ਸੰਸਾਰ ਭਰ ਵਿੱਚ ਇਸ ਵੇਲੇ ਸੁਪਨਿਆਂ ਦੀ ਰਾਜਨੀਤੀ ਦੀ ਹਵਾ ਵਗ ਰਹੀ ਹੈ। ਸੰਸਾਰ ਭਰ ਦੇ ਬਹੁਤੇ ਰਾਜਨੀਤੀਵਾਨ ਆਪਣੇ ਵੋਟਰਾਂ ਨੂੰ ਲੁਭਾਉਣੇ ਸੁਪਨੇ ਵੇਚ ਕੇ ਆਪਣੀ ਸੱਤਾ ਨੂੰ ਪੱਕਾ ਕਰਨ ਵਿੱਚ ਲੱਗੇ ਹੋਏ ਹਨ। ਉਨ੍ਹਾਂ ਲਈ ਯਥਾਰਥ ਹੁਣ ਏਨੇ ਖਾਸ ਮਾਅਨੇ ਨਹੀ ਰੱਖਦਾ ਜਿੰਨਾ ਸੁਪਨੇ ਮਾਅਨੇ ਰੱਖ ਰਹੇ ਹਨ। ਰਾਜਨੀਤੀਵਾਨ ਆਪਣੀ ਰਾਜਨੀਤਿਕ ਸਰਗਰਮੀ ਨੂੰ ਵਰਤਮਾਨ ਨਾਲ਼ੋਂ ਤੋੜ ਕੇ ਭਵਿੱਖ ਨਾਲ ਜੋੜੀ ਬੈਠੇ ਹਨ ਅਤੇ ਬਹੁਤ ਚਲਾਕੀ ਨਾਲ ਆਪਣੇ ਵੋਟਰਾਂ ਤੇ ਵਰਤਮਾਨ ਸਮੇਂ ਪੈ ਰਹੇ ਆਰਥਕ, ਸਮਾਜਕ ਬੋਝ ਨੂੰ ਅੱਖੋਂ ਪਰੋਖੇ ਕਰ ਅਤੇ ਕਰਵਾ ਰਹੇ ਹਨ।
ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੁਪਨਿਆਂ ਦੀ ਰਾਜਨੀਤੀ ਦੀ ਇਸ ਖੇਡ ਵਿੱਚ ਕਾਫੀ ਮੋਹਰੀ ਭੂਮਿਕਾ ਅਦਾ ਕਰ ਰਿਹਾ ਹੈ। ੨੦੧੪ ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਉਸਨੇ ਕੁਝ ਵੀ ਅਜਿਹਾ ਨਹੀ ਕੀਤਾ ਜਿਸ ਤੇ ਮਾਣ ਕੀਤਾ ਜਾ ਸਕਦਾ ਹੋਵੇ। ਆਰਥਕ, ਸਮਾਜਕ ਜਾਂ ਸਿਆਸੀ ਪੱਖੋਂ ਬਲਕਿ ਨੋਟਬੰਦੀ ਵਰਗਾ ਕੁਹਾੜਾ ਚਲਾ ਕੇ ਕਈ ਮਹੀਨੇ ਉਸਨੇ ਆਪਣੇ ਲੋਕਾਂ ਨੂੰ ਤੰਗ ਹੀ ਕਰੀ ਰੱਖਿਆ। ਸਿਆਸੀ ਪੱਖੋਂ ਮੋਦੀ-ਡੋਵਲ ਜੋੜੀ ਨੇ ਦੇਸ਼ ਦੀ ਵਿਦੇਸ਼ ਨੀਤੀ ਦਾ ਤਮਾਸ਼ਾ ਬਣਾ ਕੇ ਰੱਖ ਦਿੱਤਾ ਹੈ। ਵਿਦੇਸ਼ ਵਿਭਾਗ ਦੇ ਸੀਨੀਅਰ ਅਫਸਰ ਦੱਸਦੇ ਹਨ ਕਿ ਨੀਤੀਗਤ ਵਿਦੇਸ਼ ਨੀਤੀ ਦੀ ਥਾਂ ਤੇ ਹੁਣ ਕੰਮ-ਚਲਾਊ ਅਤੇ ਤੱਤ-ਭੜੱਤੀ ਵਿਦੇਸ਼ ਨੀਤੀ ਚਲਾਈ ਜਾ ਰਹੀ ਹੈ। ਸੁਸ਼ਮਾ ਸਵਰਾਜ ਤਾਂ ਸਿਰਫ ਮਦਰ ਟਰੇਸਾ ਵਾਲੇ ਕੰਮ ਕਰਨ ਜੋਗੀ ਹੀ ਰਹਿ ਗਈ ਹੈ। ਬਾਕੀ ਕੰਮ ਤਾਂ ਅਜੀਤ ਡੋਵਲ ਹੀ ਸੰਭਾਲ ਰਿਹਾ ਹੈ। ਨਰਿੰਦਰ ਮੋਦੀ ਦੀ ਕਸ਼ਮੀਰ ਨੀਤੀ ਤੇ ਵੀ ਭਾਰਤ ਵਿੱਚ ਸਵਾਲ ਉ%ਠ ਰਹੇ ਹਨ। ਅਜੀਤ ਡੋਵਲ ਅਤੇ ਸੰਘ ਪਰਿਵਾਰ ਦੇ ਇੱਕ ਪੁਰਾਣੇ ਮੋਦੀ ਭਗਤ ਨੇ ਕਸ਼ਮੀਰ ਨੀਤੀ ਦਾ ਦਿਵਾਲਾ ਕੱਢ ਕੇ ਰੱਖ ਦਿੱਤਾ ਹੈ।
ਗਰੀਬ ਹਾਲੇ ਵੀ ਗਰੀਬੀ ਦੀ ਚੱਕੀ ਵਿੱਚ ਪਿਸ ਰਹੇ ਹਨ, ਪਰ ਇਸਦੇ ਬਾਵਜੂਦ ਵੀ ਲੋਕ ਵੱਡੀ ਗਿਣਤੀ ਵਿੱਚ ਮੋਦੀ ਨੂੰ ਵੋਟਾਂ ਪਾ ਰਹੇ ਹਨ ਅਤੇ ਉਹ ਇੱਕ ਤੋਂ ਬਾਅਦ ਇੱਕ ਜਿੱਤ ਦਰਜ ਕਰੀ ਜਾ ਰਿਹਾ ਹੈ।
ਇਸਦਾ ਵੱਡਾ ਕਾਰਨ ਹੈ ਕਿ ਨਰਿੰਦਰ ਮੋਦੀ ਜੋ ਸੁਪਨਾ ਹਿੰਦੂ ਜਨਤਾ ਨੂੰ ਦਿਖਾ ਰਿਹਾ ਹੈ ਉਹ ਬਹੁਤ ਵੱਡਾ ਹੈ। ਭਵਿੱਖ ਵਿੱਚ ਸਿਰਜੇ ਜਾਣ ਵਾਲੇ ਹਿੰਦੂ-ਰਾਸ਼ਟਰ ਦਾ ਸੁਪਨਾ। ਆਪਣੀ ਭਾਸ਼ਣ ਕਲਾ ਨਾਲ ਉਸਨੇ ਹਿੰਦੂ ਜਨਤਾ ਨੂੰ ਇਹ ਮੰਨਣ ਤੇ ਕਾਇਲ ਕਰ ਰਿਹਾ ਹੈ ਕਿ ਉਸਦੀ ਅਗਵਾਈ ਹੇਠ ਦੇਸ਼ ਮਜਬੂਤ ਹਿੰਦੂ ਰਾਸ਼ਟਰ ਬਣਨ ਵੱਲ ਵਧ ਰਿਹਾ ਹੈ ਅਤੇ ਕੁਝ ਹੀ ਸਾਲਾਂ ਵਿੱਚ ਇਹ ਸ਼ੁੱਧ-ਹਿੰਦੂ ਰਾਸ਼ਟਰ ਹੋਵੇਗਾ। ਇਸ ਵੱਡੇ ਸੁਪਨੇ ਦੀ ਚਕਾਚੌਂਧ ਵਿੱਚ ਹਿੰਦੂ, ਨੋਟਬੰਦੀ ਵਰਗੀਆਂ ਦੁਸ਼ਵਾਰੀਆਂ ਅਤੇ ਆਪਣੀ ਮਾੜੀ ਆਰਥਕ ਹਾਲਤ ਨੂੰ ਬਹੁਤ ਨਿਗੂਣਾਂ ਸਮਝਣ ਲੱਗ ਪਏ ਹਨ। ਕਿਉਂਕਿ ਸੁਪਨਾ ਬਹੁਤ ਵੱਡਾ ਹੈ।
ਬਰਤਾਨੀਆ ਦੀ ਪ੍ਰਧਾਨ ਮੰਤਰੀ ਥਰੇਸਾ ਮੇਅ ਵੀ ਦੇਸ਼ ਦੇ ਲੋਕਾਂ ਨੂੰ ਵੱਡੇ ਸੁਪਨੇ ਦਿਖਾ ਰਹੀ ਹੈ। ਇਸੇ ਕਰਕੇ ਉਸਦੀ ਹਮਾਇਤ ਵੀ ਇਸ ਵੇਲੇ ਸਭ ਤੋਂ ਜਿਆਦਾ ਹੈ। ਹਲਾਂਕਿ ਇਹ ਤੱਥ ਹੈ ਕਿ ਟੋਰੀ ਸਰਕਾਰ ਅਧੀਨ ਪਿਛਲੇ ੭ ਸਾਲਾਂ ਦੌਰਾਨ ਗਰੀਬ ਲੋਕਾਂ ਦਾ ਕਚੂੰਭਰ ਕੱਢਕੇ ਰੱਖ ਦਿਤਾ ਗਿਆ ਹੈ ਅਤੇ ਉਨ੍ਹਾਂ ਨੂੰ ਸਰਕਾਰ ਵੱਲ਼ੋਂ ਮਿਲਦੀ ਆਰਥਕ ਸਹਾਇਤਾ ਬਹੁਤ ਜਿਆਦਾ ਖਤਮ ਕਰ ਦਿੱਤੀ ਗਈ ਹੈ। ਗਰੀਬ ਲੋਕ ਕਾਫੀ ਕਠੋਰ ਜਿੰਦਗੀ ਜੀਣ ਲਈ ਮਜਬੂਰ ਹੋ ਗਏ ਹਨ ਪਰ ਇਸਦੇ ਬਾਵਜੂਦ ਵੀ ੪ ਹਫਤੇ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਥਰੇਸਾ ਮੇਅ ਦਾ ਨਿੱਜੀ ਗਰਾਫ ਅਤੇ ਟੋਰੀ ਪਾਰਟੀ ਦਾ ਗਰਾਫ ਸਭ ਤੋਂ ਜਿਆਦਾ ਵੱਡਾ ਹੈ।
ਮਤਲਬ ਸਾਫ ਹੈ ਕਿ ਨਰਿੰਦਰ ਮੋਦੀ ਵਾਂਗ, ਥਰੇਸਾ ਮੇਅ ਵੀ ਬਰਤਾਨੀਆ ਦੇ ਲੋਕਾਂ ਨੂੰ ਸ਼ੁੱਧ ਬਰਤਾਨੀਆ ਦਾ ਸੁਪਨਾ ਦਿਖਾ ਰਹੀ ਹੈ। ਕਠੋਰ ਬਰੈਕਸਿਟ ਦੇ ਨਾਅ ਤੇ ਉਹ ਬਰਤਾਨੀਆ, ਬਰਤਾਨਵੀ ਲੋਕਾਂ ਦਾ ਵਾਲੀ ਰਾਜਨੀਤੀ ਤੇ ਚੱਲ ਰਹੀ ਹੈ। ਬਿਲਕੁਲ ਨਰਿੰਦਰ ਮੋਦੀ ਵਾਂਗ ਉਹ ਵੀ ਬਰਤਾਨੀਆ ਨੂੰ ਸ਼ੁੱਧ ਬਰਤਾਨਵੀ ਮੁਲਕ ਬਣਾਉਣ ਦਾ ਸੁਪਨਾ ਵੇਚ ਰਹੀ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਬਰਤਾਨਵੀ ਲੋਕ ਆਪਣੀ ਕਠੋਰ ਆਰਥਕ ਜਿੰਦਗੀ ਦੇ ਬਾਵਜੂਦ ਥਰੇਸਾ ਮੇਅ ਦੇ ਇਸ ਸੁਪਨੇ ਦੇ ਕਾਇਲ ਹੋਏ ਫਿਰਦੇ ਹਨ।
ਇਸੇ ਤਰਜ਼ ਤੇ ਅਮਰੀਕਾ ਦੇ ਪ੍ਰਧਾਨ ਡੌਨਲਡ ਟਰੰਪ ਨੇ ਆਪਣੀ ਜਿੱਤ ਦਰਜ ਕੀਤੀ ਹੈ। ਉਹ ਵੀ ਅਮਰੀਕਾ ਨੂੰ ਸਿਰਫ ਚਿੱਟੀ ਨਸਲ ਦਾ ਦੇਸ਼ ਬਣਾਉਣ ਦੇ ਹੋਕੇ ਦੇਂਦਾ ਰਿਹਾ ਹੈ। ਬਰਤਾਨਵੀ ਸੱਜੇਪੱਖੀ ਲੀਡਰ ਨੀਜਲ ਫਰਾਜ ਨਾਲ ਉਸਦੀ ਦੋਸਤੀ ਇਸਦੀ ਪੁਖਤਾ ਸਬੂਤ ਹੈ ਪਰ ਇਸਦੇ ਬਾਵਜੂਦ ਉਹ ਜਿੱਤ ਹਾਸਲ ਕਰ ਗਿਆ।
ਸੋ ਸੰਸਾਰ ਰਾਜਨੀਤੀ ਨੇ ਯਥਾਰਥ ਨਾਲ਼ੋਂ ਸੁਪਨਿਆਂ ਦਾ ਪਿੜ ਮੱਲ ਲਿਆ ਹੈ। ਦੇਖੋ ਇਹ ਕਿੰਨਾ ਚਿਰ ਕਾਮਯਾਬ ਹੁੰਦੀ ਹੈ।