ਕਾਂਗਰਸ ਪਾਰਟੀ ਦੀ ਪਰਧਾਨ ਸੋਨੀਆ ਗਾਂਧੀ ਨੇ ਸਾਬਕਾ ਕ੍ਰਿਕਟ ਖਿਡਾਰੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਮੁਖੀ ਬਣਾ ਕੇ ਸੂਬੇ ਦੀ ਸਿਆਸਤ ਵਿੱਚ ਆਉਣ ਵਾਲੀਆਂ ਚੋਣਾਂ ਲਈ ਹਲਚਲ ਸ਼ੁਰੂ ਕਰ ਦਿੱਤੀ ਹੈੈੈ। ਪਿਛਲੇ ਦੋ ਮਹੀਨਿਆਂ ਤੋਂ ਪੰਜਾਬ ਇਕਾਈ ਵਿੱਚ ਆਪਸੀ ਚੌਧਰ ਦੀ ਲੜਾਈ ਚੱਲ ਰਹੀ ਸੀ। ਪਿਛਲੇ 4 ਸਾਲਾਂ ਤੋਂ ਕਿਸੇ ਵੀ ਕੀਤੇ ਵਾਅਦੇ ਉੱਤੇ ਖਰੇ ਨਾ ਉਤਰਨ ਕਾਰਨ ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਵਿੱਚ ਕੋਈ ਬਹੁਤਾ ਵਕਾਰ ਨਹੀ ਸੀ ਰਹਿ ਗਿਆ। ਇਸ ਵਾਰ ਤਾਂ ਉਨ੍ਹਾਂ ਰਾਜਨੀਤੀ ਦੀ ਨਿੱਜੀ ਪਾਰੀ ਹੀ ਖੇਡੀ ਹੈੈ। ਸਿੱਖਾਂ ਦੇ ਜਾਂ ਪੰਜਾਬ ਦੇ ਕਿਸੇ ਵੀ ਮਸਲੇ ਨੂੰ ਹੱਥ ਵੀ ਨਹੀ ਲਾਇਆ। ਆਪਣੀ ਧਾਕੜ ਪਹੁੰਚ ਲਈ ਜਾਣੇ ਜਾਂਦੇ ਕੈਪਟਨ ਅਮਰਿੰਦਰ ਸਿੰਘ ਪਿਛਲੇ 4 ਸਾਲ ਤੋਂ ਜਿਵੇਂ ਡਰ ਡਰ ਕੇ ਰਾਜ ਕਰ ਰਹੇ ਸਨ ਉਸਨੇ ਸਿਆਸੀ ਮਾਹਰਾਂ ਨੂੰ ਹੈਰਾਨ ਕਰ ਦਿੱਤਾ ਸੀ।
ਕੈਪਟਨ ਅਮਰਿੰਦਰ ਸਿੰਘ ਦੀ ਬਾਦਲ ਪਰਵਾਰ ਨਾਲ ਮਿਲਕੇ ਖੇਡੀ ਜਾ ਰਹੀ ਖੇਡ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਦੇ ਖੇਮਿਆਂ ਵਿੱਚ ਇਹ ਗੱਲ ਘਰ ਕਰ ਗਈ ਸੀ ਕਿ ਅਗਲੀਆਂ ਚੋਣਾਂ ਵਿੱਚ ਜੇ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦਾ ਚਿਹਰਾ ਹੋਏ ਤਾਂ ਪਾਰਟੀ ਬੁਰੀ ਤਰ੍ਹਾਂ ਮਾਤ ਖਾ ਸਕਦੀ ਹੈੈ। ਪਾਰਟੀ ਦੇ ਲਗਭਗ ਸਾਰੇ ਵਿਧਾਇਕਾਂ ਨੇ ਆਪਣੀ ਇਸ ਸੋਚ ਦਾ ਪਰਗਟਾਵਾ ਕਾਂਗਰਸ ਆਲਾ-ਕਮਾਨ ਕੋਲ ਕਰ ਦਿੱਤਾ ਸੀ। ਸਾਰੇ ਵਿਧਾਇਕਾਂ ਨੂੰ ਜਿੱਥੇ ਆਪਣੀ ਵਿਧਾਇਕੀ ਖੁਸਦੀ ਜਾਪਦੀ ਸੀ ਉੱਥੇ ਪਾਰਟੀ ਦੇ ਵਕਾਰ ਨੂੰ ਵੀ ਵੱਟਾ ਲੱਗਾ ਸਾਫ ਨਜ਼ਰ ਆ ਰਿਹਾ ਸੀ।
ਸਮੁੱਚੀ ਸਥਿਤੀ ਤੇ ਝਾਤੀ ਮਾਰਕੇ ਕਾਂਗਰਸ ਆਲਾ-ਕਮਾਨ ਨੇ ਆਖਰ ਕੈਪਟਨ ਨੂੰ ਪਿਛਾਂਹ ਕਰਨ ਦਾ ਫੈਸਲਾ ਲੈ ਲਿਆ ਜਿਸ ਨਾਲ ਪਾਰਟੀ ਦੇ ਜਿੱਤ ਦੇ ਮੌਕੇ ਵਧ ਗਏ ਹਨ। ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਦੇ ਇਸ ਵੱਡੇ ਅਹੁਦੇ ਨੂੰ ਕਿਵੇਂ ਲੈਂਦੇ ਹਨ ਅਤੇ ਉਨ੍ਹਾਂ ਦੇ ਰਾਹ ਵਿੱਚ ਉਹ ਕਿੰਨੇ ਕੁ ਅੜਿੱਕੇ ਪਾਉਂਦੇ ਹਨ ਇਹ ਤਾਂ ਵਕਤ ਦੱਸੇਗਾ ਪਰ ਜਿਸ ਢੰਗ ਨਾਲ ਨਵਜੋਤ ਸਿੰਘ ਸਿੱਧੂ ਨੇ ਲਗਭਗ ਸਾਰੇ ਪਾਰਟੀ ਵਿਧਾਇਕਾਂ ਨੂੰ ਆਪਣੇ ਨਾਲ ਤੋਰ ਲਿਆ ਹੈ ਉਸ ਸਥਿਤੀ ਵਿੱਚ ਕੈਪਟਨ ਅਮਰਿੰਦਰ ਸਿੰਘ ਲਈ ਹੁਣ ਭੱਜਣ ਦੇ ਬਹੁਤੇ ਰਾਹ ਨਹੀ ਰਹਿ ਗਏ, ਨਾ ਤਾਂ ਉਹ ਭਾਜਪਾ ਵਿੱਚ ਜਾ ਸਕਦੇ ਹਨ ਨਾ ਵੱਖਰੀ ਪਾਰਟੀ ਬਣਾ ਸਕਦੇ ਹਨ ਕਿਉਂਕਿ ਪਿਛਲੇ 4 ਸਾਲਾਂ ਤੋਂ ਉਹ ਜਿਸ ਡਰੂ ਰਾਜਨੀਤੀ ਦਾ ਮੁਜਾਹਰਾ ਕਰ ਰਹੇ ਹਨ ਉਸ ਕਾਰਨ ਵੱਖਰੀ ਧੜੱਲੇਦਾੜ ਰਾਜਨੀਤੀ ਕਰਨੀ ਹੁਣ ਸੰਭਵ ਨਹੀ ਰਹਿ ਗਈ।
ਨਵਜੋਤ ਸਿੰਘ ਸਿੱਧੂ ਦਾ ਆਪਣੀ ਤਾਜਪੋਸ਼ੀ ਵੇਲੇ ਦਾ ਭਾਸ਼ਣ ਸਿਆਸੀ ਹਲਕਿਆਂ ਵਿੱਚ ਕਾਫੀ ਦਿਲਚਸਪੀ ਨਾਲ ਦੇਖਿਆ ਜਾ ਰਿਹਾ ਹੈੈ।ਸਿੱਧੂ ਨੇ ਜਿੱਥੇ ਨਵੇਂ ਪੰਜਾਬ ਦੀ ਸਿਰਜਣਾਂ ਦਾ ਹੋਕਾ ਦਿੱਤਾ ਹੈ ਉੱਥੇ ਹੀ ਗੁਰੂ ਸਾਹਿਬ ਦੀ ਬੇਅਦਬੀ ਦਾ ਮੁੱਦਾ ਵੀ ਛੋਹਿਆ ਹੈ ਅਤੇ ਆਖਿਆ ਹੈ ਕਿ ਉਸ ਲਈ ਇਹ ਸਭ ਤੋਂ ਵੱਡੀ ਚੁਣੌਤੀ ਹੈੈ।
ਵੈਸੇ ਪੰਜਾਬ ਦੇ ਲੋਕਾਂ ਨੇ ਅਜਿਹੇ ਗਰਮਾ-ਗਰਮ ਭਾਸ਼ਣ ਬਹੁਤ ਸੁਣੇ ਹਨ। ਅਜਿਹੇ ਗਰਮ ਭਾਸ਼ਣ ਕਰਕੇ ਚਤੁਰ ਸਿਆਸਤਦਾਨ ਮੇਰੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਮੁੱਲ ਵੱਟਦੇ ਆਪਾਂ ਸਾਰਿਆਂ ਨੇ ਦੇਖੇ ਹਨ। ਅਕਾਲੀ ਦਲ ਦੇ ਮੁਖੀ ਪਰਕਾਸ਼ ਸਿੰਘ ਬਾਦਲ ਨੇ ਜਿੰਨੀ ਬੇਕਿਰਕੀ ਨਾਲ ਪੰਜਾਬ ਦੇ ਮਾਸੂਮ ਲੋਕਾਂ ਦੀਆਂ ਭਾਵਨਾਵਾਂ ਦਾ ਵੱਡਾ ਮੁੱਲ ਵੱਟ ਲਿਆ ਹੈ ਉਹ ਕਿਸੇ ਤੋਂ ਲੁਕਿਆ ਨਹੀ ਹੈੈੈ।
ਹਾਲ ਦੀ ਘੜੀ ਸਾਨੂੰ ਨਵਜੋਤ ਸਿੰਘ ਸਿੱਧੂ ਦੇ ਗਰਮ ਭਾਸ਼ਣ ਨੂੰ ਵੀ ਉਸੇ ਪਾਸੇ ਰੱਖਣਾਂ ਚਾਹੀਦਾ ਹੈ। ਇਹ ਨਾ ਹੋਵੇ ਕਿ ਕੋਈ ਹੋਰ ਚਤੁਰ ਸਿਆਸਤਦਾਨ ਸਾਡੀਆਂ ਭਾਵਨਾਵਾਂ ਨੂੰ ਵਰਤ ਕੇ ਆਪਣੇ ਵਪਾਰ ਖੜ੍ਹੇ ਕਰ ਜਾਵੇ। ਹਾਲੇ ਨਵਜੋਤ ਸਿੰਘ ਸਿੱਧੂ ਦੇ ਕੰਮਾਂ ਨੂੰ ਦੇਖਣਾਂ ਚਾਹੀਦਾ ਹੈ ਉਸ ਤੋਂ ਬਾਅਦ ਹੀ ਕੋਈ ਸਪਸ਼ਟ ਫੈਸਲਾ ਲੈਣਾਂ ਚਾਹੀਦਾ ਹੈੈ।