ਸਾਕਾ ਦਰਬਾਰ ਸਾਹਿਬ ਜਿਸ ਨੂੰ ਬੀਤਿਆਂ ਭਾਵੇਂ ਤੇਤੀ ਵਰੇ ਹੋ ਗਏ ਹਨ ਪਰ ਇਸਦਾ ਦਰਦ ਅਤੇ ਅਹਿਸਾਸ ਅੱਜ ਵੀ ਸਿੱਖਾਂ ਦੇ ਦਿਲਾਂ ਵਿੱਚ ਮੌਜੂਦ ਹੈ। ਸਾਕਾ ਦਰਬਾਰ ਸਾਹਿਬ ਸਿੱਖ ਕੌਮ ਲਈ ਇੱਕ ਇਨਕਲਾਬੀ ਮੋੜ ਸੀ ਅਤੇ ਅੱਜ ਵੀ ਹੈ ਜਿਸਨੇ ਸਿੱਖ ਕੌਮ ਦੇ ਭਵਿੱਖ ਬਾਰੇ ਵੀ ਚੇਤੰਨਤਾ ਪੈਦਾ ਕੀਤੀ ਕਿ ਕੀ ਸਾਡਾ ਧਰਮ, ਕੌਮ ਭਾਰਤੀ ਨਿਜਾਮ ਥੱਲੇ ਸੁਰੱਖਿਆਤ ਹੈ ਤੇ ਕੀ ਉਹ ਆਪਣੀ ਅਜਾਦ ਪ੍ਰਭੂਸਤਾ ਦੀ ਹੋਂਦ ਨੂੰ ਬਰਕਰਾਰ ਰੱਖ ਸਕੇਗੀ ਜਾਂ ਨਹੀਂ । ਇਸ ਸਾਕੇ ਤੋਂ ਬਾਅਦ ਸਿੱਖ ਨੌਜਵਾਨੀ ਦੇ ਰੋਹ ਦਾ ਉੱਠਣਾ ਤਾਂ ਸੁਭਾਵਕ ਹੀ ਸੀ ਪਰ ਜਿਸ ਉਦੇਸ਼ ਲਈ ਇਸ ਰੋਹ ਨੂੰ ਇੱਕ ਪੰਕਤੀ ਵਿੱਚ ਵਿਉਂਤਣਾ ਸੀ ਤੇ ਸਾਂਝਾ ਮੁਫਾਦ ਬਣਾ ਕੇ ਸਿੱਖ ਕੌਮ ਨੇ ਸਵੈ ਨਿਰਣਾ ਦੀ ਮੰਗ ਅੱਗੇ ਭਾਰਤੀ ਨਿਜ਼ਾਮ ਨੂੰ ਝੁਕਣ ਲਈ ਮਜਬੂਰ ਕਰ ਦੇਣਾ ਸੀ ਤੇ ਇਸ ਕਰਕੇ ਹਜ਼ਾਰਾਂ ਨੌਜਵਾਨਾਂ ਤੇ ਸਿੱਖਾਂ ਦੀਆਂ ਸ਼ਹਾਦਤਾਂ ਕਿਸੇ ਲੇਖੇ ਵਿੱਚ ਲੱਗ ਸਕਣੀਆਂ ਸਨ।

ਭਾਵੇਂ ਹੁਣ ਹਰ ਸਾਲ ਸਾਕਾ ਦਰਬਾਰ ਸਾਹਿਬ ਵਾਲੇ ਦਿਨ ਜੂਨ ਛੇ ਨੂੰ ਆਪਣੇ ਆਪ ਨੂੰ ਪੰਥਕ ਜੱਥੇਦਾਰ ਅਖਵਾਉਣ ਵਾਲੀਆਂ ਧਿਰਾਂ ਤੇ ਸ਼੍ਰੋਮਣੀ ਕਮੇਟੀ ਇਸਨੂੰ ਯਾਦਗਾਰ ਦਿਵਸ ਵਜੋਂ ਮਨਾਉਣ ਦਾ ਉਪਰਾਲਾ ਤਾਂ ਕਰਦੀ ਹੈ ਪਰ ਬਹੁਤਾ ਇਸ ਦਿਨ ਪੰਥਕ ਧਿਰਾਂ ਵੱਲੋਂ ਇਸਨੂੰ ਵਿਚਾਰ ਵਟਾਂਦਰੇ ਦੀ ਥਾਂ ਤੇ ਆਪਣੀ ਨਿੱਜੀ ਚੌਧਰ ਤੇ ਹੈਂਕੜਾਜੀ ਦੀ ਭੇਂਟ ਚੜਾ ਦਿੱਤਾ ਜਾਂਦਾ ਹੈ। ਹਰ ਸਾਲ ਹੀ ਸਿੱਖ ਕਿਰਪਾਨਾਂ ਕੱਢ ਕੇ ਸਿਰੇ ਦਾ ਡਰਾਮਾ ਕਰਦੇ ਹਨ। ਇਸੇ ਕਰਕੇ ਹੀ ਬਹੁਤੇ ਸੂਝਵਾਨ ਸਿੱਖ ਜੂਨ ਛੇ ਦੇ ਸਮਾਗਮ ਤੋਂ ਕਿਨਾਰਾ ਕਰ ਲੈਂਦੇ ਹਨ ਕਿਉਂਕਿ ਇਹ ਜਿਸ ਮੰਤਵ ਲਈ ਦਿਨ ਤੇ ਸਮਾਗਮ ਮਨਾਇਆ ਜਾਣਾ ਚਾਹੀਦਾ ਸੀ ਉਸਦੇ ਅਰਥ ਇਨਾਂ ਪੰਥਕ ਚੌਧਰੀਆਂ ਦੀ ਆਪਣੀ ਨਿੱਜੀ ਖਿੱਚ ਧੂਹ ਵਿੱਚ ਗੁਆਚ ਜਾਂਦੇ ਹਨ। ਹੁਣ ਤਾਂ ਦਰਬਾਰ ਸਾਹਿਬ ਦਾ ਸਾਕਾ ਸਮਾਗਮ ਨਿੱਜੀ ਡੇਰਿਆਂ ਤੇ ਨਿੱਜੀ ਪਰਿਵਾਰਾਂ ਨੇ ਵੀ ਵੰਡ ਲਿਆ ਹੈ, ਅਤੇ ਆਪਣੇ ਆਪਣੇ ਡੇਰਿਆਂ ਤੇ ਪਿੰਡਾਂ ਵਿੱਚ ਇਸ ਸਮਾਗਮ ਮਨਾਉਣ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ। ਜਿਥੋਂ ਤੱਕ ਮੁੱਖ ਪੰਥਕ ਜਮਾਤ ਦਾ ਸਵਾਲ ਹੈ ਸ਼੍ਰੋਮਣੀ ਅਕਾਲੀ ਦਲ ਜੋ ਕਿ ਸ਼੍ਰੋਮਣੀ ਕਮੇਟੀ ਤੇ ਵੀ ਕਾਬਜ਼ ਹੈ, ਨੇ ਕਦੇ ਵੀ ੧੯੯੫ ਤੋਂ ਬਾਅਦ ਇਸ ਸ਼ਹੀਦੀ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਉਪਰਾਲਾ ਹੀ ਨਹੀਂ ਕੀਤਾ। ਜਦਕਿ ਸਭ ਤੋਂ ਵਧੇਰੇ ਲਾਭ ਇਸ ਸ਼ਹੀਦੀ ਸਾਕੇ ਦਾ ਸ਼੍ਰੋਮਣੀ ਅਕਾਲੀ ਦਲ ਨੇ ਹੀ ਲੰਮਾ ਚਿਰ ਸੱਤਾ ਵਿੱਚ ਰਹਿਣ ਕਰਕੇ ਲਿਆ ਹੈ।

ਇਹ ਸ਼ਹੀਦੀ ਦਿਹਾੜਾ ਭਾਰਤੀ ਨਿਜ਼ਾਮ ਦੀ ਜੋ ਸੋਚ ਉਜਾਗਰ ਕਰਦਾ ਹੈ, ਜਿਸਤੇ ਖੁੱਲਾ ਵਿਚਾਰ ਵਟਾਦਰਾਂ ਹੋਣਾ ਚਾਹੀਦਾ ਹੈ ਤਾਂ ਜੋ ਸਿੱਖ ਕੌਮ ਇੱਕ ਪਲੇਟ ਫਾਰਮ ਤੋਂ ਆਪਣਾ ਭਵਿੱਖ ਤਹਿ ਕਰ ਸਕੇ। ਜੋ ਭਾਰਤੀ ਨਿਜ਼ਾਮ ਦਾ ਉਦੇਸ਼ ੧੯੮੪ ਵੇਲੇ ਸਾਹਮਣੇ ਆਇਆ ਉਹ ਇਹ ਸੀ ਕਿ ਸਿੱਖ ਕੌਮ ਨੂੰ ਸਦੀਆਂ ਲਈ ਪਿਛਾੜਨ ਲਈ ਉਸਦੇ ਮੁੱਖ ਧਾਰਮਿਕ ਅਸਥਾਨ ਹਮਲੇ ਦੇ ਵਿੱਚ ਲਿਆਂਦੇ ਜਾਣ ਤੇ ਜੋ ਸਿੱਖ ਕੌਮ ਵੱਲੋਂ ਲੰਮੇ ਚਿਰ ਤੋਂ ਰਾਜਨੀਤਿਕ ਸੰਘਰਸ਼ ਚੱਲ ਰਿਹਾ ਸੀ ਉਸਨੂੰ ਜੜ ਤੋਂ ਹੀ ਪੁੱਟ ਦਿੱਤਾ ਜਾਵੇ ਤਾਂ ਹੀ ਤਾਂ ਹੁਣ ਕਦੇ ਕਿਤੇ ਵਿਰਲੀ ਅਵਾਜ ਹੀ ਸਿੱਖ ਕੌਮ ਨੁੰ ਸੁਣਾਈ ਦਿੱਦੀ ਹੈ ਕਿ ਸਿੱਖ ਕੌਮ ਨਾਲ ਭਾਰਤੀ ਨਿਜ਼ਾਮ ਨੇ ਇਨਸਾਫ ਨਹੀਂ ਕੀਤਾ। ਨਾ ਹੀ ਪੂਰਾ ਪੰਜਾਬੀ ਸੂਬਾ ਮਿਲਿਆ, ਨਾ ਰਾਜਧਾਨੀ, ਨਾ ਨਿੱਜੀ ਹਾਈਕੋਰਟ ਤੇ ਇਸਤੋਂ ਵੀ ਉੱਪਰ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਵੀ ਹਰ ਹੀਲਾ ਵਰਤ ਕੇ ਖੋਇਆ ਜਾ ਰਿਹਾ ਹੈ। ਇਹੀ ਮੁੱਖ ਕਾਰਨ ਸੀ ਜਿਨਾਂ ਕਰਕੇ ਭਾਰਤੀ ਨਿਜ਼ਾਮ ਨੇ ਧਾਰਮਿਕ ਤੇ ਰਾਜਨੀਤਿਕ ਪੱਖੋਂ ਦਰਬਾਰ ਸਾਹਿਬ ਤੇ ਖੂਨੀ ਫੌਜੀ ਹਮਲਾ ਕੀਤਾ ਸੀ।

ਇੰਨੇ ਵੱਡੇ ਸਾਕੇ ਤੋਂ ਬਾਅਦ ਵੀ ਜੇ ਅੱਜ ਵੀ ਆਪਾਂ ਇੰਨਾਂ ਸਮਾਗਮਾਂ ਦੌਰਾਨ ਸਿੱਖਾਂ ਨੇ ਆਪਣੀਆਂ ਪੱਗਾਂ ਲਾਹੁਣੀਆਂ ਹਨ, ਤੇ ਗਦਾਰ ਤੇ ਪੰਥਕ ਹੋਣ ਦਾ ਨਿਰਣਾ ਇੰਨਾ ਸਮਾਂਗਮਾਂ ਤੋਂ ਲੈਣਾ ਹੈ ਤਾਂ ਇਹ ਸਿੱਖਾਂ ਦੀ ਸੋਚ ਦਰਸਾਉਂਦੀ ਹੈ ਕਿ ਤੇਤੀ ਵਰਿਆ ਬਾਅਦ ਵੀ ਆਪਣੇ ਭਵਿੱਖ ਤੇ ਹੋਂਦ ਪ੍ਰਤੀ ਪ੍ਰਪੱਕ ਨਹੀਂ ਹੋਈ, ਜਿਸ ਤੇ ਡੂੰਘੀ ਵਿਚਾਰ ਕਰਨ ਦੀ ਲੋੜ ਹੈ।