ਅੱਜ ਦਾ ਦਿਨ (ਜੂਨ ੨੧) ਦੁਨੀਆਂ ਭਰ ਵਿੱਚ ਵਿਸ਼ਵ ਸ਼ਰਨਾਰਥੀ ਦਿਵਸ਼ ਵਜੋਂ ਜਾਣਿਆਂ ਜਾਂਦਾ ਹੈ। ਅੱਜ ਜਦੋਂ ਦੁਨੀਆਂ ਵਿੱਚ ਇਸ ਸਮੇਂ ਹਰ ੨੦ ਮਿੰਟ ਦੌਰਾਨ ਸ਼ਰਨਾਰਥੀਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਤੇ ਇਹ ਦੁਨੀਆਂ ਅਤੇ ਵਿਸ਼ਵ ਦੇ ਸੂਝਵਾਨ ਲੋਕਾਂ ਅੱਗੇ ਇੱਕ ਗੰਭੀਰ ਵਿਸ਼ਾ ਹੈ। ਕਿਉਂ ਕਿ ਇਸ ਸਮੇਂ ਵਿਸ਼ਵ ਵਿੱਚ ਸ਼ਰਨਾਰਥੀਆਂ ਦੀ ਗਿਣਤੀ ੬੫ ਮਿਲੀਅਨ ਤੋਂ ਉੱਪਰ ਢੁੱਕ ਚੁੱਕੀ ਹੈ ਅਤੇ ਇੰਨੀ ਸ਼ਰਨਾਰਥੀ ਗਿਣਤੀ ਪਹਿਲਾਂ ਦੁਨੀਆਂ ਅੱਗੇ ਸਾਹਮਣੇ ਨਹੀਂ ਆਈ ਸੀ। ਇਸ ਸ਼ਰਨਾਰਥੀਆਂ ਦੀ ਗਿਣਤੀ ਵਿੱਚ ਠੱਲ ਪੈਣ ਦੀ ਬਜਾਇ ਹਰ ਪਲ ਹਰ ਦਿਨ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਅੱਗੇ ਅੱਜ ਦੁਨੀਆਂ ਦੀ ਵੱਡੀ ਸੰਸਥਾ ਯੂ.ਐਨ.ਓ ਜੋ ਕਿ ਦੂਜੇ ਵਿਸ਼ਵ ਯੁੱਧ ਦੇ ਦੌਰਾਨ ‘ਲੀਗ ਆਫ ਨੇਸ਼ਨ’ ਤੋਂ ਸ਼ੁਰੂ ਹੋ ਕੇ ਸਥਾਪਤ ਹੋਈ ਸੀ ਵੀ ਇਸ ਸਮਸਿਆ ਅੱਗੇ ਬੇਵੱਸ ਹੋਈ ਦਿਖਾਈ ਦੇ ਰਹੀ ਹੈ।

ਦੁਨੀਆਂ ਵਿੱਚ ਇਸ ਸ਼ਰਨਾਰਥੀਆਂ ਦੀ ਸਮਸਿਆਂ ਨੂੰ ਲੈ ਕੇ ਪੱਛਮੀ ਮੁਲਕ ਭਾਵੇਂ ਅਹਿਮ ਭੂਮਿਕਾ ਨਿਭਾਅ ਰਹੇ ਹਨ ਉਥੇ ਟਰਕੀ, ਜਾਰਡਨ, ਲੈਬਨਾਨ, ਵਰਗੇ ਹੋਰ ਵੀ ਮੁਲਕ ਇਸ ਸ਼ਰਨਾਰਥੀ ਸਮਸਿਆ ਦੇ ਦਬਾਅ ਅੱਗੇ ਘਿਰੇ ਹੋਏ ਮਹਿਸੂਸ ਕਰ ਰਹੇ ਹਨ। ਜਿੰਨੀ ਅੱਜ ਸ਼ਰਨਾਰਥੀਆਂ ਦੀ ਦੁਨੀਆਂ ਦੇ ਅੱਡ-ਅੱਡ ਕੋਨਿਆਂ ਵਿੱਚੋਂ ਗਿਣਤੀ ਵਿੱਚ ਹੋ ਵਾਧਾ ਰਿਹਾ ਹੈ ਇੱਕ ਸੰਵੇਦਨਸ਼ੀਲ ਵਿਸ਼ਾ ਤਾਂ ਹੈ ਹੀ ਸਗੋਂ ਉਸ ਤੋਂ ਵੀ ਹੋਰ ਵੱਡੀ ਸਮਸਿਆ ਇਹ ਹੈ ਕਿ ਇਸ ਸ਼ਰਨਾਰਥੀ ਵਿਸ਼ੇ ਦਾ ਕਿਸੇ ਕੋਲ ਵੀ ਕੋਈ ਹੱਲ ਲੱਭ ਸਕਣ ਦੀ ਸਮਰੱਥਾ ਦਿਖਾਈ ਨਹੀਂ ਦੇ ਰਹੀ ਹੈ। ਭਾਵੇਂ ਕਿ ਦੁਨੀਆਂ ਦੀ ਅੱਜ ਵੀ ਸਭ ਤੋਂ ਵੱਡੀ ਤਾਕਤ ਅਮਰੀਕਾ ਦੇਸ਼ ਹੈ, ਜਿਸ ਕੋਲ ਬੇਪਨਾਹ ਫੌਜੀ ਸ਼ਕਤੀ ਤੇ ਰਾਸ਼ਟਰੀ ਸ਼ਕਤੀ ਹੈ, ਉਹ ਵੀ ਇਸ ਸ਼ਰਨਾਰਥੀ ਸਮਸਿਆਂ ਦੇ ਹੱਲ ਲਈ ਕੋਈ ਆਪਣੀ ਤਾਕਤ ਮੁਤਾਬਕ ਇਸਦੇ ਹੱਲ ਲਈ ਬਣਦਾ ਯੋਗਦਾਨ ਪਾਉਣ ਵਿੱਚ ਅਸਮਰੱਥ ਰਿਹਾ ਹੈ।

ਇਸ ਸ਼ਰਨਾਰਥੀ ਸਮਸਿਆਂ ਦਾ ਘੇਰਾ ਹਜ਼ਾਰਾ ਦੀ ਗਿਣਤੀ ਵਿੱਚ ਯਤੀਮ ਬੱਚਿਆਂ ਦੀਆਂ ਖਿੱਚੀਆਂ ਹੋਈਆਂ ਤਸਵੀਰਾਂ ਅਤੇ ਜਿਸ ਤਰਾਂ ਉਹ ਅੱਡ-ਅੱਡ ਮੁਲਕਾਂ ਵਿੱਚ ਆਪਣੀ ਬੇਵੱਸੀ ਦਾ ਆਲਮ ਲੈ ਕੇ ਖੜੇ ਦਿਖਾਈ ਦੇ ਰਹੇ ਹਨ ਜਿਥੇ ਉਨਾਂ ਬੱਚਿਆਂ ਲਈ ਨਾ ਤਾਂ ਕੋਈ ਮਾਪਿਆਂ ਦਾ ਸਹਾਰਾ ਹੈ ਤੇ ਨਾ ਹੀ ਲੋੜ ਪੂਰੀ ਕਰ ਸਕਣ ਯੋਗੀ ਰੋਟੀ ਹੈ, ਉਨਾਂ ਦੇ ਪੜਨ ਦੀ ਵੀ ਕੋਈ ਵਿਵਸਥਾ ਨਹੀਂ ਹੈ ਤੇ ਉਸ ਤੋਂ ਵੀ ਵੱਡੀ ਸਮਸਿਆਂ ਉਨਾਂ ਦੇ ਸਿਰ ਤੇ ਅਸੁਰਖਿਅਤ ਟੈਂਟਾ ਦੀ ਚਾਦਰ ਦੀ ਛੱਤ ਹੈ। ਅੱਜ ਜਦੋਂ ਇਹ ਸ਼ਰਨਾਰਥੀ ਆਪਣੇ ਲਈ ਸੁਰਖਿਅਤ ਮੰਜਿਲ ਲੱਭਣ ਦੀ ਤਲਾਸ਼ ਵਿੱਚ ਲਾਲਚੀ ਸੌਦਾਗਰਾਂ ਦੀ ਮਾਰ ਹੇਠਾਂ ਆ ਕੇ ਡੂੰਘੇ ਸਮੁੰਦਰਾਂ ਵਿੱਚ ਖਸਤਾ ਹਾਲਤ ਕਿਸ਼ਤੀਆਂ ਵਿੱਚ ਸਵਾਰ ਹੋ ਕਿ ਸਮੁੰਦਰਾਂ ਦੀਆਂ ਡੂੰਘਾਈਆਂ ਵਿੱਚ ਗੋਤੇ ਤਾਂ ਖਾ ਹੀ ਰਹੇ ਹਨ ਤੇ ਜਦੋਂ ਕਿਧਰੇ ਕਿਸਮਤ ਨਾਲ ਇਹ ਟੁੱਟੀਆਂ ਭੱਜੀਆਂ ਕਿਸ਼ਤੀਆਂ ਵਿੱਚ ਸਵਾਰ ਹੋਏ ਸ਼ਰਨਾਰਥੀ ਘਰਾਂ ਤੇ ਆਪਣੇ ਮੁਲਕਾਂ ਤੋਂ ਉੱਜੜ ਕੇ ਪੱਛਮੀ ਦੁਨੀਆਂ ਦੇ ਤਟਾਂ ਤੇ ਪਹੁੰਚਦੇ ਹਨ ਤਾਂ ਅਗਿਉਂ ਪੱਛਮੀ ਦੁਨੀਆਂ ਦੀ ਬੇਵੱਸੀ ਤੇ ਨਿੱਜੀ ਸਵਾਰਥ ਇੰਨਾ ਦੇ ਸ਼ਰਨਾਰਥੀ ਪੁਣੇ ਨੂੰ ਹੋਰ ਵੀ ਬੇਵੱਸ ਕਰ ਦਿੰਦਾ ਹੈ।

ਇਸ ਸ਼ਰਨਾਰਥੀ ਸਮਸਿਆਂ ਦਾ ਮੁੱਢ ਪਹਿਲੀ ਖਾੜੀ ਦੀ ਜੰਗ ਤੋਂ ਅਰੰਭ ਹੋਇਆ ਸੀ ਤੇ ਇਸ ਦੇ ਨਾਲ ਹੀ ਸੱਤਰਵਿਆਂ ਦੇ ਅਖੀਰ ਵਿੱਚ ਅਫਗਾਨਿਸਤਾਨ ਵਿੱਚ ਰੂਸੀ ਕਬਜੇ ਤੋਂ ਬਾਅਦ ਅਫਗਾਨੀ ਲੋਕਾਂ ਵੱਲੋਂ ਅਮਰੀਕਾ ਤੇ ਪੱਛਮੀ ਮੁਲਕਾਂ ਦੀ ਸ਼ਹਿ ਤੇ ਉਠੀ ਵਿਦਰੋਹ ਦੀ ਲਹਿਰ ਵੀ ਸ਼ਰਨਾਰਥੀ ਲੜੀ ਨੂੰ ਸ਼ੁਰੂ ਕਰਨ ਦਾ ਮੁੱਖ ਕਾਰਨ ਰਹੀ ਹੈ। ਅਮਰੀਕਾ ਵੱਲੋਂ ਚਿਰਾਂ ਤੋਂ ਅਫਗਾਨਿਸਤਾਨ, ਇਰਾਕ, ਇਰਾਨ ਨਾਲ ਲੜੀ ਲੜਾਈ ਇੱਕ ਅਜਿਹਾ ਤਬਾਹੀ ਦਾ ਕਾਰਨ ਬਣੀ ਜਿਸਦਾ ਪ੍ਰਛਾਵਾਂ ਸਰਨਾਰਥੀ ਸਮਸਿਆ ਦਾ ਅਰੰਭ ਹੋਣ ਦਾ ਮੁੱਖ ਕਾਰਨ ਤਾਂ ਬਣਿਆਂ ਹੀ ਹੈ ਸਗੋਂ ਇਸਦੇ ਨਾਲ ਹੀ ੨੦੧੦ ਤੋਂ ਵੱਖ-ਵੱਖ ਮੁਸਲਮਾਨ ਮੁਲਕਾਂ ਦੇ ਲੋਕਾਂ ਵੱਲੋਂ ਅਰੰਭੀ “Arab Uprising” ਵੀ ਅਜਿਹਾ ਕਾਰਨ ਬਣੀ ਕਿ ਜਿਸ ਉਦੇਸ਼ ਨੂੰ ਲੈ ਕੇ ਲੋਕਾਂ ਚਿਰਾਂ ਤੋਂ ਤਾਨਸ਼ਾਹੀ ਹੇਠਾਂ ਦੱਬੀਆਂ ਆਪਣੀਆਂ ਮੰਗਾਂ ਤੇ ਮੁਢਲੇ ਮਾਨਵੀ ਅਧਿਕਾਰਾਂ ਖਾਤਿਰ ਲੋਕਾਂ ਸੱਤਾ ਆਪਣੇ ਹੱਥਾਂ ਕਰਨ ਦਾ ਉਪਰਾਲਾ ਅਜਿਹਾ ਕਾਰਨ ਬਣਿਆ ਕਿ ਅੱਜ ਇਜੈਪਟ ਤੇ ਹੋਰ ਅਰਬ ਮੁਲਕਾਂ ਜਿਵੇਂ ਕਿ ਲੀਬੀਆ, ਸਰੀਆ ਦੇ ਵਿੱਚ ਅੱਜ ਅੰਦਰੂਨੀ ਹਾਲਾਤ ਤੇ ਲੋਕਾਂ ਵਿੱਚ ਆਪਸੀ ਫੁੱਟ ਪਾਉ ਅੰਦਰੂਨੀ ਜੰਗ ਹੈ ਜਿਸਨੇ ਇੰਨਾ ਮੁਲਕਾਂ ਨੂੰ ਇੱਕ ਤਰਾਂ ਨਾਲ ਤਹਿਸ਼-ਨਹਿਸ਼ ਹੀ ਕਰਕੇ ਰੱਖ ਤਾਂ ਦਿੱਤਾ ਹੀ ਹੈ ਪਰ ਇਸ ਤਬਾਹੀ ਵਿੱਚੋਂ ਉਠੀ ਸ਼ਰਨਾਰਥੀਆਂ ਦੀ ਸਮੱਸਿਆ ਜੋ ਅੱਜ ਸਮੁੱਚੇ ਵਿਸ਼ਵ ਨੂੰ ਸਾਂਭਣੀ ਅਸੰਭਵ ਤਾਂ ਹੈ ਹੀ ਸਗੋਂ ਆਉਣ ਵਾਲੇ ਸਮੇਂ ਵਿੱਚ ਇਹ ਸ਼ਰਨਾਰਥੀਆਂ ਦੀ ਲੰਮੀਆਂ ਕਤਾਰਾਂ ਪੱਛਮੀ ਮੁਲਕਾਂ ਦੇ ਸਮੁੰਦਰੀ ਤੱਟਾਂ ਤੇ ਬੇਵੱਸੀ ਤੇ ਤ੍ਰਾਸਦੀ ਤਾਂ ਲਈ ਖੜੀਆਂ ਹੀ ਹਨ ਤੇ ਨਾਲ ਹੀ ਇਸਦਾ ਪ੍ਰਛਾਵਾਂ ਦਿਨ ਪਰ ਦਿਨ ਇੰਨਾ ਡੂੰਘਾ ਹੋ ਰਿਹਾ ਹੈ ਕਿ ਇੰਨਾਂ ਦੀ ਕਤਾਰ ਵਿੱਚ ਹੋਰ ਸੂਬਿਆਂ ਦੇ ਲੋਕ ਵੀ ਅੰਦਰੂਨੀ, ਰਾਜਸੀ ਕਾਰਨਾਂ ਕਰਕੇ ਇਸ ਸਰਨਾਰਥੀਆਂ ਦੀ ਕਤਾਰ ਨੂੰ ਲੰਮਿਆ ਹੀ ਕਰਦੇ ਜਾ ਰਹੇ ਹਨ। ਇਸ ਲਈ ਅੱਜ ਦੁਨੀਆਂ ਨੂੰ ਸ਼ਰਨਾਰਥੀ ਦਿਵਸ ਤੇ ਯੂ.ਐਨ.ਓ ਦੀ ਸਰਪ੍ਰਸਤੀ ਅਧੀਨ ਸਮੁੱਚੀਆਂ ਵਿਸ਼ਵੀ ਤਾਕਤਾਂ ਨੂੰ ਆਪਣੀ ਫੌਜੀ ਸ਼ਕਤੀ ਤੇ ਆਰਥਿਕ ਸ਼ਕਤੀ ਨੂੰ ਸੰਜੀਦਗੀ ਦੇ ਨਾਲ ਵਿਚਾਰ ਕੇ ਹੱਲ ਕਰਨ ਦੇ ਉਪਰਾਲਿਆਂ ਵੱਲ ਵੱਧਣਾ ਚਾਹੀਦਾ ਹੈ, ਤਾਂ ਜੋ ਇਸ ਵਿਸ਼ਵ ਵਿਆਪੀ ਸਮਸਿਆ ਦਾ ਹੱਲ ਲੱਭ ਸਕੇ।