ਆਮ ਤੌਰ ਤੇ ਸਿਆਸਤ ਨੂੰ ਸਿਰਫ ਤੇ ਸਿਰਫ ਸੱਤਾ ਹਥਿਆਉਣ ਦਾ ਵਸੀਲਾ ਸਮਝਿਆ ਜਾਂਦਾ ਹੈ। ਸੱਤਾ ਹਾਸਲ ਕਰਨ ਲਈ ਅਕਸਰ ਸਿਆਸਤਦਾਨ ਆਪਣੀ ਨੈਤਿਕ ਜਿੰਦਗੀ ਨਾਲ ਬਹੁਤ ਸਮਝੌਤੇ ਕਰ ਲੈਂਦੇ ਹਨ। ਅਕਸਰ ਇਹ ਵੀ ਆਖਿਆ ਜਾਂਦਾ ਹੈ ਕਿ ਸਿਆਸਤਦਾਨ ਦਾ ਧਰਮ ਹੀ ਸੱਤਾ ਅਤੇ ਸ਼ਕਤੀ ਬਣ ਜਾਂਦੀ ਹੈ। ਜਿਹੋ ਜਿਹੀ ਰਾਜਨੀਤੀ ਅਤੇ ਸਿਆਸੀ ਜੰਗ ਅਸੀਂ ਭਾਰਤ ਅਤੇ ਹੋਰ ਤੀਜੀ ਦੁਨੀਆਂ ਦੇ ਮੁਲਕਾਂ ਵਿੱਚ ਦੇਖਦੇ ਹਾਂ ਉਸ ਵਿੱਚ ਅਕਸਰ ਦੇਖਿਆ ਜਾਂਦਾ ਹੈ ਕਿ ਸਿਆਸਤਦਾਨ ਸੱਤਾ ਹਥਿਆਉਣ ਲਈ ਆਪਣੀਆਂ ਸਾਰੀਆਂ ਨੈਤਿਕ ਜਿੰਮੇਵਾਰੀਆਂ ਭੁੱਲ ਜਾਂਦਾ ਹੈ। ਉਸ ਲਈ ਸੱਤਾ ਅਤੇ ਸ਼ਕਤੀ ਹੀ ਇੱਕੋ ਇੱਕ ਨਿਸ਼ਾਨਾ ਬਣ ਜਾਂਦਾ ਹੈ। ਸਾਡੇ ਸਿਆਸਤਦਾਨ ਕੁਰਸੀ ਹਥਿਆਉਣ ਲਈ ਆਪਣੇ ਭਰਾ, ਭੈਣ ਤੋਂ ਲੈ ਕੇ ਆਪਣੇ ਧਰਮ ਨੂੰ ਵੀ ਭੁੱਲ ਜਾਂਦੇ ਹਨ। ਪਰ ਆਖਦੇ ਹਨ ਕਿ ਕਿਸੇ ਵੀ ਚੰਗੀ ਚੀਜ ਦਾ ਬੀਜ ਨਾਸ ਨਹੀ ਹੁੰਦਾ।
ਇਹ ਠਕਿ ਹੈ ਕਿ ਦੁਨੀਆਂ ਭਰ ਦੇ ਸਿਆਸਤਦਾਨ ਸੱਤਾ ਅਤੇ ਸ਼ਕਤੀ ਨੂੰ ਆਪਣਾਂ ਨਿਸ਼ਾਨਾ ਬਣਾ ਕੇ ਚਲਦੇ ਹਨ ਪਰ ਸਾਰੀ ਦੁਨੀਆਂ ਵਿੱਚ ਹੀ ਅਜਿਹਾ ਨਹੀ ਹੁੰਦਾ ਕਿ ਸਿਆਸਤਦਾਨ ਸ਼ਕਤੀ ਹਾਸਲ ਕਰਨ ਲਈ ਨੈਤਿਕ ਕਦਰਾਂ ਕੀਮਤਾਂ ਨੂੰ ਵਿਸਾਰ ਦੇਣ।
ਸਿਆਸਤ ਵਿੱਚ ਸਤਿਕਾਰ ਅਤੇ ਉਚ ਕਦਰਾਂ ਕੀਮਤਾਂ ਦੀ ਮਿਸਾਲ ਪਿਛਲੇ ਦਿਨੀ ਬਰਤਾਨੀਆ ਦੇ ਸਿਆਸੀ ਖੇਤਰ ਵਿੱਚ ਦੇਖਣ ਨੂੰ ਮਿਲੀ। ਯੂਰਪ ਵਿੱਚ ਰਹਿਣ ਜਾਂ ਨਾ ਰਹਿਣ ਦੇ ਮੁੱਦੇ ਤੇ ਬਰਤਾਨੀਆ ਵਿੱਚ ੨੩ ਜੂਨ ਨੂੰ ਰਾਇਸ਼ੁਮਾਰੀ ਹੋਣ ਜਾ ਰਹੀ ਹੈ। ਦੋਹੇ ਧਿਰਾਂ ਇਸ ਸਬੰਧ ਵਿੱਚ ਆਪਣੇ ਵਿਚਾਰ ਲੋਕਾਂ ਸਾਹਮਣੇ ਰੱਖ ਰਹੀਆਂ ਹਨ। ਸੱਜੇ ਅਤੇ ਖੱਬੇ ਪੱਖੀ ਧਿਰਾਂ ਨੇ ਇਸ ਸਿਆਸੀ ਜੰਗ ਨੂੰ ਕਾਫੀ ਤਿੱਖੀ ਬਣਾ ਦਿੱਤਾ ਹੋਇਆ ਹੈ।
ਇਸ ਸਿਆਸੀ ਜੰਗ ਦੇ ਦੌਰਾਨ ਹੀ ਪਿਛਲੇ ਦਿਨੀ ਯਾਰਕਸ਼ਾਇਰ ਦੇ ਇਲਾਕੇ ਵਿੱਚ ਬਰਤਾਨਵੀ ਪਾਰਲੀਮੈਂਟ ਦੀ ਮੈਂਬਰ ਜੋ ਕੌਕਸ ਦਾ ਕਤਲ ਕਰ ਦਿੱਤਾ ਗਿਆ। ਦੱਸਿਆ ਜਾਂਦਾ ਹੈ ਕਿ ਜੋ ਕੌਕਸ ਦਾ ਕਾਤਲ ਬਰਤਾਨੀਆ ਨੂੰ ਯੂਰਪੀ ਯੂਨੀਅਨ ਤੋਂ ਬਾਹਰ ਰੱਖਣ ਦਾ ਹਮਾਇਤੀ ਸੀ ਅਤੇ ਸੱਜੇਪੱਖੀ ਵਿਚਾਰਾਂ ਦਾ ਧਾਰਨੀ ਸੀ। ਉਸਨੇ ਜੋ ਕੌਕਸ ਦੇ ਤਿੰਨ ਗੋਲੀਆਂ ਮਾਰੀਆਂ ਅਤੇ ਸੱਤ ਵਾਰ ਚਾਕੂ ਦੇ ਕੀਤੇ।
ਅਦਾਲਤ ਵਿੱਚ ਵੀ ਉਸਨੇ ਕੱਟੜ ਪੰਥੀ ਨਾਅਰੇ ਲਗਾਏ। ਦੇਸ਼-ਧਰੋਹੀਆਂ ਨੂੰ ਬਰਤਾਨੀਆ ਵਿੱਚ ਕੋਈ ਥਾਂ ਨਹੀ ਆਦਿ ਨਾਅਰੇ ਉਸ ਕਾਤਲ ਨੇ ਅਦਾਲਤ ਵਿੱਚ ਲਗਾਏ।
ਜੋ ਕੌਕਸ ਦੇ ਕਤਲ ਨੇ ਬਰਤਾਨਵੀ ਸਿਆਸਤ ਨੂੰ ਵੱਡਾ ਝਟਕਾ ਦਿੱਤਾ ਹੈ। ਇਸਨੇ ਯੂਰਪੀ ਯੂਨੀਅਨ ਦੀ ਰਾਇਸ਼ੁਮਾਰੀ ਦੀ ਮੁਹਿੰਮ ਨੂੰ ਹੀ ਬਰੇਕਾਂ ਨਹੀ ਲਗਾਈਆਂ ਬਲਕਿ ਹਰ ਸਿਆਸੀ ਪਾਰਟੀ ਨੂੰ ਦੇਸ਼ ਦੇ ਭਵਿੱਖ ਬਾਰੇ ਇਮਾਨਦਾਰੀ ਨਾਲ ਸੋਚਣ ਲਈ ਮਜਬੂਰ ਕਰ ਦਿੱਤਾ ਹੈ।
ਬਰਤਾਨਵੀ ਪਰਧਾਨ ਮੰਤਰੀ ਡੇਵਿਡ ਕੈਮਰੂਨ ਅਤੇ ਵਿਰੋਧੀ ਧਿਰ ਦੇ ਨੇਤਾ ਜੈਰਮੀ ਕੌਰਬਿਨ ਜਦੋਂ ਜੌ ਕੌਕਸ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪਹੁੰਚੇ ਤਾਂ ਡੇਵਿਡ ਕੈਮਰੂਨ ਨੇ ਐਲਾਨ ਕੀਤਾ ਕਿ ਜੌ ਕੌਕਸ ਦੇ ਕਤਲ ਨਾਲ ਜੋ ਸੀਟ ਖਾਲੀ ਹੋਈ ਹੈ ਉਸਦੀ ਜਿਮਨੀ ਚੋਣ ਲਈ ਟੋਰੀ ਪਾਰਟੀ ਕੋਈ ਉਮੀਦਵਾਰ ਖੜ੍ਹਾ ਨਹੀ ਕਰੇਗੀ। ਅਸੀਂ ਬੇਸ਼ੱਕ ਵਿਰੋਧੀ ਪਾਰਟੀ ਵਾਲੇ ਹਾਂ ਪਰ ਕੌਕਸ ਵਰਗੀ ਸਿਆਸੀ ਅਤੇ ਨੀਤੀਵਾਨ ਸਿਆਸਤਦਾਨ ਦੇ ਸਤਿਕਾਰ ਵੱਜੋਂ ਅਸੀਂ ਜਿਮਨੀ ਚੋਣ ਵਿੱਚ ਆਪਣਾਂ ਉਮੀਦਵਾਰ ਖੜ੍ਹਾ ਨਹੀ ਕਰਾਂਗੇ।
ਸਿਰਫ ਕੈਮਰੂਨ ਹੀ ਨਹੀ ਬਲਕਿ ਕਠੋਰ ਸੱਜੇਪੱਖੀ ਸਮਝੀ ਜਾਂਦੀ ਯੂਨਾਈਟਿਡ ਕਿੰਗਡਮ ਇੰਡੀਪੈਂਡੈਂਟ ਪਾਰਟੀ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਜਿਮਨੀ ਚੋਣ ਵਿੱਚ ਉਹ ਵੀ ਆਪਣਾਂ ਕੋਈ ਉਮੀਦਵਾਰ ਖੜ੍ਹਾ ਨਹੀ ਕਰਨਗੇ। ਉੁਨ੍ਹਾਂ ਵੀ ਆਖਿਆ ਕਿ ਜੌ ਕੌਕਸ ਦੇ ਕਤਲ ਨਾਲ ਬਰਤਾਨੀਆ ਦੀ ਸਿਆਸਤ ਅਤੇ ਸਮਾਜ ਨੂੰ ਜੋ ਘਾਟਾ ਪਿਆ ਹੈ ਉਹ ਚੋਣਾਂ ਜਿੱਤਕੇ ਵੀ ਪੂਰਾ ਨਹੀ ਕੀਤਾ ਜਾ ਸਕਦਾ।
ਇਹ ਸੀ ਬਰਤਾਨੀਆ ਦੀ ਸਿਆਸਤ ਜਿੱਥੇ ਆਪਣੀ ਵਿਰੋਧੀ ਪਾਰਟੀ ਦੀ ਸੰਸਦ ਮੈਬਰ ਦੇ ਕਤਲ ਤੇ ਸਾਰੀਆਂ ਸਿਆਸੀ ਧਿਰਾਂ ਨੇ ਏਨੀ ਸਤਿਕਾਰਤ ਰਾਜਨੀਤੀ ਦਾ ਮੁਜਾਹਰਾ ਕੀਤਾ ਕਿ ਉਸ ਦੀ ਖਾਲੀ ਸੀਟ ਤੇ ਕਿਸੇ ਨੇ ਆਪਣਾਂ ਉਮੀਦਵਾਰ ਖੜ੍ਹਾ ਨਾ ਕਰਨ ਦਾ ਐਲਾਨ ਕਰ ਦਿੱਤਾ।
ਦੂਜੇ ਪਾਸੇ ਸਾਡੇ ਪੰਜਾਬ ਦੀ ਸਿਆਸਤ ਹੈ ਜਿੱਥੇ ਸਿੱਖਾਂ ਦੀ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਹੋ ਗਈ ਅਤੇ ਆਪਣੇ ਆਪ ਨੂੰ ਸਿੱਖਾਂ ਦੀ ਨੁਮਾਇੰਦਾ ਜਮਾਤ ਆਖਣ ਵਾਲੀ ਧਿਰ ਨੇ ਆਪਣੇ ਗੁਰੂ ਦੇ ਸਤਿਕਾਰ ਦਾ ਖਿਆਲ ਵੀ ਨਾ ਰੱਖਦੇ ਹੋਏ ਖਾਲੀ ਹੋਈ ਖਡੂਰ ਸਾਹਿਬ ਦੀ ਸੀਟ ਤੇ ਨੱਚ ਨੱਚ ਕੇ ਵੋਟਾਂ ਮੰਗੀਆਂ ਅਤੇ ਪਵਾਈਆਂ।
ਸਿਆਸਤ ਦਾ ਸਤਿਕਾਰ ਤਾਂ ਇੱਕ ਪਾਸੇ ਰਿਹਾ ਕਿਸੇ ਨੇ ਆਪਣੇ ਗੂਰੂ ਦੇ ਸਤਿਕਾਰ ਦਾ ਵੀ ਖਿਆਲ ਨਾ ਕੀਤਾ।