ਦੁਨੀਆਂ ਦਾ ਹਰ ਸ਼ਾਸ਼ਕ ਜਮਹੂਰੀਅਤ ਦੇ ਆਪੋ ਆਪਣੇ ਅਰਥ ਕੱਢਦਾ ਹੈੈ। ਜਿਹੜਾ ਵੀ ਸਿਆਸੀ ਨੇਤਾ ਇੱਕ ਵਾਰ ਸੱਤਾ ਦੀ ਕੁਰਸੀ ਤੇ ਬਿਰਾਜਮਾਨ ਹੋ ਗਿਆ ਉਸਦਾ ਇਹ ਸੁਪਨਾ ਰਹਿੰਦਾ ਹੈ ਕਿ ਉਹ ਹਮੇਸ਼ਾ ਹਮੇਸ਼ਾ ਲਈ ਸੱਤਾ ਸੀਨ ਹੀ ਰਹੇ। ਇਸ ਕੰਮ ਲਈ ਉਹ ਕਈ ਕਿਸਮ ਦੇ ਪਾਪੜ ਵੇਲਦਾ ਹੈੈ।
ਹਲਾਂਕਿ ਜਮਹੂਰੀਅਤ, ਅਸਲ ਅਰਥਾਂ ਵਿੱਚ ਅਜਿਹਾ ਸਿਆਸੀ ਸਿਧਾਂਤ ਹੈ ਜਿਸ ਅਨੁਸਾਰ ਹਰ ਵੋਟਰ ਦੇ ਭਾਵਾਂ ਦਾ ਸਤਿਕਾਰ ਕਰਨਾ ਹੁੰਦਾ ਹੈ ਅਤੇ ਹਰ ਵਿਰੋਧੀ ਸਿਆਸੀ ਵਰਕਰ ਦੇ ਵਿਚਾਰਾਂ ਨੂੰ ਥਾਂ ਦੇਣੀ ਹੁੰਦੀ ਹੈੈ। ਪਰ ਬਹੁਤ ਥੋੜੇ ਨੇਤਾ ਹਨ ਜੋ ਜਮਹੂਰੀਅਤ ਦੇ ਇਨ੍ਹਾਂ ਦੋ ਸਿਧਾਂਤਾਂ ਦਾ ਸਤਿਕਾਰ ਕਰਦੇ ਹਨ।
ਅਮਰੀਕਾ ਨੂੰ ਦੁਨੀਆਂ ਭਰ ਵਿੱਚ ਜਮਹੂਰੀਅਤ ਦੇ ਥੰਮ ਵੱਜੋਂ ਜਾਣਿਆਂ ਜਾਂਦਾ ਹੈੈ। ਅਕਸਰ ਸਮੁੱਚੇ ਸੰਸਾਰ ਵਿੱਚ ਅਮਰੀਕੀ ਜਮਹੂਰੀਅਤ ਦੀਆਂ ਉਦਾਹਰਨਾ ਦਿੱਤੀਆਂ ਜਾਂਦੀਆਂ ਹਨ ਅਤੇ ਇਹ ਕਿਆਸ ਕੀਤਾ ਜਾਂਦਾ ਹੈ ਕਿ ਸਾਰੇ ਮੁਲਕ ਅਮਰੀਕਾ ਵਰਗੇ ਹੋਣ।
ਪਰ ਪਿਛਲੇ ਦਿਨੀ ਵਾਪਰੀਆਂ ਘਟਨਾਵਾਂ ਨੇ ਇਹ ਦਰਸਾ ਦਿੱਤਾ ਹੈ ਕਿ ਅਮਰੀਕਾ ਵੀ ਤਾਨਾਸ਼ਾਹੀ ਦੇ ਲੱਛਣਾਂ ਤੋਂ ਵਿਰਵਾ ਨਹੀ ਹੈੈੈ। ਕੋਈ ਵੀ ਜਮਹੂਰੀ ਸਮਾਜ ਉਸ ਵੇਲੇ ਹੀ ਵਿਕਾਸ ਕਰ ਸਕਦਾ ਹੈ ਜਦ ਤੱਕ ਉਸਦੇ ਸਿਧਾਂਤਾਂ ਦੀ ਪਾਲਣਾਂ ਇਮਾਨਦਾਰੀ ਨਾਲ ਹੁੰਦੀ ਹੈੈ। ਜੇ ਕੋਈ ਨੇਤਾ ਜਮਹੂਰੀ ਖੇਤਰ ਵਿੱਚ ਵੀ ਤਾਨਾਸ਼ਾਹੀ ਦੇ ਵਿਗਾੜ ਲੈ ਆਵੇ ਤਾਂ ਸੱਭਿਅਕ ਸਮਾਜ ਵੀ ਖੇਰੂੰ ਖੇਰੂੰ ਹੋ ਜਾਂਦਾ ਹੈੈ।
ਅਮਰੀਕਾ ਦੇ ਮੌਜੂਦਾ ਪਰਧਾਨ ਡਾਨਲਡ ਟਰੰਪ ਜਦੋਂ ਦੇ ਰਾਜਗੱਦੀ ਤੇ ਬਿਰਾਜਮਾਨ ਹੋਏ ਹਨ ਉਸ ਦਿਨ ਤੋਂ ਹੀ ਅਮਰੀਕੀ ਸਮਾਜ ਨੂੰ ਉਨਾਂ ਨੇ ਤਾਨਾਸ਼ਾਹਾਂ ਵਾਂਗ ਵਰਤਿਆ ਅਤੇ ਹੱਕਿਆ ਹੈੈ। ਗੱਦੀ ਤੇ ਬਿਰਾਜਮਾਨ ਹੋਣ ਦੇ ਪਹਿਲੇ ਦਿਨ ਤੋਂ ਲੈ ਕੇ ਹੀ ਉਸਨੇ ਜਮਹੂਰੀ ਸਮਾਜ ਦੀਆਂ ਸਾਰੀਆਂ ਮਰਯਾਦਾਵਾਂ ਦਾ ਘਾਣ ਕਰਨਾ ਜਾਰੀ ਰੱਖਿਆ। ਕੌਮੀ ਅਤੇ ਕੌਮਾਂਤਰੀ ਪੱਧਰ ਤੇ ਉਸਨੇ ਜਿਸ ਕਿਸਮ ਦੇ ਤਾਨਾਸ਼ਾਹ ਫੈਸਲੇ ਲਏ ਉਨ੍ਹਾਂ ਨੇ ਅਮਰੀਕੀ ਸਮਾਜ ਵਿੱਚ ਫਿਰਕੂ ਸਿਧਾਂਤ ਦਾ ਪਸਾਰਾ ਹੀ ਨਹੀ ਕੀਤਾ ਬਲਕਿ ਦੰਗਾਕਾਰੀਆਂ ਦੀ ਇੱਕ ਵੱਡੀ ਫੌਜ ਖੜ੍ਹੀ ਕਰ ਦਿੱਤੀ। ਉਹ ਦੰਗਾਕਾਰੀ ਜੋ ਆਪਣੇ ਆਕਾ ਦੇ ਇੱਕ ਇਸ਼ਾਰੇ ਤੇ ਸਾਰੇ ਜਮਹੂਰੀ ਸਿਧਾਂਤਾਂ ਅਤੇ ਸੰਸਥਾਵਾਂ ਦਾ ਘਾਣ ਕਰ ਸਕਦੇ ਹਨ।
ਪਿਛਲੇ ਦਿਨੀ ਡਾਨਲਡ ਟਰੰਪ ਦੇ ਹਮਾਇਤੀਆਂ ਨੇ ਉਸ ਮੁਲਕ ਦੀ ਸੰਸਦ ਵਿੱਚ ਘੁਸਕੇ ਜੋ ਖੜਦੁੰਮ ਮਚਾਇਆ ਉਹ ਇਸ ਗੱਲ ਦੀ ਜਿਉਂਦੀ ਜਾਗਦੀ ਮਿਸਾਲ ਹੈ ਕਿ ਕੋਈ ਵੀ ਸਮਾਜ ਸਮੁੱਚਤਾ ਵਿੱਚ ਸੱਭਿਅਕ ਨਹੀ ਹੁੰਦਾ ਬਲਕਿ ਸੂਝਵਾਨ ਲੀਡਰਸ਼ਿੱਪ ਹੀ ਕਿਸੇ ਸਮਾਜ ਨੂੰ ਸੁਚੱਜਾ ਅਤੇ ਸਿਆਣਾਂ ਬਣਾਉਂਦੀ ਹੈੈੈ। ਇਸਦੇ ਨਾਲ ਹੀ ਮਾੜੀ ਲੀਡਰਸ਼ਿੱਪ ਉਸ ਸਮਾਜ ਵਿੱਚ ਕਾਤਲੀ ਰੁਚੀਆਂ ਭਰ ਦੇਂਦੀ ਹੈੈ।
ਡਾਨਲਡ ਟਰੰਪ ਨੇ ਆਪਣੇ 4 ਸਾਲਾਂ ਦੌਰਾਨ ਉਹ ਸਭ ਕੁਝ ਕੀਤਾ ਜਿਸਦੀ ਅਮਰੀਕੀ ਸਮਾਜ ਅਤੇ ਸੱਭਿਅਤਾ ਇਜਾਜਤ ਨਹੀ ਦੇਂਦਾ। ਵੈਸੇ ਕੌਮਾਂਤਰੀ ਤੌਰ ਤੇ ਤਾਂ ਅਮਰੀਕਾ ਬਹੁਤ ਕੁਝ ਅਜਿਹਾ ਕਰ ਰਿਹਾ ਹੈ ਜਿਸ ਬਾਰੇ ਵੱਡੇ ਸੁਆਲ ਕੀਤੇ ਜਾ ਸਕਦੇ ਹਨ ਪਰ ਆਪਣੇ ਹੀ ਸਮਾਜ ਨੂੰ ਦੰਗਾਕਾਰੀਆਂ ਦੀ ਭੀੜ ਵਿੱਚ ਬਦਲ ਦੇਣਾਂ ਸਿਰਫ ਆਪਣੀ ਰਾਜਨੀਤਕ ਇੱਛਾਸ਼ਕਤੀ ਲਈ, ਇਹ ਬਹੁਤ ਖਤਰਨਾਕ ਵਰਤਾਰਾ ਆਖਿਆ ਜਾ ਸਕਦਾ ਹੈੈ।
ਤਾਨਾਸ਼ਾਹ ਬਿਰਤੀ ਵਾਲੇ ਲੋਕ ਭਾਵੇਂ ਅਮਰੀਕਾ ਵਰਗੇ ਜਮਹੂਰੀ ਸਮਾਜ ਦੇ ਆਗੂ ਵੀ ਕਿਉਂ ਨਾ ਬਣ ਜਾਣ ਉਹ ਉਸ ਸਮਾਜ ਨੂੰ ਵੀ ਖਤਮ ਕਰ ਸਕਦੇ ਹਨ ਕਿਉਂਕਿ ਤਾਨਾਸ਼ਾਹਾਂ ਨੂੰ ਉਸਾਰਨਾ ਨਹੀ ਆਉਂਦਾ ਬਲਕਿ ਤਬਾਹ ਕਰਨਾ ਹੀ ਆਉਂਦਾ ਹੈੈ।
ਅਜਿਹੀਆਂ ਰੁਚੀਆਂ ਤੋਂ ਸਮਾਜ ਨੂੰ ਬਚਾ ਕੇ ਰੱਖਣ ਦੀ ਹੁਣ ਬਹੁਤ ਵੱਡੀ ਲੋੜ ਹੈੈ।