੨੦੨੦ ਦੀ ਸਿੱਖ ਰਾਇਸ਼ੁਮਾਰੀ ਦੇ ਵਿਸ਼ੇ ਤੇ ਅੱਜ ਕੱਲ ਪੰਜਾਬ ਦੀਆਂ ਸਿਆਸੀ ਧਿਰਾਂ ਵਿੱਚ ਕਾਫੀ ਬਹਿਸਬਾਜੀ ਚੱਲ ਰਹੀ ਹੈ। ਸਿੱਖ ਰਾਇਸ਼ੁਮਾਰੀ ੨੦੨੦ ਦੇ ਮੁੱਦੇ ਨੂੰ ਅਮਰੀਕਾ ਦੇ ਵਸਨੀਕ ਇੱਕ ਸਿੱਖ ਵਕੀਲ ਵੱਲੋਂ ਕੁਝ ਸਮੇਂ ਤੋਂ ਪ੍ਰਚਾਰਿਆ ਜਾ ਰਿਹਾ ਹੈ। ਜਿਸਨੂੰ ਉਹ ਸਿੱਖਾਂ ਦੇ ਸਵੈ ਨਿਰਣੇ ਦੇ ਹੱਕ ਰਾਹੀਂ ਅਜ਼ਾਦੀ ਪ੍ਰਾਪਤੀ ਦੀ ਇੱਛਾ ਦਾ ਮਾਰਗ ਦਰਸਾਉਣ ਦੀ ਗੱਲ ਕਹਿ ਰਿਹਾ ਹੈ। ਇਸ ਰਾਇਸ਼ੁਮਾਰੀ ਦੇ ਮੁੱਦੇ ਨੂੰ ਲੈ ਕੇ ਸਿੱਖ ਕੌਮ ਅੰਦਰ ਕਿਸੇ ਤਰਾਂ ਦੀ ਕੋਈ ਸਹਿਮਤੀ ਨਹੀਂ ਹੈ। ਖਾਸ ਕਰਕੇ ਪੰਜਾਬ ਵਿੱਚ ਵਿਚਰ ਰਹੀਆਂ ਪੰਥਕ ਧਿਰਾਂ ਸਿੱਖ ਰਾਜਸੀ ਪਾਰਟੀਆਂ ਵੀ ਇਸ ਰਾਇਸ਼ੁਮਾਰੀ ਦੇ ਮੁੱਦੇ ਬਾਰੇ ਕਿਸੇ ਤਰਾਂ ਦੀ ਹਮਾਇਤ ਵਿੱਚ ਸਾਹਮਣੇ ਨਹੀਂ ਆਈਆਂ ਹਨ।

ਹੁਣ ਇਸ ਮੁੱਦੇ ਬਾਰੇ ਪੰਜਾਬ ਅਸੈਂਬਲੀ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਵੱਲੋਂ ਇੱਕ ਸਿਆਸੀ ਟਿੱਪਣੀ ਦੌਰਾਨ ਇਸ ਮੁੱਦੇ ਬਾਰੇ ਇਹ ਕਹਿਣਾ ਕਿ ਭਾਵੇਂ ਮੈਂ ਇਸ ਰਾਇਸ਼ੁਮਾਰੀ ਦਾ ਹਮਾਇਤੀ ਨਹੀਂ ਹਾਂ ਪਰ ਇਸ ਚਰਚਿਤ ਮੁੱਦੇ ਬਾਰੇ ਲੰਮੇ ਸਮੇਂ ਤੋਂ ਸਿੱਖ ਮਨਾਂ ਅੰਦਰ ਰੋਸ ਤੇ ਪੀੜਾ ਹੈ ਜੋ ਭਾਰਤੀ ਸਰਕਾਰਾਂ ਦੀਆਂ ਨੀਤੀਆਂ ਦੀ ਉਪਜ ਹੈ। ਅੱਜ ਕੱਲ ਜਦੋਂ ੨੪ ਘੰਟੇ ਦਾ ਮੀਡੀਆਂ ਲੋਕਾਂ ਦੀ ਸੋਚ ਉੱਪਰ ਹਾਵੀ ਹੈ ਤਾਂ ਇਸ ਵਿਵਾਦਤ ਮੁੱਦੇ ਨੂੰ ਪੰਜਾਬ ਅੰਦਰ ਬਹੁਤ ਉਛਾਲਿਆ ਜਾ ਰਿਹਾ ਹੈ ਤੇ ਇਸਨੂੰ ਭਾਰਤ ਦੀ ਪ੍ਰਭੂਸੱਤਾ ਤੇ ਅਖੰਡਤਾ ਨੂੰ ਲੈ ਕੇ ਵੱਖ ਹੋਣ ਦੇ ਮੁੱਦੇ ਵਜੋਂ ਦੇਖਿਆ ਜਾ ਰਿਹਾ ਹੈ, ਜੋ ਸਿੱਖਾ ਵੱਲੋਂ ਉਠਾਇਆ ਜਾ ਰਿਹਾ ਹੈ ਤੇ ਨਾਲ ਹੀ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੀ ਵਿਰੋਧੀ ਧਿਰ ਦਾ ਨੇਤਾ ਇਸ ਵਿਵਾਦਤ ਮੁੱਦੇ ਦੀ ਹਮਾਇਤ ਕਰ ਰਿਹਾ ਹੈ। ਉਸਨੂੰ ਸਿੱਖਾਂ ਦੀ ਵੱਖਵਾਦੀ ਸੋਚ ਦੇ ਪਹਿਰੇਦਾਰ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਭਾਵੇਂ ਇਹ ਟਿੱਪਣੀ ਇੱਕ ਖਬਰਾਂ ਵਿੱਚ ਰਹਿਣ ਦੇ ਸੌਕੀਨ ਨੇਤਾ ਵੱਲੋਂ ਸੁਭਾਵਿਕ ਟਿੱਪਣੀ ਸੀ ਕਿਉਂਕਿ ਅੱੱਜ ਕੱਲ੍ਹ ਪੰਜਾਬ ਦਾ ਮਾਹੌਲ ਬਰਗਾੜੀ ਵਿਖੇ ਚੱਲ ਰਹੇ ਸਿੱਖ ਮੋਰਚੇ ਕਰਕੇ ਪੰਥਕ ਰੂਪ ਵਿੱਚ ਬਦਲਿਆ ਹੋਇਆ ਹੈ।

ਸੁਖਪਾਲ ਖਹਿਰਾ ਵੱਲੋਂ ਇਸ ਟਿੱਪਣੀ ਨੂੰ ਆਧਾਰ ਬਣਾ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਨੂੰ ਇੱਕ ਗੰਭੀਰ ਵਿਸ਼ੇ ਵਜੋਂ ਪੇਸ਼ ਕੀਤਾ ਹੈ। ਇਸ ਬਾਰੇ ਕਾਨੰੰੂੰਨੀ ਰਾਏ ਤੱੱਕ ਲੈਣ ਦੇ ਸੰਕੇਤ ਵੀ ਦਿੱੱਤੇ ਹਨ ਤਾਂ ਜੋ ਬਣਦੀ ਕਾਨੂੰਨੀ ਕਾਰਵਾਈ ਵਿਰੋਧੀ ਧਿਰ ਦੇ ਨੇਤਾ ਖਿਲਾਫ਼ ਕੀਤੀ ਜਾ ਸਕੇ। ਇਸ ਨੂੰ ਭਾਰਤ ਦੀ ਅਖੰਡਤਾ ਦੇ ਵਿਰੋਧ ਵਿੱੱਚ ਗੰਭੀਰ ਮੁੱੱਦੇ ਵਜੋਂ ਦਰਸਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਸਿੱਖਾਂ ਦੀ ਮੁੱਖ ਪ੍ਰਤੀਨਿੱਧ ਰਾਜਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਹੋਰ ਸੀਨੀਅਰ ਪ੍ਰਤੀਨਿਧਾਂ ਨੇ ਇਸ ਵਿਸ਼ੇ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਤੇ ਅਨੇਕਾਂ ਸਵਾਲ ਖੜੇ ਕੀਤੇ ਹਨ ਤੇ ਉਸ ਰਾਹੀਂ ਉਸਦੀ ਪਾਰਟੀ ਨੂੰ ਵੀ ਸਿੱਖਾਂ ਦੀ ਵੱਖਵਾਦੀ ਪਾਰਟੀ ਵਜੋਂ ਪੇਸ਼ ਕਰਨ ਦੀ ਕੋਈ ਕਸਰ ਮੀਡੀਆ ਰਾਹੀਂ ਨਹੀਂ ਛੱਡੀ ਹੈ। ਇਸ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਭਾਰਤੀ ਪ੍ਰਸਤਾ ਪ੍ਰਤੀ ਕੌਲ ਨੂੰ ਭਰਪੂਰ ਨਿਭਾਉਣ ਦੀ ਕੋਸ਼ਿਸ ਕੀਤੀ ਹੈ। ਉਨਾਂ ਨੇ ਆਪਣੀ ਭਾਈਵਾਲ ਭਾਜਪਾ ਪਾਰਟੀ ਪ੍ਰਤੀ ਵੀ ਪੂਰੀ ਵਫ਼ਾਦਾਰੀ ਦਿਖਾਈ ਹੈ। ਇਸ ਵਿੱਚ ਕੋਈ ਦੇ ਰਾਇ ਨਹੀਂ ਹੈ ਕਿ ਅੱਜੇ ਵੀ ਸਿੱਖ ਕੌਮ ਦੇ ਕੁਝ ਹਿੱਸਿਆ ਵਿੱਚ ਭਾਵੇਂ ਵੱਖਵਾਦੀ ਸੋਚ ਪ੍ਰਤੀ ਪੂਰਾ ਸਮਰਥਨ ਤਾਂ ਨਹੀਂ ਹੈ ਪਰ ਉਨਾਂ ਦੇ ਮਨਾਂ ਅੰਦਰ ਭਾਰਤ ਅੰਦਰ ਬੇਗਾਨਗੀ ਦਾ ਅਹਿਸਾਸ ਜਰੂਰ ਸਮੇਂ ਸਮੇਂ ਤੇ ਦਿਖਾਈ ਦਿੰਦਾ ਹੈ। ਅੱਜ ਜਦੋਂ ਪੰਜਾਬ ਅੰਦਰ ਨਵੀਂ ਸਰਕਾਰ ਦੇ ਆਉਣ ਤੋਂ ਬਾਅਦ ਤੇ ਪਹਿਲਾਂ ਗੰਭੀਰ ਰਾਜਸੀ ਸਮਾਜਿਕ, ਧਾਰਮਿਕ ਤੇ ਵਾਤਾਵਰਣ ਸਬੰਧੀ ਮਹੱਤਵ ਰੱਖਣ ਵਾਲੇ ਵਿਸ਼ੇ ਮਜ਼ਬੂਤ ਹਨ। ਜਿਨਾਂ ਕਾਰਨ ਪੰਜਾਬ ਦੀ ਕਿਸਾਨੀ ਲਗਾਤਾਰ ਖੁਦਕਸ਼ੀਆਂ ਦੇ ਰਾਹ ਪਈ ਹੈ। ਨੌਜਵਾਨੀ ਸਿੱਖੀ ਤੋਂ ਬੇਮੁੱਖ ਹੋ ਚੁੱਕੀ ਹੈ। ਜਨ ਸਧਾਰਨ ਵਿੱਚ ਵੀ ਸਹਿਮ ਦਾ ਮਾਹੌਲ ਹੈ। ਇੰਨਾਂ ਵਿਸ਼ਿਆਂ ਤੋਂ ਧਿਆਨ ਹਟਾਉਣ ਲਈ ਇੱਕ ਪੇਤਲੀ ਬਿਆਨਬਾਜੀ ਰਾਹੀਂ ਅੱਜ ਦੇ ਪੰਜਾਬ ਦੀ ਸਿਆਸਤਦਾਨ ਆਪਣੀ ਖੁੱਸ ਰਹੀ ਸਿਆਸੀ ਦਿੱਖ ਨੂੰ ਮਹਿਫੂਜ ਕਰਨ ਲਈ ਭਾਰਤ ਪ੍ਰਤੀ ਆਪਣੀ ਫੋਕੇ ਦਾਆਵਿਆਂ ਰਾਹੀਂ ਆਪਣੀ ਮਹੱਤਤਾ ਨੂੰ ਬਰਕਰਾਰ ਰੱਖਣ ਲਈ ਹੱਥ ਪੈਰ ਮਾਰਦੇ ਦਿਖਾਈ ਦੇ ਰਹੇ ਹਨ। ਜੇ ਦੇਖਿਆ ਜਾਵੇ ਤਾਂ ਇਹ ਸਿੱਖ ਰਾਇਸ਼ੁਮਾਰੀ ੨੦੨੦ ਭਾਵੇਂ ਕਿੰਨੀ ਵੀ ਚਰਚਿਤ ਹੋਵੇ ਪਰ ਸਿੱਖ ਅਵਾਮ ਅੰਦਰ ਇਸ ਬਾਰੇ ਅਜੇ ਕੋਈ ਇੱਕ ਮੱਤ ਨਹੀਂ ਹੈ ਨਾ ਹੀ ਕੋਈ ਰੂਪ ਰੇਖਾ ਤੇ ਇਸ ਪ੍ਰਤੀ ਕੋਈ ਉਤਸੁਕਤਾ ਦਿਖਾਈ ਦੇ ਰਹੀ ਹੈ।