਹਿਲ਼ਾਂ ਹੀ ਨਵੀਆਂ ਚੀਜ਼ਾਂ ਚਾਹੁਣ ਦੀ ਟਰੇਨਿੰਗ ਦੇਣੀ ਚਾਹੀਦੀ ਹੈ।ਮਨੁੱਖ ਦੀਆਂ ਇਛਾਵਾਂ ਉਸ ਦੀਆਂ ਜਰੂਰਤਾਂ ਉੱਪਰ ਭਾਰੂ ਪੈਣੀਆਂ ਚਾਹੀਦੀਆਂ ਹਨ।”
ਡਾਕੂਮੈਂਟਰੀ ਦੇ ਚੌਥੇ ਭਾਗ ਵਿਚ ਰਾਜਨੀਤਿਕ ਰਣਨੀਤੀਕਾਰ ਫਿਲੀਪ ਗੋਲਡ ਅਤੇ ਜਨਤਕ ਸੰਬੰਧਾਂ ਦੇ ਸਲਾਕਾਰ ਮੈਥਊ ਫਰਾਇਡ, ਜੋ ਕਿ ਸਿਗਮੰਡ ਫਰਾਇਡ ਦਾ ਪੜਪੋਤਾ ਸੀ, ਬਾਰੇ ਗੱਲ ਕੀਤੀ ਗਈ ਹੈ।੧੯੯੦ ਵਿਚ ਉਹ ਇਕ ਫੋਕਸ ਸਮੂਹ ਦੀ ਵਰਤੋਂ ਕਰਕੇ ਅਮਰੀਕਾ ਵਿਚ ਲੋਕਤੰਤਰੀ ਪਾਰਟੀ ਅਤੇ ਇੰਗਲੈਂਡ ਵਿਚ ਲੇਬਰ ਪਾਰਟੀ ਨੂੰ ਮੂਹਰੇ ਲਿਆਉਣ ਵਿਚ ਮੋਹਰੀ ਸਨ। ਇਸ ਦੀ ਕਾਢ ਅਮਰੀਕੀ ਕਾਰਪੋਰੇਸ਼ਨਾਂ ਨਾਲ ਸੰਬੰਧਿਤ ਮਨੋਵਿਗਿਆਨੀਆਂ ਦੁਆਰਾ ਕੀਤੀ ਗਈ ਸੀ ਤਾਂ ਕਿ ਉਪਭੋਗਤਾ ਮਨੋਚਿਕਿਤਸਾ ਦੀ ਪ੍ਰੀਕਿਰਿਆ ਵਾਂਗ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰ ਸਕਣ।ਕਰਟਿਸ ਅੰਤ ਵਿਚ ਕਹਿੰਦਾ ਹੈ, “ਭਾਵੇਂ ਅਸੀ ਆਪਣੇ ਆਪ ਨੂੰ ਅਜ਼ਾਦ ਮਹਿਸੂਸ ਕਰਦੇ ਹਾਂ, ਅਸਲ ਵਿਚ ਅਸੀ, ਰਾਜਨੇਤਾਵਾਂ ਦੀ ਤਰਾਂ, ਆਪਣੀਆਂ ਇਛਾਵਾਂ ਦੇ ਗੁਲਾਮ ਬਣ ਗਏ ਹਾਂ।” ਉਹ ਅਮਰੀਕਾ ਅਤੇ ਇੰਗਲੈਂਡ ਦੀ ਤੁਲਨਾ “ਡੈਮੋਕਰੇਸਿਟੀ” ਨਾਲ ਕਰਦਾ ਹੈ ਜਿਸ ਦੀ ਪ੍ਰਦਰਸ਼ਨੀ ੧੯੩੯ ਵਿਚ ਨਿਊ ਯਾਰਕ ਮੇਲੇ ਵਿਚ ਲਗਾਈ ਗਈ ਸੀ ਅਤੇ ਜਿਸ ਨੂੰ ਐਡਵਰਡ ਬਰਨੇਜ਼ ਨੇ ਬਣਾਇਆ ਸੀ।ਸਿਗਮੰਡ ਫਰਾਇਡ ਦੀ ਵਿਰਾਸਤ ਅੱਜ ਵੀ ਸੰਸਾਰ ਭਰ ਦੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਪ੍ਰਭਾਵਿਤ ਕਰਦੀ ਹੈ ਭਾਵੇਂ ਇਹ ਉਹ ਵਰਤਾਰਾ ਹੈ ਜਿਸ ਪ੍ਰਤੀ ਜਿਆਦਾਤਰ ਲੋਕ ਚੇਤੰਨ ਨਹੀਂ ਹਨ।
ਇਸ ਤਰਾਂ ਦ ਸੈਂਚਰੀ ਆਫ ਦ ਸੈਲਫ ਮਨੁੱਖੀ ਇਛਾਵਾਂ ਦਾ ਵਿਸ਼ਲੇਸ਼ਣ ਕਰਦੀ ਹੈ ਅਤੇ ਦੱਸਦੀ ਹੈ ਉਨ੍ਹਾਂ ਨੂੰ ਕਿਸ ਤਰਾਂ ਮਸ਼ਹੂਰੀ, ਉਪਭੋਗਤਾਵਾਦ ਅਤੇ ਰਾਜਨੀਤੀ ਲਈ ਵਰਤਿਆ ਜਾਂਦਾ ਹੈ।ਇਸ ਦਾ ਦੂਜਾ ਭਾਗ ਬਰਨੇਜ਼ ਅਤੇ ਫਰਾਇਡ ਦੀ ਧੀ ਐਨਾ ਫਰਾਇਡ ਦੁਆਰਾ ਕੀਤੀਆਂ ਗਈਆਂ ਕੋਸ਼ਿਸ਼ਾਂ ਬਾਰੇ ਹੈ ਜਿਸ ਵਿਚ ਉਨ੍ਹਾਂ ਨੇ ਮਨੁੱਖੀ ਦਿਮਾਗ ਦੀ ਸਮਰੱਥਾ ਨੂੰ ਦਬਾਉਣ ਦੀਆਂ ਵਿਧੀਆਂ ਇਜ਼ਾਦ ਕਰਨ ਲਈ ਅਮਰੀਕੀ ਸਥਾਪਤੀ ਨਾਲ ਕੰੰਮ ਕੀਤਾ।ਸਰਕਾਰ ਦਾ ਮੰਨਣਾ ਸੀ ਕਿ ਇਹਨਾਂ ਗਤੀਵਿਧੀਆਂ ਰਾਹੀ ਹੀ ਅਨੁਰੂਪ ਲੋਕਤੰਤਰ ਦੀ ਸਥਾਪਨਾ ਸੰਭਵ ਸੀ।ਇਹ ਡਾਕੂਮੈਂਟਰੀ ਦਿਖਾਉਂਦੀ ਹੈ ਕਿ ਫਰਾਇਡ ਦੇ ਸਿਧਾਂਤਾਂ ਨੂੰ ਸਮੇਂ ਤੋਂ ਪਾਰ ਜਾ ਕੇ ਆਪਣੇ ਢੰਗਾਂ ਰਾਹੀ ਵਰਤਿਆ ਜਾ ਸਕਦਾ ਹੈ।ਇਸ ਤਰਾਂ ਇਹ ਮਨੁੱਖੀ ਸੱਚਾਈ ਦੀਆਂ ਪਰਤਾਂ ਨੂੰ ਫਰੋਲਦੀ ਹੈ ਅਤੇ ਸਾਡੇ ਨਿਯੰਤ੍ਰਿਤ ਹੋ ਜਾਣ ਦੀ ਕਮੀ ਨੂੰ ਉਜਾਗਰ ਕਰਦੀ ਹੈ।