ਸਿੱਖਾਂ ਦੇ ਮਾਣਮੱਤੇ ਇਤਿਹਾਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਵਿਸ਼ੇਸ ਅਸਥਾਨ ਹੈ। ਦਸ ਪਾਤਸ਼ਾਹੀਆਂ ਦੀ ਰਹਿਨੁਮਾਈ ਅਤੇ ਸਿੱਖ ਕੌਮ ਦੀ ਹਸਤੀ ਨੂੰ ਕਾਇਮ ਕਰਨ ਤੇ ਵੱਖਰੀ ਪਛਾਣ ਦੇਣ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਦਿੱਤੇ ਨਾਅਰੇ ਨੂੰ ਸੰਪੂਰਨਤਾ ਬਖਸ਼ਦੇ ਹੋਏ (ਰਾਜ ਕਰੇਗਾ ਖਾਲਸਾ) ਨੂੰ ਅਸਲੀ ਜਾਮਾ ਪਹਿਨਾਉਂਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਨੇ ੧੪ ਮਈ ੧੭੧੦ ਨੂੰ ਸਿੱਖ ਰਾਜ ਦੀ ਸਥਾਪਨਾ ਕੀਤੀ। ਉਸ ਸਮੇਂ ਸਦੀਆਂ ਤੋਂ ਲੜਾੜੇ ਤੇ ਜ਼ੁਲਮ ਦਾ ਸ਼ਿਕਾਰ ਹੋਏ ਲੋਕਾਂ ਨੂੰ ਹਲੀਮੀ ਰਾਜ ਦੇ ਕੇ ਸਿੱਖ ਰਾਜ ਦਾ ਮੁੱਢ ਬੰਨਿਆ ਸੀ। ਇਸ ਮੰਜ਼ਿਲ ਵੱਲ ਤੋਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਣੇ ਪੰਜ ਸਿੰਘ (ਸਲਾਹਕਾਰ) ਅਤੇ ਵੀਹ ਜੁਝਾਰੂ ਸਿੰਘ ਦਿੱਤੇ। ਗੁਰੂ ਸਾਹਿਬ ਨੇ ਆਪਣੀਆਂ ਨਿਸ਼ਾਨੀਆਂ ਦਿੰਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਾਂਦੇੜ ਸਾਹਿਬ ਤੋਂ ਪੰਜਾਬ ਵੱਲ ਰਵਾਨਾ ਕੀਤਾ। ਇਹ ਫਾਸਲਾ ੨੦੦੦ ਕਿਲੋਮੀਟਰ ਦਾ ਸੀ।

ਇਸਦੇ ਨਾਲ ਗੁਰੂ ਸਾਹਿਬ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿਸ਼ਾ ਨਿਰਦੇਸ਼ ਦਿੱਤੇ ਤੇ ਕਿਹਾ ਕਿ ਉਹ ਪੰਜਾਬ ਵਿੱਚ ਜਾ ਕੇ ਸਿੱਖ ਕੌਮ ਨੂੰ ਦੁਬਾਰਾ ਕੇਸਰੀ ਨਿਸ਼ਾਨ ਹੇਠਾ ਲਾਮਬੰਦ ਕਰਕੇ ਸਦੀਆਂ ਤੋਂ ਦੱਬੇ ਕੁਚਲੇ ਸਮਾਜ ਨੂੰ ਮੁਗਲਾਂ ਦੀ ਜ਼ਾਲਮ ਹਕੂਮਤ ਤੋਂ ਛੁਟਕਾਰਾ ਦਿਵਾਉਣ ਤੇ ਸਿੱਖ ਰਾਜ ਦੇ ਸੰਕਲਪ ਨੂੰ ਸਾਕਾਰ ਰੂਪ ਦੇਣ। ਇਨਾਂ ਦਿਸ਼ਾ ਨਿਰਦੇਸ਼ ਅਨੁਸਾਰ ਚੱਲਦਿਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਫੌਜ ਨੂ ਤਿਆਰ ਕਰਨਾ ਸ਼ੁਰੂ ਕੀਤਾ ਜਿਸ ਵਿੱਚ ਉਨਾਂ ਨੇ ਧਰਮ ਨਿਰਪੱਖਤਾ ਨੂੰ ਤਰਜ਼ੀਹ ਦਿੱਤੀ ਅਤੇ ਸਾਰੇ ਵਰਗਾਂ ਦੇ ਲੋਕਾਂ ਨੂੰ ਆਪਣੀ ਫੌਜ ਵਿੱਚ ਸ਼ਾਮਿਲ ਕੀਤਾ। ਇਥੋਂ ਤੱਕ ਕੇ ਇਸ ਫੌਜ ਸਮੇਂ ਨਾਲ ੫੦੦੦ ਫੌਜੀ ਵੀ ਸ਼ਾਮਿਲ ਹੋਏ। ਉਸ ਸਮੇਂ ਦਲਿਤ ਭਾਈਚਾਰੇ ਨਾਲ ਸਬੰਧਿਤ ਹੋਰ ਲੋਕ ਵੀ ਇਸ ਫੌਜ ਦਾ ਹਿੱਸਾ ਬਣੇ।

ਇਸ ਫੌਜ ਨੂੰ ਖਾਲਸਾਈ ਰਹਿਨੁਮਾਈ ਦਿੰਦਿਆ ਹੋਇਆ ਆਪਣਾ ਅਜਿਹਾ ਕਾਫਲਾ ਤਿਆਰ ਕੀਤਾ ਜਿਸਨੇ ੧੭੦੯ ਵਿੱਚ ਪਹਿਲੀ ਜਿੱਤ ਅਧੀਨ ਸਮਾਣਾ ਵਿੱਚ ਮੁਸਲਮਾਨ ਰਾਜ ਦੀ ਪਹਿਲੀ ਸਲਤਨਤ ਨੂੰ ਢਹਿ ਢੇਰੀ ਕਰਕੇ ਖਾਲਸਾਈ ਝੰਡਾ ਝੁਲਾਇਆ। ਇਹ ਕਾਫਲਾ ਆਪਣੀ ਲਾਮਬੰਦੀ ਨੂੰ ਮਜ਼ਬੂਤ ਕਰਦਿਆ ਹੋਇਆਂ ੪੦,੦੦੦ ਦੀ ਫੌਜ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਰਹਿਨੁਮਾਈ ਹੇਠਾਂ ਆ ਗਿਆ। ਇਸ ਫੌਜ ਨੇ ਬਾਬਾ ਬੰਦਾ ਸਿੰਘ ਦੀ ਅਗਵਾਈ ਵਿੱਚ ੧੨ ਮਈ ੧੭੧੦ ਨੂੰ ਮੁਗਲ ਫੌਜ ਦਾ ਗੜ ਸਰਹੰਦ ਦੇ ਰਾਜ ਨੂੰ ਚੈਲਿੰਜ ਕੀਤਾ ਅਤੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਬਦਲਾ ਲੈਂਦੇ ਹੋਏ ਸਰਹੰਦ ਦੇ ਸ਼ਾਸਕ ਵਜ਼ੀਰ ਖਾਨ ਨੂੰ ਆਪਣੇ ਹੱਥੀਂ ਮੌਤ ਦੇ ਘਾਟ ਉਤਾਰ ਦੇ ਸਰਹੰਦ ਨੂੰ ਫਤਹਿ ਕਰ ਲਿਆ। ਇਸਦੇ ਨਾਲ ਹੀ ੧੫੦ ਕਿਲੋਮੀਟਰ ਦੀ ਦੂਰੀ ਤੇ ਲੋਹਗੜ ਵਿਖੇ ਸਿੱਖ ਰਾਜ ਦੀ ਰਾਜਧਾਨੀ ਸਥਾਪਤ ਕੀਤੀ। ਇਸ ਤਰਾਂ ਉਨਾਂ ਨੇ ਸਿੱਖਾਂ ਦੇ ਹਲੀਮੀ ਰਾਜ ਦਾ ਆਗਾਜ਼ ਕੀਤਾ। ਇਸ ਰਾਜ ਦੀ ਸਥਾਪਨਾ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ‘ਰਾਜ ਕਰੇਗਾ ਖਾਲਸਾ’ ਦੇ ਸੰਕਲਪ ਨੂੰ ਸਾਕਾਰ ਕਰਦਿਆਂ ਹੋਇਆ ਪਹਿਲੇ ਗੁਰੂ ਸਾਹਿਬ ਤੇ ਦਸਵੇਂ ਗੁਰੂ ਸਾਹਿਬ ਦੇ ਨਾਮ ਤੇ ਸਿੱਕਾ ਜਾਰੀ ਕੀਤਾ ਅਤੇ ਸਿੱਖ ਰਾਜ ਦੀ ਨੀਂਹ ਰੱਖ ਦਿੱਤੀ।

ਪਹਿਲੇ ਸਿੱਖ ਰਾਜ ਨੂੰ ਪੂਰੀ ਮੁਕੰਮਲਤਾ ਦਿੰਦੇ ਹੋਏ ਜਾਗੀਰਦਾਰੀ ਪ੍ਰਥਾ ਨੂੰ ਖਤਮ ਕੀਤਾ ਗਿਆ ਤੇ ਲੋਕਾਂ ਨੂੰ ਉਨਾਂ ਦੇ ਹੱਕ ਦਿੰਦੇ ਹੋਏ ਜਾਗੀਰਦਾਰੀ ਪ੍ਰਥਾ ਨੂੰ ਖਤਮ ਕੀਤਾ ਗਿਆ ਤੇ ਰਾਜ ਦੇ ਹਰ ਕਸਬੇ ਵਿੱਚ ਚੰਗੇ ਪ੍ਰਬੰਧਕ ਨਿਯੁਕਤ ਕੀਤੇ ਅਤੇ ਸਮੇਂ ਦੀ ਮੁਗਲ ਹਕੂਮਤ ਨੂੰ ਖੁੱਲ ਕੇ ਚੈਲਿੰਜ ਕੀਤਾ। ਇਹ ਸਿੱਖ ਰਾਜ ਛੇ ਸਾਲਾਂ ਤੱਕ ਆਪਣੀਆਂ ਬੁਲੰਦੀਆਂ ਨੂੰ ਛੋਹਿਆ। ਉਸ ਸਮੇਂ ਦੀ ਦੁਨੀਆਂ ਤੇ ਅੱਜ ਦੇ ਸਮੇਂ ਦੇ ਲੋਕਾਂ ਲਈ ਇੱਕ ਮਹੱਤਵਪੂਰਨ ਉਦਾਰਣ ਵਜੋਂ ਜਾਣਿਆਂ ਜਾਂਦਾ ਰਹੇਗਾ। ਭਾਵੇਂ ਇਹ ਸਿੱਖ ਰਾਜ ਬਾਬਾ ਬੰਦਾ ਸਿੰਘ ਦੀ ਲਾਸਾਨੀ ਸ਼ਹਾਦਤ ਨਾਲ ਖਾਤਮੇ ਵੱਲ ਤੁਰ ਪਿਆ ਪਰ ਇਸ ਰਾਜ ਵਿਚੋਂ ਸਿੱਖ ਮਿਸਲਾਂ ਨੇ ਜਨਮ ਲਿਆ। ਦਿੱਲੀ ਤੇ ਲਾਲ ਕਿਲੇ ਵਿੱਚ ਸਿੱਖ ਰਾਜ ਦਾ ਝੰਡਾ ਝੁਲਾਇਆ ਗਿਆ ਤੇ ਇਸੇ ਲੜੀ ਵਿਚੋਂ ਹੀ ਮਹਾਰਾਜਾ ਰਣਜੀਤ ਸਿੰਘ ਨੇ ਦੁਬਾਰਾ ਸਿੱਖ ਰਾਜ ਸਥਾਪਤ ਕੀਤਾ। ਇਹ ਰਾਜ ੪੦ ਸਾਲ ਬਾਅਦ ਅੰਗਰੇਜਾਂ ਨੇ ੧੮੪੯ ਈਸਵੀ ਵਿੱਚ ਖਿਲਾਰ ਦਿੱਤਾ।

ਉਸ ਤੋਂ ਬਾਅਦ ਅੱਜ ਤੱਕ ਸਿੱਖ ਆਪਣੇ ਸਿੱਖ ਰਾਜ ਤੋਂ ਵਿਹੂਣੇ ਹਨ। ਅਫਸੋਸ ਦੀ ਗੱਲ ਇਹ ਹੈ ਕਿ ਸਿੱਖ ਕੌਮ ਆਪਣੇ ਇਤਿਹਾਸ ਤੋਂ ਇੰਨਾ ਬਿਖਰ ਚੁੱਕੀ ਹੈ ਕਿ ਕਿਸੇ ਸਿੱਖ ਜੱਥੇਬੰਦੀ ਤੇ ਸਿਰਮੌਰ ਸਿੱਖ ਸੰਸਥਾਵਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਥਾਪਤ ਕੀਤਾ ਸਿੱਖ ਰਾਜ ਜੋ ੧੪ ਮਈ ੧੭੧੦ ਨੂੰ ਸਿਰਜਿਆਂ, ਵਾਲੇ ਦਿਨ ਨੂੰ ਕਦੇ ਕਿਸੇ ਤਰਾਂ ਵਜੋਂ ਇੱਕ ਇਤਿਹਾਸ਼ਕ ਦਿਹਾੜੇ ਵਜੋਂ ਮਨਾਉਣ ਦਾ ਉੱਦਮ ਹੀ ਨਹੀਂ ਕੀਤਾ। ਭਾਵੇਂ ਇਸ ਸਿੱਖ ਰਾਜ ਦੇ ਸੰਕਲਪ ਨੂੰ ਮੌਜੂਦਾ ਸਮੇਂ ਵਿੱਚ ਇੱਕ ਵਾਰ ਫੇਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੇ ਸਿਰਜਣ ਦੀ ਅਰੰਭਤਾ ਕੀਤੀ ਸੀ ਪਰ ਇਹ ਵੀ ਸਮੇਂ ਨਾਲ ਸਰਕਾਰ ਜੁਲਮ ਅੱਗੇ ਅਤੇ ਮੌਜੂਦਾ ਸਮੇਂ ਦੀ ਸਿੱਖ ਲੀਡਰਸ਼ਿਪ ਦੀ ਬੇਰੁਖੀ ਕਾਰਨ ਖਿੱਲਰ ਗਿਆ। ਸਿੱਖ ਰਾਜ ਦੀ ਸਥਾਪਨਾ ਦੌਰਾਨ ਤੇ ਉਸਤੋਂ ਬਾਅਦ ਅੱਜ ਤੱਕ ਸਿੱਖ ਕੌਮ ਵਿੱਚ ਲੱਖਾਂ ਹੀ ਲਾਸਾਨੀ ਸ਼ਹਾਦਤਾਂ ਤੇ ਕੁਰਬਾਨੀਆਂ ਹੋਈਆਂ ਹਨ ਪਰ ਇਸ ਸਿੱਖ ਰਾਜ ਦੇ ਸਥਾਪਨਾ ਦਿਵਸ ਨੂੰ ਅੱਜ ਦੇ ਸਿੱਖ ਤੇ ਸਿੱਖ ਲੀਡਰਸ਼ਿਪ ਪੂਰੀ ਤਰਾਂ ਭੁੱਲ ਵਿਸਾਰ ਚੁੱਕੇ ਹਨ। ਇਹ ਸਥਾਪਨਾ ਦਿਵਸ ਦੱਬੇ ਹੋਏ ਸਿੱਖ ਰਾਜ ਦਾ ਹੀ ਹਿੱਸਾ ਬਣ ਗਏ ਹਨ। ਅੱਜ ਦੀ ਸਿੱਖ ਪੀੜੀ ਤੇ ਆਉਣ ਵਾਲੀਆਂ ਪੀੜੀਆਂ ਇਸ ਮਹੱਤਵਪੂਰਨ ਦਿਹਾੜੇ ਨੂੰ ਵਿਸਾਰ ਚੁੱਕੀਆਂ ਹਨ। ਇਸਦੀ ਥਾਂ ਅੱਜ ਖੋਖਲੇ ਸਿੱਖ ਰਾਜ ਦੇ ਨਾਅਰੇ ਤੇ ਨਿੱਜੀ ਤੌਰ ਤੇ ਕਰਵਾਈ ਜਾਣ ਦੀ ਰਾਇਸ਼ੁਮਾਰੀ ਦੇ ਰੌਲੇ ਤੱਕ ਹੀ ਸੀਮਤ ਹੋ ਚੁੱਕੀ ਹੈ। ਅੱਜ ਦੇ ਸਿੱਖ ਚਿੰਤਕਾਂ ਤੇ ਕੌਮ ਪ੍ਰਤੀ ਸਮਰਪਤ ਸਿੱਖਾਂ ਲਈ ਵੰਗਾਰ ਹੈ ਕਿ ਇਸ ੧੪ ਮਈ ੧੭੧੦ ਦੇ ਸਿੱਖ ਰਾਜ ਦੇ ਸਥਾਪਨਾਂ ਦਿਵਸ ਨੂੰ ਸਿੱਖ ਦੁਨੀਆਂ ਭਰ ਵਿੱਚ ਪੂਰੀ ਸ਼ਿੱਦਤ ਨਾਲ ਪੱਛਮੀ ਮੁਲਕਾਂ ਵਿੱਚ ਨਿਕਲਦੀਆਂ ਸਿੱਖ ਡੇ ਪਰੇਡਾਂ ਵਾਂਗ ਖੁੱਲ ਕੇ ਮਨਾਉਣ ਤਾਂ ਜੋ ਸਿੱਖ ਰਾਜ ਦੀ ਸਥਾਪਨਾ ਦਾ ਮਹੱਤਵਪੁਰਨ ਦਿਹਾੜਾ ਸਿੱਖ ਕੌਮ ਨੂੰ ਕੋਈ ਸੇਧ ਦੇ ਸਕੇ। ਸਿੱਖ ਰਾਜ ਦੀ ਪਹਿਲੀ ਰਾਜਧਾਨੀ ਲੋਹਗੜ ਦਾ ਕਿਲਾ ਨੂੰ ਪੂਰੀ ਅਹਿਮੀਅਤ ਦੇ ਕੇ ਸਿੱਖ ਕੌਮ ਦਾ ਮਹੱਤਵਪੂਰਨ ਇਤਿਹਾਸਕ ਸਥਾਨ ਬਣਨਾ ਚਾਹੀਦਾ ਹੈ।