ਪਿਛਲੇ ਦਿਨੀ ਇਨ੍ਹਾਂ ਕਾਲਮਾਂ ਵਿੱਚ ਅਵਤਾਰ ਸਿੰਘ ਦਾ ਲੇਖ ਪੜ੍ਹਿਆ, ‘ਸਿੱਖ ਲਹਿਰ ਦਾ ਸੱਚ’। ਉਨ੍ਹਾਂ ਨੇ ਆਪਣੇ ਲੇਖ ਵਿੱਚ ਇੰਡੀਅਨ ਐਕਸਪ੍ਰੈਸ ਅਖਬਾਰ ਦੇ ਸੀਨੀਅਰ ਸਟਾਫ ਰਿਪੋਰਟਰ ਦੇ ਅਹੁਦੇ ਤੇ ਕੰਮ ਕਰਦੇ ਰਹੇ ਪੱਤਰਕਾਰ ਜਗਤਾਰ ਸਿੰਘ ਦੀ ਕਿਤਾਬ, ‘ਖਾਲਿਸਤਾਨੀ ਸਟਰਗਲ ਏ ਨਾਨ-ਮੂਵਮੈਂਟ’ ਦਾ ਜਿਕਰ ਕੀਤਾ ਹੈ। ਜਗਤਾਰ ਸਿੰਘ ਨੇ ਆਪਣੀ ਕਿਤਾਬ ਕਾਫੀ ਸੂਝ-ਸਿਆਣਪ ਅਤੇ ਪੱਖਪਾਤੀ ਰਵੱਈਏ ਤੋਂ ਉਪਰ ਉਠਕੇ ਲਿਖੀ ਹੈ। ੧੯੮੪ ਦੇ ਘੱਲੂਘਾਰੇ ਤੋਂ ਬਾਅਦ ਜਦੋਂ ਪੱਤਰਕਾਰਾਂ ਦੀ ਪਹਿਲੀ ਟੋਲੀ ਨੂੰ ਅੱਤ ਦੀ ਗਰਮੀ ਵਿੱਚ ਸ੍ਰੀ ਦਰਬਾਰ ਸਾਹਿਬ ਲਿਜਾਇਆ ਗਿਆ ਤਾਂ ਉਥੋਂ ਦੇ ਹਾਲਾਤ ਬਾਰੇ ਸ੍ਰ ਜਗਤਾਰ ਸਿੰਘ ਨੇ ਜਿੰਨੀ ਭਾਵੁਕਤਾ ਅਤੇ ਦਲੇਰੀ ਨਾਲ ਲਿਖਿਆ ਹੈ ਉਹ ਕਾਬਲੇ ਤਾਰੀਫ ਹੈ।
ਸ੍ਰ ਜਗਤਾਰ ਸਿੰਘ ਕਿਉਂਕਿ ਬਹੁਤ ਲੰਬੇ ਸਮੇਂ ਤੱਕ ਪੰਜਾਬ ਵਿੱਚ ਤਾਇਨਾਤ ਰਹੇ ਹਨ ਇਸ ਲਈ ਉਨ੍ਹਾਂ ਕੋਲ ਘਟਨਾਵਾਂ ਨੂੰ ਬਹੁਤ ਨੇੜਿਓਂ ਦੇਖਣ ਦਾ ਤਜਰਬਾ ਹੈ। ਆਪ ਨੇ ਆਪਣੀ ਅੰਤਰ-ਆਤਮਾਂ ਦੀ ਅਵਾਜ਼ ਨਾਲ ਉਨ੍ਹਾਂ ਘਟਨਾਵਾਂ ਨੂੰ ਸੱਚੇ ਰੂਪ ਵਿੱਚ ਹੀ ਪੇਸ਼ ਕੀਤਾ ਹੈ। ਆਪ ਨੇ ਕਿਤੇ ਵੀ ਸਰਕਾਰ ਦੀਆਂ ਗਲਤੀਆਂ ਨੂੰ ਛੁਪਾਉਣ ਦੀ ਕੋਸ਼ਿਸ਼ ਨਹੀ ਕੀਤੀ ਜਿਵੇਂ ਕਿ ਪੰਜਾਬੀਅਤ ਦੇ ਅਲੰਬਰਦਾਰ ਕੁਲਦੀਪ ਨਈਅਰ ਹਰ ਵਾਰ ਕਰਦੇ ਦੇਖੇ ਜਾਂਦੇ ਹਨ।
ਸ੍ਰ ਜਗਤਾਰ ਸਿੰਘ ਦੀ ਕਿਤਾਬ ਦਾ ਨਾਅ ਹੀ ਦੱਸਦਾ ਹੈ ਕਿ ਉਹ ਸਿੱਖ ਲਹਿਰ ਨੂੰ ਇੱਕ ਲੋਕ ਲਹਿਰ ਨਹੀ ਸਮਝਦੇ। ਉਨ੍ਹਾਂ ਦਾ ਕਹਿਣਾਂ ਹੈ ਕਿ ਸਿੱਖ ਲਹਿਰ ਨੇ ਉਚ ਦਰਜੇ ਦਾ ਸਾਹਿਤ ਪੈਦਾ ਨਹੀ ਕੀਤਾ ਤਾਂ ਹੀ ਉਹ ਲਹਿਰ ਲੋਕ ਲਹਿਰ ਨਹੀ ਬਣ ਸਕੀ। ਉਨ੍ਹਾਂ ਦਾ ਆਖਣਾਂ ਹੈ ਕਿ ਖੱਬੇਪੱਖੀ ਲਹਿਰ ਨੇ ਕਿਉਂਕਿ ਪੰਜਾਬੀ ਵਿੱਚ ਬਹੁਤ ਸਾਰਾ ਸਾਹਿਤ ਪੈਦਾ ਕੀਤਾ ਇਸ ਲਈ ਉਹ ਲੋਕ ਲਹਿਰ ਦਾ ਦਰਜਾ ਰੱਖਦੀ ਹੈ।
ਸ੍ਰ ਜਗਤਾਰ ਸਿੰਘ ਨੂੰ ਆਪਣੀ ਗੱਲ ਕਹਿਣ ਦਾ ਪੂਰਾ ਅਧਿਕਾਰ ਹੈ। ਜੇ ਉਨ੍ਹਾਂ ਨੇ ਸਿੱਖਾਂ ਨਾਲ ਵਾਪਰੇ ਘਟਨਾਕ੍ਰਮ ਦਾ ਸਹੀ ਮੁਤਾਲਿਆ ਕੀਤਾ ਹੈ ਤਾਂ ਉਨ੍ਹਾਂ ਨੂੰ ਇਹ ਕਹਿਣ ਦਾ ਵੀ ਹੱਕ ਹੈ। ਜਗਤਾਰ ਸਿੰਘ ਦੀ ਟਿੱਪਣੀ ਕਿਸੇ ਨਫਰਤ ਵਿੱਚੋਂ ਨਹੀ ਨਿਕਲੀ ਬਲਕਿ ਇਮਾਨਦਾਰੀ ਵਿੱਚੋਂ ਹੀ ਪੈਦਾ ਹੋਈ ਹੈ। ਇਸਦੀ ਸਿੱਖ ਲਹਿਰ ਦੇ ਹਮਾਇਤੀਆਂ ਨੂੰ ਆਪਣੀ ਵਿਆਖਿਆ ਪੇਸ਼ ਕਰਨੀ ਚਾਹੀਦੀ ਹੈ।
ਇਸ ਸਬੰਧੀ ਅਸੀ ਇੱਕ ਸੱਚੀ ਘਟਨਾ ਨੂੰ ਆਪਣਾਂ ਅਧਾਰ ਬਣਾਵਾਂਗੇ ਉਸ ਤੇ ਆਪਣੇ ਤਰਕ ਨੂੰ ਉਸਾਰਨ ਦਾ ਯਤਨ ਕਰਾਂਗੇ।
ਲਗਭਗ ੨੦ ਸਾਲ ਪੁਰਾਣੀ ਗੱਲ ਹੈ ਇਹ। ਅਸੀਂ ਆਪਣੇ ਇੱਕ ਦੋਸਤ ਨਾਲ ਕੁਝ ਸੱਜਣਾਂ ਨੂੰ ਮਿਲਣ ਗਏ। ਸਾਡਾ ਉਹ ਦੋਸਤ ਪੰਜਾਬੀ ਦਾ ਸਿਰਕੱਢ ਨਾਵਲਕਾਰ ਹੈ। ਪੰਜਾਬੀ ਦੇ ਪਹਿਲੇ ਪੰਜ ਨਾਵਲਕਾਰਾਂ ਵਿੱਚ ਉਸਦਾ ਨਾਅ ਸ਼ੁਮਾਰ ਹੁੰਦਾ ਹੈ। ਉਹ ਕਲਮ ਦਾ ਧਨੀ ਅਤੇ ਵਲਵਲਿਆਂ ਦਾ ਸਮੁੰਦਰ ਹੈ। ਉਨ੍ਹਾਂ ਦਿਨਾਂ ਵਿੱਚ ਉਹ ਪੰਜਾਬ ਦੇ ਹੋ ਰਹੇ ਸ਼ਹਿਰੀਕਰਨ ਬਾਰੇ ਆਪਣੇ ਨਾਵਲ ਤੇ ਕੰਮ ਕਰ ਰਿਹਾ ਸੀ। ਅਸੀਂ ਸ਼ਹਿਰਾਂ ਵਿੱਚ ਤਬਦੀਲ ਹੋ ਰਹੇ ਪਿੰਡਾਂ ਦਾ ਦੌਰਾ ਕਰ ਰਹੇ ਸੀ। ਕਿਸੇ ਬਹੁਤ ਹੀ ਅਜੀਜ਼ ਦੋਸਤ ਕੋਲ ਪਹੁੰਚੇ ਤਾਂ ਉਸਨੇ ਆਪਣੇ ਵਿੱਤ ਤੋਂ ਬਾਹਰਾ ਸਵਾਗਤ ਕੀਤਾ। ਘਰ ਦੀ ਹਾਲਤ ਬਹੁਤ ਚੰਗੀ ਨਹੀ ਸੀ। ਥੋੜੀ ਜਿਹੀ ਜਮੀਨ ਵਾਲਾ ਇਹ ਛੋਟਾ ਕਿਸਾਨ ਪਰਿਵਾਰ ਸੀ।
ਉਸ ਦੋਸਤ ਨੇ ਨਾਵਲਕਾਰ ਮਿੱਤਰ ਨੂੰ ਆਖਿਆ ‘ਯਾਰ ਤੂੰ ਐਨਾ ਵੱਡਾ ਨਾਵਲਕਾਰ ਹੈਂ- ਅਸੀਂ ਤਾਂ ਸਧਾਰਨ ਅਤੇ ਥੋੜਾ ਪੜ੍ਹੇ ਹੋਏ ਲੋਕ ਹਾਂ।’ ਇਸ ਟਿੱਪਣੀ ਤੇ ਬੋਲਦਿਆਂ ਉਸ ਨਾਵਲਕਾਰ ਨੇ ਆਖਿਆ ਕਿ ‘ਦੋਸਤਾ ਅਸੀਂ ਤਾਂ ਸਿਰਫ ਫੋਟੋਗਰਾਫਰ ਹਾਂ, ਫੋਟੋ ਤਾਂ ਤੁਸੀਂ ਹੋ ਜੋ ਜਿੰਦਗੀ ਦੇ ਸੰਘਰਸ਼ ਨੂੰ ਪਿੰਡੇ ਤੇ ਹੰਢਾ ਰਹੇ ਹੋ। ਫੋਟੋਗਰਾਫਰ ਜਿਆਦਾ ਵੱਡਾ ਨਹੀ ਹੁੰਦਾ ਬਲਕਿ ਅਸਲੀ ਕੀਮਤ ਤਾਂ ਫੋਟੋ ਦੀ ਹੁੰਦੀ ਹੈ।’
ਸੋ ਉਸ ਵੱਡੇ ਨਾਵਲਕਾਰ ਦੀ ਪਰਿਭਾਸ਼ਾ ਦੇ ਅਧਾਰ ਤੇ ਜੇ ਗੱਲ ਕਰਨੀ ਹੋਵੇ ਤਾਂ ਆਖਿਆ ਜਾ ਸਕਦਾ ਹੈ ਕਿ ਸਾਹਿਤਕਾਰ ਤਾਂ ਸਿਰਫ ਫੋਟੋਗਰਾਫਰ ਹੀ ਹੁੰਦਾ ਹੈ। ਫੋਟੋ ਨਹੀ। ਭਾਵ ਨਾਇਕ ਨਹੀ। ਨਾਇਕ ਤਾਂ ਉਹ ਲੋਕ ਹੁੰਦੇ ਹਨ ਜੋ ਆਪਣੀ ਮਾਂ ਧਰਤੀ ਦੇ ਸਿਰ ਦਾ ਪੱਲੂ ਬਚਾਉਣ ਲਈ ਆਪਣੀਆਂ ਜਾਨਾਂ ਤੇ ਖੇਡ ਜਾਂਦੇ ਹਨ।
ਇਸ ਮਾਮਲੇ ਵਿੱਚ ਸਿੱਖ ਲਹਿਰ ਦਾ ਖੱਬੇਪੱਖੀ ਲਹਿਰ ਨਾਲ਼ੋਂ ਇਹੋ ਹੀ ਫਰਕ ਹੈ। ਖੱਬੇਪੱਖੀ ਲਹਿਰ ਕੋਲ ਫੋਟੋਗਰਾਫਰਾਂ ਦੀ ਭਰਮਾਰ ਹੈ ਪਰ ਨਾਇਕ ਨਾ ਹੋਇਆਂ ਵਰਗੇ ਹਨ। ਉਥੇ ਸਿਰਫ ਫੋਟੋਗਰਾਫਰ ਹੀ ਫੋਟੋਗਰਾਫਰ ਹਨ। ਫੋਟੋ ਦੇ ਮਾਡਲ ਕੋਈ ਨਹੀ। ਪਰ ਸਿੱਖ ਲਹਿਰ ਕੋਲ ਨਾਇਕ ਹੀ ਨਾਇਕ ਹਨ ਤੇ ਫੋਟੋਗਰਾਫਰ ਨਾ ਹੋਇਆਂ ਵਰਗੇ ਹਨ। ਸਿੱਖ ਲਹਿਰ ਕੋਲ ਉਹ ਨਾਇਕ ਹਨ ਜੋ ਰੂੰ ਵਿੱਚ ਬੰਨ੍ਹਕੇ ਸਾੜ ਦਿੱਤੇ ਗਏ, ਜੋ ਪਾਣੀ ਵਿੱਚ ਉਬਾਲ ਦਿੱਤੇ ਗਏ, ਜਿਨ੍ਹਾਂ ਦੇ ਨਹੁੰ ਜੰਬੂਰਾਂ ਨਾਲ ਖਿੱਚ ਦਿੱਤੇ ਗਏ, ਜੋ ਜੀਪਾਂ ਨਾਲ ਬੰਨ੍ਹਕੇ ਪਾੜ ਦਿੱਤੇ ਗਏ, ਜੋ ਹਸ-ਹਸ ਕੇ ਫਾਂਸੀਆਂ ਤੇ ਚੜ੍ਹ ਗਏ। ਸਭ ਕੁਝ ਆਪਣੇ ਬਾਜਾਂ ਵਾਲੇ ਪ੍ਰੀਤਮ ਦਾ ਭਾਣਾਂ ਮੰਨ ਕੇ ਸਹਾਰ ਗਏ ਅਤੇ ਗੁਰੂ ਜੀ ਦੀ ਨਿੱਘੀ ਗੋਦ ਵਿੱਚ ਜਾ ਬਿਰਾਜੇ।
ਬੇਸ਼ੱਕ ਉਨ੍ਹਾਂ ਬੇਨਾਮ ਸੂਰਬੀਰਾਂ ਅਤੇ ਸ਼ਹੀਦਾਂ ਬਾਰੇ ਕੋਈ ਉਚ ਪਾਏ ਦੇ ਨਾਵਲ ਹਾਲੇ ਨਹੀ ਲਿਖੇ ਗਏ ਪਰ ਇਸਦਾ ਮਤਲਬ ਇਹ ਨਹੀ ਹੈ ਕਿ ਸਿੱਖ ਲਹਿਰ ਨੇ ਆਪਣੀ ਮਾਂ ਧਰਤੀ ਦੀ ਇੱਜ਼ਤ ਬਚਾਉਣ ਲਈ ਆਪਾ ਵਾਰਨ ਵਾਲੇ ਸੂਰਮੇ ਪੈਦਾ ਨਹੀ ਕੀਤੇ।
ਸਿੱਖ ਲਹਿਰ ਸੂਰਮਿਆਂ, ਨਾਇਕਾਂ ਅਤੇ ਜਾਂਬਾਜਾਂ ਨਾਲ ਭਰੀ ਪਈ ਹੈ ਅਤੇ ਖੱਬੇਪੱਖੀ ਲਹਿਰ ਫੋਟੋਗਰਾਫਰਾਂ ਨਾਲ ਭਰੀ ਪਈ ਹੈ। ਫੈਸਲਾ ਇਤਿਹਾਸ ਨੇ ਕਰਨਾ ਹੈ ਕਿ ਕਿਹੜੀ ਲਹਿਰ ਵਿਚਾਰਧਾਰਕ ਸੀ ਅਤੇ ਕਿਹੜੀ ਲੋਕ ਪੱਖੀ।