ਪੰਥ ਅਤੇ ਕਿਸਾਨੀ ਦੀ ਪ੍ਰਤੀਨਿਧਤਾ ਕਰਨ ਵਾਲੀ ਪਾਰਟੀ ਵਜੋਂ ਜਾਣੀ ਜਾਂਦੀ ਸ਼ੋ੍ਰੋਮਣੀ ਅਕਾਲੀ ਦਲ ਦੀ ਅਸੈਂਬਲੀ ਚੋਣਾਂ ਵਿਚ ਲਗਾਤਾਰ ਦੂਜੀ ਹਾਰ ਨੇ ਪਾਰਟੀ ਨੂੰ ਹੌਂਦ ਦੇ ਸੰਕਟ ਵੱਲ ਧੱਕ ਦਿੱਤਾ ਹੈ।ਬਾਦਲਾਂ ਦੀ ਅਗਵਾਈ ਵਾਲੇ ਅਕਾਲੀ ਦਲ ਦਾ ਪੰਜਾਬ ਵਿਚ ਰਾਜਨੀਤਿਕ ਕਿਲਾ ਬੁਰੀ ਤਰਾਂ ਢਹਿ-ਢੇਰੀ ਹੋ ਗਿਆ ਹੈ।ਭਾਰਤ ਦੀਆਂ ਸਭ ਤੋਂ ਪੁਰਾਣੀਆਂ ਪਾਰਟੀਆਂ ਵਿਚੋਂ ਇਕ ਸ਼੍ਰੋਮਣੀ ਅਕਾਲੀ ਦਲ ਦੀ ੧੯੨੦ ਵਿਚ ਆਪਣੀ ਸ਼ੁਰੂਆਤ ਤੋਂ ਬਾਅਦ ਇਹ ਸਭ ਤੋਂ ਬੁਰੀ ਅਤੇ ਸ਼ਰਮਨਾਕ ਹਾਰ ਹੈ।ਅਸੈਂਬਲੀ ਚੋਣਾਂ ਵਿਚ ਪਾਰਟੀ ਮਹਿਜ਼ ਤਿੰਨ ਸੀਟਾਂ ਹੀ ਪ੍ਰਾਪਤ ਕਰ ਸਕੀ ਜਿਸ ਨੇ ਸੁਖਬੀਰ ਬਾਦਲ ਦੀ ਲੀਡਰਸ਼ਿਪ ਉੱਪਰ ਵੱਡਾ ਸੁਆਲ ਖੜ੍ਹਾ ਕਰ ਦਿੱਤਾ ਹੈ, ਜਿਸ ਨੂੰ ਖੁਦ ਵੀ ਇਹਨਾਂ ਚੋਣਾਂ ਵਿਚ ਹਾਰ ਦਾ ਮੂੰਹ ਦੇਖਣਾ ਪਿਆ।ਪਾਰਟੀ ਦੇ ਸੀਨੀਅਰ ਆਗੂ ਪ੍ਰਕਾਸ਼ ਸਿੰਘ ਬਾਦਲ, ਜਿਸ ਨੇ ਪਿਛਲੇ ਦਹਾਕਿਆਂ ਵਿਚ ਪਾਰਟੀ ਨੂੰ ਜੋੜ ਕੇ ਰੱਖਿਆ, ਜੋ ਪੰਜ ਵਾਰ ਪੰਜਾਬ ਦਾ ਮੁੱਖ ਮੰਤਰੀ ਰਿਹਾ ਅਤੇ ਆਪਣੇ ਰਾਜਨੀਤਿਕ ਕਰੀਅਰ ਵਿਚ ਲਗਾਤਾਰ ਜਿੱਤ ਪ੍ਰਾਪਤ ਕੀਤੀ, ਉਹ ਵੀ ਆਪਣੇ ਜੱਦੀ ਹਲਕੇ ਲੰਬੀ ਤੋਂ ੧੧੦੦੦ ਵੋਟਾਂ ਦੇ ਫਰਕ ਨਾਲ ਹਾਰ ਗਿਆ।ਇਹੀ ਸੀਟ ਉਸ ਨੇ ਲਗਾਤਾਰ ਪੰਜ ਵਾਰ ਪਹਿਲਾਂ ਜਿੱਤੀ ਸੀ।
ਇਸ ਤਰਾਂ ਪ੍ਰਤੀਤ ਹੁੰਦਾ ਹੈ ਕਿ ਅਕਾਲੀ ਦਲ ਲੀਡਰਸ਼ਿਪ ਪੰਜਾਬ ਦੇ ਅਸਲ ਮੁੱਦਿਆਂ ਨੂੰ ਪਛਾਣ ਹੀ ਨਹੀਂ ਪਾਈ ਅਤੇ ਉਨ੍ਹਾਂ ਨੇ ਦਿਸ਼ਾਹੀਣ ਪ੍ਰਚਾਰ ਕੀਤਾ।ਸ਼ੋ੍ਰੋਮਣੀ ਅਕਾਲੀ ਦਲ ਦਾ ਵੋਟ ਸ਼ੇਅਰ ੨੦੧੭ ਵਿਚ ੨੫.੪੨% ਤੋਂ ਖਿਸਕ ਕੇ ਅਠਾਰਾਂ ਪ੍ਰਤੀਸ਼ਤ ਤੇ ਆ ਗਿਆ ਜੋ ਕਿ ੧੯੯੭ ਵਿਚ ਸਭ ਤੋਂ ਜਿਆਦਾ ੩੭% ਸੀ।ਚੋਣਾਂ ਦੇ ਨਤੀਜੇ ਉਮੀਦ ਤੋਂ ਪਰੇ ਨਹੀਂ ਹਨ।ਲੋਕਾਂ ਵਿਚ ਸ਼ੋ੍ਰੋਮਣੀ ਅਕਾਲੀ ਦਲ ਨੂੰ ਲੈ ਕੇ ਗੁੱਸਾ ਅਤੇ ਰੋਸ ਸੀ ਜਿਸ ਨੂੰ ਅਕਾਲੀ ਦਲ ਦਾ ਪ੍ਰਧਾਨ ਸਮਝ ਨਹੀਂ ਸਕਿਆ।੨੦੧੫ ਵਿਚ ਜਦੋਂ ਉਹ ਸੱਤਾ ਵਿਚ ਸਨ ਤਾਂ ਬੇਅਦਬੀ ਦੀਆਂ ਘਟਨਾਵਾਂ ਦੇ ਨਾਲ-ਨਾਲ ਡਰੱਗ ਮਾਫੀਆ, ਰੇਤ ਅਤੇ ਟਰਾਂਸਪੋਰਟ ਮਾਫੀਆ ਮਜਬੂਤ ਕਰਨ ਦੇ ਦੋਸ਼ ਵੀ ਪਾਰਟੀ ਉੱਪਰ ਲੱਗਦੇ ਰਹੇ ਜਿਸ ਕਰਕੇ ਲੋਕਾਂ ਵਿਚ ਉਨ੍ਹਾਂ ਪ੍ਰਤੀ ਨਾਪਸੰਦਗੀ ਵਧ ਗਈ।ਮਾਲਵਾ ਖਿੱਤੇ ਨਾਲ ਸੰਬੰਧਿਤ ਪਾਰਟੀ ਦਾ ਕੋਰ ਅਧਾਰ ਸਿੱਖ ਅਤੇ ਪੇਂਡੂ ਪੰਜਾਬੀ ਆਮ ਆਦਮੀ ਪਾਰਟੀ ਵੱਲ ਮੁੜ ਗਏ ਹਨ।ਕੇਂਦਰ ਦੁਆਰਾ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਪ੍ਰਤੀ ਸ਼ੋ੍ਰੋਮਣੀ ਅਕਾਲੀ ਦਲ ਦੇ ਉੱਚ ਲੀਡਰਾਂ ਦੇ ਰਵੱਈਏ, ਜਿਨ੍ਹਾਂ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ ਸਮਰਥਨ ਦਿੱਤਾ ਅਤੇ ਫਿਰ ਵਿਰੋਧ ਕੀਤਾ, ਨੇ ਵੀ ਲੋਕਾਂ ਦਾ ਪਾਰਟੀ ਤੋਂ ਮੋਹ ਭੰਗ ਕੀਤਾ।
ਹਾਲਾਂਕਿ ਪਾਰਟੀ ਨੇ ਅਸੈਂਬਲੀ ਚੋਣਾਂ ਦੀਆਂ ਤਿਆਰੀਆਂ ਪਿਛਲੇ ਵਰ੍ਹੇ ਹੀ ਆਰੰਭ ਦਿੱਤੀਆਂ ਸਨ ਅਤੇ ਦੂਜੀਆਂ ਪਾਰਟੀਆਂ ਤੋਂ ਪਹਿਲਾਂ ਹੀ ਸ਼ੋ੍ਰੋਮਣੀ ਅਕਾਲੀ ਦਲ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਸੀ, ਪਰ ਪਾਰਟੀ ਪਿਛਲੀਆਂ ਅਸੈਂਬਲੀ ਚੋਣਾਂ ਵਿਚ ਪੰਦਰਾਂ ਸੀਟਾਂ ਜਿੱਤਣ ਨੂੰ ਵੀ ਦੁਹਰਾਅ ਨਾ ਸਕੀ।ਭਾਵੇਂ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਲੀਡਰਸ਼ਿਪ ਨੂੰ ਆਪਣੇ ਨਾਲ ਤੋਰ ਲਿਆ, ਪਾਰਟੀ ਵਿਚ ਫੁੱਟ ਪੈਣ ਤੋਂ ਰੋਕੀ ਰੱਖੀ ਅਤੇ ਲਗਾਤਾਰ ਚੋਣ ਪ੍ਰਚਾਰ ਕੀਤਾ, ਪਰ ਇਸ ਦਾ ਕੋਈ ਬਹੁਤਾ ਅਸਰ ਨਾ ਹੋਇਆ।ਅਕਾਲੀ ਦਲ ਵਿਚ ਇਸ ਤਰਾਂ ਦੇ ਪਤਨ ਨੇ ਇਕ ਸਦੀ ਤੋਂ ਬਾਅਦ ਸਿੱਖ ਰਾਜਨੀਤੀ ਲਈ ਢਾਂਚਾਗਤ ਚੁਣੌਤੀਆਂ ਪੈਦਾ ਕਰ ਦਿੱਤੀਆਂ ਹਨ।ਸਿੱਖ ਪੰਥ ਇਕ ਸਦੀ ਪੁਰਾਣੀ ਰਾਜਨੀਤਿਕ ਜੱਥੇਬੰਦੀ ਦੇ ਲਗਭਗ ਖਤਮ ਹੋਣ ਦਾ ਸਾਹਮਣਾ ਕਰ ਰਿਹਾ ਹੈ।
ਅਸਲ ਵਿਚ, ਸਿੱਖ ਭਾਈਚਾਰਾ, ਜਿਨ੍ਹਾਂ ਵਿਚ ਬਾਦਲਾਂ ਦਾ ਵਿਰੋਧ ਕਰਨ ਵਾਲੇ ਵੀ ਸ਼ਾਮਿਲ ਹਨ, ਸੋਸ਼ਲ ਮੀਡੀਆ ਉੱਪਰ ਪਹਿਲਾਂ ਹੀ ਸ਼ੋ੍ਰੋਮਣੀ ਅਕਾਲੀ ਦਲ ਦੇ ਭਵਿੱਖ ਉੱਪਰ ਚਰਚਾ ਕਰ ਰਿਹਾ ਹੈ।ਸਿੱਖ ਪੰਥ ਰਾਜਨੀਤੀ ਵਿਚ ਆਪਣੀ ਭਾਗੀਦਾਰੀ ਪ੍ਰਮੁੱਖ ਰੂਪ ਵਿਚ ਅਕਾਲੀ ਦਲ ਰਾਹੀ ਹੀ ਕਰਦਾ ਆ ਰਿਹਾ ਹੈ।ਪਿਛਲੇ ਸੌ ਸਾਲਾਂ ਵਿਚ, ਇਕ ਤੋਂ ਬਾਅਦ ਇਕ ਅਕਾਲੀ ਧੜੇ ਇਕ ਦੂਜੇ ਦਾ ਸਥਾਨ ਲੈਂਦੇ ਰਹੇ, ਪਰ ਪਾਰਟੀ ਨੇ ਕਦੇ ਵੀ ਇਸ ਤਰਾਂ ਹੌਂਦ ਦੇ ਸੰਕਟ ਦਾ ਸਾਹਮਣਾ ਨਹੀਂ ਸੀ ਕੀਤਾ ਜਦੋਂ ਇਸ ਨੇ ਸਿੱਖਾਂ ਅਤੇ ਪੰਜਾਬ ਦੇ ਲੋਕਾਂ ਵਿਚ ਆਪਣਾ ਅਧਾਰ ਹੀ ਗੁਆ ਲਿਆ ਹੈ।
ਅਕਾਲੀ ਦਲ ਦੇ ਸੰਵਿਧਾਨ ਵਿਚ ਲਿਖਿਆ ਹੈ, “ਸ਼ੋ੍ਰੋਮਣੀ ਅਕਾਲੀ ਦਲ ਖਾਲਸਾ ਪੰਥ ਦੀ ਰਾਜਨੀਤਿਕ ਤਰਜਮਾਨੀ ਕਰਨ ਵਾਲੀ ਇਕੋਂ ਇਕ ਸੰਸਥਾਂ ਹੈ।” ਸ਼ੋ੍ਰੋਮਣੀ ਅਕਾਲੀ ਦਲ ਦੀ ਪਝੱਤਰਵੀਂ ਵਰੇ੍ਹਗੰਡ ਮਨਾਉਣ ਮੌਖੇ ਫਰਵਰੀ ੧੯੯੬ ਵਿਚ ਹੋਈ ਮੋਗਾ ਕਾਨਫਰੰਸ ਤੱਕ ਪਾਰਟੀ ਦੀ ਇਹੀ ਪਛਾਣ ਰਹੀ, ਜੋ ਇਸ ਤੋਂ ਬਾਅਦ ਪੰਥਕ ਤੋਂ ਪੰਜਾਬੀ ਪਛਾਣ ਵੱਲ ਮੁੜ ਗਈ।ਦਿਸੰਬਰ ੧੯੯੮ ਦੇ ਆਖਰੀ ਹਫਤੇ ਫਤਿਹਗੜ੍ਹ ਸਾਹਿਬ ਵਿਚ ਬੋਲਦਿਆਂ ਵੱਡੇ ਬਾਦਲ ਨੇ ਇਹ ਦਾਅਵਾ ਕੀਤਾ ਸੀ ਕਿ ਸ਼ੋ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ੋ੍ਰੋਮਣੀ ਅਕਾਲੀ ਦਲ ਦਾ ਹੀ ਇਕ ਹਿੱਸਾ ਹੈ।ਉਨ੍ਹਾਂ ਦਾ ਇਹ ਬਿਆਨ ਇਤਿਹਾਸਿਕ ਅਤੇ ਵਿਚਾਰਕ ਪੱਖੋਂ ਗਲਤ ਸੀ।ਇਹ ਉਸ ਸਮੇਂ ਦੀ ਸੱਚਾਈ ਨੂੰ ਬਿਆਨ ਕਰਦਾ ਹੈ ਜਦੋਂ ਸ਼ੋ੍ਰੋਮਣੀ ਅਕਾਲੀ ਦਲ ਉੱਪਰ ਉਸ ਦਾ ਪੂਰਣ ਨਿਯੰਤ੍ਰਣ ਹੋ ਗਿਆ ਸੀ ਅਤੇ ਉਹ ਸ਼ੋ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦੂਜੀਆਂ ਸਿੱਖ ਸੰਸਥਾਵਾਂ ਉੱਪਰ ਸਰਵਉੱਚ ਨਿਯੰਤ੍ਰਣ ਵੱਲ ਵਧ ਰਿਹਾ ਸੀ।ਸ਼ੋ੍ਰੋਮਣੀ ਅਕਾਲੀ ਦਲ ਗੁਰਦੁਆਰਾ ਸੁਧਾਰ ਅੰਦੋਲਨ ਦੀ ਉਪਜ ਸੀ ਅਤੇ ਇਸ ਦੀ ਸਥਾਪਨਾ ੧੯੨੦ ਵਿਚ ਸ਼ੋ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਕਾਰ ਨੂੰ ਦੇਖਣ ਲਈ ਹੋਈ ਸੀ।ਸਮੇਂ ਦੇ ਨਾਲ-ਨਾਲ ਇਸ ਨੇ ਸਰਗਰਮ ਰਾਜਨੀਤੀ ਵਿਚ ਕਦਮ ਰੱਖਿਆ।
ਅਕਾਲੀ ਦਲ ਹਮੇਸ਼ਾ ਹੀ ਸਿੱਖ ਰਾਜਨੀਤਿਕ ਪ੍ਰਵਚਨ (ਡਿਸਕੋਰਸ) ਦਾ ਅਟੁੱਟ ਅੰਗ ਰਿਹਾ ਹੈ।੧੯੫੪ ਵਿਚ ਜਦੋਂ ਕਾਂਗਰਸ ਪਾਰਟੀ ਅਕਾਲੀ ਦਲ ਦੁਆਰਾ ਦੋਇਮ ਰੋਲ ਅਦਾ ਕਰਨਾ ਚਾਹ ਰਹੀ ਸੀ, ਉਦੋਂ ਵੀ ਇਸ ਨੇ ਆਪਣੀਆਂ ਸ਼ਰਤਾਂ ਤੇ ਰਾਜਨੀਤੀ ਕੀਤੀ।ਮੁਲਕ ਦੀ ਵੰਡ ਸਮੇਂ ਹੋਈਆਂ ਬਹਿਸਾਂ ਵਿਚ ਅਕਾਲੀ ਦਲ ਦੇ ਲੀਡਰਾਂ ਨੇ ਸਿੱਖਾਂ ਦੀ ਪ੍ਰਤੀਨਿਧਤਾ ਕੀਤੀ।ਸ਼ੋ੍ਰੋਮਣੀ ਅਕਾਲੀ ਦਲ ਅਤੇ ਸਿੱਖਾਂ ਨੂੰ ਬੀਤੇ ਵਿਚ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ, ਪਰ ਉਨ੍ਹਾਂ ਨੇ ਇਹਨਾਂ ਦਾ ਸਾਹਮਣਾ ਕੀਤਾ ਅਤੇ ਸਰ ਕੀਤਾ।ਪਰ ਮੌਜੂਦਾ ਸਥਿਤੀ ਨੇ ਅਕਾਲੀ ਦਲ ਅਤੇ ਇਸ ਦੀ ਲੀਡਰਸ਼ਿਪ ਦੇ ਭਵਿੱਖ ਉੱਪਰ ਸੁਆਲ ਖੜਾ ਕਰ ਦਿੱਤਾ ਹੈ।ਅਕਾਲੀ ਲੀਡਰਸ਼ਿਪ ਹੀ ਇਸ ਸੰਕਟ ਲਈ ਜ਼ਿੰਮੇਵਾਰ ਹੈ।੧੯੪੭ ਤੋਂ ਲੈ ਕੇ ੧੯੫੪ ਤੱਕ ਅਕਾਲੀ ਦਲ ਅਤੇ ਕਾਂਗਰਸ ਵਿਚ ਦੋਹਰੀ ਮੈਂਬਰਸ਼ਿਪ ਹੁੰਦੀ ਸੀ ਅਤੇ ਅਕਾਲੀ ਦਲ ਨੇ ਉਸ ਸਮੇਂ ਰਾਸ਼ਟਰੀ ਪਾਰਟੀ ਨਾਲ ਸਹਿਯੋਗ ਕੀਤਾ।ਪਰ ਮਾਸਟਰ ਤਾਰਾ ਸਿੰਘ ਅਤੇ ਹੋਰ ਅਕਾਲੀ ਨੇਤਾਵਾਂ ਨੇ ਸ਼ੋ੍ਰੋਮਣੀ ਅਕਾਲੀ ਦਲ ਦੀ ਪਹਿਚਾਣ ਨੂੰ ਵੱਖਰਾ ਰੱਖਿਆ ਅਤੇ ਇਸ ਦੇ ਰਾਜਨੀਤਿਕ ਰੋਲ ਨੂੰ ਬਚਾਈ ਰੱਖਿਆ।
ਇਹਨਾਂ ਚੋਣਾਂ ਵਿਚ ਵੱਡੀ ਹਾਰ ਤੋਂ ਬਾਅਦ ਸਿੱਖ ਹਲਕਿਆਂ ਵਿਚ ਇਸ ਵਿਚ ਢਾਂਚਾਗਤ ਤਬਦੀਲੀਆਂ ਲੈ ਕੇ ਆਉਣ ਲਈ ਸਰੋਕਾਰ ਜ਼ਾਹਿਰ ਕੀਤੇ ਜਾ ਰਹੇ ਹਨ।ਦੇਸ਼ ਅਤੇ ਵਿਦੇਸ਼ ਵਿਚ ਸਿੱਖਾਂ ਨਾਲ ਸੰਬੰਧਿਤ ਸਮਾਜਿਕ, ਧਾਰਮਿਕ, ਰਾਜਨੀਤਿਕ ਮਸਲਿਆਂ ਉੱਪਰ ਅਕਾਲੀ ਦਲ ਦੁਆਰਾ ਸਿੱਖਾਂ ਵਲੋਂ ਬੋਲਣ ਦੀ ਤਵੱਕੋ ਕੀਤੀ ਜਾਂਦੀ ਹੈ।ਪਰ ਪਾਰਟੀ ਇਸ ਸਮੇਂ ਆਪਣੀ ਹੌਂਦ ਦੇ ਸੰਕਟ ਨਾਲ ਜੂਝ ਰਹੀ ਹੈ ਕਿਉਂਕਿ ਬਰਗਾੜੀ ਕੇਸ ਅਤੇ ਬਹਿਬਲ ਕਲਾਂ ਪੁਲਿਸ ਗੋਲੀ ਕਾਂਡ ਤੋਂ ਬਾਅਦ ਅਤੇ ਪਾਰਟੀ ਉੱਪਰ ਉਨ੍ਹਾਂ ਦੇ ਪੂਰਣ ਨਿਯੰਤ੍ਰਣ ਕਰਕੇ ਸਿੱਖਾਂ ਦਾ ਪ੍ਰਮੁੱਖ ਹਿੱਸਾ ਬਾਦਲਾਂ ਦਾ ਵਿਰੋਧੀ ਹੋ ਗਿਆ ਹੈ।ਹੁਣ ਅਕਾਲੀ ਦਲ ਦੇ ਭਵਿੱਖ ਲਈ ਬਾਦਲਾਂ ਦੇ ਵਿਰੋਧੀਆਂ ਵਲੋਂ ਵੀ ਚਿੰਤਾ ਜਤਾਈ ਜਾ ਰਹੀ ਹੈ।ਅਕਾਲ ਤਖਤ ਦੇ ਜੱਥੇਦਾਰ ਦੁਆਰਾ ਕੀਤੀ ਅਪੀਲ ਨੂੰ ਵੀ ਸੋਸ਼ਲ਼ ਮੀਡੀਆ ਉੱਪਰ ਆਲੋਚਨਾ ਸਹਿਣੀ ਪਈ ਕਿਉਂਕਿ ਇਸ ਨੂੰ ਬਾਦਲ ਲੀਡਰਸ਼ਿਪ, ਜੋ ਇਸ ਸੰਕਟ ਲਈ ਪ੍ਰਮੁੱਖ ਰੂਪ ਵਿਚ ਜ਼ਿੰਮੇਵਾਰ ਹਨ, ਨੂੰ ਬਚਾਉਣ ਦੀ ਕੋਸ਼ਿਸ਼ ਦੇ ਰੂਪ ਵਿਚ ਦੇਖਿਆ ਗਿਆ।ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਨੂੰ ਮਹਿਜ਼ ਤਿੰਨ ਸੀਟਾਂ ਮਿਲਣਾ ਪਾਰਟੀ ਦੀ ਹੌਂਦ ਦੇ ਗਹਿਰੇ ਸੰਕਟ ਨੂੰ ਦਿਖਾਉਂਦਾ ਹੈ।ਅਗਰ ਅਕਾਲੀ ਦਿੱਲੀ ਦੀ ਕਾਂਗਰਸ ਵਾਲਾ ਰਾਹ ਨਹੀਂ ਅਖ਼ਤਿਆਰ ਕਰਨਾ ਚਾਹੁੰਦੇ, ਜਿਨ੍ਹਾਂ ਕੋਲ ਅਸੈਂਬਲੀ ਵਿਚ ਕੋਈ ਮੈਂਬਰ ਨਹੀਂ ਬਚਿਆ ਤਾਂ ਉਨ੍ਹਾਂ ਨੂੰ ਨਵੇਂ ਸਿਰੇ ਤੋਂ ਸੋਚਣ ਅਤੇ ਸ਼ੁਰੂਆਤ ਕਰਨ ਦੀ ਲੋੜ ਹੈ।ਅੰਤ ਵਿਣ ਪਾਰਟੀ ਦੇ ਹਸ਼ਰ ਬਾਰੇ ਅਸੀਂ ਕਹਿ ਸਕਦੇ ਹਾਂ:
ਮੀਲਾਂ ਤੱਕ ਚੱਲਦਾ ਰਿਹਾ,
ਇੰਜ ਹੀ ਮੁਹੱਬਤ ਦਾ ਕਾਰਵਾਂ
ਨਾ ਲੈਲਾ ਉੱਠ ਤੋਂ ਉੱਤਰੀ,
ਨਾ ਮਜਨੂੰਆਂ ਨੇ ਪਿੱਛਾ ਛੱਡਿਆ