ਸਿੱਖ ਰਾਜ ਦੇ ਆਖਰੀ ਮਹਾਰਾਜਾ, ਦਲੀਪ ਸਿੰਘ ਦੇ ਜੀਵਨ ਸੰਘਰਸ਼ ਤੇ ਬਣੀ ਹਾਲੀਵੁੱਡ ਫਿਲਮ, ‘ਦਾ ਬਲੈਕ ਪ੍ਰਿੰਸ’ ਅੱਜਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਅਮਰੀਕੀ ਮਹਾਂਦੀਪ ਤੋਂ ਬਾਅਦ ਹੁਣ ਯੂਰਪ ਵਿੱਚ ਵੀ ਇਸ ਫਿਲਮ ਨੇ ਆਪਣੀ ਕਲਾਤਮਿਕਤਾ ਕਾਰਨ ਚਰਚਾ ਛੇੜ ਦਿੱਤੀ ਹੈ। ਪਿਛਲੇ ਦਿਨੀ ਇੰਗਲ਼ੈਂਡ ਦੇ ਸੰਘਣੀ ਸਿੱਖ ਵਸੋਂ ਵਾਲੇ ਸ਼ਹਿਰ ਬਰਮਿੰਘਮ ਦੇ ਸਿਨੇਮਾ ਘਰ ਵਿੱਚ ਇਸ ਫਿਲਮ ਦਾ ਪ੍ਰੀਮੀਅਰ ਸ਼ੋਅ ਰੱਖਿਆ ਗਿਆ ਸੀ ਜਿਸ ਨੂੰ ਦੇਖਣ ਲਈ ਜਿੰਦਗੀ ਦੇ ਹਰ ਵਰਗ ਦੇ ਲੋਕ ਹੁੰਮ-ਹੁੰਮਾ ਕੇ ਪਹੁੰਚੇ। ਸਿੱਖਾਂ ਨੇ ਤਾਂ ਖੈਰ ਪਹੁੰਚਣਾਂ ਹੀ ਸੀ ਪਰ ਬਰਤਾਨਵੀ ਇਤਿਹਾਸ ਅਤੇ ਸਿੱਖ ਇਤਿਹਾਸ ਵਿੱਚ ਡੂੰਘੀ ਦਿਲਚਸਪੀ ਰੱਖਣ ਵਾਲੇ ਅੰਗਰੇਜ਼ ਵੀ ਇਸ ਫਿਲਮ ਦੇ ਪ੍ਰੀਮੀਅਰ ਨੂੰ ਦੇਖਣ ਲਈ ਪਹੁੰਚੇ।

ਫਿਲਮ ਦੇ ਪ੍ਰੀਮੀਅਰ ਤੋਂ ਬਾਅਦ ਲੋਕਾਂ ਦੇ ਜੋ ਪ੍ਰਤੀਕਰਮ ਸਾਹਮਣੇ ਆਏ ਹਨ ਉਹ ਫਿਲਮ ਦੀ ਸਫਲ ਪੇਸ਼ਕਾਰੀ ਦੀ ਕਹਾਣੀ ਆਪ ਕਹਿ ਰਹੇ ਸਨ। ਕੇਸਾਂ ਤੋਂ ਰਹਿਤ, ਸਿੱਖ ਪਰਿਵਾਰ ਵਿੱਚ ਜਨਮੇ ਇੱਕ ਨੌਜਵਾਨ ਦਾ ਕਹਿਣਾਂ ਸੀ ਕਿ ਇਸ ਫਿਲਮ ਨੇ ਸਾਡੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। ਕਿ ਅਸੀਂ ਕਿੰਨੇ ਮਹਾਨ ਸਿੱਖ ਵਿਰਸੇ ਦੇ ਮਾਲਕ ਹਾਂ ਕਿ ਦੁਨੀਆਂ ਦੇ ਸਭ ਤੋਂ ਖਤਰਨਾਕ ਸਮਝੇ ਜਾਂਦੇ ਇਲਾਕੇ ਤੇ ਕਦੇ ਖਾਲਸਾਈ ਨਿਸ਼ਾਨ ਝੂਲਦੇ ਹੁੰਦੇ ਸਨ।

ਇੱਕ ਅੰਗਰੇਜ਼ ਜੋੜੇ ਨੇ ਤਾਂ ਫਿਲਮ ਤੋਂ ਬਾਅਦ ਭਾਵੁਕ ਹੁੰਦੇ ਹੋਏ ਆਖਿਆ ਕਿ ਅਸੀਂ ਇਤਿਹਾਸ ਦੇ ਉਸ ਭਿਆਨਕ ਦੌਰ ਦੀ ਅਸਲੀਅਤ ਨੂੰ ਅੱਜ ਸਮਝ ਸਕੇ ਹਾਂ,ਕਿਉਂਕਿ ਅੱਜ ਤੱਕ ਸਾਨੂੰ ਇਤਿਹਾਸ ਦਾ ਉਹ ਪਾਸਾ ਹੀ ਪੜ੍ਹਾਇਆ ਅਤੇ ਦਿਖਾਇਆ ਜਾਂਦਾ ਸੀ ਜਿਸ ਵਿੱਚ ਅੰਗਰੇਜ਼ ਸਰਕਾਰ ਦਾ ਮਨੁੱਖਤਾਵਾਦੀ ਚਿਹਰਾ ਪੇਸ਼ ਹੁੰਦਾ ਸੀ। ਪਰ ਫਿਲਮ ਦੇਖਕੇ ਪਤਾ ਲੱਗਾ ਕਿ ਉਹ ਬਾਲਕ ਜਿਸਨੂੰ ਅਸੀਂ ਹੁਣ ਤੱਕ ਅੰਗਰੇਜ਼ਾਂ ਦਾ ਸਤਿਕਾਰਤ ਮਹਿਮਾਨ ਹੀ ਸਮਝਦੇ ਰਹੇ, ਕਿਸ ਕਿਸਮ ਦੇ ਦੋਹਰੇ ਚਕਰਵਿਊ ਨਾਲ ਜੂਝਦਾ ਹੋਇਆ ਅੰਤ ਤੱਕ ਆਪਣੇ ਗੁਆਚੇ ਹੋਏ ਸਿੱਖ ਰਾਜ ਨੂੰ ਹਾਸਲ ਕਰਨ ਲਈ ਜੀਅ ਤੋੜ ਕੋਸ਼ਿਸ਼ ਕਰਦਾ ਰਿਹਾ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸਾਨੂੰ ਸਿਰਫ ਇਹ ਹੀ ਪਤਾ ਸੀ ਕਿ ਮਹਾਰਾਜਾ ਦਲੀਪ ਸਿੰਘ ਨੂੰ ਬਹੁਤ ਸਤਿਕਾਰ ਸਹਿਤ ਪੰਜਾਬ ਤੋਂ ਇੱਕ ਸ਼ਾਹੀ ਮਹਿਮਾਨ ਦੇ ਤੌਰ ਤੇ ਲਿਆਂਦਾ ਗਿਆ ਸੀ ਅਤੇ ਉਸਨੂੰ ਸ਼ਾਹੀ ਪਰਵਰਿਸ਼ ਵਿੱਚ ਰੱਖਿਆ ਗਿਆ ਸੀ ਜਿੱਥੇ ਉਹ ਆਪਣੀ ਮਾਸੂਮ ਜਿੰਦਗੀ ਭੋਗ ਕੇ ਪੂਰਾ ਹੋ ਗਿਆ। ਪਰ ਇਸ ਫਿਲਮ ਨੇ ਸਾਡੀਆਂ ਉਹ ਅੱਖਾਂ ਖੋਲ੍ਹ ਦਿੱਤੀਆਂ ਹਨ ਜੋ ਇਤਿਹਾਸ ਦੀਆਂ ਕਿਤਾਬਾਂ ਨੇ ਬੰਦ ਕਰ ਦਿੱਤੀਆਂ ਸਨ। ਉਨ੍ਹਾਂ ਨੇ ਆਪਣੇ ਸੀਨੇ ਵਿੱਚ ਚੀਸ ਮਹਿਸੂਸ ਕਰਕੇ ਦੱਸਿਆ ਕਿ ਇੱਕ ਮਾਸੂਮ ਬਾਲਕ ਨੂੰ ਕਿਵੇਂ ਜਬਰੀਂ ਆਪਣੀ ਪਿਆਰੀ ਮਾਂ ਤੋਂ ਵੱਖ ਕਰਕੇ ਇਸ ਸ਼ਾਹੀ ਜੇਲ੍ਹ ਵਰਗੀ ਜਿੰਦਗੀ ਵਿੱਚ ਰੱਖਿਆ ਗਿਆ ਅਤੇ ਕਿਵੇਂ ਉਹ ਬਾਲਕ ਸਾਰੀ ਉਮਰ ਆਪਣੀ ਮਾਂ ਅਤੇ ਆਪਣੇ ਲੋਕਾਂ ਨੂੰ ਮਿਲਣ ਲਈ ਤੜਫਦਾ ਰਿਹਾ ਇਹ ਜਾਣਕਾਰੀ ਇਸ ਫਿਲਮ ਨੇ ਹੀ ਦਿੱਤੀ ਹੈ।

ਇੱਕ ਹੋਰ ਅੰਗਰੇਜ਼ ਨੇ ਆਖਿਆ ਕਿ ਫਿਲਮ ਨੇ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਨੂੰ ਘੇਰਾ ਪਾ ਕੇ ਚੱਲ ਰਹੇ ਦੋ ਤੂਫਾਨਾਂ ਦੀ ਗੱਲ ਛੇੜੀ ਹੈ। ਇੱਕ ਤੂਫਾਨ ਉਸਦੀ ਨਿੱਜੀ ਜਿੰਦਗੀ ਉ%ਤੇ ਚੜ੍ਹ ਰਿਹਾ ਸੀ ਜਿਸ ਵਿੱਚ ਉਸਦੇ ਪਿਤਾ ਦੀ ਮੌਤ ਤੋਂ ਬਾਅਦ ਉਸਦੇ ਭਰਾਵਾਂ ਅਤੇ ਰਿਸ਼ਤੇਦਾਰਾਂ ਦਾ ਬੇਕਿਰਕ ਕਤਲੇਆਮ ਹੋਇਆ ਅਤੇ ਦੂਜਾ ਤੂਫਾਨ ਉਸਦੀ ਜਿੰਦਗੀ ਦਾ ਰਾਜਸੀ ਤੂਫਾਨ ਸੀ ਜਿਸਨੇ ਉਸ ਧਰਤੀ ਦਾ ਮੁਹਾਂਦਰਾ ਹੀ ਬਦਲ ਕੇ ਰੱਖ ਦਿੱਤਾ ਜਿੱਥੇ ਕਦੇ ਖਾਲਸਾਈ ਨਿਸ਼ਾਨ ਝੂਲਦੇ ਹੁੰਦੇ ਸਨ।

ਨਿਰਸੰਦੇਹ ‘ਦਾ ਬਲੈਕ ਪ੍ਰਿੰਸ’ ਨੇ ਸਿੱਖ ਇਤਿਹਾਸ ਦੇ ਉਸ ਵੱਡੇ ਦਰਦਨਾਕ ਕਾਂਡ ਦੀ ਗੱਲ ਸਪਸ਼ਟ ਰੂਪ ਵਿੱਚ ਛੇੜਣ ਦਾ ਯਤਨ ਕੀਤਾ ਹੈ ਜਿਸ ਵਿੱਚ ਅੰਗਰੇਜ਼ ਸਾਮਰਾਜ ਦੇ ਉਸ ਭਿਆਨਕ ਚਿਹਰੇ ਨੂੰ ਕਲਾਤਮਕ ਢੰਗ ਨਾਲ ਬੇਪਰਦ ਕਰਨ ਦਾ ਯਤਨ ਕੀਤਾ ਗਿਆ ਹੈ।

ਸਾਡਾ ਮਾਸੂਮ ਮਹਾਰਾਜਾ ਕਿਵੇਂ ਆਪਣੀ ਨਿੱਜੀ ਜਿੰਦਗੀ ਅਤੇ ਰਾਜਸੀ ਜਿੰਦਗੀ ਦੇ ਝੱਖੜਾਂ ਨਾਲ ਜੂਝਦਾ ਹੋਇਆ, ਆਪਣੀ ਮਾਂ ਦੇ ਵਿਛੋੜੇ ਵਿੱਚ ਕਿਵੇਂ ਮਾਂ ਅਤੇ ਸਿੱਖ ਰਾਜ ਨੂੰ ਹਾਸਲ ਕਰਨ ਲਈ ਵੱਡੇ ਭੇੜੀਆਂ ਨਾਲ ਲੜਦਾ ਰਿਹਾ, ਇਹ ਫਿਲਮ ਦਾ ਕਲਾਤਮਕ ਹਾਸਲ ਹੈ।

ਹੁਣ ਤੱਕ ਪੜ੍ਹਾਏ ਜਾਂਦੇ ਇੱਕ ਪਾਸੜ ਇਤਿਹਾਸ ਨੂੰ ਕੁਝ ਹੱਦ ਤੱਕ ਇਸ ਫਿਲਮ ਨੇ ਬੇਪਰਦ ਕਰਨ ਦਾ ਯਤਨ ਕੀਤਾ ਹੈ। ਇੱਕ ਬੇਗਾਨੇ ਮੁਲਕ, ਆਬੋ-ਹਵਾ ਅਤੇ ਬੇਗਾਨੇ ਲੋਕਾਂ ਵਿੱਚ ਰਹਿ ਕੇ ਕਿਵੇਂ ਸਾਡੇ ਮਾਸੂਮ ਮਹਾਰਾਜੇ ਨੇ ਸਿੱਖ ਰਾਜ ਨੂੰ ਮੁੜ ਹਾਸਲ ਕਰ ਲੈਣ ਦੇ ਯਤਨ ਕੀਤੇ ਇਹ ਕਹਾਣੀ ਕਿਸੇ ਇੱਕ ਫਿਲਮ ਜਾਂ ਇੱਕ ਅੱਧੀ ਕਿਤਾਬ ਦੀ ਮੁਥਾਜ ਨਹੀ ਹੈ। ਇਸ ਵਿਸ਼ੇ ਤੇ ਸੈਂਕੜੇ ਫਿਲਮਾਂ ਅਤੇ ਹਜਾਰਾਂ ਕਿਤਾਬਾਂ ਆਉਣੀਆਂ ਚਾਹੀਦੀਆਂ ਹਨ।

ਇਨ੍ਹਾਂ ਦਸਤਾਵੇਜ਼ਾਂ ਵਿੱਚ ਉਨ੍ਹਾਂ ਲੋਕਾਂ ਦੀ, ‘ਸੱਭਿਅਤਾ’ ਅਤੇ ‘ਸੱਭਿਅਕ’ ਵਤੀਰਾ ਵੀ ਬੇਪਰਦ ਹੋਣਾਂ ਚਾਹੀਦਾ ਹੈ ਜਿਨ੍ਹਾਂ ਨੇ ਛੋਟੇ ਛੋਟੇ ਮਸੂਮ ਬਾਲਕਾਂ ਨੂੰ ਮਰਵਾਉਣ ਲਈ ਲੋਕਾਂ ਨੂੰ ਉੁਤੇਜਿਤ ਕੀਤਾ ਅਤੇ ਜਿਨ੍ਹਾਂ ਨੇ ਸਾਡੀ ਸਤਿਕਾਰਯੋਗ ਮਹਾਰਾਣੀ ਨੂੰ ਸ਼ਰੇਆਮ ਦਰਬਾਰ ਵਿੱਚੋਂ ਵਾਲਾਂ ਤੋਂ ਫੜਕੇ ਅਤੇ ਘੜੀਸਕੇ ਗ੍ਰਿਫਤਾਰ ਕੀਤਾ।

ਜਿਨ੍ਹਾਂ ਸਿੱਖਾਂ ਨੇ ਇਸ ਫਿਲਮ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਉਨ੍ਹਾਂ ਸਾਰਿਆਂ ਦੇ ਵਿਚਾਰਾਂ ਵਿੱਚੋਂ ਸਿੱਧੇ ਜਾਂ ਅਸਿੱਧੇ ਤੌਰ ਤੇ ਆਪਣੇ ਗੁਆਚੇ ਹੋਏ ਸਿੱਖ ਰਾਜ ਨੂੰ ਮੁੜ ਹਾਸਲ ਕਰ ਲੈਣ ਦੀ ਰੀਝ ਕਿਤੇ ਨਾ ਕਿਤੇ ਸਮਝੀ ਜਾ ਸਕਦੀ ਹੈ।

ਅਸੀਂ ਸਮਝਦੇ ਹਾਂ ਕਿ ਇਹੋ ਹੀ ਇਸ ਫਿਲਮ ਦਾ ਅਸਲ ਹਾਸਲ ਹੈ ਕਿ ਇਸਨੇ ਸਿੱਖਾਂ ਵਿੱਚ ਆਪਣੇ ਰਾਜ ਨੂੰ ਹਾਸਲ ਕਰ ਲੈਣ ਦੀ ਰੀਝ ਮੁੜ ਤੋਂ ਪੈਦਾ ਕਰ ਦਿੱਤੀ ਹੈ। ਇਹੋ ਹੀ ‘ਦਾ ਬਲੈਕ ਪ੍ਰਿੰਸ’ ਦਾ ਅਸਲ ਸੰਦੇਸ਼ ਹੈ। ਸਿੱਖਾਂ ਨੂੰ ਇਹ ਸੰਦੇਸ਼ ਸਦਾ ਯਾਦ ਰੱਖਣਾਂ ਚਾਹੀਦਾ ਹੈ।