ਪਿਛਲੇ ਸਾਲ ਦੇ ਸ਼ੁਰੂ ਵਿੱਚ ਪੰਜਾਬ ਦੇ ਲੋਕ ਵਾਸੀਆਂ ਨੇ ਦਸ ਸਾਲਾਂ ਦੇ ਰਾਜ ਨੂੰ ਬਦਲ ਕੇ ਨਵੀਂ ਸਰਕਾਰ (ਕਾਂਗਰਸ) ਲਿਆਂਦੀ ਸੀ। ਉਸ ਸਮੇਂ ਕਾਂਗਰਸ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਵਿੱਚ ਸੂਬੇ ਦੀਆਂ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਕੇ ਅਨੇਕਾਂ ਪ੍ਰਕਾਰ ਦੇ ਰੁਜਗਾਰ, ਕਰਜੇ ਮਾਫੀਆਂ ਦੇ ਵਾਅਦੇ ਕਰਕੇ ਆਪਣੇ ਆਪ ਨੂੰ ਸੱਤਾ ਵਿੱਚ ਲਿਆਦਾ ਸੀ। ਇੰਨਾਂ ਵਾਅਦਿਆਂ ਤੋਂ ਇਲਾਵਾ ਵੀ ਪੰਜਾਬ ਵਾਸੀ ਖਾਸ ਕਰਕੇ ਸਿੱਖ ਵੋਟਰ ਦਸ ਸਾਲਾਂ ਤੋਂ ਰਾਜ ਕਰ ਰਹੀ ਅਕਾਲੀ-ਭਾਜਪਾ ਸਰਕਾਰ ਨਾਲੋਂ ਆਪਣੇ ਆਪ ਨੂੰ ਅਲੱਗ ਸਮਝਣ ਲੱਗੇ ਸਨ, ਜੋ ਹਾਰ ਦਾ ਮੁੱਖ ਕਾਰਨ ਸੀ।
ਅੱਜ ਜੇ ਸਾਲ ਬਾਅਦ ਇਸ ਨਵੀਂ ਕਾਂਗਰਸ ਸਰਕਾਰ ਦੀ ਕਾਰਜ਼ੁਗਾਰੀ ਤੇ ਝਾਤ ਮਾਰੀ ਜਾਵੇ ਤਾਂ ਪੰਜਾਬ ਦੀ ਸਥਿਤੀ ਕਾਫੀ ਡਾਵਾਂਡੋਲ ਹੈ। ਲੋਕਾਂ ਦੇ ਵਿੱਚ ਸਰਕਾਰ ਪ੍ਰਤੀ ਮੋਹ ਲੱਗ-ਭੱਗ ਭੰਗ ਹੀ ਹੋ ਚੁੱਕਿਆ ਹੈ। ਭਾਵੇਂ ਦੂਜੀਆਂ ਸੱਤਾਧਾਰੀ ਪਾਰਟੀਆਂ ਵਾਂਗ ਸਰਕਾਰੀ ਜੋਰ ਤੇ ਇਸ ਮੌਜੂਦਾ ਸਰਕਾਰ ਨੇ ਪੰਜਾਬ ਦੀਆਂ ਨਗਰਪਾਲਿਕਾਵਾਂ ਤੇ ਤਾਂ ਧੱਕੇ ਨਾਲ ਕਬਜਾ ਕਰ ਹੀ ਲਿਆ ਹੈ ਪਰ ਸਰਕਾਰ ਦੀ ਮਾਲੀ ਹਾਲਤ ਇਹ ਹੈ ਕਿ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਜੋਗਾ ਵੀ ਸਰਮਾਇਆ ਨਹੀਂ ਹੈ। ਨਾ ਹੀ ਆਪਣੀ ਮਾਲੀ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਇਸ ਸਰਕਾਰ ਨੇ ਕੋਈ ਉਸਾਰੂ ਕਦਮ ਹੀ ਚੁੱਕੇ ਹਨ। ਸਗੋਂ ਵੱਖ ਵੱਖ ਕਿਸਮ ਦੇ ਕਰ ਲੋਕਾਂ ਉਪਰ ਲਾ ਕੇ ਵਸੂਲੀ ਵਧਾਉਣ ਦਾ ਸਾਧਨ ਲੱਭਿਆ ਜਾ ਰਿਹਾ ਹੈ। ਪੰਜਾਬ ਦੇ ਲੋਕਾਂ ਨਾਲ ਖਾਸ ਕਰਕੇ ਕਿਸਾਨਾਂ, ਖੇਤ ਮਜ਼ਦੂਰਾਂ ਨੂੰ ਕਰਜਾ ਮਾਫੀ ਦਾ ਲਾਇਆ ਗਿਆ ਲਾਰਾ ਵੀ ਕਿਸੇ ਤਣ-ਪੱਤਣ ਲੱਗਦਾ ਨਜ਼ਰ ਨਹੀਂ ਆ ਰਿਹਾ ਅਤੇ ਪੰਜਾਬ ਸਰਕਾਰ ਸਿਰ ਕਰਜੇ ਦਾ ਭਾਰ ੨ ਲੱਖ ਕਰੋੜ ਦੇ ਨੇੜੇ ਅੱਪੜ ਗਿਆ ਹੈ। ਮੌਜੂਦਾ ਵਿੱਤੀ ਅਰਥਚਾਰੇ ਨਾਲ ਇਸ ਕਰਜੇ ਦੀਆਂ ਕਿਸ਼ਤਾਂ ਲਾਹੁਣੀਆਂ ਵੀ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ। ਰੁਜ਼ਗਾਰ ਦੇਣ ਦੇ ਵਾਅਦਾ ਕਿ ਰਾਜਾ ਅਮਰਿੰਦਰ ਸਿੰਘ ਦੀ ਸਰਕਾਰ ਘਰ ਘਰ ਦੇ ਇੱਕ ਜੀਅ ਨੁੰ ਨੌਕਰੀ ਦੇਵੇਗੀ, ਦਾ ਦਾਅਵਾ ਪੂਰੀ ਤਰਾਂ ਦਮ ਤੋੜ ਚੁੱਕਿਆ ਹੈ।
ਅੱਜ ਇਸ ਸਰਕਾਰ ਦੀ ਖਾਸ ਕਰਕੇ ਰਾਜਾ ਅਮਰਿੰਦਰ ਸਿੰਘ ਦੀ ਹੋਂਦ ਕਾਫੀ ਕਮਜ਼ੋਰ ਹੋ ਚੁੱਕੀ ਹੈ। ਇੰਨਾ ਝੂਠੇ ਵਾਅਦਿਆਂ ਤੇ ਲਾਰਿਆਂ ਸਦਕਾ ਅੱਜ ਪੰਜਾਬ ਦਾ ਕਿਸਾਨ ਤੇ ਖੇਤ ਮਜ਼ਦੂਰ ਦਿਨ ਪ੍ਰਤੀ ਦਿਨ ਖੁਦਕਸ਼ੀਆਂ ਦਾ ਸਹਾਰਾ ਲੈ ਰਿਹਾ ਹੈ ਅਤੇ ਪੰਜਾਬ ਦੇ ਪਿੰਡ ਜਿੱਥੇ ਕਿ ਅੱਜ ਵੀ ਬਹੁ-ਗਿਣਤੀ ਪੰਜਾਬੀਆਂ ਦੀ ਵਸਦੀ ਹੈ, ਵੀ ਵਿਕਾਸ ਦੇ ਢੰਡੋਰਿਆਂ ਵਿੱਚ ਅਜੇ ਤੱਕ ਆਪਣੀਆਂ ਗਲੀਆਂ ਨਾਲੀਆਂ ਪੱਕੇ ਕਰਉਣ ਦੇ ਹੀਲਿਆਂ ਤੋਂ ਉੱਪਰ ਨਹੀਂ ਉੱਠ ਸਕੇ। ਭਾਰਤ ਦੀ ੭੦ ਸਾਲਾਂ ਦੀ ਅਜਾਦੀ ਤੋਂ ਬਾਅਦ ਵੀ ਪਿੰਡਾਂ ਦੇ ਲੋਕ ਅੱਜ ਵੀ ਮੁਢਲੀਆਂ ਸਹੂਲਤਾਂ ਤੋਂ ਸੱਖਣੇ ਹਨ। ਰਾਜਾ ਅਮਰਿੰਦਰ ਸਿੰਘ ਵੱਲੋਂ ਸਭ ਤੋਂ ਵੱਡਾ ਚੋਣਾਂ ਤੋਂ ਪਹਿਲਾਂ ਕੀਤਾ ਵਾਅਦਾ ਕਿਸਾਨਾਂ ਦੀ ਕਰਜ਼ਾ ਮੁਕਤੀ ਦਾ ਇੱਕ ਨਾ-ਮਾਤਰ ਉਪਰਾਲਾ ਜੋ ਹੋਇਆ ਹੈ ਉਹ ਵੀ ਇਸ ਸਰਕਾਰ ਨੇ ਕਿਸਾਨਾਂ ਤੋਂ ਹੀ ਮੰਡੀਆਂ ਦੀ ਫੀਸ ਵਧਾ ਕੇ ਉਗਰਾਉਣ ਦੀ ਕੋਸ਼ਿਸ ਕੀਤੀ ਹੈ ਅਤੇ ਵਾਅਦਾ-ਖਿਲਾਫੀ ਦੀ ਕੋਸ਼ਿਸ ਸਦਕਾ ੩੫੦ ਤੋਂ ਉਪਰ ਕਿਸਾਨ ਤੇ ਖੇਤ ਮਜ਼ਦੂਰ ਜੋ ਕਿ ਬਹੁ-ਗਿਣਤੀ ਸਿੱਖ ਹੀ ਹਨ, ਕਰਜਾ ਮਾਫੀ ਦੀ ਆਸ ਵਿੱਚ ਹੀ ਖੁਦਕਸ਼ੀਆਂ ਕਰ ਚੁੱਕੇ ਹਨ।
ਇਸੇ ਤਰਾਂ ਪੰਜਾਬ ਦੀ ਨੌਜਵਾਨ ਪੀੜੀ ਵੀ ਇਸ ਸਰਕਾਰ ਤੋਂ ਪੂਰੀ ਤਰਾਂ ਨਿਰਾਸ਼ ਹੋ ਕਿ ਸਕੂਲੀ ਵਿੱਦਿਆ ਤੋਂ ਬਾਅਦ ਰੁਜਗਾਰ ਦੀ ਆਸ ਵਿੱਚ ਪੱਛਮੀ ਮੁਲਕਾਂ ਨੂੰ ਹੀ ਤਰਜ਼ੀਹ ਦੇਣ ਲੱਗੀ ਹੈ।
ਜਿੰਨੀ ਥੱਕੀ ਹਾਰੀ ਪੰਜਾਬ ਦੀ ਸਰਕਾਰ ਜਾਪ ਰਹੀ ਹੈ, ਇਹ ਸਥਿਤੀ ਅਕਾਲੀ ਰਾਜ ਦੇ ਦਸ ਸਾਲਾਂ ਨਾਲ ਕਿਸੇ ਤਰਾਂ ਵੀ ਮੇਲ ਨਹੀਂ ਖਾਂਦੀ। ਸ਼੍ਰੋਮਣੀ ਅਕਾਲੀ ਦਲ ਇਸ ਪਿਛਲੇ ਸਾਲ ਤੋਂ ਆਪਣੀ ਦਿੱਖ ਤੇ ਪਕੜ ਨੂੰ ਮਜ਼ਬੂਤ ਕਰਨ ਲਈ ਸ੍ਰ. ਸੁਖਬੀਰ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਉਪਰਾਲੇ ਤੇ ਰੈਲੀਆਂ ਤੇ ਕਰ ਰਿਹਾ ਹੈ ਪਰ ਅੱਜ ਵੀ ਸਿੱਖ ਕੌਮ ਅੰਦਰ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਹਮਦਰਦੀ ਨਹੀਂ ਜੁਟਾ ਸਕਿਆ ਹੈ। ਇਸਦਾ ਮੁਢਲਾ ਕਾਰਨ ਸਿੱਖ ਕੌਮ ਨਾਲ ਉਨਾਂ ਦੇ ਰਾਜ ਦੌਰਾਨ ਹੋਈ ਤ੍ਰਾਸਦੀ ਨੂੰ ਸਿੱਖ ਕੌਮ ਅੱਜ ਵੀ ਭੁੱਲੀ ਨਹੀਂ ਹੈ। ਪਰ ਇੱਕ ਚੰਗੀ ਦਿਸ਼ਾ ਤੇ ਰਹਿਨੁਮਾਈ ਦੀ ਅਣਹੋਂਦ ਕਾਰਨ ਸਿੱਖ ਕੌਮ ਆਪਣੇ ਬਲ ਤੇ ਸੋਚ ਨੂੰ ਇੱਕ-ਮੁੱਠ ਕਰਨ ਵਿੱਚ ਅੱਜ ਵੀ ਨਾਕਾਮਯਾਬ ਹੈ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਬਦਲ ਵਜੋਂ ਵਿਚਰ ਰਹੇ ਪੰਥਕ ਦਲ ਤੇ ਇਸ ਨਾਲ ਜੁੜੀਆਂ ਪੰਥਕ ਸ਼ਖਸ਼ੀਅਤਾਂ ਸਿੱਖ ਕੌਮ ਦਾ ਮਨੋਬਲ ਤੇ ਵਿਸ਼ਵਾਸ਼ ਆਪਣੇ ਵੱਲ ਖਿੱਚ ਨਹੀਂ ਸਕੀਆਂ। ਇਸੇ ਤਰਾਂ ਪੰਜਾਬ ਦੀ ਸਿਅਸਤ ਵਿੱਚ ਉੱਭਰੀ ਆਮ ਆਦਮੀ ਪਾਰਟੀ ਵੀ ਆਪਣਾ ਵਜੂਦ ਪੱਕਾ ਨਹੀਂ ਕਰ ਸਕੀ ਹੈ।
ਕੁਲ ਮਿਲਾ ਕਿ ਜੇ ਇਸ ਪੂਰੇ ਲੰਘੇ ਚੁੱਕੇ ਸਾਲ ਤੇ ਝਾਤ ਮਾਰੀ ਜਾਵੇ ਤਾਂ ਪੰਜਾਬ ਸਰਕਾਰ ਰੇਤਾ ਬਜਰੀਆਂ ਦੀ ਲੁੱਟ ਸ਼੍ਰੋਮਣੀ ਅਕਾਲੀ ਦਲ ਵਾਂਗ ਲੋਕਾਂ ਨਾਲ ਤੇ ਪੰਜਾਬ ਦੇ ਵਾਤਾਵਰਣ ਨਾਲ ਲੁੱਟ ਤੋਂ ਉੱਪਰ ਨਹੀਂ ਉੱਠ ਸਕੀ ਹੈ ਅਤੇ ਇਸ ਵੱਲੋਂ ਸੱਤਾ ਵਿੱਚ ਆਉਣ ਲਈ ਪੰਜਾਬ ਦੇ ਲੋਕਾਂ ਨਾਲ ਕੀਤੇ ਚੋਣ ਮਨੋਰਥ ਪੱਤਰਾਂ ਦੇ ਅਨੇਕਾਂ ਪ੍ਰਕਾਰ ਦੇ ਵਾਅਦਿਆ ਦੇ ਅਧੂਰੇਪਣ ਤੱਕ ਹੀ ਸੀਮਿਤ ਰਹਿ ਚੁੱਕੀ ਹੈ।