ਜਿੰਮਬਾ ਬਵੇ ਦਾ ਮਹਿਰੂਮ ਰਾਸ਼ਟਰਪਤੀ ਅਤੇ ਇਸ ਮੁਲਕ ਨੂੰ ਜਨਮ ਦੇਣ ਵਾਲਾ ਰੋਬਿਟ ਮੰਗਾਵੇ ਥੋੜੇ ਦਿਨ ਪਹਿਲਾਂ 95 ਸਾਲ ਦੀ ਉਮਰ ਪੂਰੀ ਕਰਕੇ ਗੁਜ਼ਰ ਗਿਆ। ਕਿਸੇ ਟਾਈਮ ਤੇ ਅਜ਼ਾਦੀ ਦੇ ਸ਼ੰਘਰਸ਼ ਦਾ ਹੀਰੋ ਜਾਣਿਆ ਜਾਂਦਾ ਰੌਬਿਟ ਮੰਗਾਵੇ ਆਪਣੇ ਪਿਛੇ ਇੱਕ ਗੁੰਝਲਦਾਰ ਪਿਛੋਕੜ ਛੱਡ ਗਿਆ ਹੈ। ਜਿੰਮਬਾਬਵੇ 1980 ਵਿੱਚ ਬਰਤਾਨੀਆਂ ਦੇ ਲੰਮੇ ਰਾਜ ਤੋਂ ਬਾਅਦ ਅਜ਼ਾਦ ਹੋਇਆ ਇੱਕ ਨਵਾਂ ਮੁਲਕ ਸੀ। ਉਸ ਤੋਂ ਪਹਿਲਾਂ ਇਹ ਰੋਡੇਸ਼ੀਆ ਦੇ ਨਾਮ ਨਾਲ ਜਾਣਿਆਂ ਜਾਂਦਾ ਸੀ। ਇਸ ਮੁਲਕ ਤੇ ਸਦੀਆਂ ਤੱਕ ਬਰਤਾਨੀਆਂ ਸਾਮਰਾਜ ਨੇ ਰਾਜ ਕੀਤਾ। ਰੋਬਿਟ ਮੰਗਾਵੇ ਦਾ ਜਨਮ 1924 ਵਿੱਚ ਹੋਇਆ। ਪੇਸ਼ੇ ਤੋਂ ਉਹ ਇੱਕ ਸਕੂਲ ਅਧਿਆਪਕ ਸੀ। 1960 ਵਿੱਚ ਉਸਨੇ ਅਜ਼ਾਦੀ ਦੇ ਸੰਘਰਸ਼ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਤੇ ਉਹ ਅਫਰੀਕਨ ਨੈਸ਼ਨਲ ਪਾਰਟੀ ਦਾ ਮੈਂਬਰ ਬਣਿਆ। 1964 ਵਿੱਚ ਉਸਨੂੰ ਦੇਸ਼ ਧ੍ਰੋਹੀ ਦੇ ਮਾਮਲੇ ਵਿੱਚ ਬਰਤਾਨੀਆਂ ਸਾਮਰਾਜ ਨੇ ਗ੍ਰਿਫਤਾਰ ਕਰ ਲਿਆ ਅਤੇ ਦਸ ਸਾਲ ਤੱਕ ਉਹ ਰੋਡੇਸ਼ੀਆ ਦੀ ਜੇਲ ਵਿੱਚ ਰਿਹਾ। ਨੈਲਸਨ ਮੰਡੇਲਾ ਵਾਂਗ ਉਹ ਆਪਣੇ ਦੇਸ਼ ਵਿੱਚ ਅਜ਼ਾਦੀ ਦੇ ਹੀਰੋ ਵਜੋਂ ਸੰਘਰਸ਼ਸ਼ੀਲ ਯੋਧਾ ਜਾਣਿਆ ਜਾਂਦਾ ਸੀ। 1974 ਵਿੱਚ ਉਹ ਆਪਣੇ ਦੇਸ਼ ਤੋਂ ਭੱਜ ਕੇ ਆਪਣੇ ਨਾਲ ਦੇ ਮੁਲਕ ਮੂਜੈਮਬੀਕ ਵਿੱਚ ਜਾ ਕੇ ਰਹਿਣ ਲੱਗ ਗਿਆ। ਪਰ ਉਸਨੇ ਅਜ਼ਾਦੀ ਦਾ ਸੰਘਰਸ਼ ਬਰਕਰਾਰ ਰੱਖਿਆ। ਉਥੋਂ ਉਸਨੇ ਅਫਰੀਕਾ ਨੈਸ਼ਨਲ ਪਾਰਟੀ ਦਾ ਗੁਰੀਲਾ ਵਿੰਗ ਬਣਾਇਆ। ਜਿਸਦਾ ਨਾਮ ਜਿੰਬਾਬਵੇ ਨੈਸਨਲ ਅਫਰੀਕਨ ਯੂਨੀਅਨ ਸੀ। ਉਸਨੇ ਇਸ ਗੁਰੀਲਾ ਵਿੰਗ ਰਾਹੀਂ ਲੰਮਾ ਚਿਰ ਅਜ਼ਾਦੀ ਦੀ ਲੜਾਈ ਵਿੱਚ ਹਿੱਸਾ ਪਾਇਆ ਤੇ ਆਖਰਕਾਰ 1980 ਵਿੱਚ ਰੋਡੇਸ਼ੀਆ ਦੀ ਚੋਣ ਜਿੱਤ ਕੇ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਬਣਿਆ। ਇਸਨੇ ਆਪਣੀ ਜਿੰਮਬਾਬਵੇ ਅਫਰੀਕਨ ਨੈਸ਼ਨਲ ਜੂਨੀਅਨ ਨੂੰ ਸਿਆਸੀ ਵਿੰਗ ਵਿੱਚ ਬਦਲਿਆ ਤੇ ਉਸਦਾ ਪ੍ਰਧਾਨ ਬਣਿਆ।
ਇਸਨੇ ਅਜ਼ਾਦੀ ਜਿੱਤਣ ਤੋਂ ਬਾਅਦ ਰਡੇਸ਼ੀਆ ਮੁਲਕ ਦਾ ਨਾਮ ਬਦਲ ਜਿੰਮਬਾਬਵੇ ਰੱਖ ਲਿਆ। ਇਸਦੇ ਸਹੁੰ ਚੁੱਕ ਸਮਾਗਮ ਦੌਰਾਨ ਨਾਲ ਦੇ ਅਫਰੀਕਨ ਦੇਸ਼ ਟਨਜਾਨੀਆ ਦੇ ਮਸ਼ਹੂਰ ਲੀਡਰ ਤੇ ਰਾਸ਼ਟਰਪਤੀ ਜੂਲੀਅਸ ਨਈਅਰਅਰ ਨੇ ਆਪਣੇ ਭਾਸ਼ਣ ਵਿੱਚ ਰੌਬਿਟ ਮੰਗਾਵੇ ਨੂੰ ਸੰਬੋਧਤ ਹੁੰਦਿਆ ਹੋਇਆ ਇਹ ਕਿਹਾ ਸੀ ਕਿ ਅੱਜ ਤੇਰੇ ਕੋਲ ਹੀਰੇ ਵਰਗਾ ਮੁਲਕ ਰਾਜ-ਭਾਗ ਵਜੋਂ ਮਿਲਿਆ ਹੈ ਪਰ ਇਸਦੀ ਅਜ਼ਾਦੀ ਨੂੰ ਸਮੇਂ ਨਾਲ ਕਿਧਰੇ ਮੱਧਮ ਨਾ ਕਰ ਦੇਣਾ। ਰੌਬਿਟ ਮੰਗਾਵੇ ਨੇ ਉਹ ਮੁਲਕ ਹਾਸਲ ਕੀਤਾ ਜੋ ਉਸ ਸਮੇਂ ਅਫਰੀਕਾ ਦਾ ਇੱਕ ਤਰੱਕੀ-ਜ਼ਾਬਤਾ ਮੁਲਕ ਸੀ। ਪਰ ਸਮੇਂ ਨਾਲ ਰੌਬਿਟ ਮੰਗਾਵੇ ਨੇ ਆਪਣੇ ਸਿਆਸੀ ਵਿਰੋਧੀਆਂ ਤੇ ਮਨੁੱਖੀ ਅਧਿਕਾਰਾਂ ਦੇ ਕਾਰਕੁੰਨਾ ਨੂੰ ਦਬਾਉਣਾ ਤੇ ਕੁਚਲਣਾ ਸ਼ੁਰੂ ਕਰ ਦਿੱਤਾ। 1982-83 ਤੱਕ ਇਸਨੇ ਰਾਜ ਭਾਗ ਤੇ ਆਪਣੀ ਪੂਰਨ ਮਜ਼ਬੂਤੀ ਨਾਲ ਕਾਮਯਾਬ ਪਕੜ ਬਣਾਈ। ਇਸਨੇ ਆਪਣੇ ਪਹਿਲੇ ਰਾਜਕਾਲ ਦੇ ਸਮੇਂ ਦੌਰਾਨ ਜਿੰਮਬਾਬਵੇ ਨੂੰ ਤਰੱਕੀ ਯਾਫਤਾ ਲੀਹਾਂ ਤੇ ਰੱਖਿਆ ਤੇ ਸਾਰੇ ਫਿਰਕੇ ਦੇ ਲੋਕਾਂ ਨੂੰ ਰਲ ਮਿਲ ਕੇ ਰਹਿਣ ਲਈ ਪ੍ਰੇਰਿਆ। ਜਿੰਮਬਾਬਵੇ ਮੁਲਕ ਨਸਲੀ ਤੌਰ ਤੇ ਕਾਲਿਆਂ ਦੀ ਵਧੇਰੇ ਗਿਣਤੀ ਵਾਲਾ ਮੁਲਕ ਸੀ ਤੇ ਗੋਰੇ ਘੱਟ ਗਿਣਤੀ ਵਿੱਚ ਸਨ ਪਰ ਉਨਾਂ ਕੋਲ ਜਿੰਮਬਾਬਵੇ ਦੀ ਬਹੁਗਿਣਤੀ ਜ਼ਮੀਨ ਦੀ ਮਾਲਕੀ ਸੀ। ਰੌਬਿਟ ਮੰਗਾਵੇ ਨੇ ਸਮੇਂ ਨਾਲ ਇਸ ਫਰਕ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ। ਉਸ ਵਕਤ ਜਿੰਮਬਾਬਵੇ ਖੇਤੀਬਾੜੀ ਪੱਖੋਂ ਦਾ ਅਫਰੀਕਾ ਦੇ ਵਧੇਰੇ ਵਿਕਸਤ ਮੁਲਕਾ ਵਿਚੋਂ ਸੀ। 1990 ਤੋਂ ਬਾਅਦ ਦੇਸ਼ ਦੀ ਆਰਥਿਕਤਾ ਹਿੱਲਣ ਲੱਗ ਪਈ ਅਤੇ ਆਰਥਿਕ ਪੱਖੋਂ ਇਹ ਮੁਲਕ ਪਿਛੇ ਜਾਣ ਲੱਗ ਪਿਆ। ਰੌਬਿਟ ਮੰਗਾਵੇਂ ਨੇ ਆਪਣੇ ਰਾਜਕਾਲ ਦੌਰਾਨ ਮੁਢਲੀ ਸਿੱਖਿਆ ਸੈਕੰਡਰੀ ਪੱਧਰ ਤੱਕ ਮੁਫਤ ਕਰ ਦਿਤੀ ਸੀ। ਇਸ ਕਰਕੇ ਇਹ ਮੁਲਕ ਅਫਰੀਕਾ ਦੇ ਬਾਕੀ ਮੁਲਕਾਂ ਨਾਲੋਂ ਵਧੇਰੇ ਪੜਿਆ ਲਿਖਿਆ ਮੰਨਿਆ ਜਾਂਦਾ ਹੈ।
1988 ਤੋਂ ਰੋਬਿਟ ਮੰਗਾਵੇ ਨੇ ਰਾਜਕਾਲ ਤੇ ਆਪਣੀ ਪਕੜ ਮਜਬੂਤ ਕਰਨੀ ਸ਼ੁਰੂ ਕਰ ਦਿੱਤੀ ਤੇ ਸਿਆਸੀ ਵਿਰੋਧਤਾ ਨੂੰ ਇੱਕ ਤਰਾਂ ਨਾਲ ਦਬਾਅ ਹੀ ਦਿੱਤਾ ਗਿਆ। 2000 ਤੱਕ ਜਦੋਂ ਇਸਦਾ ਰਾਜਭਾਗ ਤੇ ਪੂਰੀ ਤਰ੍ਹਾਂ ਅਖਤਿਆਰ ਹੋ ਗਿਆ ਤੇ ਦੇਸ਼ ਦੀ ਆਰਮੀ ਵੀ ਇਸਦੇ ਅਧੀਨ ਹੋ ਗਈ ਤਾਂ ਇਸਨੇ ਗੋਰਿਆਂ ਤੋਂ ਜ਼ਮੀਨਾਂ ਦੇ ਹੱਕ ਖੋਹ ਕੇ ਲੋਕਾਂ ਵਿੱਚ ਵੰਡਣੇ ਸ਼ੁਰੂ ਕਰ ਦਿਤੇ। ਇਸ ਨਾਲ ਖੇਤੀ ਬਾੜੀ ਦੀ ਪੈਦਾਵਾਰ ਬਿਲਕੁਲ ਡਿੱਗ ਗਈ ਤੇ ਆਰਥਿਕਤਾ ਦਾ ਪੱਧਰ ਨੀਵਾਂ ਹੋ ਗਿਆ। ਜਿਸ ਨਾਲ ਦੇਸ਼ ਵਿੱਚ ਬੇਰੁਜ਼ਗਾਰੀ ਵੱਧ ਗਈ। ਰੋਬਿਟ ਮੰਗਾਵੇ ਭਾਵੇਂ ਅਜ਼ਾਦੀ ਸੰਘਰਸ਼ ਦੇ ਯੋਧੇ ਵਜੋਂ ਜਾਣਿਆ ਜਾਵੇਗਾ ਪਰ ਉਸਨੇ ਆਪਣੇ ਰਾਜ ਕਾਲ ਦੌਰਾਨ ਹਜ਼ਾਰਾਂ ਹੀ ਬੰਦੇ ਜੇਲ੍ਹਾਂ ਵਿੱਚ ਸੁੱਟੇ ਤੇ ਆਪਣੇ ਸਿਆਸੀ ਵਿਰੋਧੀਆਂ ਨੂੰ ਕੁਚਲਿਆ। ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ। ਉਸਨੇ ਆਪਣੇ ਕਾਰਜਕਾਲ ਦੌਰਾਨ 29000 ਤੋਂ ਵਧੇਰੇ ਜਿੰਮਬਾਬਵੇ ਦੇ ਲੋਕਾਂ ਦਾ ਕਤਲ ਕਰਵਾਇਆ। ਇਸ ਕਰਕੇ ਅੱਜ ਰੌਬਿਟ ਮੰਗਾਵੇ ਭਾਵੇਂ ਸੰਘਰਸ਼ਸ਼ੀਲ ਲੀਡਰ ਵਜ਼ੋਂ ਜਾਣਿਆ ਜਾਵੇ ਪਰ ਉਸ ਤੋਂ ਵੀ ਵਧੇਰੇ ਉਸਨੂੰ ਇੱਕ ਤਾਨਾਸ਼ਾਹੀ ਡਿਕਡੇਟਰ ਦੇ ਖਿਤਾਬ ਨਾਲ ਜੋੜ ਦਿੱਤਾ ਜਾਵੇਗਾ।