ਭਾਰਤ ਅਤੇ ਪਾਕਿਸਤਾਨ ਦਰਮਿਆਨ ਰਾਜਸੀ ਅਤੇ ਫੌਜੀ ਤਣਾਅ ਨੂੰ ਅੱਜਕੱਲ੍ਹ ਭਾਰਤੀ ਮੀਡੀਆ ਨੇ ਖੂਬ ਉਛਾਲਿਆ ਹੋਇਆ ਹੈ। ਦਿੱਲੀ ਅਤੇ ਮੁੰਬਈ ਦੇ ਏਅਰ-ਕੰਡੀਸਨਡ ਸਟੂਡੀਓਜ਼ ਵਿੱਚ ਬੈਠੇ ਜਾਤ ਅਭਿਮਾਨੀ ਪੱਤਰਕਾਰ ਇਸ ਵੇਲੇ ਜੰਗ ਦੀਆਂ ਖਬਰਾਂ ਸੁਆਦ ਲੈ ਲੈ ਕੇ ਪ੍ਰਸਾਰਿਤ ਕਰ ਰਹੇ ਹਨ। ਭਾਰਤ ਅਤੇ ਪਾਕਿਸਤਾਨ ਦਰਮਿਆਨ ਕ੍ਰਿਕਟ ਦੇ ਮੈਚ ਨੂੰ ਵੀ ਜੰਗ ਵਰਗੀ ਮਾਨਸਿਕਤਾ ਨਾਲ ਦੇਖਣ ਵਾਲੇ ਫਿਰਕੂ ਲੋਕਾਂ ਪੱਤਰਕਾਰਾਂ ਲਈ ਦੋਵਾਂ ਦੇਸ਼ਾਂ ਦਰਮਿਆਨ ਪੈਦਾ ਹੋਇਆ ਤਣਾਅ ਰੱਬੀ ਖਿਦਮਤ ਬਣਕੇ ਬਹੁੜਿਆ ਹੈ। ਜਿਨ੍ਹਾਂ ਨੂੰ ਇਸ ਧਰਤੀ ਦੇ ਨਾ ਇਤਿਹਾਸ ਦਾ ਪਤਾ ਹੈ ਅਤੇ ਨਾ ਅਤੀਤ ਦਾ। ਜੋ ੧੯੮੦ਵਿਆਂ ਵਿੱਚ ਜੰਮੇ ਪਲੇ ਹਨ ਉਹ ਪੂਰੇ ਦੇਸ਼ ਨੂੰ ਜੰਗ ਦੀਆਂ ਖੂਬੀਆਂ ਬਾਰੇ ਸੁਆਦ ਲੈ ਲੈ ਕੇ ਦੱਸ ਰਹੇ ਹਨ।
ਦੂਜੇ ਪਾਸੇ ਮੇਰੇ ਵਤਨ ਪੰਜਾਬ ਦੀਆਂ ਹਜਾਰਾਂ ਮਾਵਾਂ ਭੈਣਾਂ, ਵੀਰ ਬਜ਼ੁਰਗ ਆਪਣਾਂ ਘਰ ਦਾ ਸਮਾਨ ਅਤੇ ਡੰਗਰ ਵੱਛਾ ਸਾਂਭ ਕੇ ਬਿਨਾ ਜੰਗ ਤੋਂ ਹੀ ਰਫੂਜੀ ਹੋ ਗਏ ਹਨ। ਉਨ੍ਹਾਂ ਦੇ ਘਰਾਂ ਵਿੱਚ ਵੈਣ ਪੈ ਰਹੇ ਹਨ। ਦਿੱਲੀ ਅਤੇ ਬੰਬੇ ਤੋਂ ਦਿਖਦੀ ਜੰਗ ਪੰਜਾਬ ਵਿੱਚ ਕਿੰਨੀ ਭਿਆਨਕ ਹੈ ਇਸਦਾ ਕਿਸੇ ਨੂੰ ਅਹਿਸਾਸ ਵੀ ਨਹੀ ਹੈ। ਆਪਣੀ ਲੋੜ ਦਾ ਸਮਾਨ ਟਰਾਲੀਆਂ ਵਿੱਚ ਸਾਂਭੀ ਆਪਣੀ ਹੀ ਧਰਤੀ ਤੇ ਬੇਗਾਨੇ ਹੋਣ ਦਾ ਦਰਦ ਕਿਸੇ ਨੂੰ ਵੀ ਸਮਝ ਨਹੀ ਆ ਰਿਹਾ। ਬਲਕਿ ਭਾਰਤੀ ਮੀਡੀਆ ਤਾਂ ਆਤਿਸ਼ਬਾਜ਼ੀ ਅਤੇ ਪਟਾਕੇ ਚਲਾਉਣ ਦੀਆਂ ਹੀ ਖਬਰਾਂ ਪ੍ਰਕਾਸ਼ਿਤ ਕਰ ਰਿਹਾ ਹੈ।
ਦੂਰ ਦੂਰ ਤੋਂ ਜੰਗ ਬਹੁਤ ਵਧੀਆ ਲਗਦੀ ਹੈ। ਜੰਗ ਤੋਂ ਦੂਰ ਰਹਿਕੇ ਜੰਗ ਬਾਰੇ ਗੱਲਾਂ ਕਰਨੀਆਂ ਬਹੁਤ ਸੁਆਦਲੀਆਂ ਹੁੰਦੀਆਂ ਹਨ। ਜੰਗ ਵਿੱਚ ਬਲਦੀ ਦੇ ਬੂਥੇ ਜਾਣਾਂ ਅਤੇ ਆਪਣਾਂ ਸਾਰਾ ਕੁਝ ਬਰਬਾਦ ਕਰਵਾ ਲੈਣ ਦਾ ਦਰਦ ਉਹ ਹੀ ਸਮਝ ਸਕਦਾ ਹੈ ਜਿਸ ਨੇ ਜੰਗ ਅਤੇ ਫਿਰ ਆਪਣੇ ਹੀ ਦੇਸ਼ ਵਿੱਚ ਜੰਗ ਵਰਗੀ ਸਥਿਤੀ ਦਾ ਸਾਹਮਣਾ ਕੀਤਾ ਹੋਵੇ ਅਤੇ ਉਸ ਦਰਦ ਨੂੰ ਹੱਡੀ ਹੰਢਾਇਆ ਹੋਵੇ। ਸਿੱਖਾਂ ਨੇ ਆਪਣੀ ਸੋਝੀ ਵਿੱਚ ਦੋਵੇਂ ਕਿਸਮ ਦੀਆਂ ਜੰਗਾਂ ਦੇਖ ਹੰਢਾ ਲਈਆਂ ਹਨ। ਗਵਾਂਢੀ ਦੇਸ਼ ਦੇ ਖਿਲਾਫ ਵੀ ਅਤੇ ਆਪਣੇ ਦੇਸ਼ ਦੇ ਨਾਲ ਵੀ। ਗਵਾਂਢੀ ਮੁਲਕ ਨਾਲ ਤਾਂ ਜੰਗ ਸਿਰਫ ਦੋ ਮਹੀਨੇ ਹੀ ਚਲਦੀ ਹੈ ਪਰ ਆਪਣੇ ਮੁਲਕ ਵੱਲੋਂ ਅਤੇ ਆਪਣੇ ਹਾਕਮਾਂ ਵੱਲੋਂ ਸਿੱਖਾਂ ਖਿਲਾਫ ਅਰੰਭੀ ਹੋਈ ਜੰਗ ੩੦ ਸਾਲ ਤੋਂ ਹਾਲੇ ਵੀ ਜਾਰੀ ਹੈ।
ਵਿਗਿਆਨ ਦੀ ਅਖੌਤੀ ਤਰੱਕੀ ਨੇ ਇਸ ਦੁਨੀਆਂ ਦਾ ਭਾਵੇਂ ਕੁਝ ਸਵਾਰਿਆ ਹੋਵੇ ਜਾਂ ਨਾ ਪਰ ਇਸਨੇ ਜੰਗਾਂ ਵਰਗੇ ਭਿਆਨਕ ਮਹੌਲ ਅਤੇ ਅਹਿਸਾਸਾਂ ਨੂੰ ਵੀ ਫਿਲਮਾਂ ਵਾਂਗ ਦੇਖਣ ਵਾਲੀ ਅਤੇ ਮਾਨਣ ਵਾਲੀ ਚੀਜ ਬਣਾ ਦਿੱਤਾ ਹੈ। ਹੁਣ ਜੰਗਾਂ ਦਾ ਸਿੱਧਾ ਪ੍ਰਸਾਰਨ ਹੋਣ ਲੱਗ ਪਿਆ ਹੈ, ਮੈਡੋਨਾ ਅਤੇ ਬੇਓਂਸੇ ਦੇ ਸ਼ੋਆਂ ਵਾਂਗ। ਹਰ ਪੰਦਰਾਂ ਮਿੰਟ ਬਾਅਦ ਵੱਡੀਆਂ ਕੰਪਨੀਆਂ ਦੇ ਇਸ਼ਤਿਹਾਰ ਆਉਂਦੇ ਹਨ। ਪਿੱਛੋਂ ਟੀ.ਆਰ.ਪੀ ਵਾਲੇ ਕੰਨ ਵਾਲੇ ਮਾਈਕ ਵਿੱਚ ਹੋਰ ਤੱਤਾ ਮਾਲ ਪਰੋਸਣ ਨੂੰ ਆਖਦੇ ਹਨ ਕਿਉਂਕਿ ਇਸ਼ਤਿਹਾਰ ਵਿਭਾਗ ਲਗਾਤਾਰ ਸਾਮੀਆਂ ਨੂੰ ਡੋਰੇ ਪਾ ਰਿਹਾ ਹੁੰਦਾ ਹੈ ਅਤੇ ਐਂਕਰ ਹੋਰ ਨਫਰਤ ਭਰਪੂਰ ਮਹੌਲ ਸਿਰਜਦਾ ਜਾਂਦਾ ਹੈ। ਕਿਆ ਬਾਤ ਹੈ। ਸੱਚਮੁੱਚ ਹੀ ਸਟੂਡੀਓ ਵਿੱਚ ਬੈਠਕੇ ਜੰਗ ਬਹੁਤ ਸੁਆਦਲੀ ਲਗਦੀ ਹੈ।
ਇਹ ਹਾਲ ਸਿਰਫ ਭਾਰਤ ਦਾ ਹੀ ਨਹੀ ਹੈ ਬਲਕਿ ਸਮੁੱਚੀ ਦੁਨੀਆਂ ਵਿੱਚ ਹੀ ਇਹੋ ਕੁਝ ਹੋ ਰਿਹਾ ਹੈ। ਜੰਗ ਅਤੇ ਮੀਡੀਆ ਹੁਣ ਇੱਕ ਚੀਜ ਹੀ ਬਣ ਗਏ ਹਨ। ਜੰਗ ਅਤੇ ਮੀਡੀਆ ਵਿੱਚ ਕੋਈ ਫਰਕ ਨਹੀ ਰਹਿ ਗਿਆ। ਡਿਪਲੋਮੈਟ ਅਤੇ ਫੌਜੀ ਅਫਸਰ ਜੰਗ ਭਰਕਾਉਂਦੇ ਹਨ, ਮੀਡੀਆ ਉਸ ਤੇ ਮਿੱਟੀ ਦਾ ਤੇਲ ਪਾਉਂਦਾ ਹੈ। ਹੁਣ ਦੁਨੀਆਂ ਭਰ ਦਾ ਮੀਡੀਆ ਜੰਗ ਦੀ ਹਮਬਿਸਤਰੀ ਕਰ ਰਿਹਾ ਹੈ।
੨ ਅਕਤੂਬਰ ਦੇ ਸੰਡੇ ਟਾਈਮਜ਼ ਨੇ ਇਸ ਸਬੰਧੀ ਹੀ ਵਿਸ਼ੇਸ਼ ਰਿਪੋਰਟ ਛਾਪੀ ਹੈ। ਅਖਬਾਰ ਦੇ ਪਹਿਲੇ ਪੰਨੇ ਤੇ ਛਪੀ ਇਸ ਵਿਸ਼ੇਸ਼ ਰਿਪੋਰਟ ਵਿੱਚ ਆਖਿਆ ਗਿਆ ਹੈ ਕਿ ੨੦੦੩ ਵਿੱਚ ਇਰਾਕ ਤੇ ਹਮਲਾ ਕਰਨ ਮੌਕੇ ਅਮਰੀਕੀ ਫੌਜ ਅਤੇ ਸਰਕਾਰ ਨੇ ਮਾਰਗਰੈਟ ਥੈਚਰ ਦੇ ਸਾਬਕਾ ਮੀਡੀਆ ਸਲਾਹਕਾਰ ਲਾਰਡ ਬੈਲ ਨੂੰ ੫੪੦ ਮਿਲੀਅਨ ਡਾਲਰ ਦੇ ਇਕਰਾਰਨਾਮੇ ਅਧੀਨ ਸਾਰੇ ਮਿਡਲ ਈਸਟ ਵਿੱਚ ਅਮਰੀਕਾ ਦੀ ਹਮਾਇਤ ਵਾਲੀਆਂ ਅਤੇ ਬਾਗੀਆਂ ਖਿਲਾਫ ਨਫਰਤ ਪੈਦਾ ਕਰਨ ਵਾਲੀਆਂ ਵਿਡੀਓਜ਼ ਟੀ.ਵੀ. ਚੈਨਲਾਂ ਤੇ ਚਲਾਉਣ ਦਾ ਠੇਕਾ ਦਿੱਤਾ ਸੀ।
ਦੁਨੀਆ ਭਰ ਵਿੱਚ ਮੀਡੀਆ ਦੇ ਇਤਿਹਾਸ ਵਿੱਚ ਇਸ ਠੇਕੇ ਨੂੰ ਸਭ ਤੋਂ ਮਹਿੰਗੇ ਠੇਕੇ ਦੇ ਤੌਰ ਤੇ ਦੇਖਿਆ ਜਾਂਦਾ ਹੈ ਜਿਸ ਵਿੱਚ ਪੂਰੇ ਮਿਡਲ ਈਸਟ ਵਿੱਚ ਲਾਰਡ ਬੈਲ ਦੀ ਕੰਪਨੀ, ਦੇ ਵਰਕਰਾਂ ਨੇ ਦਿਨ ਰਾਤ ਕੰਮ ਕੀਤਾ। ਇਹ ਮੋਰਚਾ ਅ੍ਰਮਰੀਕੀ ਫੌਜ ਨੇ ਆਪਣੇ ਫੌਜੀ ਮੋਰਚੇ ਦੇ ਬਰਾਬਰ ਹੀ ਚਲਾਇਆ ਪਰ ਇਹ ਬਹੁਤ ਗੁਪਤ ਸੀ। ਇਸ ਠੇਕੇ ਅਧੀਨ ਲਾਰਡ ਬੈਲ ਦੀ ਕੰਪਨੀ ਨੇ ਮਿਡਲ ਈਸਟ ਦੇ ਟੀ.ਵੀ. ਚੈਨਲਾਂ ਨੂੰ ਖਬਰਾਂ ਦੀ ਸਮੱਗਰੀ ਗੁਪਤ ਢੰਗ ਨਾਲ ਪਰੋਸੀ, ਅਮਰੀਕੀ ਫੌਜੀ ਕਾਰਵਾਈ ਨੂੰ ਸਹੀ ਠਹਿਰਾਉਣ ਵਾਲੇ ਟੀ.ਵੀ. ਸੀਰੀਅਲ ਬਣਾ ਕੇ ਪ੍ਰਸਾਰਿਤ ਕਰਵਾਏ ਅਤੇ ਇਸਦੇ ਨਾਲ ਹੀ ਅਮਰੀਕਾ ਵਿਰੋਧੀ ਲੋਕਾਂ ਤੇ ਅੱਖ ਰੱਖਣ ਲਈ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ, ਬਾਗੀਆਂ ਦੀਆਂ ਵੀਡੀਓਜ਼ ਵੀ ਪ੍ਰਸਾਰਿਤ ਕੀਤੀਆਂ ਗਈਆਂ। ਇਹ ਵੀਡੀਓਜ਼ ਲਗਾਤਾਰ ਪ੍ਰਸਾਰਿਤ ਕੀਤੀਆਂ ਗਈਆਂ ਅਤੇ ਫਿਰ ਇਹ ਦੇਖਿਆ ਗਿਆ ਕਿ ਕਿਹੜੇ ਕਿਹੜੇ ਘਰ ਵਿੱਚ ਇਹ ਵੀਡੀਓਜ਼ ਦੇਖੀਆਂ ਜਾਂਦੀਆਂ ਹਨ। ਉਨ੍ਹਾਂ ਨੂੰ ਅਮਰੀਕਾ ਵਿਰੋਧੀ ਅਤੇ ਬਾਗੀਆਂ ਦੇ ਹਮਾਇਤੀ ਜਾਣ ਕੇ ਅੱਖ ਰੱਖੀ ਗਈ।
ਲਾਰਡ ਬੈਲ ਨੇ ਮੰਨਿਆ ਹੈ ਕਿ ਇਹ ਅਮਰੀਕੀ ਫੌਜ ਦਾ ਗੁਪਤ ਅਪਰੇਸ਼ਨ (Covert Military Operation) ਸੀ ਅਤੇ ਅਸੀਂ ਸੀ.ਆਈ.ਏ., ਪੈਂਟਾਗਨ ਅਤੇ ਨੈਸ਼ਨਲ ਸਕਿਓਰਿਟੀ ਕੌਂਸਲ ਨੂੰ ਰਿਪੋਰਟ ਕਰਦੇ ਸੀ। ਕੰਪਨੀ ਵਿੱਚ ਕੰਮ ਕਰਦੇ ਰਹੇ ਇੱਕ ਵੀਡੀਓ ਐਡੀਟਰ, ਮਾਰਟਿਨ ਵੈਲਜ਼ ਦਾ ਕਹਿਣਾਂ ਹੈ ਕਿ ਅਸੀਂ, ਮਾਨਸਿਕ ਜੰਗ, (Psychological Warefare) ਦਾ ਹਿੱਸਾ ਸੀ।
ਹੁਣ ਇਸ ਸੰਦਰਭ ਵਿੱਚ ਭਾਰਤੀ ਮੀਡੀਆ ਦੇ ਮੌਜੂਦਾ ਰੋਲ ਨੂੰ ਦੇਖਿਆ ਜਾ ਸਕਦਾ ਹੈ। ਲਾਰਡ ਬੈਲ ਨੇ ਅਲ-ਕਾਇਦਾ ਦੀਆਂ ਨਕਲੀ ਵੀਡੀਓਜ਼ ਬਣਾਕੇ ਪ੍ਰਸਾਰਿਤ ਕੀਤੀਆਂ ਅਤੇ ਫਿਰ ਉਨ੍ਹਾਂ ਨੂੰ ਦੇਖਣ ਵਾਲਿਆਂ ਨੂੰ ਨਿਗਾਹ ਹੇਠ ਲਿਆਂਦਾ।
ਜਦੋਂ ਸਰਕਾਰਾਂ ਏਨੇ ਵੱਡੇ ਪੱਧਰ ਦੇ ਅਪ੍ਰੇਸ਼ਨਾਂ ਵਿੱਚ ਸ਼ਾਮਲ ਹੋਣ ਅਤੇ ਜਦੋਂ ਜੰਗ ਦੇ ਹਰ ਮੋਰਚੇ ਤੇ ਮਾਨਸਿਕ ਜੰਗ ਦੂਣੀ ਸ਼ਕਤੀ ਨਾਲ ਲੜੀ ਜਾਂਦੀ ਹੋਵੇ। ਜਦੋਂ ਕਰੋੜਾਂ ਡਾਲਰਾਂ ਦੇ ਠੇਕੇ ਮਿਲਦੇ ਹੋਣ ਜੰਗ ਦਾ ਬੁਖਾਰ ਪੈਦਾ ਕਰਨ ਲਈ।
ਜਦੋਂ ਜੰਗੀ ਮਹੌਲ ਹੀ ਚੋਣਾਂ ਜਿੱਤਣ ਦਾ ਇੱਕੋ ਇੱਕ ਵਸੀਲਾ ਰਹਿ ਗਿਆ ਹੋਵੇ। ਉਸ ਵੇਲੇ ਏਅਰ-ਕੰਡੀਸਨਡ ਸਟੂਡੀਓਜ਼ ਵਿੱਚ ਬੈਠਕੇ ਜੰਗ ਵਾਕਿਆ ਹੀ ਬਹੁਤ ਖੂਬਸੂਰਤ ਲਗਦੀ ਹੈ।