ਅੱਜ ਆਪਾਂ ਇੱਕ ਅਜਿਹੀ ਸਪੇਨ ਦੇਸ਼ ਦੀ ਇਤਿਹਾਸਕ ਹਸਤੀ Mignel de Cervantes ਬਾਰੇ ਗੱਲ ਕਰਨਾ ਚਾਹੁੰਦੇ ਹਾਂ। ਅੱਜ ਤੋਂ ੪੦੦ ਸਾਲ ਪਹਿਲਾਂ ਅੱਜ ਦੇ ਦਿਨ ਇਸ ਹਸਤੀ Cervantes ਦੀ ਮੌਤ ਹੋਈ ਸੀ (੨੩ ਅਪ੍ਰੈਲ ੧੬੧੬ ਈਸਵੀ)। Cervantes ਇੱਕ ਅਜਿਹੀ ਮਹਾਨ ਹਸਤੀ ਸੀ ਜੋ ਕਿ ਇੱਕ ਸਧਾਰਨ ਨਾਈ ਘਰਾਣੇ ਵਿੱਚ ੧੫੪੭ ਨੂੰ ਪੈਂਦਾ ਹੋਇਆ ਤੇ ਜਿਸਦੀ ਮੁਢਲੀ ਸਿੱਖਿਆ ਤੇ ਗਿਆਨ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਰ ਇਸਦੇ ਬਾਵਜੂਦ ਵੀ Cervantes ਸਪੈਨਸ਼ ਭਾਸ਼ਾ ਦਾ ਇੱਕ ਵਜੂਦ ਤੇ ਧੁਰਾ ਮੰਨਿਆ ਜਾਂਦਾ ਹੈ।

ਇਹ ਇੱਕ ਅਜਿਹੀ ਬਹੁਪੱਖੀ ਸਖਸ਼ੀਅਤ ਸੀ ਜਿਸਨੂੰ ਦੁਨੀਆਂ ਨੂੰ ਜਾਣਨ ਲਈ ਉਸਦੀ ਮੌਤ ਦੇ ਪਿੱਛੋ ੪੦੦ ਸਾਲ ਲੱਗ ਗਏ। ਉਸਦੀ ਮਹਾਨਤਾ ਦਾ ਪ੍ਰਗਟਾਵਾ ਹੁਣ ਇਸ ਸਾਲ ੨੦੧੬ ਵਿੱਚ ਸਪੇਨ ਦੀ ਰਾਜਧਾਨੀ ਮੈਡਰਿਡ ਵਿੱਚ ਉਸਦੇ ਸਨਮਾਨ ਵਿੱਚ ਇੱਕ ਨੈਸ਼ਨਲ ਮਿਊਜ਼ੀਅਮ ਉਸਾਰਿਆ ਗਿਆ ਹੈ। ਹੁਣ ਉਸਦੀ ਕਬਰ ਨੂੰ ਲੱਭ ਕੇ ਦੁਬਾਰਾ ਪੂਰੇ ਕੌਮੀ ਸਨਮਾਨਾਂ ਨਾਲ ਤੇ ਮਿਲਟਰੀ ਦੀ ਮੌਜੂਦਗੀ ਅਧੀਨ ਫਿਰ ਤੋਂ ਦਫਨਾਇਆ ਗਿਆ ਹੈ। ਇਸਦੀ ਪੁਰਾਣੀ ਕਬਰ ਵਿਚੋਂ ਜਿਸਦੀ ਕਿ ਖੁਦਾਈ ੨੦੧੪ ਵਿੱਚ ਸੁਰੂ ਹੋਈ ਸੀ, ਕੁਝ ਹੱਡੀਆਂ ਦਾ ਆਧੁਨਿਕ ਸਾਇੰਸ ਰਾਹੀਂ ਇਹ ਪੂਰੀ ਤਰ੍ਹਾਂ ਤਹਿ ਕੀਤਾ ਗਿਆ ਸੀ ਕਿ ਇਹ ਹੱਡੀਆਂ ਤੇ ਪਿੰਜਰ ਮਹਾਨ Cervantes ਦੇ ਹੀ ਹਨ।

ਇਸ ਮਹਾਨ ਸ਼ਖਸ਼ੀਅਤ ਬਾਰੇ ਇੱਕ ਮਸ਼ਹੂਰ ਦੁਨੀਆਂ ਦੇ ਮੈਕਸੀਕਨ ਨਾਵਲਕਾਰ ਤੇ ਲਿਖਾਰੀ Carlos Fuentes ਨੇ ਇਹ ਕਿਹਾ ਹੈ ਕਿ Cervantes ਤੇ Shakespeare ਜੋ ਕਿ ਇਸਦਾ ਸਮਕਾਲੀ ਹੈ, ਇਕੋ ਹੀ ਰੂਹ ਸਨ। ਇਸੇ ਤਰਾਂ ਦੁਨੀਆਂ ਦੇ ਇੱਕ ਹੋਰ ਮਸ਼ਹੂਰ ਲਿਖਾਰੀ Sigmund Freud ਨੇ ਕਿਹਾ ਹੈ ਕਿ ਮੈਂ Cervantes ਤੋਂ ਇੰਨਾ ਪ੍ਰਭਾਵਤ ਹੋਇਆ ਕਿ ਇਸ ਕਰਕੇ ਮੈਂ ਸਪੈਨਸ਼ ਭਾਸ਼ਾ ਦਾ ਅਧਿਐਨ ਕੀਤਾ ਤਾਂ ਜੋ ਮੈਂ ਉਸਦੇ ਲਿਖੇ ਹੋਏ ਡੂੰਘਾਈ ਵਾਲੇ ਵਿਸ਼ਿਆਂ ਨੂੰ ਉਸਦੀ ਹੀ ਭਾਸ਼ਾ ਵਿੱਚ ਪੜ ਕੇ ਸਮਝ ਸਕਾਂ। ਹੋਰ ਵੀ ਇਸ ਤਰਾਂ ਦੀਆਂ ਦੁਨੀਆਂ ਦੀਆਂ ਮਸ਼ਹੂਰ ਸ਼ਖਸ਼ੀਅਤਾਂ ਨੇ ੧੯੦੬ ਤੋਂ ਬਾਅਦ ਜਦੋਂ ਪਹਿਲੀ ਵਾਰ ਦੁਨੀਆਂ ਨੂੰ ਅਹਿਸਾਸ ਹੋਇਆ ਕਿ Cervantes ਵਰਗੀ ਸ਼ਖਸ਼ੀਅਤ ਕਿੰਨੀ ਮਹਾਨ ਸੀ, ਬਾਰੇ ਬੜੇ ਹੀ ਸੁਲਝੇ ਤੇ ਮਹਾਨ ਵਿਚਾਰ ਪ੍ਰਗਟ ਕੀਤੇ ਹਨ।

Cervantes ਜਿਸਦੀ ਪਛਾਣ ਦੋ ਸਦੀਆਂ ਤੱਕ ਤਾਂ ਦੁਨੀਆਂ ਨੂੰ ਭੁੱਲੀ ਹੀ ਰਹੀ ਭਾਵੇਂ ਕਿ ਉਸ ਵੱਲੋਂ ਲਿਖਿਆ ਪਹਿਲਾ ਨਾਵਲ Don Quixote ਨੂੰ ਦੁਨੀਆਂ ਦਾ ਪਹਿਲਾਂ ਅਜਿਹਾ ਨਾਵਲ ਕਿਹਾ ਜਾ ਰਿਹਾ ਹੈ ਜਿਸਦੀ ਪਰਿਭਾਸ਼ਾ ਪਤਾ ਨਹੀਂ ਕਿੰਨੀਆਂ ਵੱਖ-ਵੱਖ ਭਾਸ਼ਾਵਾਂ ਤੇ ਅੱਜ ਤੱਕ ੭੦੦ ਪ੍ਰਕਾਸ਼ਨਾਵਾਂ ਰਾਹੀਂ ਪ੍ਰਕਾਸ਼ਤ ਹੋ ਚੁੱਕੀ ਹੈ। Cervantes ਨੂੰ ਅੱਜ ਦੁਨੀਆਂ ਮੰਨ ਚੁੱਕੀ ਹੈ ਕਿ ਇਹ ਅੱਜ ਦੇ ਆਧੁਨਿਕ ਯੁੱਗ ਦੇ ਨਾਵਲ ਦਾ ਪਹਿਲਾ ਨਾਵਲਕਾਰ ਸੀ ਤੇ ਸਪੈਨਿਸ਼ ਭਾਸ਼ਾ ਦਾ ਇੱਕ ਮੁੱਢ ਤੇ ਧੁਰਾ ਸੀ।

Cervantes ਜਿਸਦਾ ਜਨਮ ਬੜੇ ਹੀ ਸਧਾਰਨ ਤੇ ਗਰੀਬ ਪਰਿਵਾਰ ਵਿੱਚ ੨੯ ਸਤੰਬਰ ੧੫੪੭ ਨੂੰ ਹੋਇਆ ਸੀ ਅਤੇ ਉਸਦੇ ਛੇ ਭੈਣ ਭਰਾ ਸਨ। ਮੁੱਢ ਤੋਂ ਹੀ ਇਸ ਨੂੰ ਇਤਿਹਾਸ ਮੁਤਾਬਕ ਲਿਖਤਾਂ ਲਿਖਣ ਤੇ ਆਲੇ-ਦੁਆਲੇ ਨੂੰ ਸਮਝਣ ਲਈ ਕਵਿਤਾ ਰੂਪੀ ਅਨੁਭਵ ਸੀ। ਇਹ ਇੱਕ ਈਸਾਈ ਕੈਥੇਲਿਕ ਪਰਿਵਾਰ ਨਾਲ ਸਬੰਧਿਤ ਸੀ ਅਤੇ ਇਸਦੇ ਸਮੇਂ ਦੌਰਾਨ ਈਸਾਈ ਮੱਤ ਦੇ ਦੇਸ਼ਾਂ ਦੀ ਇਸਲਾਮਿਕ ਧੁਰ ਨਾਲ ਬੱਜੇ Ottoman Empire ਜਿਸਦਾ ਧੁਰਾ ਤੁਰਕੀ ਦੇਸ ਸੀ, ਨਾਲ ਖੂਨੀ ਟਕਰਾ ਚੱਲ ਰਿਹਾ ਸੀ। ਜਿਸ ਕਰਕੇ ਦੁਨੀਆਂ ਅੱਜ ਵਾਂਗ ਧਰਮ ਦੇ ਅਧਾਰ ਤੇ ਇਕ ਦੂਜੇ ਨੂੰ ਫੌਜੀ ਸ਼ਕਤੀ ਰਾਹੀਂ ਆਪਣੇ ਅਧੀਨ ਕਰਨ ਵਿੱਚ ਰੁਝੀ ਹੋਈ ਸੀ। Cervantes ਨੇ ਵੀ ਇਸੇ ਲੜੀ ਦਾ ਹਿੱਸਾ ਬਣਦੇ ਹੋਏ ਸਪੇਨ ਦੇਸ਼ ਦੀ ਫੌਜ ਵਿੱਚ ਭਰਤੀ ਹੋ ਕੇ ਮਸ਼ਹੂਰ Leponto ਦੀ ਲੜਾਈ ਲੜੀ ਜੋ Ottoman Empire ਦੇ ਵਿਰੁੱਧ ਸੀ। ਇਸ ਲੜਾਈ ਵਿੱਚ ਇਸਦੇ ਤਿੰਨ ਗੋਲੀਆਂ ਵੱਜੀਆਂ ਸਨ ਤੇ ਇਸਦੀ ਖੱਬੀ ਬਾਂਹ ਵੀ ਕੰਮ ਕਰਨ ਤੋਂ ਅਸਮਰਥ ਹੋ ਗਈ ਸੀ। ਪਰ ਇਸਨੇ ਆਪਣੀਆਂ ਲਿਖਤਾਂ ਵਿੱਚ ਲੜਾਈ ਦਾ ਵਰਨਣ ਕਰਦੇ ਹੋਈ ਲਿਖਿਆ ਹੈ ਕਿ “ਭਾਵੇਂ ਮੈਂ ਆਪਣੀ ਖੱਬੀ ਬਾਂਹ ਗੁਆ ਲਈ ਹੈ ਪਰ ਸੱਚ ਤੇ ਦਲੇਰੀ ਨਾਲ ਹਕੀਕਤ ਲਿਖਣ ਲਈ ਮੇਰੇ ਕੋਲ ਸੱਜੀ ਬਾਂਹ ਤੇ ਹੱਥ ਹੈ।

Cervantes ਵਰਗੀ ਹਸਤੀ ਨੇ ਫੌਜੀ ਕਾਰਵਾਈ ਦੌਰਾਨ ਲੜਾਈ ਵਿੱਚ ਫੜੇ ਜਾਣ ਕਰਕੇ ਅਲਜੀਰੀਆ ਦੇਸ਼ ਵਿੱਚ ਪੰਜ ਸਾਲ ਜੇਲ ਵੀ ਕੱਟੀ ਸੀ। ਇੰਨਾ ਪੰਜ ਸਾਲਾਂ ਦੌਰਾਨ ਚਾਰ ਵਾਰ ਉਸਨੇ ਜੇਲ ਤੋਂ ਭੱਜਣ ਲਈ ਅਸਫਲ ਯਤਨ ਵੀ ਕੀਤੇ। ਇਸ ਜੇਲ ਦੇ ਅਨੁਭਵ ਨੇ (ਉਸਦੇ ਅਨੁਸਾਰ) ਉਸ ਵਿੱਚ ਛੁਪੀ ਹੋਈ ਲਿਖਣ ਦੀ ਪ੍ਰਬਲ ਕਾਮਨਾ ਨੂੰ ਉਜਾਗਰ ਕੀਤਾ ਤੇ Don Quixote ਨਾਵਲ ਦੇ ਵਿਸ਼ੇ ਦਾ ਮੁਢ ਬੰਨਿਆ ਸੀ। ਇਹ ਨਾਵਲ ਅੱਜ ਵੀ ਦੁਨੀਆਂ ਦੀਆਂ ਪ੍ਰਮੁੱਖ ਲਿਖਤਾਂ ਵਿੱਚੋਂ ਮੰਨਿਆਂ ਜਾਂਦਾ ਹੈ।

Cervantes ਵਰਗੀਆਂ ਸ਼ਖਸ਼ੀਅਤਾਂ ਤੇ ਇਹਨਾਂ ਦਾ ਜੀਵਨ ਕਾਲ ਤੇ ਇਹਨਾਂ ਦੇ ਵੇਲੇ ਦਾ ਸਮਾਂ ਅੱਜ ਵੀ ਭਾਵੇਂ ਦੁਨੀਆਂ ਨੂੰ ਘੇਰੀ ਖੜਾ ਹੈ। ਪਰ ਜਿਸ ਸ਼ਖਸ਼ੀਅਤ ਦੀ ਪ੍ਰਮੁੱਖਤਾ ਤੇ ਮਹਾਨਤਾ ਨੂੰ ਲੱਭਣ ਤੇ ਜਾਣਨ ਲਈ ਦੁਨੀਆਂ ਨੂੰ ੪੦੦ ਸਾਲ ਲੱਗ ਗਏ ਇਸਦਾ ਅਨੁਭਵ ਇਹੀ ਹੈ ਕਿ Cervantes ਵਰਗੀਆਂ ਸ਼ਖਸ਼ੀਅਤਾਂ ਆਪਣੇ ਸਮੇਂ ਵਿੱਚ ਵੀ ਦੁਨੀਆਂ ਤੋਂ ਸਦੀਆਂ ਬੱਧੀ ਸਮੇਂ ਵਿੱਚ ਅੱਗੇ ਸਨ ਤੇ ਸਦੀਆਂ ਦੀ ਦੂਰ ਅੰਦੇਸ਼ੀ ਉਨਾਂ ਅੰਦਰ ਸਮਾਈ ਹੋਈ ਸੀ ਜਿਸਦੀ ਦੁਨੀਆਂ ਨੂੰ ਅੱਜ ਸ਼ਿੱਦਤ ਨਾਲ ਕਮੀ ਮਹਿਸੂਸ ਹੋ ਰਹੀ ਹੈ।