ਜੂਨ 1984 ਵਿੱਚ ਦਰਬਾਰ ਸਾਹਿਬ ਤੇ ਹੋਏ ਭਾਰਤੀ ਫੌਜ ਦੇ ਹਮਲੇ ਦੌਰਾਨ ਇਹ ਇਤਿਹਾਸਕ ਸਚਾਈ ਹੈ ਕਿ ਗੁਰੁ ਘਰ ਦਾ ਸਿੱਖਾਂ ਨਾਲ ਜੁੜਿਆ ਕੀਮਤੀ ਸਰਮਾਇਆ, ਜੋ ਉਥੇ ਬਣੀ ਸਿੱਖ ਰੈਫਰੈਂਸ ਲਾਇਬਰੇਰੀ ਵਿੱਚ ਸੀ, ਨੂੰ ਵੀ ਭਾਰਤੀ ਫੌਜ ਨੇ ਦਰਬਾਰ ਸਾਹਿਬ ਸਾਕੇ ਦੌਰਾਨ ਖੁਰਦ ਬੁਰਦ ਕਰ ਦਿੱਤਾ। ਇਸ ਵਿੱਚ ਮੌਜੂਦ ਕੀਮਤੀ ਇਤਿਹਾਸਕ ਕਿਤਾਬਾਂ, ਹੁਕਮਨਾਮਿਆਂ ਨੂੰ ਭਾਰਤੀ ਫੌਜ ਚੁੱਕ ਕੇ ਲੈ ਗਈ। ਦਰਬਾਰ ਸਾਹਿਬ ਦਾ ਸਾਕਾ ਭਾਰਤੀ ਫੌਜ ਨੇ ਇਸ ਲਈ ਕੀਤਾ ਸੀ ਕਿ ਅਸੀਂ ਸ਼ਹੀਦ ਸੰਤ ਜਰਨੈਲ ਸਿੰਗ ਭਿੰਡਰਾਵਾਲਾ ਦੀ ਅਗਵਾਈ ਵਿੱਚ ਜੋ ਸਿੱਖ ਜੁੜੇ ਹਨ ਉਸ ਨੂੰ ਤਹਿਸ਼ ਨਹਿਸ਼ ਕਰਨਾ ਹੈ ਪਰ ਇਸਦੀ ਆੜ ਵਿੱਚ ਭਾਰਤੀ ਫੌਜ ਨੇ ਸਿੱਖਾਂ ਦਾ ਕੀਮਤੀ ਸਰਮਾਇਆਂ ਪੁਰਾਤਨ ਹੱਥ ਲਿਖਤਾਂ, ਹੁਕਮਨਾਮੇ ਤੇ ਅਨੇਕਾਂ ਇਤਿਹਾਸਕ ਪੁਸਤਕਾਂ ਨੂੰ ਭਾਰਤੀ ਫੌਜ ਚੁੱਕ ਲੈ ਗਈ। ਇੰਨਾਂ ਵਿੱਚ ਗੁਰੁ ਗ੍ਰੰਥ ਸਾਹਿਬ ਜੀ ਦੇ 185 ਸਰੂਪ ਸਨ। ਜਿੰਨਾ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵੀ ਮੌਜੂਦ ਸੀ ਜਿੰਨਾ ਉਤੇ ਗੁਰੁ ਸਾਹਿਬ ਜੀ ਦੇ ਦਸਤਖਤ ਸਨ। 35 ਸਾਲਾਂ ਬਾਅਦ ਸਿੱਖ ਰੈਫਰੈਂਸ ਲਾਇਬਰੇਰੀ ਦਾ ਮੁੱਦਾ ਦੁਬਾਰਾ ਸਿੱਖਾਂ ਲਈ ਦੁਬਿਧਾ ਦਾ ਕਾਰਨ ਬਣਿਆ ਹੈ ਕਿਉਂਕਿ ਹੁਣ ਸ਼ੋਸਲ ਮੀਡੀਆ ਉਤੇ ਇਹ ਖਬਰਾਂ ਆਈਆਂ ਹਨ ਕਿ ਇਸ ਇਤਿਹਾਸਕ ਖਜਾਨੇ ਦੇ ਕੁਝ ਅਨਮੋਲ ਗ੍ਰੰਥ ਬਾਹਰਲੇ ਦੇਸ਼ਾਂ ਵਿੱਚ ਬੇਸ਼ੁਮਾਰ ਕੀਮਤ ਤੇ ਵੇਚ ਦਿਤੇ ਗਏ ਹਨ ਪਰ ਇਸ ਤੱਥ ਦੀ ਪੂਰਨ ਸਚਾਈ ਸਾਹਮਣੇ ਨਹੀਂ ਆਈ ਹੈ ਤੇ ਨਾ ਹੀ ਇਸ ਨੂੰ ਨਿਰਣਾਇਕ ਤੌਰ ਤੇ ਝੁਠਲਾਇਆ ਗਿਆ ਹੈ। ਇੰਨਾ 35 ਸਾਲਾਂ ਵਿੱਚ ਸਿੱਖ ਰੈਫਰੈਂਸ ਲਾਇਬਰੇਰੀ ਦੇ ਬਾਰੇ ਨਿਆਂਪਾਲਿਕਾ ਵਿੱਚ ਵੀ ਰਿੱਟ ਦਾਖਿਲ ਕੀਤੀ ਗਈ ਸੀ ਅਤੇ ਵਾਰ ਵਾਰ ਸਿੱਖ ਪ੍ਰਤੀਨਿਧ ਜਮਾਤ ਸ਼੍ਰੋਮਣੀ ਅਕਾਲੀ ਦਲ ਕੇਂਦਰ ਸਰਕਾਰ ਕੋਲੋਂ ਸਿੱਖ ਰੈਫਰੈਂਸ ਲਾਇਬਰੇਰੀ ਦੇ ਖਜਾਨੇ ਦੀ ਵਾਪਸੀ ਦੀ ਮੰਗ ਉਠਾਉਂਦਾ ਰਿਹਾ ਹੈ। ਹੁਣ ਵੀ ਇਹ ਮੰਗ ਸ਼੍ਰੋਮਣੀ ਅਕਾਲੀ ਦਲ ਨੇ ਭਾਰਤ ਦੀ ਨਵੀਂ ਬਣੀ ਸਰਕਾਰ ਕੋਲ ਦੁਬਾਰਾ ਉਠਾਈ ਹੈ। ਉਸ ਤੋਂ ਬਾਅਦ ਭਾਰਤੀ ਫੌਜ ਦਾ ਇਹ ਬਿਆਨ ਆਇਆ ਹੈ ਤੇ ਕਈ ਵਾਰ ਪਹਿਲਾਂ ਵੀ ਆ ਚੁੱਕਾ ਹੈ ਕਿ ਅਸੀਂ ਇਹ ਸਾਰਾ ਖਜਾਨਾ ਸਬੰਧਤ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਾਪਸ ਕਰ ਚੁੱਕੇ ਹਾਂ। ਭਾਰਤੀ ਫੌਜ ਵੱਲੋਂ ਇਹ ਮੰਨਿਆ ਗਿਆ ਸੀ ਕਿ ਉਸਨੇ ਦਰਬਾਰ ਸਾਹਿਬ ਦੇ ਫੌਜੀ ਹਮਲੇ ਦੌਰਾਨ 125 ਵੱਡੇ ਬੋਰੇ ਜੋ ਸਿੱਖ ਖਰੜਿਆਂ ਦੇ ਸਨ, ਸਿੱਖ ਰੈਫਰੈਂਸ ਲਾਇਬਰੇਰੀ ਵਿਚੋਂ ਚੁੱਕੇ ਸਨ। ਇਹ ਕਿਉਂ ਚੁੱਕੇ, ਕਿਸ ਹਾਲਾਤ ਵਿੱਚ ਚੁੱਕੇ, ਇਹ ਬੇਅਦਬੀ ਦੇ ਸਵਾਲ ਖਾਮੋਸ਼ ਹਨ। ਭਾਰਤੀ ਫੌਜ ਅਨੁਸਾਰ ਉਸਨੇ ਵੱਖ-ਵੱਖ ਸਮਿਆਂ ਦੌਰਾਨ 29 ਸਤੰਬਰ 1984 ਤੋਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਬੰਧਤ ਅਧਿਕਾਰੀਆਂ ਤੋਂ ਦਸਤਖਤ ਕਰਵਾ ਕੇ ਇਹ ਸਿੱਖ ਇਤਿਹਾਸ ਨਾਲ ਜੁੜੇ ਦਸਤਾਵੇਜ ਵਾਪਸ ਕਰ ਦਿੱਤੇ ਸਨ। ਅੱਜ 35 ਸਾਲਾਂ ਮਗਰੋਂ ਅਜੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਕਮੇਟੀਆਂ ਦਾ ਗਠਨ ਕਰ ਰਹੀ ਹੈ। ਜੋ ਇਹ ਪਿਛਲੇ ਲੰਮੇ ਅਰਸੇ ਤੋਂ ਕਰਦੀ ਰਹੀ ਹੈ ਪਰ ਅੱਜ ਤੱਕ ਪ੍ਰਮਾਣ ਜਨਕ ਇਸ ਤਰਾਂ ਦੀ ਕੋਈ ਸੂਚੀ ਬਾਹਰ ਨਹੀਂ ਆਈ ਜਿਸ ਵਿੱਚ ਵੇਰਵਿਆ ਸਹਿਤ ਇਹ ਦੱਸਿਆ ਗਿਆ ਹੋਵੇ ਕਿ ਭਾਰਤੀ ਫੌਜ ਦਰਬਾਰ ਸਾਹਿਬ ਦੇ ਸਾਕੇ ਦੌਰਾਨ ਕਿੰਨਾ ਵਸਤੂਆਂ ਨੂੰ ਸਿੱਖ ਰੈਫਰੈਂਸ ਲਾਇਬਰੇਰੀ ਵਿੱਚ ਚੁੱਕ ਕਿ ਲੈ ਗਈ ਸੀ ਅਤੇ ਕਿੰਨੀ ਇਤਿਹਾਸਕ ਸਮਗਰੀ ਉਸਨੇ ਵਾਪਸ ਮੋੜੀ ਹੈ। ਭਾਰਤੀ ਫੌਜ ਮੁਤਾਬਕ ਉਸਨੇ 1990 ਤੱਕ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਪੂਰਾ ਖਜਾਨਾ ਜੇ ਮੁਕੰਮਲ ਰੂਪ ਵਿੱਚ ਵਾਪਸ ਮੋੜ ਦਿੱਤਾ ਸੀ ਤਾਂ ਇਸ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਮੋਸ਼ ਕਿਉਂ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਪ੍ਰਧਾਨ ਦੀ ਅਗਵਾਈ ਵਿੱਚ ਵਫਦ ਨੂੰ ਲੈ ਕੇ ਕਿਉਂ ਕੇਂਦਰ ਸਰਕਾਰ ਕੋਲੋਂ ਇਸਦੀ ਵਾਪਸੀ ਦੀ ਮੰਗ ਉਠਾਈ ਜਾ ਰਹੀ ਹੈ। ਜਦੋਂ ਇਹ ਖਬਰਾਂ ਆ ਰਹੀਆਂ ਹਨ ਕਿ ਕੁਝ ਸਿੱਖ ਇਤਿਹਾਸਕ ਕੀਮਤੀ ਗ੍ਰੰਥ ਖੁਰਦ ਬੁਰਦ ਹੋ ਚੁੱਕੇ ਹਨ ਇਸ ਸਭ ਕੁਝ ਲਈ ਸਿੱਖ ਮਨਾਂ ਨੂੰ ਸਾਂਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਿਰਪੱਖ ਜਾਂਚ ਕਰਵਾਉਣੀ ਬਣਦੀ ਹੈ।