ਪਿਛਲੇ ਲਗਭਗ ਇੱਕ ਮਹੀਨੇ ਤੋਂ ਪੰਜਾਬ ਵਿੱਚ ਸਿੱਖ ਕੌਮ ਧਾਰਮਕ ਤੌਰ ਤੇ ਇੱਕ ਨਵੀਂ ਅੰਗੜਾਈ ਲੈਂਦੀ ਹੋਈ ਦੇਖੀ ਜਾ ਰਹੀ ਹੈ। ਇੱਕ ਸਿੱਖ ਵਿਰੋਧੀ ਡੇਰੇ ਦੇ ਮੁਖੀ ਨੂੰ ਸਿੱਖ ਗੂਰੂ ਸਾਹਿਬ ਦਾ ਅਪਮਾਨ ਕਰਨ ਦੇ ਮਾਮਲੇ ਵਿੱਚ ਸਿਆਸੀ ਪ੍ਰਭਾਵ ਕਾਰਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਮੁਆਫ ਕਰ ਦੇਣ ਦੇ ਫੈਸਲੇ ਨਾਲ ਜੋ ਧਾਰਮਕ ਵਿਰੋਧ ਸ਼ੁਰੂ ਹੋਇਆ ਸੀ ਉਹ ਹੁਣ ਇੱਕ ਨਵੇਂ ਸੰਦਰਭ ਵਿੱਚ ਸਾਹਮਣੇ ਆਉਣ ਲੱਗ ਪਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦਵੀ, ਉਸ ਨਾਲ ਜੁੜੀ ਹੋਈ ਪਵਿੱਤਰਤਾ, ਉਸਦਾ ਕਿਰਦਾਰ, ਜਿੰਮੇਵਾਰੀ ਅਤੇ ਜੁਆਬਦੇਹੀ ਇਸ ਸਭ ਕਾਸੇ ਬਾਰੇ ਸਿੱਖ ਪੰਥ ਵਿੱਚੋਂ ਨਵੀਆਂ ਅਵਾਜ਼ਾਂ ਉਠਣ ਲੱਗ ਪਈਆਂ ਹਨ।

ਸ਼੍ਰੀ ਅਕਾਲ ਤਖਤ ਸਾਹਿਬ ਤੇ ਖੰਡੇ ਦੀ ਪਾਹੁਲ ਛਕਾਉਣ ਵਾਲੇ ਪੰਜ ਸਿੰਘਾਂ ਵੱਲੋਂ ਤਖਤ ਸਾਹਿਬ ਤੇ ਗੁਰਮਤਾ ਕਰਕੇ ਤਖਤਾਂ ਦੇ ਜਥੇਦਾਰਾਂ ਨੂੰ ਸੇਵਾਮੁਕਤ ਕਰਨ ਦੇ ਆਦੇਸ਼, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਪੰਜ ਪਿਆਰਿਆਂ ਨੂੰ ਮੁਅੱਤਲ ਕਰ ਦੇਣ ਦੀ ਕਾਰਵਾਈ ਅਤੇ ਸੰਗਤ ਵੱਲੋਂ ਪ੍ਰਧਾਨ ਸ਼ਰੋਮਣੀ ਕਮੇਟੀ ਨੂੰ ਇਹ ਸੁਆਲ ਕਰਨਾ ਕਿ ਪੰਜ ਪਿਆਰਿਆਂ ਦਾ ਹੁਕਮ ਤਾਂ ਗੁਰੂ ਗੋਬਿੰਦ ਸਿੰਘ ਜੀ ਵੀ ਨਹੀ ਸੀ ਮੋੜ ਸਕੇ, ਕੀ ਉਹ ਗੁਰੂ ਸਾਹਿਬ ਤੋਂ ਵੀ ਉਪਰ ਹੈ?

ਇਸ ਕਾਰਵਾਈ ਨੇ ਸਿੱਖ ਪਰੰਪਰਾਵਾਂ, ਰਵਾਇਤਾਂ ਅਤੇ ਸਿੱਖ ਰਹੁਰੀਤਾਂ ਬਾਰੇ ਪੰਥ ਵਿੱਚ ਇੱਕ ਸਾਜਗਾਰ ਮੁੰਹਿੰਮ ਛੇੜ ਦਿੱਤੀ ਹੈ। ਪੰਜ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ, ਜਿੰਮੇਵਾਰੀ, ਕਿਰਦਾਰ ਜਾਂ ਹੋਰ ਕਿਸਮ ਦੀਆਂ ਤਕਨੀਕੀ ਕਾਰਵਾਈਆਂ ਬਾਰੇ ਇੱਥੇ ਗੱਲ ਕਰਨ ਦਾ ਸਾਡਾ ਮਨਸ਼ਾ ਨਹੀ ਹੈ। ਅਸੀਂ ਇਸ ਵੇਲੇ ਕਿਸੇ ਕੌਮ ਦੀ ਜਿੰਦਗੀ ਅਤੇ ਸਦੀਵੀ ਮੌਤ ਲਈ ਰਵਾਇਤਾਂ ਦੀ ਹੋਂਦ ਅਤੇ ਅਣਹੋਂਦ ਦੇ ਵਿਸ਼ੇ ਤੇ ਹੀ ਗੱਲ ਕਰਾਂਗੇ।

ਕਿਸੇ ਵੀ ਕੌਮ ਦੀਆਂ ਰਵਾਇਤਾਂ, ਰਹੁ-ਰੀਤਾਂ ਅਤੇ ਖਾਸ ਕਰਕੇ ਉਸਦੀਆਂ ਧਾਰਮਕ ਸਰਗਰਮੀਆਂ ਅਤੇ ਰਹੁ-ਰੀਤਾਂ ਉਸਦੀ ਇਤਿਹਾਸ ਵਿੱਚ ਜਿੰਦਗੀ ਅਤੇ ਮੌਤ ਦਾ ਜਾਮਨ ਹੁੰਦੀਆਂ ਹਨ। ਕੌਮਾਂ ਦੇ ਇਤਿਹਾਸ ਵਿੱਚ ਬਹੁਤ ਵਾਰ ਅਜਿਹੇ ਮੌਕੇ ਆਉਂਦੇ ਹਨ ਜਦੋਂ ਉਨ੍ਹਾਂ ਕੌਮਾਂ ਨੂੰ ਬਹੁਤ ਹੀ ਕਠਿਨ ਕਿਸਮ ਦੀਆਂ ਹਾਲਤਾਂ ਦਾ ਸਾਹਮਣਾਂ ਕਰਨਾ ਪੈਂਦਾ ਹੈ। ਬਹੁਤ ਵਾਰ ਕੌਮਾਂ ਨੂੰ ਅਜਿਹੇ ਕਤਲੇਆਮਾਂ ਦਾ ਸਾਹਮਣਾਂ ਕਰਨਾ ਪੈਂਦਾ ਹੈ ਜਦੋਂ ਉਸ ਕੌਮ ਦੇ ਬਹੁਤ ਥੋੜੇ ਜਿਹੇ ਲੋਕ ਹੀ ਭਿਆਨਕ ਕਤਲੇਆਮ ਤੋਂ ਬਚ ਪਾਉਂਦੇ ਹਨ। ਬੇਕਿਰਕ ਅਤੇ ਬਾਹੂਬਲੀ ਦੁਸ਼ਮਣ ਆਮ ਤੌਰ ਤੇ ਕੌਮਾਂ ਦਾ ਬੀਜ ਨਾਸ਼ ਕਰਨ ਦੇ ਮਨਸ਼ੇ ਨਾਲ ਕਿਸੇ ਦੂਜੀ ਕੌਮ ਤੇ ਵਾਰ ਕਰਦੇ ਹਨ।

ਪਰ ਇਤਿਹਾਸ ਗਵਾਹ ਹੈ ਕਿ ਕੌਮਾਂ ਕਦੇ ਵੀ ਬੇਕਿਰਕ ਕਤਲੇਆਮ ਨਾਲ ਖਤਮ ਨਹੀ ਹੁੰਦੀਆਂ। ਬੇਕਿਰਕ ਕਤਲੇਆਮ ਅਤੇ ਭਿਆਨਕ ਕਿਸਮ ਦੀਆਂ ਜੰਗਾਂ ਸਗੋਂ ਕੌਮਾਂ ਵਿੱਚ ਇੱਕਸੁਰਤਾ ਅਤੇ ਭਾਈਚਾਰੇ ਦੀ ਦ੍ਰਿੜ ਭਾਵਨਾ ਪੈਦਾ ਕਰਦੀਆਂ ਹਨ। ਅਜਿਹੇ ਹਾਲਾਤ ਵਿੱਚ ਕੌਮਾਂ ਦੇ ਲੋਕਾਂ ਵਿੱਚ ਭਾਈਚਾਰੇ ਦੀ ਭਾਵਨਾ ਸਗੋਂ ਹੋਰ ਮਜਬੂਤ ਹੁੰਦੀ ਹੈ। ਸੰਸਾਰ ਭਰ ਵਿੱਚ ਅਜਿਹੇ ਕਤਲੇਆਮਾਂ ਦਾ ਸਾਹਮਣਾਂ ਕਰਨ ਵਾਲੀਆਂ ਕੌਮਾਂ ਦਾ ਇਤਿਹਾਸ ਦੱਸਦਾ ਹੈ ਕਿ ਘੋਰ ਸੰਕਟ ਕਿਸੇ ਇੱਕ ਪਿਤਾ ਦੀ ਸੰਤਾਨ ਨੂੰ ਆਪਣੇ ਪੁਰਖਿਆਂ ਦੀ ਅਜ਼ਮਤ ਦੀ ਰਾਖੀ ਲਈ ਇੱਕਮੁੱਠ ਕਰ ਦੇਂਦਾ ਹੈ। ਅਜਿਹੇ ਸਮੇਂ ਕੌਮਾਂ ਦੇ ਅੰਦਰਲੀਆਂ ਛੋਟੀਆਂ-ਛੋਟੀਆਂ ਦੂਰੀਆਂ ਬਿਲਕੁਲ ਖਤਮ ਹੋ ਜਾਂਦੀਆਂ ਹਨ ਅਤੇ ਵੱਡੇ ਸੰਕਟ ਤੋਂ ਕੌਮ ਦੇ ਬਚਾਓ ਲਈ ਪੂਰੀ ਕੌਮ ਇੱਮੁੱਠ ਹੋ ਜਾਂਦੀ ਹੈ। ਅਜਿਹੇ ਸੰਕਟ ਦੇ ਮੌਕੇ ਉਹ ਆਪਣੇ ਪੁਰਖਿਆਂ ਦੇ ਸ਼ਾਨਾਮੱਤੇ ਇਤਿਹਾਸ, ਆਪਣੇ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ, ਅਤੇ ਆਪਣੀਆਂ ਪਵਿੱਤਰ ਧਾਰਮਕ ਪੁਸਤਕਾਂ ਦੇ ਸੰਦੇਸ਼ ਦੀ ਓਟ ਤੱਕਦੀਆਂ ਹਨ। ਬੇਸ਼ੱਕ ਕੋਈ ਕੌਮ ਭੁਗੋਲਿਕ ਤੌਰ ਤੇ ਕਿਸੇ ਅਜਿਹੇ ਖਿੱਤੇ ਵਿੱਚ ਹੀ ਕਿਉਂ ਨਾ ਵਸਦੀ ਹੋਵੇ ਜਿੱਥੇ ਦੁਸ਼ਮਣ ਆਪਣੀ ਪੂਰੀ ਤਾਕਤ ਨਾਲ ਤਬਾਹੀ ਕਰ ਸਕਣ ਦੀ ਸਮਰਥਾ ਰੱਖਦਾ ਹੋਵੇ। ਇਸਦੇ ਬਾਵਜੂਦ ਵੀ ਕੌਮਾਂ ਆਪਣੇ ਇਤਿਹਾਸ ਅਤੇ ਆਪਣੀਆਂ ਰਵਾਇਤਾਂ ਦੀ ਰੁਹਾਨੀ ਤਾਕਤ ਨਾਲ ਜਿੰਦਾ ਬਚਕੇ ਨਿਕਲ ਆਉਂਦੀਆਂ ਹਨ। ਬਾਹੂਬਲੀ ਦੁਸ਼ਮਣ ਬੇਸ਼ੱਕ ਕੌਮ ਦਾ ਨੁਕਸਾਨ ਜਰੂਰ ਕਰ ਦੇਂਦਾ ਹੈ ਪਰ ਉਹ ਕੌਮ ਨੂੰ ਪੂਰੀ ਤਰ੍ਹਾਂ ਤਬਾਹ ਨਹੀ ਕਰ ਸਕਦਾ ਕਿਉਂਕਿ ਹਮਲੇ ਦੀ ਮਾਰ ਹੇਠ ਆਈ ਕੌਮ ਕੋਲ ਆਪਣਾਂ ਇਤਿਹਾਸ, ਆਪਣੇ ਧਰਮ ਗਰੰਥ, ਆਪਣੇ ਸ਼ਹੀਦ, ਨਾਇਕ ਅਤੇ ਆਪਣੀ ਵੱਖਰੀ ਬੋਲੀ ਹੁੰਦੀ ਹੈ ਜੋ ਉਸ ਨੂੰ ਸਦੀਆਂ ਤੱਕ ਬਚਾਈ ਰੱਖਦੀ ਹੈ।

ਪੋਲਿਸ਼ ਕੌਮ ਨੂੰ ਇਤਹਾਸ ਵਿੱਚ ਇਸ ਕਿਸਮ ਦੇ ਸੰਕਟ ਦਾ ਸਾਹਮਣਾਂ ਕਰਨਾ ਪਿਆ। ਉਸਦੀ ਭੁਗੋਲਿਕ ਸਥਿਤੀ ਅਜਿਹੀ ਮੈਦਾਨੀ ਸੀ ਜਿੱਥੇ ਦੁਸ਼ਮਣ ਪੂਰੀ ਅਜ਼ਾਦੀ ਨਾਲ ਦਨਦਨਾ ਸਕਦਾ ਅਤੇ ਤਬਾਹੀ ਮਚਾ ਸਕਦਾ ਸੀ। ਇਤਿਹਾਸ ਵਿੱਚ ਪੋਲਿਸ਼ ਕੌਮ ਨੂੰ ਅਜਿਹੀ ਭਿਆਨਕਤਾ ਦਾ ਬਹੁਤ ਵਾਰ ਸਾਹਮਣਾਂ ਕਰਨਾ ਪਿਆ। ਪਰ ਇਸਦੇ ਬਾਵਜੂਦ ਵੀ ਦੁਸ਼ਮਣਾਂ ਨੂੰ ਸਦੀਆਂ ਲੱਗ ਗਈਆਂ ਪੋਲਿਸ਼ ਕੌਮ ਨੂੰ ਗੁਲਾਮ ਬਣਾਉਣ ਲਈ। ਇੱਥੇ ਹੀ ਬਸ ਨਹੀ, ਸਿਆਸੀ ਗੁਲਾਮੀ ਦੇ ਬਾਵਜੂਦ, ਆਪਣੀ ਸਿਆਸੀ ਅਜ਼ਾਦੀ ਗਵਾਚ ਜਾਣ ਦੇ ਬਾਵਜੂਦ ਵੀ ਕੋਈ ਦੁਸ਼ਮਣ ਪੋਲਿਸ਼ ਕੌਮ ਦੀ ਵਿਲੱਖਣ ਪਹਿਚਾਣ ਅਤੇ ਨਿਆਰੇਪਣ ਨੂੰ ਖਤਮ ਨਾ ਕਰ ਸਕਿਆ, ਸਗੋਂ ਭਿਆਨਕ ਸੰਕਟ ਦੇ ਦੌਰ ਵਿੱਚ, ਇਤਿਹਾਸਕਾਰ ਓ ਹੈਲੀਕੀ (O Halecki) ਅਨੁਸਾਰ ਵੀ ਪੋਲਿਸ਼ ਕੌਮ ਵਿੱਚ ਕੌਮੀਅਤ ਦੀ ਭਾਵਨਾ ਹੋਰ ਮਜਬੂਤ ਹੋ ਗਈ ਮਿਸਰ ਦਾ ਇਤਿਹਾਸ ਵੀ ਅਜਿਹੀਆਂ ਉਦਾਹਰਨਾ ਨਾਲ ਭਰਿਆ ਪਿਆ ਹੈ। ਮਿਸਰੀ ਕੌਮ ਜੋ ਅਜ਼ਾਦ ਅਤੇ ਮਾਣਮੱਤੀ ਕੌਮ ਸੀ ਜਦੋਂ ਲਗਾਤਾਰ ਬਾਹਰੀ ਹਮਲਿਆਂ ਕਾਰਨ ਆਪਣੀ ਅਜ਼ਾਦ ਹਸਤੀ ਗਵਾ ਬੈਠੀ, ਅਤੇ ਆਪਣੇ ਹੀ ਮੁਲਕ ਵਿੱਚ ਬੇਗਾਨੀ ਹੋ ਗਈ ਤਾਂ ਵੀ ੁuਸਨੇ ਆਪਣੇ ਇਤਿਹਾਸ ਅਤੇ ਸੱਭਿਆਚਾਰ ਤੋਂ ਮੋਹ ਨਹੀ ਤੋੜਿਆ ਅਤੇ ਆਪਣੀ ਨਿਵੇਕਲੀ ਕੌਮੀ ਪਹਿਚਾਣ ਬਣਾਈ ਰੱਖੀ। ੬੭੧ ਈਸਵੀ ਵਿੱਚ ਅਸੀਰੀਆ ਵੱਲੋਂ, ੫੯੮ ਈਸਵੀ ਵਿੱਚ ਬੇਬੀਲੋਨੀਆ ਵੱਲੋਂ ਅਤੇ ੫੨੫ ਈਸਵੀ ਵਿੱਚ ਪਰਸ਼ੀਆ ਵੱਲੋਂ ਜਿੱਤ ਲੈਣ ਦੇ ਬਾਵਜੂਦ ਵੀ ਮਿਸਰੀ ਕੌਮ ਨੇ ਆਪਣਾਂ ਫੈਰੌਨਿਕ (Pharoanic) ਸੱਭਿਆਚਾਰ ਖਤਮ ਨਹੀ ਹੋਣ ਦਿੱਤਾ। ਪੂਰੀ ਕੌਮ ਆਪਣੇ ਨਿਵੇਕਲੇ ਸੱਭਿਆਚਾਰ ਅਤੇ ਇਤਿਹਾਸ ਨਾਲ ਜੁੜੀ ਰਹੀ। ਉਸ ਖਤਰਨਾਕ ਘੜੀ ਵਿੱਚ ਮਿਸਰ ਦੇ ਧਾਰਮਕ ਆਗੂਆਂ ਨੇ ਆਪਣੀਆਂ ਧਾਰਮਕ ਰਹੁਰੀਤਾਂ, ਰਵਾਇਤਾਂ ਅਤੇ ਇਤਿਹਾਸਕ ਕਥਾਵਾਂ ਨੂੰ ਆਪਣੀ ਕੌਮ ਦੇ ਮਾਨਸਿਕ ਵਿਕਾਸ ਅਤੇ ਦ੍ਰਿੜਤਾ ਲਈ ਵਰਤਿਆ। ਨਫਰਤ ਦੀ ਪੱਧਰ ਤੱਕ ਜਾਕੇ ਇਨ੍ਹਾਂ ਧਰਮ ਆਗੂਆਂ ਨੇ ਕਿਸੇ ਹੋਰ ਸੱਭਿਆਚਾਰ ਦਾ ਪਰਛਾਵਾਂ ਮਿਸਰੀ ਕੌਮ ਤੇ ਨਾ ਪੈਣ ਦਿੱਤਾ। ਇੱਥੋਂ ਤੱਕ ਕਿ ਗਰੀਕੀ, ਯਹੂਦੀ ਅਤੇ ਰੋਮਨ ਕੌਮਾਂ ਦੇ ਮਜਬੂਤ ਸੱਭਿਆਚਾਰ ਤੇ ਇਤਿਹਾਸ ਵੀ ਮਿਸਰੀ ਕੌਮ ਦੀ ਵਿਲੱਖਣਤਾ ਨੂੰ ਖਤਮ ਨਾ ਕਰ ਸਕੇ। ਇਤਿਹਾਸਕਾਰ ਡਬਲਿਊ ਐਚ ਵਾਰੈਲ (W H Worell) ਅਨੁਸਾਰ ੭੦੫ ਵਿੱਚ ਅਬਦ ਅਲ ਮਲਿਕ ਵੱਲੋਂ ਖੇਤਰ ਵਿੱਚ ਇੱਕੋ ਭਾਸ਼ਾ ਲਾਗੂ ਕਰ ਦੇਣ ਦੇ ਬਾਵਜੂਦ ਵੀ ਮਿਸਰੀ ਕੌਮ ਆਪਣੀਆਂ ਰਵਾਇਤਾਂ ਤੋਂ ਪਿੱਛੇ ਨਾ ਹਟ ਸਕੀ।

ਵੈਲਸ਼ ਕੌਮ ਦਾ ਸੰਕਟ ਅਤੇ ਉਸਦਾ ਨਿਆਰਾਪਣ ਵੀ ਇੱਕ ਇਤਿਹਾਸਕ ਮਿਸਾਲ ਹੈ। ੧੨੯੨ ਵਿੱਚ ਆਪਣੀ ਸਿਆਸੀ ਅਜ਼ਾਦੀ ਗਵਾ ਲੈਣ ਤੋਂ ਬਾਅਦ ਜਦੋਂ ਵੈਲਸ਼ ਕੌਮ ਵਿੱਚ ਅੰਦਰੂਨੀ ਖੋਰਾ ਲੱਗਣਾਂ ਸ਼ੁਰੂ ਹੋਇਆ, ਜਦੋਂ ਵੈਲਸ਼ ਕੌਮ ਦੇ ਜਿਆਦਾ ਪੜ੍ਹੇ ਲਿਖੇ ਵਰਗ ਨੇ ਅੰਗਰੇਜ਼ੀ ਬੋਲੀ, ਸੱਭਿਆਚਾਰ ਅਤੇ ਰਹੁਰੀਤਾਂ ਨੂੰ ਅਪਨਾਉਣਾਂ ਸ਼ੁਰੂ ਕਰ ਦਿੱਤਾ ਤਾਂ ਉਸ ਵੇਲੇ ਵੈਲਸ਼ ਗਿਰਜੇ ਦੇ ਆਗੂਆਂ ਨੇ ਪਿੰਡਾਂ ਸ਼ਹਿਰਾਂ ਵਿੱਚ ਥਾਂ ਥਾਂ ਜਾ ਕੇ ਆਪਣੀ ਕੌਮ ਦੇ ਨਿਆਰੇਪਣ ਦਾ ਸੰਦੇਸ਼ ਦੇਣਾਂ ਅਰੰਭ ਕਰ ਦਿੱਤਾ ਅਤੇ ਲੰਬੇ ਸਮੇਂ ਤੱਕ ਵੈਲਸ਼ ਕੌਮੀਅਤ ਦੀ ਭਾਵਨਾ ਨੂੰ ਜਗਾਈ ਰੱਖਿਆ। ਅੱਜ ਵੀ ਵੈਲਸ਼ ਆਪਣੇ ਆਪ ਨੂੰ ਇੰਗਲੈਡ ਦਾ ਵਿਚਾਰਧਾਰਕ ਤੌਰ ਤੇ ਹਿੱਸਾ ਨਹੀ ਸਮਝਦੇ। ਆਪਣੀ ਬੋਲੀ ਅਤੇ ਵਿਲੱਖਣਤਾ ਤੇ ਹਾਲੇ ਵੀ ਮਾਣ ਕਰਦੇ ਹਨ।

ਹੋਰ ਕੌਮਾਂ ਅਤੇ ਭਾਈਚਾਰੇ ਜਿਨ੍ਹਾਂ ਨੂੰ ਸਿਆਸੀ ਹਾਰਾਂ ਦੇ ਬਾਵਜੂਦ ੁuਨ੍ਹਾਂ ਦੇ ਵਿਲੱਖਣ ਧਾਰਮਕ ਗਰੰਥਾਂ, ਵਿਲੱਖਣ ਇਤਿਹਾਸ ਅਤੇ ਵਿਲੱਖਣ ਰਹੁ-ਰੀਤਾਂ ਨੇ ਬਚਾਈ ਰੱਖਿਆ ਉਨ੍ਹਾਂ ਵਿੱਚ ਲੈਬਨਾਨ ਦੇ ਡਰੂਜ਼ ਭਾਈਚਾਰੇ ਅਤੇ ਯਹੂਦੀਆਂ ਦੇ ਬਹੁਤ ਸਾਰੇ ਧਾਰਮਕ ਸਮੂਹਾਂ ਦੀਆਂ ਉਦਾਹਰਨਾ ਦਿੱਤੀਆਂ ਜਾ ਸਕਦੀਆਂ ਹਨ। ਡਰੂਜ਼-ਅਲ-ਹਾਕੀਮ ਭਾਈਚਾਰੇ ਦਾ ਜਨਮ ੧੦੧੬ ਈਸਵੀ ਵਿੱਚ ਹੋਇਆ ਮੰਨਿਆਂ ਜਾਂਦਾ ਹੈ। ਪਹਾੜੀ ਲੋਕਾਂ ਦੀ ਇਸ ਕੌਮ ਨੇ ਆਪਣੇ ਇਤਿਹਾਸ ਵਿੱਚ ਬਹੁਤ ਸਾਰੀਆਂ ਜੰਗਾਂ ਲੜੀਆਂ ਅਤੇ ਆਪਣੀ ਕੌਮ ਨੂੰ ਬਚਾ ਕੇ ਰੱਖਿਆ। ੧੯ਵੀਂ ਸਦੀ ਵਿੱਚ ਜਾ ਕੇ ਬਾਹਰੀ ਤਾਕਤਾਂ ਨੇ ਕੌਮ ਵਿੱਚ ਅੰਦਰੂਨੀ ਜੰਗ ਸ਼ੁਰੂ ਕਰਵਾ ਦਿੱਤੀ। ਇਸ ਜੰਗ ਦੇ ਬਾਵਜੂਦ ਡਰੂਜ਼ ਕੌਮ ਆਪਣੇ ਧਰਮ ਅਤੇ ਵਿਲੱਖਣ ਰਹੁਰੀਤਾਂ ਦੇ ਜਰੀਏ ਜਿੰਦਾ ਰਹੀ। ਕੌਮ ਦੇ ਧਾਰਮਕ ਆਗੂਆਂ ਨੇ ਕਿਸੇ ਬਾਹਰੀ ਨੂੰ ਆਪਣੇ ਧਰਮ ਵਿੱਚ ਦਾਖਲ ਨਾ ਹੋਣ ਦਿੱਤਾ ਤਾਂ ਕਿ ਉਹ ਲੋਕ ਧਰਮ ਨਾਲ ਦਗਾ ਨਾ ਕਰ ਜਾਣ। ਆਪਣੇ ਅਤੇ ਸਿਰਫ ਆਪਣੇ ਲੋਕਾਂ ਤੇ ਅਧਾਰਿਤ ਇਸ ਧਰਮ ਨੇ ਆਪਣੀ ਗਿਣਤੀ ਵਧੁਉਣ ਦਾ ਲਾਲਚ ਨਾ ਕੀਤਾ ਬਲਕਿ ਆਪਣੀ ਕੌਮੀ ਸ਼ੁਧਤਾ ਲਈ ਆਪਣੀਆਂ ਰਹੁਰੀਤਾਂ ਦੀ ਬੁਲੰਦੀ ਨਾਲ ਇਕਸੁਰਤਾ ਰੱਖੀ ਤਾਂ ਕਿ ਰਹੁਰੀਤਾਂ ਗੰਧਲੀਆਂ ਨਾ ਹੋ ਜਾਣ।

ਇਸੇ ਤਰ੍ਹਾਂ ਯਹੂਦੀਆਂ ਦਾ ਫਲਾਸ਼ (Flash) ਕਬੀਲਾ ਜਿਸਦੀ ਕਦੇ ਆਪਣੀ ਸਲਤਨਤ ਹੁੰਦੀ ਸੀ ਇਸ ਵੇਲੇ ਸਿਰਫ ੩੦ ਹਜਾਰ ਦੀ ਗਿਣਤੀ ਤੱਕ ਸਿਮਟ ਗਿਆ ਹੈ ਪਰ ਇਸਦੇ ਬਾਵਜੂਦ ਵੀ ਉਹ ਈਥੋਪੀਅਨ ਭਾਸ਼ਾ ਰਾਹੀਂ ਯਹੂਦੀ ਜੂਡਾਇਜ਼ਮ ਨਾਲ ਜੁੜਿਆ ਰਿਹਾ ਅਤੇ ਆਪਣੀਆਂ ਵਿਲੱਖਣ ਰਹੁਰੀਤਾਂ ਤੇ ਪਹਿਰਾ ਦੇਂਦਾ ਰਿਹਾ। ਆਪਣੇ ਇਤਿਹਾਸ ਵਿੱਚ ਭਿਆਨਕ ਜੰਗਾਂ ਦਾ ਸਾਹਮਣਾਂ ਕਰਨ ਵਾਲੀ ਇਹ ਕੌਮ ਇਸੇ ਕਰਦੇ ਜਿੰਦਾ ਹੈ ਕਿ ਇਸਨੇ ਆਪਣੇ ਇਤਿਹਾਸ ਨੂੰ ਕਿਸੇ ਹੋਰ ਦੇ ਇਤਿਹਾਸ ਵਿੱਚ ਜਜਬ ਨਹੀ ਹੋਣ ਦਿੱਤਾ।

ਪੱਛਮੀ ਯੂਰਪ ਵਿੱਚ ਵੀ ਅਜਿਹੀਆਂ ਬਹੁਤ ਸਾਰੀਆਂ ਘੱਟ ਗਿਣਤੀਆਂ ਹਨ ਜੋ ਵਿਲੱਖਣ ਧਰਮ, ਧਾਰਮਕ ਗਰੰਥਾਂ ਅਤੇ ਰਹੁਰੀਤਾਂ ਕਾਰਨ ਸਦੀਆਂ ਤੋਂ ਜਿੰਦਾ ਰਹਿ ਰਹੀਆਂ ਹਨ। ਇਸ ਸੰਦਰਭ ਵਿੱਚ ਬਾਸਕ ਕੌਮ ਦੀ ਉਦਾਹਰਨ ਦਿੱਤੀ ਜਾ ਸਕਦੀ ਹੈ ਜੋ ਪਿਛਲੀਆਂ ਪੰਜ ਸਦੀਆਂ ਤੋਂ ਆਪਣੇ ਨਿਆਰੇਪਣ ਨੂੰ ਬਚਾਉਂਦੀ ਆ ਰਹੀ ਹੈ, ਸਿਰਫ ਆਪਣੇ ਵਿਲੱਖਣ ਧਰਮ ਅਤੇ ਧਾਰਮਕ ਗਰੰਥ ਦੇ ਸਹਾਰੇ।

ਮੱਧ ਸਮੇਂ ਅਤੇ ਅਜੋਕੇ ਸਮੇਂ ਦੌਰਾਨ ਜਿਹੜੀਆਂ ਕੌਮਾਂ ਆਪਣੀ ਹੋਂਦ ਬਚਾ ਕੇ ਰੱਖ ਸਕੀਆਂ ਹਨ ਉਨ੍ਹਾਂ ਦਾ ਇਤਿਹਾਸ ਦਰਸਾਉਂਦਾ ਹੈ ਕਿ ਉਹ ਸਿਰਫ ਆਪਣੇ ਧਰਮ ਅਤੇ ਉਸ ਨਾਲ ਜੁੜੇ ਇਤਿਹਾਸ ਕਰਕੇ ਹੀ ਬਚੀਆਂ ਰਹਿ ਸਕੀਆਂ ਹਨ। ਕਿਉਂਕਿ ਧਰਮ ਨੇ ਹੀ ਉਨ੍ਹਾਂ ਵਿੱਚ ਆਪਣੇਪਣ ਅਤੇ ਆਪਣੇ ਨਾਲੋਂ ਵੱਖਰੇ ਲੋਕਾਂ ਬਾਰੇ ਸੋਝੀ ਅਤੇ ਚੇਤਨਤਾ ਪੈਦਾ ਕੀਤੀ ਹੈ।

ਇਤਿਹਾਸ ਵਿੱਚ ਉਹ ਹੀ ਕੌਮਾਂ ਖਤਮ ਹੋਈਆਂ ਹਨ ਜੋ ਆਪਣੀ ਵਿਲੱਖਣਤਾ ਗਵਾ ਬੈਠੀਆਂ। ਜਿਨ੍ਹਾਂ ਦਾ ਆਪਣੇ ਗਵਾਂਢੀਆਂ ਨਾਲੋਂ ਫਰਕ ਮਿਟ ਗਿਆ। ਜੋ ਦੂਜੀ ਧਿਰ ਵਿੱਚ ਇੱਕਮਿਕ ਹੋ ਗਈਆਂ। ਦੂਜਾ ਉਹ ਕੌਮਾਂ ਖਾਤਮੇ ਤੱਕ ਪਹੁੰਚੀਆਂ ਜਿਨ੍ਹਾਂ ਦੇ ਧਰਮ ਦੀ ਵਾਗਡੋਰ ਸਿਆਸੀ ਹੱਥਾਂ ਵਿੱਚ ਚਲੀ ਗਈ। ਜਿੱਥੇ ਸਿਆਸਤਦਾਨ ਹੀ ਧਰਮ ਦੀਆਂ ਰਹੁਰੀਤਾਂ ਤਹਿ ਕਰਨ ਲੱਗੇ ਜਿਸ ਤਰ੍ਹਾਂ ਅੱਜਕੱਲ਼੍ਹ ਪੰਜਾਬ ਵਿੱਚ ਸਿੱਖ ਧਰਮ ਦੇ ਮਾਮਲੇ ਵਿੱਚ ਚੱਲ ਰਿਹਾ ਹੈ। ਜਦੋਂ ਸਟੇਟ-ਮੈਨੇਜਮੈਂਟ ਨਾਲ ਧਰਮ ਨੂੰ ਚਲਾਇਆ ਜਾਂਦਾ ਹੈ ਉਸ ਵੇਲੇ ਸਟੇਟ-ਮੈਨੇਜਮੈਠ ਧਰਮ ਦੇ ਗਲੇ ਵਿੱਚ ਫਾਂਸੀ ਦਾ ਰੱਸਾ ਬੰਨ੍ਹਾਂ ਦਿੰਦੀ ਹੈ। ਧਰਮ ਦੀ ਰੁਹਾਨੀਅਤ ਉਸ ਵੇਲੇ ਮਰ ਜਾਂਦੀ ਹੈ ਅਤੇ ਉਹ ਫਿਰ ਕਿਸੇ ਲਈ ਪ੍ਰੇਰਨਾ ਦਾ ਸਾਧਨ ਨਹੀ ਰਹਿੰਦਾ।

ਇਸ ਸਬੰਧ ਵਿੱਚ ਜ਼ੋਰਾਸਟਰੀਅਨ (Zoroastrian) ਅਤੇ ਅਸੀਰੀਅਨ ਕੌਮਾਂ ਦੇ ਖਾਤਮੇ ਦੀ ਕਹਾਣੀ ਦੇਖੀ ਜਾ ਸਕਦੀ ਹੈ।ਜ਼ੋਰਾਸਟਰੀਅਨ ਧਰਮ ਨੂੰ ਸਟੇਟ ਨੇ ਆਪਣੇ ਕਬਜੇ ਹੇਠ ਲੈ ਕੇ ਉਸਦੀਆਂ ਰਹੁਰੀਤਾਂ ਨੂੰ ਸਟੇਟ ਦੀ ਨੀਤੀ ਅਨੁਸਾਰ ਚਲਾਉਣਾਂ ਅਰੰਭ ਕਰ ਦਿੱਤਾ ਸੀ ਜੋ ਉਸਦੇ ਖਾਤਮੇ ਦਾ ਕਾਰਨ ਬਣਿਆ।

ਅਸੀਰੀਅਨ ਕੌਮ ਦਾ ਸੰਕਟ ਇਸ ਸਬੰਧ ਵਿੱਚ ਸਭ ਤੋਂ ਭਿਆਨਕ ਸੰਕਟ ਰਿਹਾ ਹੈ। ੬ਵੀ ਅਤੇ ੭ਵੀਂ ਸਦੀ ਵਿੱਚ ਅਸੀਰੀਅਨ ਕੌਮ ਦੀ ਵੱਡੀ ਸਲਤਨਤ ਹੁੰਦੀ ਸੀ,ਵੱਡੀਆਂ ਫੌਜੀ ਮਾਰਾਂ ਨਾਲ ਉਸਨੇ ਆਪਣੇ ਇਲਾਕਿਆਂ ਦਾ ਵਿਸਥਾਰ ਕੀਤਾ। ਬਹੁਤ ਦੇਰ ਤੱਕ ਰਾਜ ਕੀਤਾ। ਪਰ ਜਦੋਂ ਬੇਬੀਲੋਨੀਅਨ ਫੌਜਾਂ ਨੇ ਤਕੜਾ ਹਮਲਾ ਕਰਕੇ ਅਸੀਰੀਅਨ ਰਾਜ ਤੇ ਕਬਜਾ ਜਮਾਇਆ ਤਾਂ ਰਾਜਸੱਤਾ ਹੱਥੋਂ ਨਿਕਲਣ ਦੇ ਨਾਲ ਹੀ ਅਸੀਰੀਅਨ ਕੌਮ ਦਾ ਵੀ ਖਾਤਮਾ ਹੋ ਗਿਆ। ਇਸਦਾ ਕਾਰਨ ਇਹ ਸੀ ਕਿ ਰਾਜਸੱਤਾ ਤੇ ਕਾਬਜ ਲੋਕਾਂ ਨੇ ਧਰਮ ਨੂੰ ਆਪਣੇ ਪਰਿਵਾਰ ਦੀ ਜੈ ਜੈ ਕਾਰ ਲਈ ਵਰਤਣਾਂ ਸ਼ੁਰੂ ਕਰ ਦਿੱਤਾ ਸੀ। ਧਰਮ ਇੱਕ ਪਰਿਵਾਰ ਦੀ ਜਾਗੀਰ ਬਣਕੇ ਰਹਿ ਗਿਆ ਸੀ। ਦੋ ਸਦੀਆਂ ਦੇ ਰਾਜ ਨੇ ਧਰਮ ਦੀ ਵਿਲੱਖਣਤਾ ਨੂੰ ਅਜਿਹਾ ਖੋਰਾ ਲਾਇਆ ਕਿ ਜਦੋਂ ਬੇਬੀਲੋਨੀਅਨ ਨੇ ਵੱਡਾ ਹਮਲਾ ਕੀਤਾ ਤਾਂ ਹਾਰੇ ਹੋਏ ਅਸੀਰੀਅਨ ਲੋਕਾਂ ਕੋਲ ਕੌਮੀ ਅਤੇ ਧਾਰਮਕ ਵਿਲੱਖਣਤਾ ਵਰਗਾ ਕੁਝ ਬਚਿਆ ਹੀ ਨਹੀ ਸੀ। ਹਮਲਾਵਰ ਬਣਕੇ ਆਈ ਕੌਮ ਅਤੇ ਅਸੀਰੀਅਨ ਕੌਮ ਦਰਮਿਆਨ ਜੋ ਸਿਧਾਂਤਿਕ ਫਰਕ ਸਨ ਉਹ ਉਸ ਵੇਲੇ ਤੱਕ ਬਿਲਕੁਲ ਖਤਮ ਹੋ ਚੁੱਕੇ ਸਨ। ਅਸੀਰੀਅਨ ਕੌਮ ਕੋਲ ਅਜਿਹਾ ਕੁਝ ਨਾ ਬਚਿਆ ਜਿਸ ਦੇ ਸਹਾਰੇ ਉਹ ਪੋਲਿਸ਼ ਅਤੇ ਯਹੂਦੀ ਕੌਮ ਵਾਂਗ ਪ੍ਰੇਰਨਾ ਲੈਕੇ ਮੁੜ ਉਠ ਖੜ੍ਹੇ ਹੁੰਦੇ ਅਤੇ ਆਪਣੀ ਵਿਲੱਖਣ ਪਹਿਚਾਣ ਸਦਾ ਸਦਾ ਲਈ ਕਾਇਮ ਰੱਖ ਸਕਦੇ।

ਫ਼ੌਜੀ ਹਮਲੇ ਕਦੇ ਵੀ ਕੌਮਾਂ ਨੂੰ ਖਤਮ ਨਹੀ ਕਰ ਸਕਦੇ, ਕੌਮਾਂ ਉਦੋਂ ਹੀ ਖਤਮ ਹੁੰਦੀਆਂ ਹਨ ਜਦੋਂ ਉਸਦੀਆਂ ਹਮਲਾਵਰ ਕੌਮਾਂ ਨਾਲੋਂ ਵਿਲੱਖਣ ਰਹੁ-ਰੀਤਾਂ ਅਤੇ ਰਵਾਇਤਾਂ ਖਤਮ ਹੋ ਜਾਂਦੀਆਂ ਹਨ।

ਸ਼ੋ ਸਿੱਖ ਪੰਥ ਦੇ ਮੌਜੂਦਾ ਸੰਕਟ ਅਤੇ ਸਿੱਖ ਕੌਮ ਦੀ ਵੱਡੀ ਰੀਝ ਨੂੰ ਇਸ ਸੰਦਰਭ ਵਿੱਚ ਦੇਖਣ ਦੀ ਲੋੜ ਹੈ। ਵਿਲੱਖਣ ਇਤਿਹਾਸ, ਧਰਮ ਗਰੰਥ, ਬੋਲੀ, ਅਤੇ ਵਿਲੱਖਣ ਰਹੁ-ਰੀਤਾਂ, ਧਾਰਮਕ ਰਵਾਇਤਾਂ ਦਾ ਕਾਇਮ ਰਹਿਣਾਂ ਹੀ ਸਿੱਖ ਕੌਮ ਦੀ ਸਦੀਵੀ ਜਿੰਦਗੀ ਦਾ ਜਾਮਨ ਬਣ ਸਕਦਾ ਹੈ। ਇਨ੍ਹਾਂ ਰਵਾਇਤਾਂ ਦੇ ਸਹਾਰੇ ਹੀ ਕੌਮ ਭਵਿੱਖ ਵਿੱਚ ਹੋਣ ਵਾਲੇ ਵੱਡੇ ਫੌਜੀ ਹਮਲਿਆਂ ਵਿੱਚੋਂ ਉਸੇ ਤਰ੍ਹਾਂ ਬਚ ਕੇ ਨਿਕਲ ਸਕਦੀ ਹੈ ਜਿਵੇ ਉਹ ਅਤੀਤ ਵਿੱਚ ਨਿਕਲਦੀ ਰਹੀ ਹੈ।