ਸ੍ਰੀ ਅੰਮ੍ਰਿਤਸਰ ਸਾਹਿਬ ਸਿੱਖਾਂ ਦੀ ਰੁਹਾਨੀਅਤ ਦਾ ਕੇਂਦਰੀ ਸ਼ਹਿਰ ਹੈ। ਸਦੀਆਂ ਤੋਂ ਇਸ ਸ਼ਹਿਰ ਦੀ ਹੋਂਦ ਅਤੇ ਇਲਾਹੀ ਨਿਆਰਾਪਣ ਸਿੱਖਾਂ ਦੇ ਮਨਾਂ ਵਿੱਚ ਵਸਿਆ ਹੋਇਆ ਹੈ। ਸਿੱਖਾਂ ਦੀ ਅਰਦਾਸ ਵਿੱਚ ਵੀ ਇਸ ਦੇ ਦਰਸ਼ਨ ਇਸ਼ਨਾਨਾਂ ਦਾ ਜਿਕਰ ਆਉਂਦਾ ਹੈ। ਬੇਸ਼ੱਕ ਸਿੱਖਾਂ ਲਈ ਇਸ ਸ਼ਹਿਰ ਵਿੱਚ ਸਥਿਤ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਗੁਰਧਾਮ ਪਵਿੱਤਰ ਹਨ ਪਰ ਕਿਉਂਕਿ ਗੁਰੂ ਸਾਹਿਬ ਨੇ ਇਸ ਸ਼ਹਿਰ ਨੂੰ ਆਪ ਖਰੀਦ ਕੇ ਵਸਾਇਆ ਸੀ ਇਸ ਲਈ ਇਸ ਸ਼ਹਿਰ ਨਾਲ ਵੀ ਸਿੱਖਾਂ ਦਾ ਰੁਹਾਨੀ ਅਤੇ ਪਵਿੱਤਰ ਰਿਸ਼ਤਾ ਬਣ ਗਿਆ ਹੈ। ਹਰ ਰੋਜ ਦੋ ਵਕਤ ਸਿੱਖ ਇਸ ਸ਼ਹਿਰ ਦੇ ਦਰਸ਼ਨ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦੇ ਇਸ਼ਨਾਨਾਂ ਦੀ ਬੇਨਤੀ ਕਰਦਾ ਹੈ।
ਜਿਸ ਸ਼ਹਿਰ ਬਾਰੇ ਸਿੱਖ ਇਤਿਹਾਸ ਅਤੇ ਸਿੱਖ ਪਰੰਪਰਾ ਵਿੱਚ ਏਨੀ ਪਵਿੱਤਰਤਾ ਵਸੀ ਹੋਵੇ ਉਸ ਸ਼ਹਿਰ ਦੇ ਆਲੇ ਦੁਆਲੇ ਦਾ ਸੁੰਦਰ ਹੋਣਾਂ ਲਾਜ਼ਮੀ ਬਣ ਜਾਂਦਾ ਹੈ ਕਿਉਂਕਿ ਇਸ ਸ਼ਹਿਰ ਵਿੱਚ ਗੁਰੂ ਸਾਹਿਬ ਵੱਲ਼ੋਂ ਵਰੋਸਾਈਆਂ ਥਾਵਾਂ ਦੇਖਣ ਲਈ ਦੁਨੀਆਂ ਭਰ ਦੇ ਸਿੱਖ ਹੀ ਨਹੀ ਆਉਂਦੇ ਬਲਕਿ ਹੋਰ ਕੌਮਾਂ ਦੇ ਲੋਕ ਵੀ ਆਉਂਦੇ ਹਨ। ਇਸ ਲਈ ਸ਼ਹਿਰ ਦੀ ਪਵਿੱਤਰਤਾ ਦੇ ਨਾਲ ਨਾਲ ਸ਼ਹਿਰ ਦੀ ਸੁੰਦਰਤਾ ਦਾ ਵੀ ਖਾਸ ਖਿਆਲ ਰੱਖਿਆ ਜਾਣਾਂ ਚਾਹੀਦਾ ਹੈ। ਇਹ ਜਿੰਮੇਵਾਰੀ ਉਸ ਵੇਲੇ ਹੋਰ ਵੀ ਜਰੂਰੀ ਬਣ ਜਾਂਦੀ ਹੈ ਜਦੋਂ ਪੰਜਾਬ ਦਾ ਪ੍ਰਸ਼ਾਸ਼ਨ ਸੰਭਾਲਣ ਵਾਲੇ ਸੱਜਣ ਉਸ ਧਰਮ ਨਾਲ ਸਬੰਧ ਰੱਖਦੇ ਹੋਣ ਜਿਸ ਦਾ ਕੇਂਦਰੀ ਅਸਥਾਨ ਇਸ ਸ਼ਹਿਰ ਵਿੱਚ ਸਥਿਤ ਹੈ।
ਪਿਛਲੇ ਦਿਨੀ ਭਾਰਤ ਸਰਕਾਰ ਵੱਲ਼ੋਂ ਦੇਸ਼ ਦੇ ਸ਼ਹਿਰਾਂ ਦੀ ਸਫਾਈ ਸਬੰਧੀ ਜੋ ਰਿਪੋਰਟ ਜਾਰੀ ਕੀਤੀ ਗਈ ਹੈ ਉਸ ਵਿੱਚ ਦੱਸਿਆ ਗਿਆ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਭਾਰਤ ਦੇ ਸਭ ਤੋਂ ਗੰਦੇ ਸ਼ਹਿਰਾਂ ਵਿੱਚ ਸ਼ੁਮਾਰ ਹੁੰਦਾ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸ਼ਹਿਰ ਦੀ ਸਫਾਈ ਦਾ ਏਨਾ ਬੁਰਾ ਹਾਲ ਹੈ ਕਿ ਥਾਂ ਥਾਂ ਗੰਦਗੀ ਦੇ ਢੇਰ ਲੱਗੇ ਰਹਿੰਦੇ ਹਨ ਅਤੇ ਗੰਦਗੀ ਨੂੰ ਸਮੇਟਣ ਦਾ ਕੋਈ ਵੀ ਯੋਗ ਪ੍ਰਬੰਧ ਨਹੀ ਹੈ।
ਸਿੱਖਾਂ ਲਈ ਖਾਸ ਕਰਕੇ ਅਤੇ ਪੰਜਾਬ ਸਰਕਾਰ ਲਈ ਆਮ ਕਰਕੇ ਭਾਰਤ ਸਰਕਾਰ ਦੀ ਇਹ ਰਿਪੋਰਟ ਕਾਫੀ ਚਿੰਤਾ ਦਾ ਵਿਸ਼ਾ ਹੈ। ਉਸ ਵੇਲੇ ਤਾਂ ਇਹ ਹੋਰ ਵੀ ਚਿੰਤਾਜਨਕ ਬਣ ਜਾਂਦੀ ਹੈ ਜਦੋਂ ਪੰਜਾਬ ਵਿੱਚ ਰਾਜ ਕਰ ਰਹੇ ਸੱਜਣ ਸਵੇਰੇ ਉ%ਠਦੇ ਹੀ ਇਹ ਰਾਗ ਜਪਣ ਲੱਗ ਜਾਂਦੇ ਹਨ ਕਿ ਪੰਜਾਬ ਵਿੱਚ ਵਿਕਾਸ ਦੇ ਹਨੇਰੀ ਲਿਆ ਦਿੱਤੀ ਗਈ ਹੈ। ੨੫ ਸਾਲਾਂ ਤ%ਕ ਪੰਜਾਬ ਵਿੱਚ ਰਾਜ ਕਰਨ ਵਾਲੇ ਮੁੱਖ ਮੰਤਰੀ ਸਾਹਿਬ ਜੇ ਸਿੱਖਾਂ ਦੇ ਕੇਂਦਰੀ ਅਸਥਾਨ ਦੀ ਸਫਾਈ ਦਾ ਪ੍ਰਬੰਧ ਨਹੀ ਕਰ ਸਕੇ ਤਾਂ ਸੋਚਣਾਂ ਬਣ ਜਾਂਦਾ ਹੈ ਕਿ ਪੰਜਾਬ ਦਾ ਵਿਕਾਸ ਕਿੱਥੇ ਖੜ੍ਹਾ ਹੈ ਅਤੇ ਅਗਲੇ ੩੦-੩੫ ਸਾਲਾਂ ਵਿੱਚ ਜਦੋਂ ਅਬਾਦੀ ਹੋਰ ਵਧੇਗੀ ਉਸ ਵੇਲੇ ਸ਼ਹਿਰ ਦੀ ਸਫਾਈ ਦਾ ਕੀ ਹਾਲ ਹੋਵੇਗਾ।
ਜਿਸ ਸ਼ਖਸ਼ ਨੂੰ ਅੰਮ੍ਰਿਤਸਰ ਦੇ ਵਾਸੀਆਂ ਨੇ ਕਿਸੇ ਵੱਡੀ ਉਮੀਦ ਨਾਲ ਆਪਣਾਂ ਸੰਸਦ ਮੈਬਰ ਬਣਾ ਕੇ ਭੇਜਿਆ ਸੀ ਉਹ ਆਪਣੀ ਮੈਬਰੀ ਹਾਸਲ ਕਰਨ ਤੋਂ ਬਾਅਦ ਨਾ ਇਸ ਸ਼ਹਿਰ ਵਿੱਚ ਵੜਿਆ ਹੈ ਅਤੇ ਨਾ ਹੀ ਪਾਰਲੀਮੈਟ ਵਿੱਚ ਵੜਦਾ ਹੈ। ਉਸਦੇ ਸ਼ੌਕ ਅਤੇ ਤਰਜੀਹਾਂ ਹੀ ਵੱਖਰੀਆਂ ਹਨ। ਬੇਸ਼ੱਕ ਅਸੀਂ ਇਸ ਬਹੁਤ ਹੀ ਰੁਹਾਨੀ ਅਤੇ ਪਵਿੱਤਰ ਸ਼ਹਿਰ ਦੀ ਸਫਾਈ ਦੇ ਮਾਮਲੇ ਵਿੱਚ ਕੋਈ ਰਾਜਨੀਤੀ ਨਹੀ ਕਰਨੀ ਚਾਹੁੰਦੇ ਪਰ ਕਿਸੇ ਨਾ ਕਿਸੇ ਦੀ ਜਿੰਮੇਵਾਰੀ ਤਾਂ ਅੰਕਣੀ ਹੀ ਪੈਣੀ ਹੈ।
ਖੈਰ ਹੁਣ ਤੱਕ ਦੀਆਂ ਰਿਪੋਰਟਾਂ ਨੂੰ ਘੋਖਣ ਤੋਂ ਬਾਅਦ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਸੱਤਾ ਦੇ ਬੁੱਲੇ ਲ਼ੁੱਟ ਰਹੇ ਲੋਕਾਂ ਦੇ ਸਰੋਕਾਰ ਤਾਂ ਹੋਰ ਹੀ ਹਨ ਉਨ੍ਹਾਂ ਲਈ ਕੌਮ ਦੇ ਇਸ ਪਵਿੱਤਰ ਅਸਥਾਨ ਦੀ ਸਾਂਭ ਸੰਭਾਲ ਜਾਂ ਸਫਾਈ ਦੀ ਕੋਈ ਚਿੱਤਾ ਨਹੀ ਹੈ।
ਇਹ ਸ਼ਹਿਰ ਕਿਉਂਕਿ ਸਿੱਖਾਂ ਦੀ ਹੋਂਦ ਦਾ ਪ੍ਰਤੀਕ ਹੈ, ਸਿੱਖਾਂ ਦਾ ਕੇਂਦਰੀ ਅਸਥਾਨ ਹੈ ਅਤੇ ਸਿੱਖ ਕੌਮ ਦੀ ਸਿਮਰਤੀ ਵਿੱਚ ਇਸ ਸ਼ਹਿਰ ਦਾ ਬਹੁਤ ਹੀ ਪਵਿੱਤਰ ਅਕਸ ਬਣਿਆ ਹੋਇਆ ਹੈ ਇਸ ਲਈ ਇਸ ਸ਼ਹਿਰ ਦੀ ਸਫਾਈ ਅਤੇ ਸਾਂਭ ਸੰਭਾਲ ਦਾ ਜਿੰਮਾ ਸਿੱਖ ਕੌਮ ਨੂੰ ਆਪ ਹੀ ਓਟਣਾਂ ਪੈਣਾਂ ਹੈ। ਵਿਦੇਸ਼ੀ ਸਿੱਖਾਂ ਅਤੇ ਭਾਰਤ ਦੇ ਸਰਦੇ ਪੁੱਜਦੇ ਸਿੱਖਾਂ ਨੂੰ ਕੋਈ ਅਜਿਹੀ ਸੰਸਥਾ ਉਸਾਰ ਕੇ ਕਿਸੇ ਪੇਸ਼ਾਵਾਰ ਸਫਾਈ ਕੰਪਨੀ ਦੀਆਂ ਸੇਵਾਵਾਂ ਹਾਸਲ ਕਰਨੀਆਂ ਚਾਹੀਦੀ ਹਨ ਤਾਂ ਕਿ ਸ਼ਹਿਰ ਦੀ ਸਫਾਈ ਦਾ ਹਾਲ ਠੀਕ ਹੋ ਸਕੇ। ਹੋ ਸਕਦਾ ਹੈ ਕਿ ਸਮੇਂ ਦੀਆਂ ਸਰਕਾਰਾਂ ਦੀ ਇਸ ਵਿੱਚ ਜਾਣ ਬੁੱਝ ਕੇ ਹੀ ਕੋਈ ਦਿਲਚਸਪੀ ਨਾ ਹੋਵੇ। ਇਸ ਲਈ ਸਿੱਖਾਂ ਦੇ ਕੌਮੀ ਸ਼ਹਿਰ ਦੀ ਸਾਂਭ ਸੰਭਾਲ ਅਤੇ ਸਫਾਈ ਦਾ ਜਿੰਮਾਂ ਸਿੱਖਾਂ ਨੂੰ ਆਪਣੇ ਲਈ ਚੁਣੌਤੀ ਸਮਝ ਕੇ ਓਟਣਾਂ ਚਾਹੀਦਾ ਹੈ ਤਾਂ ਕਿ ਕੌਮੀ ਇੱਜ਼ਤ ਅਤੇ ਕੌਮੀ ਗੌਰਵ ਬਰਕਰਾਰ ਰਹਿ ਸਕੇ।