ਜਨਵਰੀ 17, 2019 ਨੂੰ ਸਾਧ ਰਾਮ ਰਹੀਮ ਨੂੰ ਛਤਰਪਤੀ ਕਤਲ ਕਾਂਡ ਵਿੱਚ ਮੁੜ ਤੋਂ ਉਮਰ ਕੈਦ ਦੀ ਸਜ਼ਾ ਸੀ.ਬੀ.ਆਈ ਅਦਾਲਤ ਵੱਲੋਂ ਸੁਣਾਈ ਗਈ। ਇਸ ਉਮਰ ਕੈਦ ਦੀ ਸਜ਼ਾ ਨਾਲ ਛਤਰਪੱਤੀ ਦੇ ਪਰਿਵਾਰ ਨੂੰ 16 ਸਾਲ ਬਾਅਦ ਇਨਸਾਫ ਮਿਲ ਗਿਆ ਜਿਸ ਦਾ ਉਨਾਂ ਨੇ ਆਪ ਪ੍ਰਗਟਾਵਾ ਕੀਤਾ ਹੈ ਅਤੇ ਜੱਜ ਦੇ ਫੈਸਲੇ ਨਾਲ ਆਪਣੀ ਸੰਤੁਸ਼ਟੀ ਪ੍ਰਗਟਾਈ ਹੈ। ਇਸਤੋਂ ਪਹਿਲਾਂ ਵੀ ਸਾਧ ਰਾਮ-ਰਹੀਮ ਨੂੰ ਜਿਨਸੀ ਸੋਸਣ ਮਾਮਲੇ ਵਿੱਚ 20 ਸਾਲ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਜਿਸਦੀ ਉਹ ਸਜ਼ਾ ਭੁਗਤ ਰਿਹਾ ਹੈ। ਇੰਨਾ ਸਜਾਵਾਂ ਨਾਲ ਇੱਕ ਵਾਰ ਤਾਂ ਸਾਧ ਰਾਮ ਰਹੀਮ ਦੀ ਜਿੰਦਗੀ ਤੇ ਪੂਰੀ ਤਰਾਂ ਲੀਕ ਵੱਜ ਗਈ ਹੈ।
ਸਾਧ ਰਾਮ ਰਹੀਮ ਨੇ ਜਿਸ ਤਰਾਂ 2007 ਤੋਂ ਬਾਅਦ ਗੁਰੂ ਸਾਹਿਬ ਦਾ ਸਵਾਂਗ ਰਚਾ ਕੇ ਸਿੱਖ ਕੌਮ ਤੇ ਪੰਥ ਦੀ ਖਿੱਲੀ ਲਗਾਤਾਰ ਉਠਾਈ ਸੀ ਉਸਦੇ ਇਨਸਾਫ ਦੀ ਸਿੱਖ ਪੰਥ ਨੂੰ ਅੱਜ ਵੀ ਉਡੀਕ ਹੈ ਤੇ ਇਸਦੀ ਚੀਸ ਸਿੱਖਾਂ ਦੇ ਮਨਾਂ ਵਿੱਚ ਸਿਸਕ ਰਹੀ ਹੈ। ਇਥੋਂ ਤੱਕ ਕਿ ਇਸ ਸਵਾਂਗ ਦੇ ਮੁੱਤਲਕ ਸਿੱਖ ਕੌਮ ਦੇ ਜਜਬਾਤਾਂ ਦੇ ਅਨੁਸਾਰ ਅਦਾਲਤ ਵਿੱਚ ਕੇਸ ਪਾਇਆ ਗਿਆ ਸੀ ਉਸਨੂੰ ਉਸ ਸਮੇਂ ਦੀ ਅਕਾਲੀ ਦਲ ਸਰਕਾਰ ਨੇ ਆਪਣੇ ਰਾਜਨੀਤਿਕ ਮਨੋਰਥਾਂ ਨੂੰ ਮੁੱਖ ਰੱਖ ਕੇ ਭਾਵੇਂ ਰਫਾਂ ਦਫਾ ਕਰ ਦਿੱਤਾ ਸੀ ਪਰ ਸਿੱਖ ਕੌਮ ਦੇ ਮਨਾਂ ਅੰਦਰ ਇਸ ਪ੍ਰਤੀ ਜੋ ਰੋਸ ਹੈ ਉਹ ਅੱਜ ਵੀ ਮੌਜੂਦ ਹੈ ਜਿਸਦਾ ਕੋਈ ਵੀ ਜਵਾਬ ਅਜੇ ਤੱਕ ਸਾਹਮਣੇ ਨਹੀਂ ਆਇਆ। ਨਾ ਹੀ ਇਸਤੇ ਕਿਸੇ ਸ਼ਿੱਦਤ ਨਾਲ ਮੁੜ ਤੋਂ ਕਾਰਵਾਈ ਕੀਤੀ ਗਈ ਹੈ।
ਸਾਧ ਰਾਮ ਰਹੀਮ ਵੱਲੋਂ ਜੋ ਸਿੱਖ ਕੌਮ ਦੀ ਸਮੇਂ ਸਮੇਂ ਖਿੱਲੀ ਉਡਾਈ ਗਈ ਉਸਦੇ ਰੋਸ ਵਜੋਂ ਜੋ ਸਿੱਖ ਨੌਜਵਾਨਾਂ ਨੇ ਕੋਈ ਵੀ ਰੋਸ ਦਿਖਾਇਆ ਉਨਾਂ ਨੂੰ ਉਸ ਸਮੇਂ ਦੀਆਂ ਸਰਕਾਰਾਂ ਨੇ ਝੂਠੇ ਪਰਚਿਆਂ ਵਿੱਚ ਉਲਝਾ ਕਿ ਖਤਮ ਕਰ ਦਿੱਤਾ। ਇਸੇ ਤਰਾਂ ਬਰਗਾੜੀ ਵਿੱਚ ਜੋ ਗੁਰੂ ਸਾਹਿਬ ਦੇ ਅੰਗ ਖਿਲਾਰੇ ਗਏ ਉਸ ਮੁਤੱਲਕ ਭਾਵੇਂ ਪੰਜਾਬ ਪੁਲੀਸ ਨੇ ਸਾਧ ਦੇ ਕੁਝ ਸੇਵਕਾਂ ਨੂੰ ਗ੍ਰਿਫਤਾਰ ਕੀਤਾ ਹੈ ਪਰ ਉਸ ਤਫਤੀਸ਼ ਵਿੱਚ ਕਿਸੇ ਤਰਾਂ ਅੱਜ ਵੀ ਉਸ ਮਗਰ ਜੋ ਸਾਜਿਸ਼ ਸੀ ਉਸ ਤੇ ਕਿਸੇ ਤਰਾਂ ਵੀ ਕੋਈ ਜਵਾਬ ਤਲਬੀ ਸਾਹਮਣੇ ਨਹੀਂ ਆਈ ਹੈ। ਜਿਸ ਕਰਕੇ ਅੱਜ ਵੀ ਸਾਧ ਰਾਮ ਰਹੀਮ ਇਸ ਏਨੀ ਵੱਡੀ ਬੇਅਦਬੀ ਦੀ ਘਟਨਾ ਦੀ ਤਫਤੀਸ ਤੋਂ ਬਾਹਰ ਹੈ। ਇਸੇ ਤਰਾਂ ਰਾਜਨੀਤਿਕ ਮਨੋਰਥਾਂ ਲਈ ਜਿਸ ਤਰਾਂ ਪੰਥਕ ਆਗੂਆਂ ਤੇ ਹੋਰ ਰਾਜਨੀਤਿਕ ਆਗੂਆਂ ਨੇ ਇਸ ਸਾਧ ਨੂੰ ਆਪਣੇ ਪੱਖ ਵਿੱਚ ਕਰਨ ਲਈ ਵਹੀਰਾਂ ਘੱਤੀਆਂ ਉਸਦਾ ਵੀ ਕੋਈ ਕਿਸੇ ਰਾਜਨੀਤਿਕ ਹਲਕੇ ਵੱਲੋਂ ਜਵਾਬ ਸਾਹਮਣੇ ਨਹੀਂ ਆਇਆ ਹੈ। ਸਗੋਂ ਇਸ ਤੇ ਇੱਕ ਤਰਾਂ ਨਾਲ ਪਰਦਾ ਹੀ ਪਾ ਦਿੱਤਾ ਗਿਆ ਹੈ।
ਇਸੇ ਤਰਾਂ ਇਸ ਸਾਧ ਰਾਮ ਰਹੀਮ ਦੇ ਚੇਲਿਆਂ ਨੇ ਜੋ ਸਮੇਂ ਪੰਜਾਬ ਦੀਆਂ ਸੜਕਾਂ ਤੇ ਸਾਧ ਨਾਲ ਜੁੜੇ ਵਿਸ਼ਆਂ ਨੂੰ ਲੈ ਕੇ ਹੁਲੜ ਮਚਾਇਆ ਉਹ ਵੀ ਕਿਸੇ ਕਨੂੰਨੀ ਕਾਰਵਾਈ ਦੀ ਤਫਤੀਸ਼ ਤੋਂ ਅੱਜ ਤੱਕ ਬਾਹਰ ਹੈ। ਇਸੇ ਤਰਾਂ ਸਿੱਖ ਪੰਥ ਨਾਲ ਜੋ ਇਸਦੇ ਮਾਫੀਨਾਮੇ ਦਾ ਵਿਸ਼ਾ ਜੁੜਿਆ ਹੋਇਆ ਹੈ ਉਸ ਪ੍ਰਤੀ ਵੀ ਅੱਜ ਤੱਕ ਕੋਈ ਵੀ ਵਿਸਥਾਰ ਵਿੱਚ ਸਿੱਖ ਪੰਥ ਦੇ ਸਿਰਮੌਰ ਜਥੇਦਾਰ ਵੱਲੋਂ ਨਾ ਹੀ ਕੋਈ ਨਮੋਸ਼ੀ ਜ਼ਾਹਰ ਕੀਤੀ ਗਈ ਹੈ ਤੇ ਨਾ ਹੀ ਇਸ ਮਾਫੀਨਾਮੇਂ ਪਿੱਛੇ ਜੋ ਉਨਾਂ ਦੀ ਮਜਬੂਰੀ ਸੀ ਉਹ ਕਿਸੇ ਪੱਖ ਤੋਂ ਵੀ ਸਾਹਮਣੇ ਆਈ ਹੈ ਹਾਂ ਉਸ ਸਮੇਂ ਦੀ ਸਰਕਾਰ ਤੇ ਉਂਗਲਾਂ ਜਰੂਰ ਉਠੀਆਂ ਹਨ।
ਇਸੇ ਤਰਾਂ ਮੌਜੂਦਾਂ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਿਸਨੇ ਆਪ ਖੁਦ ਵੀ 2017 ਦੀਆਂ ਚੋਣਾਂ ਵੇਲੇ ਇਸ ਸਾਧ ਰਾਮ ਰਹੀਮ ਦੀ ਹਜੂਰੀ ਭਰੀ ਸੀ ਉਸ ਵੱਲੋਂ ਵੀ ਕੋਈ ਅੱਜ ਤੱਕ ਨੈਤਿਕ ਜਿੰਮੇਵਾਰੀ ਇਸ ਪੱਖੋਂ ਨਹੀਂ ਕਬੂਲੀ ਗਈ ਹੈ ਸਗੋਂ ਉਸ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੂਜੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਬਖਸ਼ੀ ਗਈ ਹੈ। ਇਸ ਤਰਾਂ ਸੰਖੇਪ ਵਿੱਚ ਇਸ ਸਾਧ ਨਾਲ ਜੋ ਸਿੱਖ ਕੌਮ ਦੇ ਮੁੱਦੇ ਹੋਏ ਹਨ ਉਸਦਾ ਹੱਲ ਤੇ ਜਵਾਬ ਸਮਾਂ ਆਉਣ ਨਾਲ ਕਦੇ ਸਿੱਖ ਕੌਮ ਸੰਜੀਦਗੀ ਨਾਲ ਜਵਾਬ ਲੈਣ ਦੇ ਸਮਰੱਥ ਹੋ ਸਕੇਗੀ ਇੱਕ ਖੁੱਲਾ ਪ੍ਰਸ਼ਨ ਹੈ ਪਰ ਇਸਦੀ ਚੀਸ ਸਿੱਖ ਮਨਾਂ ਅੰਦਰ ਹਮੇਸ਼ਾ ਰੜਕਦੀ ਰਹੇਗੀ।