ਅਕਸਰ ਸੁਣੀਂਦਾ ਹੈ ਕਿ ਸਿੱਖੀ ਦੀ ਖੇਡ ਬਹੁਤ ਨਿਰਾਲੀ ਹੈ। ਇਤਿਹਾਸਕ ਦੀਵਾਨਾਂ ਵਿੱਚ ਆਮ ਤੌਰ ਤੇ ਹੀ ਇਹ ਗੱਲ ਦੁਹਰਾਈ ਜਾਂਦੀ ਹੈ ਕਿ ਸਿੱਖੀ ਕਮਾਉਣ ਲਈ ਸਿਰ ਤਲੀ ਤੇ ਰੱਖਣਾਂ ਪੈਂਦਾ ਹੈ। ਸਿੱਖ ਇਤਿਹਾਸ ਵਿੱਚ ਅਣਗਿਣਤ ਅਜਿਹੇ ਬਹਾਦਰ ਹੋ ਚੁੱਕੇ ਹਨ ਜਿਨ੍ਹਾਂ ਨੇ ਆਪਣੇ ਧਰਮ ਦੀ ਲਾਜ ਪਾਲਣ ਲਈ ਆਪਣਾਂ ਆਪਾ ਕੁਰਬਾਨ ਕਰ ਦਿੱਤਾ। ਇਸੇ ਲਈ ਗੁਰੂ ਦੇ ਖਾਲਸਾ ਪੰਥ ਦੇ ਝੰਡੇ ਦੇਸ਼ ਵਿਦੇਸ਼ ਵਿੱਚ ਅੱਜ ਵੀ ਝੁੱਲ ਰਹੇ ਹਨ। ਗੁਰੂ ਦੀ ਸਿੱਖੀ ਦੀਆਂ ਜੜ੍ਹਾਂ ਏਨੀਆਂ ਡੂੰਘੀਆਂ ਲੱਗੀਆਂ ਹੋਈਆਂ ਹਨ ਕਿ ਕੋਈ ਕਿੰਨਾ ਵੀ ਇਨ੍ਹਾਂ ਤੋਂ ਕਿਨਾਰਾ ਕਰਨ ਦਾ ਯਤਨ ਕਰੇ ਆਖਰ ਸਿੱਖ ਇਤਿਹਾਸ ਦੇ ਅਮੋੜ ਵਹਿਣ ਉਸਨੂੰ ਆਪਣੇ ਵੱਲ ਖਿੱਚ ਹੀ ਲ਼ੈਂਦੇ ਹਨ। ਰਿਆਸਤਾਂ ਅਤੇ ਸਿਆਸਤਾਂ ਦੇ ਹਨੇਰੇ ਸੰਸਾਰ ਵਿੱਚ ਵਿਚਰਦਾ ਬੰਦਾ ਭਾਵੇਂ ਕਿੰਨੇ ਵੀ ਬਣਾਉਟੀ ਜਿਹੇ ਯਤਨ ਕਰੇ ਆਪਣੇ ਵਿਰਸੇ ਤੋਂ ਦੂਰ ਜਾਣ ਦੇ ਪਰ ਵਿਰਸਾ ਅਜਿਹਾ ਅਲੌਕਿਕ ਅਨਹਦ ਨਾਦ ਹੁੰਦਾ ਹੈ ਜੋ ਸੱਤ ਸਮੁੰਦਰ ਪਾਰ ਵੀ ਇਨਸਾਨ ਦੇ ਹਿਰਦੇ ਵਿੱਚ ਆਪਣੀ ਧੁੰਨ ਵਜਾਉਂਦਾ ਰਹਿੰਦਾ ਹੈ। ਉਹ ਤਾਰ ਕਿਤੇ ਨਾ ਕਿਤੇ ਛਿੜਦੀ ਹੀ ਰਹਿੰਦੀ ਹੈ। ਬੰਦਾ ਬਹੁਤ ਯਤਨ ਕਰਦਾ ਹੈ ਆਪਣੇ ਆਪ ਨੂੰ ‘ਸੱਭਿਅਕ’ ਦਰਸਾਉਣ ਦਾ, ਬਹੁਤ ਯਤਨ ਕਰਦਾ ਹੈ ਇਹ ਦੱਸਣ ਲਈ ਕਿ ਸਾਡਾ ਆਪਣੇ ਧਰਮ-ਧੁਰਮ ਨਾਲ ਕੋਈ ਸਬੰਧ ਨਹੀ ਹੈ, ਕਿ ਅਸੀਂ ਤਾਂ ਆਧੁਨਿਕ ਹੋ ਗਏ ਹਾਂ, ਸਾਡਾ ਅਜਿਹੇ ਲੋਕਾਂ ਨਾਲ ਕੋਈ ਰਿਸ਼ਤਾ ਨਹੀ ਹੈ ਜੋ ਸਿੱਖੀ ਦੀਆਂ ਗੱਲਾਂ ਕਰਦੇ ਹਨ, ਪਰ ਜਿਸ ਕੌਮ ਵਿੱਚ ਤੁਸੀਂ ਜਨਮ ਲਿਆ ਹੁੰਦਾ ਹੈ, ਜਿਸ ਭਾਈਚਾਰੇ ਦਾ ਲਹੂ ਤੁਹਾਡੀਆਂ ਰਗਾਂ ਵਿੱਚ ਦੌੜ ਰਿਹਾ ਹੁੰਦਾ ਹੈ ਉਹ ਕਿਸੇ ਮੋੜ ਤੇ ਆਕੇ ਤਾਂ ਤੁਹਾਨੂੰ ਧੂਹ ਪਾਉਂਦਾ ਹੀ ਹੈ ਕਿ ਆ ਆਪਣੀਆਂ ਜੜ੍ਹਾਂ ਵੱਲ ਮੁੜ। ਆਪਣੇ ਇਤਿਹਾਸ ਨੂੰ ਦੇਖ। ਆਪਣੇ ਭਾਈਚਾਰੇ ਦੀ ਸੁਣ ਤੇ ਸੁਣਾ।
ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਣ ਸਿੰਘ ਦੀ ਧੀ ਦੇ ਹਿਰਦੇ ਵਿੱਚ ਵੀ ਉਸੇ ਇਤਿਹਾਸ ਨੇ ਆਪਣੀ ਤਾਨ ਛੇੜੀ ਹੈ। ਸ਼ਹੀਦ ਹੋ ਗਈਆਂ ਮਾਵਾਂ ਦਾ ਅਨਹਦ ਨਾਦ ਹੁਣ ਉਸਦੇ ਹਿਰਦੇ ਵਿੱਚ ਵੀ ਗੂੰਜਣ ਲੱਗਾ ਹੈ। ਆਪਣੇ ਵਿਰਸੇ ਦੀ ਧੂਹ ਉਸਦੇ ਹਿਰਦੇ ਵਿੱਚ ਵੀ ਪੈਣ ਲੱਗੀ ਹੈ। ਪਿਛਲੇ ੩੦ ਸਾਲਾਂ ਤੋਂ ਇਸ ਪਰਿਵਾਰ ਨੇ ਬਹੁਤ ਸੁਚੇਤ ਰੂਪ ਵਿੱਚ ਸਿੱਖੀ ਨੂੰ ਬੇਦਾਵਾ ਦੇ ਰੱਖਿਆ ਸੀ। ਜਦੋਂ ਭਾਰਤ ਦੇ ਇਤਿਹਾਸ ਵਿੱਚ ਸਿੱਖਾਂ ਦਾ ਬੇਕਿਰਕ ਕਤਲੇਆਮ ਹੋ ਰਿਹਾ ਸੀ ਇਹ ਪਰਿਵਾਰ ਆਪਣੀ ਹੀ ਦੁਨੀਆਂ ਵਿੱਚ ਮਸਤ ਸੀ। ਇਸ ਪਰਿਵਾਰ ਦੇ ਵਡੇਰਿਆਂ ਦੀ ਨਜ਼ਰ ਰਿਆਸਤਾਂ ਅਤੇ ਸਿਆਸਤਾਂ ਉਤੇ ਟਿਕੀ ਹੋਈ ਸੀ। ਸਿੱਖ ਹੋਣ ਦਾ ਮਾਣ ਇਸ ਪਰਿਵਾਰ ਵਿੱਚੋਂ ਗੁਆਚ ਗਿਆ ਲਗਦਾ ਸੀ, ਜਾਂ ਇਸ ਪਰਿਵਾਰ ਨੇ ਆਪਣੀਆਂ ਦੁਨਿਆਵੀ ਪ੍ਰਾਪਤੀਆਂ ਦੀ ਲੰਗੜੀ ਜਿਹੀ ‘ਬਖਸ਼ਿਸ਼’ ਲਈ ਸਿੱਖ ਇਤਿਹਾਸ ਅਤੇ ਸਿੱਖ ਵਿਰਾਸਤ ਤੋਂ ਮੂੰਹ ਮੋੜ ਲਿਆ ਸੀ। ਬਹੁਤ ਲੰਬੇ ਸਮੇਂ ਤੱਕ ਇਸ ਪਰਿਵਾਰ ਨੇ ਸਿੱਖੀ ਤੋਂ ਸੁਚੇਤ ਦੂਰੀ ਬਣਾਕੇ ਰਿਆਸਤਾਂ ਅਤੇ ਸਿਆਸਤਾਂ ਦੀ ਖੇਡ ਖੇਡੀ ਸੀ। ਪਰ ਅੰਤ ਨੂੰ ਉਸ ਵਿਰਸੇ ਨੇ ਧੂਹ ਪਾਈ। ਮਨ ਵਿੱਚ ਹਲਚਲ ਹੋਈ। ਗੁਰੂ ਦੀ ਅਵਾਜ਼ ਆਖਰ ਇਨ੍ਹਾਂ ਦੇ ਕੰਨਾਂ ਤੱਕ ਵੀ ਪਹੁੰਚੀ ਅਤੇ ਜਿਉਂ ਹੀ ਗੁਰੂ ਦੀ ਬਖਸ਼ਿਸ਼ ਭਰੀ ਅਵਾਜ਼ ਉਸ ਪਰਿਵਾਰ ਦੇ ਕਿਸੇ ਜੀਅ ਨੇ ਸੁਣੀ ਉਸਨੇ ਇੱਕਦਮ ਆਪਣੇਂ ਅੰਦਰ ਚੱਲ ਰਹੀ ਕਸ਼ਮਕਸ਼ ਨੂੰ ਬਾਹਰ ਕੱਢ ਦਿੱਤਾ।
ਡਾਕਟਰ ਮਨਮੋਹਣ ਸਿੰਘ ਦੀ ਧੀਅ ਨੇ ਆਖਰ ਏਨੇ ਸਾਲਾਂ ਬਾਅਦ ਜਦੋਂ ਜ਼ੁਬਾਨ ਖੋਲ਼੍ਹੀ ਤਾਂ ਉਹ ਸਿੱਧੀ ਆਪਣੇ ਸਿੱਖ ਹੋਣ ਦੇ ਗੌਰਵ ਨਾਲ ਜੁੜੀ ਹੋਈ ਸੀ। ਉਸ ਕੁੜੀ ਦੀ ਪਹਿਲੀ ਬੇਬਾਕ ਅਵਾਜ਼, ਜੋ ਉਸਨੇ ਆਪਣੀ ਮਰਜ਼ੀ ਨਾਲ ਬਿਨਾ ਕਿਸੇ ਦਬਾਅ ਦੇ ਖੋਲ਼੍ਹੀ ਸੀ ਆਪਣੇ ਵਿਰਸੇ ਨਾਲ ਜੁੜੀਆਂ ਹੋਈਆਂ ਗੱਲਾਂ ਆਖ ਗਈ। ਉਸਨੇ ਉਹ ਸੱਚ ਜੋ ਸਾਰਿਆਂ ਨੂੰ ਪਹਿਲੋਂ ਹੀ ਪਤਾ ਸੀ ਸ਼ਰੇਆਮ ਕਬੂਲਿਆ ਕਿ ੧੯੮੪ ਵਿੱਚ ਸਾਡੇ ਘਰ ਤੇ ਵੀ ਹਮਲਾ ਹੋਇਆ ਸੀ। ਜਦੋਂ ਵੀ ਬੰਦਾ ਆਪਣੀਆਂ ਅੱਖਾਂ ਤੇ ਕੰਨ ਬੰਦ ਕਰਕੇ ਆਪਣੇ ਅੰਦਰ ਦੀ ਅਵਾਜ਼ ਸੁਣਦਾ ਹੈ ਉਸਦੇ ਅੰਦਰ ਗੁਰੂ ਦੀ ਇਲਾਹੀ ਜੋਤ ਪ੍ਰਗਟ ਹੁੰਦੀ ਹੈ। ਉਹ ਜੋਤ ਏਨੀ ਪ੍ਰਜਵੱਲਿਤ ਹੁੰਦੀ ਹੈ ਕਿ ਉਸਦੇ ਸੱਚ ਦਾ ਸਾਹਮਣਾਂ ਕਰਨ ਲਈ ਵੱਡੀ ਇੱਛਾ ਸ਼ਕਤੀ ਲੋੜੀਂਦੀ ਹੁੰਦੀ ਹੈ। ਸਾਡਾ ਇਤਿਹਾਸ ਵਾਰ ਵਾਰ ਸਾਨੂੰ ਅਵਾਜ਼ਾਂ ਮਾਰਦਾ ਰਹਿੰਦਾ ਹੈ। ਸਾਡੇ ਵੱਡੇ ਵਡੇਰੇ ਹਮੇਸ਼ਾ ਸਾਡੀ ਪਿੱਠ ਤੇ ਆਕੇ ਸਾਨੂੰ ਸਮਝਾਉਂਦੇ ਰਹਿੰਦੇ ਹਨ, ਪਰ ਬੰਦਾ ਰਿਆਸਤਾਂ ਅਤੇ ਸਿਆਸਤਾਂ ਦੀ ਰੰਗੀਨੀ ਵਿੱਚ ਏਨਾ ਮਸਤ ਹੋ ਜਾਂਦਾ ਹੈ ਕਿ ਵਿਰਸੇ ਦੀ ਅਵਾਜ਼ ਨੂੰ ਜਾਣਬੁੱਝ ਕੇ ਨਕਾਰ ਦੇਂਦਾ ਹੈ। ਪਰ ਅੰਤ ਨੂੰ ਜਦੋਂ ਸਾਰੀਆਂ ਰਿਆਸਤਾਂ ਅਤੇ ਸਿਆਸਤਾਂ ਖਤਮ ਹੋ ਜਾਂਦੀਆਂ ਹਨ ਫਿਰ ਵਿਰਸਾ ਯਾਦ ਆਉਂਦਾ ਹੈ। ਗੁਰੂ ਯਾਦ ਆਉਂਦੇ ਹਨ। ਸ਼ਹੀਦ ਯਾਦ ਆਉਂਦੇ ਹਨ, ਉਨ੍ਹਾਂ ਨਾਲ ਆਪਣੇ ਰੁਹਾਨੀ ਰਿਸ਼ਤੇ ਦੀ ਯਾਦ ਆਉਂਦੀ ਹੈ। ਰੁਹਾਨੀਅਤ ਦਾ ਇਹ ਅਮੋੜ ਤੁਫਾਨ ਏਨਾ ਬਲਵਾਨ ਹੁੰਦਾ ਹੈ ਕਿ ਇਨਸਾਨ, ਬੰਦਾ ਬਹਾਦਰ ਵਾਂਗ ਗੁਰੂ ਅੱਗੇ ਸੀਸ ਝੁਕਾ ਦੇਂਦਾ ਹੈ।
ਡਾਕਟਰ ਮਨਮੋਹਣ ਸਿੰਘ ਦੇ ਪਰਿਵਾਰ ਨੇ ਪਿਛਲੇ ੩੦ ਸਾਲਾਂ ਦੌਰਾਨ ਰਿਆਸਤ ਤੇ ਸਿਆਸਤ ਦੀਆਂ ਬਹੁਤ ਰੰਗੀਨੀਆਂ ਦੇਖੀਆਂ ਹਨ। ਇਨ੍ਹਾਂ ਰੰਗੀਨੀਆਂ ਵਿੱਚ ਮਸਤ ਹੋਕੇ ਇਸ ਪਰਿਵਾਰ ਨੇ ਆਪਣੇ ਸਿੱਖ ਹੋਣ ਦੇ ਮਾਣ ਨੂੰ ਵੀ ਨਕਾਰੀ ਰੱਖਿਆ ਸੀ ਪਰ ਅੰਤ ਨੂੰ ਗੁਰੂ ਦੀ ਖੇਡ ਵਾਪਰ ਗਈ। ਉਸ ਪਰਿਵਾਰ ਦੇ ਕਿਸੇ ਇੱਕ ਜੀਅ ਵਿੱਚ ਗੁਰੂ ਦੀ ਜੋਤ ਦਾ ਪ੍ਰਕਾਸ਼ ਹੋਣ ਲੱਗਾ ਹੈ। ਉਹ ਜੀਅ ਆਪਣੇ ਵਿਰਸੇ ਵੱਲ ਨੂੰ ਮੁੜਨ ਦੇ ਯਤਨ ਕਰਨ ਲੱਗਾ ਹੈ। ਕੌਮ ਨੂੰ ਇਸਦਾ ਸਵਾਗਤ ਕਰਨਾ ਚਾਹੀਦਾ ਹੈ।
ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਅੰਦਰ ਵੀ ਗੁਰੂ ਦੇ ਚਾਨਣ ਦੀ ਅਜਿਹੀ ਕਿਰਨ ਕਿਸੇ ਦਿਨ ਜਾਗੇਗੀ ਅਤੇ ਇਹ ਪਰਿਵਾਰ ਵੀ ਰਿਆਸਤਾਂ ਅਤੇ ਸਿਆਸਤਾਂ ਦੀ ਹਨੇਰੀ ਚਕਾਚੌਂਧ ਵਿੱਚੋਂ ਬਾਹਰ ਨਿਕਲਕੇ ਗੁਰੂ ਦੇ ਪ੍ਰਕਾਸ਼ ਨੂੰ ਨਤਮਸਤਕ ਹੋਵੇਗਾ।