ਵੈਸੇ ਤਾਂ ਪੰਜਾਬ ਵਾਲਿਆਂ ਨੂੰ ਅਜੇ ਸਾਗਰ ਦੀ ਵਹੁਟੀ ਅਤੇ ਮੂਸੇ ਪਿੰਡ ਦੀਆਂ ਖਬਰਾਂ ਤੋਂ ਵੇਹਲ ਨਹੀਂ ਪਰ ਫਿਰ ਸੋਚਿਆ ਕੇ ਪਿਛਲੇ ਸਾਲ ਪੰਜਾਬ ਦੇ ਸੋਸ਼ਲ ਮੀਡੀਆ ਚ ਦੱਖਣੀ ਅਫ਼ਰੀਕਾ ਦੇ ਸ਼ਹਿਰ ਕੈਪਟਾਊਨ ਵਿੱਚ ਪਾਣੀ ਮੁੱਕਣ ਬਾਰੇ ਖਬਰਾਂ ਬੜੀਆਂ ਵਾਇਰਲ ਹੋ ਰਹੀਆਂ ਸਨ..
ਫਿਰ ਵਾਰੀ ਆਈ ਚੇਨਈ (ਮਦਰਾਸ ) ਦੀ ਝੀਲ ਸੁੱਕਣ ਦੀ..
ਚਲੋ ਸਾਊਥ ਵਾਲੇ ਲੋਕ ਸਿਆਣੇ ਹਨ ਉਹਨਾਂ ਨੇ ਕੰਧ ਉੱਤੇ ਲਿਖਿਆ ਪੜ੍ਹਿਆ ਅਤੇ ਚੰਗੀ ਨੀਅਤ ਅਤੇ ਯੋਜਨਾ ਨਾਲ ਚੇਨਈ ਵਾਲੀ ਝੀਲ ਫਿਰ ਪੁਨਰ ਸੁਰਜੀਤ ਕਰ ਲਈ..
ਹੁਣ ਖ਼ਬਰ ਆਈ ਹੈ ਕੇ ਕਰਨਾਟਕਾ ਦੀ ਰਾਜਧਾਨੀ ਅਤੇ ਆਈ ਟੀ ਹੱਬ ਬੰਗਲੌਰ ਚ ਵੀ ਪਾਣੀ ਵਾਲੇ ਭਾਂਡੇ ਖਾਲੀ ਹੋ ਗਏ ਹਨ..
ਕਦੇ ਬੰਗਲੌਰ ਨੂੰ ਝੀਲਾਂ ਅਤੇ ਬਾਗਾਂ ਵਾਲਾ ਸ਼ਹਿਰ ਕਿਹਾ ਜਾਂਦਾ ਸੀ.. ਅੱਜ ਤੋਂ ਤੀਹ ਕੁ ਸਾਲ ਪਹਿਲਾਂ ਬੰਗਲੌਰ ਬਹੁਤ ਘੱਟ ਭੀੜ ਭਾੜ ਅਤੇ ਸਕੂਨ ਵਾਲਾ ਸ਼ਹਿਰ ਸੀ ਪਰ ਤਥਾ ਕਥਿਤ ਵਿਕਾਸ ਦੀ ਹਨੇਰੀ ਨੇ ਬੰਗਲੌਰ ਦਾ ਓਹ ਹਾਲ ਕੀਤਾ ਜੋ ਪੰਜਾਬ ਦਾ ਝੋਨੇ ਨੇ ਕੀਤਾ..
ਬੰਗਲੌਰ ਦੀ ਆਬੋ ਹਵਾ ਅਤੇ ਪੰਜ ਤੋਂ ਪੰਜੀ ਡਿਗਰੀ ਵਾਲਾ ਤਾਪਮਾਨ ਏਨਾ ਵਧੀਆ ਅਤੇ ਆਈਡੀਅਲ ਹੈ ਕੇ ਦੁਨੀਆ ਭਰ ਦੀਆਂ ਬੀਜ ਕੰਪਨੀਆਂ ਅਤੇ ਨਰਸਰੀਆਂ ਏਥੇ ਸਥਿਤ ਹਨ ਪਰ ਓਹੀ ਬੰਗਲੌਰ ਰੁੱਖਾਂ ਝੀਲਾਂ ਤੋਂ ਸੱਖਣਾ ਹੋਕੇ ਪਾਣੀ ਤੋਂ ਵੀ ਆਤੁਰ ਹੁੰਦਾ ਜਾ ਰਿਹਾ.. ਮਿੱਠਾ ਤਾਪਮਾਨ ਰੁੱਖਾ ਹੁੰਦਾ ਜਾਂਦਾ..
1973 ਚ ਬੰਗਲੌਰ ਦਾ ਉਸਾਰੀ ਅਧੀਨ ਰਕਬਾ ਸਿਰਫ 8% ਸੀ ਜੋ 2023 ਚ 93% ਹੋ ਗਿਆ.. ਸੱਠਾਂ ਸਾਲਾਂ ਚ ਜੋ ਜੰਗਲ ਤੇ ਪਾਣੀ ਦੇ ਸਰੋਤ ਗਾਇਬ ਹੋਏ ਸੋ ਹੋਏ ਪਰ ਜਿਹੜ੍ਹੇ ਜੀਵ ਜੰਤੂ ਇਹਨਾਂ ਉੱਤੇ ਨਿਰਭਰ ਸਨ ਓਹ ਕਿੱਥੇ ਗਏ ਹੋਣਗੇ..
ਕਮੋਬੇਸ਼ ਪੰਜਾਬ ਦਾ ਵੀ ਇਹੋ ਹਾਲ ਹੋਇਆ 1973 ਤੋਂ 2023 ਦੀ ਵਿਕਾਸ / ਵਿਨਾਸ਼ ਯਾਤਰਾ ਚ.. ਜੰਗਲੀ ਰਕਬਾ 40% ਤੋਂ ਘੱਟਕੇ 4% ਰਹਿ ਗਿਆ ਪਰ ਪੰਜਾਬੀ ਅਜੇ ਹੋਰ ਬਹੁਤ ਜਰੂਰੀ ਕੰਮਾਂ ਚ ਲੱਗੇ ਹੋਏ ਹਨ..
ਸੁਣਿਆ ਬੰਗਲੌਰ ਵਾਲਿਆਂ ਖਤਰੇ ਨੂੰ ਵੇਖਦੇ ਹੋਏ ਸੁਧਾਰ ਕਰਨੇ ਸ਼ੁਰੂ ਕਰ ਦਿੱਤੇ ਹਨ ਪਰ ਪੰਜਾਬ ਵਾਲਿਆਂ ਅਜੇ ਪਤਾ ਨਹੀਂ ਕਦੋਂ ਕੰਧ ਉੱਤੇ ਲਿਖਿਆ ਪੜ੍ਹਨਾ..
ਦੂਜੇ ਪਾਸੇ ਵਰਲਡ ਵਾਰ, ਪ੍ਰਮਾਣੂ ਹਮਲੇ, ਡੂਮਸ ਡੇਅ ਕਰਕੇ ਦੁਨੀਆ ਖ਼ਤਮ ਹੋਣ ਦੇ ਖਦਸ਼ੇ ਪ੍ਰਗਟ ਕੀਤੇ ਜਾ ਰਹੇ ਹਨ ਅਤੇ ਦੁਨੀਆ ਭਰ ਦੇ ਖਰਬ ਪਤੀ ਅਮੀਰ ਲੋਕ ਕਿਆਮਤ ਦੇ ਦਿਨ ਲਈ ਜ਼ਮੀਨਦੋਜ਼ ਬੰਕਰ ਤਿਆਰ ਕਰਵਾ ਰਹੇ ਹਨ ਜਿੱਥੇ ਸਾਲਾਂ ਬੱਧੀ ਭੋਜਨ,ਹਵਾ,ਪਾਣੀ ਅਤੇ ਬਾਲਣ ਦਾ ਪ੍ਰਬੰਧ ਕੀਤਾ ਜਾ ਰਿਹਾ..
ਬੰਕਰਾਂ ਦੇ ਡਿਜ਼ਾਈਨ ਵੇਖੋ ਤਾਂ ਮਨੁੱਖ ਅਮਰ ਹੋਣ ਦਾ ਭਰਮ ਪਾਲੀ ਬੈਠਾ.. ਸਾਰੀ ਦੁਨੀਆ ਅਤੇ ਧਰਤੀ ਉੱਤੇ ਗੰਦ ਪਾਕੇ ਅਮੀਰ ਲੋਕ ਪਤਾਲ ਅਤੇ ਅਕਾਸ਼ ਚ ਠਿਕਾਣੇ ਲੱਭਦੇ ਫਿਰਦੇ ਹਾਲਾਂਕਿ ਜਦੋਂ ਆ ਗਈ ਤਾਂ ਰੋਕ ਕੋਈ ਨਹੀਂ ਸਕਦਾ..
ਗੁਰਬਾਣੀ ਦਾ ਕਥਨ ਹੈ ਕਿ ਜੰਮਣਾ ਮਰਨਾ ਹੁਕਮ ਅਨੁਸਾਰ ਹੁੰਦਾ..
ਮਨੁੱਖ ਦੇ ਹੱਥ ਵੱਸ ਇਹ ਹੈ ਕਿ ਕਿਸੇ ਹੱਦ ਤੱਕ ਜੀਣਾ ਕਿਵੇਂ ਅਤੇ ਸ਼ਾਂਤੀ ਨਾਲ ਦੁਨੀਆ ਤੋਂ ਵਿਦਾ ਕਿੱਦਾਂ ਹੋਣਾ ਪਰ ਅਜੋਕਾ ਮਨੁੱਖ ਕੁਦਰਤੀ ਸਾਧਨਾਂ ਦੀ ਤਬਾਹੀ ਕਰਕੇ ਲਿਲਕ ਲਿਲਕ ਕੇ ਮਰਦਾ ਹੋਇਆ ਵੀ ਅਮਰ ਹੋਣ ਦੀ ਲਾਲਸਾ ਪਾਲੀ ਰਾਤ ਦਿਨ ਪੈਸੇ ਪਦਾਰਥ ਇਕੱਠੇ ਕਰਨ ਵਾਲੇ ਪਾਸੇ ਲੱਗਾ ਹੋਇਆ..
ਅਜੇ ਕੱਲ ਦੀ ਗੱਲ ਹੈ ਸਾਡੇ ਵਢੇਰਿਆਂ ਨੂੰ ਜੰਗਲਾਂ, ਝੀਲਾਂ, ਦਰਿਆਵਾਂ, ਰੱਖਾਂ, ਨਾਲਿਆਂ, ਨੱਖਾਸੂਆਂ,ਜਲਗਾਹਾਂ, ਢਾਬਾਂ, ਛੱਪੜ੍ਹਾ ਨੇ ਪਾਲਿਆ ਪੋਸਿਆ ਅਤੇ ਬਚਾਇਆ ਵੀ ਪਰ ਅਸੀਂ ਆਪਣੀਆਂ ਸਾਂਝੀਆਂ ਥਾਵਾਂ, ਪਾਣੀ ਦੇ ਕੁਦਰਤੀ ਸ੍ਰੋਤਾਂ ਦਾ ਜੋ ਹਾਲ ਕੀਤਾ ਉਸਦਾ ਸਰਾਪ ਹਰ ਘਰ ਭੁਗਤ ਰਿਹਾ..
ਬੇਸ਼ਰਮੀ ਦੀ ਹੱਦ ਵੇਖੋ ਕੇ ਸੁਪਰੀਮ ਕੋਰਟ, ਹਾਈਕੋਰਟ ਵਰਗੀਆਂ ਉੱਚ ਅਦਾਲਤਾਂ ਦੇ ਹੁਕਮਾਂ ਦੀਆਂ ਧੱਜ਼ੀਆਂ ਉਡਾ ਕੇ ਛੱਪੜ੍ਹ ਢਾਬ ਪੂਰ ਕੇ ਪਾਰਕ ਅਤੇ ਨਾਜਾਇਜ਼ ਉਸਾਰੀਆਂ ਕਰਕੇ ਮੰਤਰੀਆਂ ਕੋਲੋਂ ਉਦਘਾਟਨ ਕਰਵਾਏ ਜਾ ਰਹੇ ਹਨ.. ਨਹਿਰੀ ਪਾਣੀ ਨੂੰ ਦਰਕਿਨਾਰ ਕਰਕੇ ਜ਼ਮੀਨ ਹੇਠਲਾ ਬੇਸ਼ਕੀਮਤੀ ਪਾਣੀ ਕੱਢਿਆ ਵੀ ਜਾ ਰਿਹਾ ਤੇ ਰਹਿੰਦਾ ਖੂੰਹਂਦਾ ਪਲੀਤ ਕੀਤਾ ਜਾ ਰਿਹਾ..
ਪਾਣੀ ਤੋਂ ਬਗੈਰ ਪੰਜਾਬ ਨਾਮ ਦੇ ਕੀ ਮਾਇਨੇ ਹਨ..
ਸੱਭਿਅਤਾ ਦਾ ਤਾਸੱਵਰ ਪਾਣੀ ਬਿਨਾਂ ਕਿਵੇਂ ਕੀਤਾ ਜਾ ਸਕਦਾ?
ਕੀ ਪੰਜਾਬ ਮੁੱਲ ਦਾ ਪਾਣੀ ਲੈਕੇ ਪੀਣ ਨੂੰ ਤਿਆਰ ਹੈ..??
ਖੇਤੀ ਦੀ ਤਾਂ ਗੱਲ ਹੀ ਛੱਡੋ…
ਪੰਜਾਬ ਦੇ ਲੋਕੋ ਅਜੇ ਵੀ ਵਕਤ ਹੈ.. ਜਾਗੋ..
ਕੁਦਰਤੀ ਸ੍ਰੋਤਾਂ ਨਾਲ ਛੇੜ ਛਾੜ ਕਰਨ ਵਾਲੇ ਚਵਲਾਂ ਖਿਲਾਫ ਲਾਮਬੰਦ ਹੋਵੋ..
ਸਾਨੂੰ ਨਾ ਪਤਾਲ ਚ ਨਾ ਅਕਾਸ਼ ਚ ਢੋਈ ਮਿਲਣੀ..
ਜੇ ਪਾਣੀ ਵਗਦੇ ਨਹੀਂ ਰਹਿਣੇ
ਤਾਂ ਚੁੱਲੇ ਵੀ ਮੱਘਦੇ ਨਹੀਂ ਰਹਿਣੇ।