ਕਿਸੇ ਸਮੇਂ ਭਾਰਤ ਦਾ ਖੁਸ਼ਹਾਲ ਰਾਜ ਸਮਝਿਆ ਜਾਂਦਾ ਪੰਜਾਬ ਹੁਣ ਬਾਕੀ ਦੇ ਭਾਰਤੀ ਰਾਜਾਂ ਵਾਂਗ ਕਰਜੇ ਦੀ ਭਾਰੀ ਪੰਡ ਨੂੰ ਢੋਅ ਰਿਹਾ ਹੈ। ਲੰਮੇ ਸਮੇਂ ਤੋਂ ਇਸ ਰਾਜ ਦੀ ਸੱਤਾ ਮਾਨਣ ਵਾਲਿਆਂ ਨੇ ਜਿੱਥੇ ਇਸ ਰਾਜ ਦੀ ਥਾਣੇਦਾਰੀ ਖੂਬ ਬੇਕਿਰਕੀ ਨਾਲ ਕੀਤੀ ਉੱਥੇ ਇਸਦੇ ਕੁਦਰਤੀ ਸਰੋਤਾਂ ਅਤੇ ਇਸਦੇ ਮਨੁੱਖੀ ਸਰੋਤਾਂ ਨੂੰ ਵੀ ਤਬਾਹ ਕਰ ਦਿੱਤਾ। ਜਿਹੜਾ ਸੂਬਾ ਭਾਰਤ ਦਾ ਉਪਜਾਉੂ ਸੂਬਾ ਅਖਵਾਉਂਦਾ ਸੀ ਉਹ ਹੁਣ ਭਿਖਾਰੀ ਸੂਬਾ ਬਣਨ ਵੱਲ ਵਧ ਰਿਹਾ ਹੈ। ਲਗਭਗ 3 ਲੱਖ ਕਰੋੜ ਰੁਪਏ ਦਾ ਕਰਜ਼ਈ ਹੈ ਸਾਡਾ ਪੰਜਾਬ। ਹਰ ਸਾਲ ਉਸ ਕਰਜੇ ਦਾ ਵਿਆਜ਼ ਹੀ 20 ਹਜਾਰ ਕਰੋੜ ਰੁਪਏ ਬਣ ਜਾਂਦਾ ਹੈ। ਜਿਹੜਾ ਪੈਸਾ ਪੰਜਾਬ ਦੇ ਲੋਕਾਂ ਦੇ ਵਿਕਾਸ ਲਈ ਲੱਗਣਾਂ ਸੀ ਉਹ ਪੈਸਾ ਮਹਿਜ਼ ਵਿਆਜ਼ ਲਈ ਅਦਾ ਕਰ ਦਿੱਤਾ ਜਾਂਦਾ ਹੈ।
ਆਧਨਿਕ ਸਮੇਂ ਦੀ ਰਾਜਨੀਤੀ ਵਿੱਚ ਕਰਜਿਆਂ ਦਾ ਇਹ ਕੁਚੱਕਰ ਵੀ ਨਸਲਕੁਸ਼ੀ ਦੀ ਇੱਕ ਨਵੀਂ ਤਕਨੀਕ ਹੈ। ਕਿਸੇ ਭਾਈਚਾਰੇ ਜਾਂ ਕੌਮ ਨੂੰ ਜੇ ਸਰੀਰਕ ਤੌਰ ਤੇ ਨਹੀ ਵੀ ਖਤਮ ਕੀਤਾ ਜਾ ਸਕਦਾ ਤਾਂ ਉਸਨੂੰ ਉਸਦੇ ਰਾਜ ਵਿੱਚ ਹੀ ਏਨਾ ਕਰਜ਼ਈ ਕਰ ਦਿਉ ਕਿ ਉਹ ਹੌਲੀ ਹੌਲੀ ਆਪਣੇ ਕਰਜ਼ੇ ਦੇ ਭਾਰ ਨਾਲ ਹੀ ਵਿਕਣ ਜੋਗਾ ਹੋ ਜਾਵੇ। ਪੰਜਾਬ ਨੂੰ ਸਮੇਂ ਦੇ ਭਾਰਤੀ ਹਾਕਮਾਂ ਨੇ ਹਮੇਸ਼ਾ ਹੀ ਆਪਣੇ ਨਿਸ਼ਾਨੇ ਤੇ ਰੱਖਿਆ। ਵੱਖ ਵੱਖ ਭਾਰਤੀ ਹਾਕਮਾਂ ਨੇ ਕਦੇ ਵੀ ਪੰਜਾਬ ਨੂੰ ਆਪਣਾਂ ਅੰਗ ਨਾ ਸਮਝਿਆ। ਹਮੇਸ਼ਾ ਹੀ ਪੰਜਾਬ ਨੂੰ ਬੇਗਾਨੇ ਵਾਂਗ ਦੇਖਿਆ। ਕਦੇ ਇਸਨੂੰ ਸਮਾਜਕ ਤੌਰ ਤੇ ਖਤਮ ਕਰਨ ਦਾ ਯਤਨ ਕੀਤਾ, ਕਦੇ ਇਸਦੇ ਸੱਭਿਆਚਾਰ ਤੇ ਹਮਲੇ ਕੀਤੇ ਗਏ, ਕਦੇ ਇਸਦੇ ਗੁਰਧਾਮਾਂ ਤੇ ਹਮਲੇ ਕੀਤੇ ਗਏ।
ਇਹ ਅੰਦਰੂਨੀ ਬਸਤੀਵਾਦ ਦੀ ਇੱਕ ਨਵੀਂ ਮਿਸਾਲ ਵੱਜੋਂ ਉਘੜ ਰਿਹਾ ਹੈ।
ਬੇਸ਼ੱਕ ਬਹੁ-ਕੌਮੀ ਦੇਸ਼ਾਂ ਵਿੱਚ ਅਜਿਹਾ ਵਰਤਾਰਾ ਕਾਫੀ ਵੱਡੇ ਪੱਧਰ ਤੇ ਵਰਤ ਰਿਹਾ ਹੈ ਪਰ ਇਸ ਵਿੱਚ ਜੇ ਛੋਟੀ ਕੌਮ ਦੀ ਲੀਡਰਸ਼ਿੱਪ ਸਿਆਣੀ ਅਤੇ ਮਜਬੂਤ ਹੋਵੇ ਤਾਂ ਉਹ ਸਿਸਟਮ ਵਿੱਚ ਰਹਿੰਦਿਆਂ ਵੀ ਆਪਣੇ ਆਲੇ ਦੁਆਲੇ ਲਪੇਟੇ ਜਾ ਰਹੇ ਨਾਗਵਲ ਨੂੰ ਹਰਾ ਸਕਦੇ ਹਨ। ਕਿਸੇ ਵੀ ਕੌਮ ਦੀ ਸਿਆਣੀ ਲੀਡਰਸ਼ਿੱਪ ਜੇ ਆਪਣੀ ਕੌਮ ਪ੍ਰਤੀ ਪ੍ਰਤੀਬੱਧ ਹੋਵੇ ਤਾਂ ਸਮੇਂ ਦੀਆਂ ਸਰਕਾਰਾਂ ਦੇ ਗਲਤ ਹੁਕਮਾਂ ਅਤੇ ਨੀਤੀਆਂ ਨੂੰ ਹਰਾਇਆ ਜਾ ਸਕਦਾ ਹੈ।
ਪਰ ਪੰਜਾਬ ਦੀ ਇਹ ਬਦਕਿਸਮਤੀ ਰਹੀ ਹੈ ਕਿ ਜਿਹੜੇ ਲੋਕ ਇਸਦੇ ਹਾਕਮ ਬਣਕੇ ਸਾਹਮਣੇ ਆਏ ਉਹ ਪੰਜਾਬ ਦੇ ਨਾ ਹੋਏ ਬਲਕਿ ਹਮੇਸ਼ਾ ਹੀ ਪੰਜਾਬ ਦਾ ਆਰਥਕ ਨੁਕਸਾਨ ਕਰਨ ਵਾਲਿਆਂ ਦੇ ਹੱਕ ਵਿੱਚ ਖੜ੍ਹਕੇ ਪੰਜਾਬ ਦਾ ਨੁਕਸਾਨ ਕਰਦੇ ਰਹੇ ਸਨ। ਅਕਾਲੀ ਦਲ ਨੂੰ ਪੰਜਾਬ ਵਿੱਚ ਕਾਫੀ ਲੰਬੇ ਸਮੇਂ ਤੱਕ ਰਾਜ ਕਰਨ ਦਾ ਮੌਕਾ ਮਿਲਿਆ । ਅਕਾਲੀ ਦਲ ਨੇ ਪੰਜਾਬ ਦੀਆਂ ਭਾਵਨਾਵਾਂ ਨੂੰ ਆਪਣੇ ਨਿੱਜੀ ਹਿੱਤਾਂ ਲਈ ਤਾਂ ਵਰਤਿਆ ਪਰ ਫੈਡਰਲ ਢਾਂਚੇ ਵਿੱਚ ਪੈ ਰਹੀਆਂ ਤਰੇੜਾਂ ਦੇ ਖਿਲਾਫ ਕੋਈ ਬੱਝਵੀ ਲੜਾਈ ਨਾ ਦਿੱਤੀ। ਧਰਮਯੁੱਧ ਮੋਰਚੇ ਤੋਂ ਬਾਅਦ ਜਦੋਂ ਪੰਜਾਬ ਨੂੰ ਆਰਥਕ ਅਤੇ ਸਿਆਸੀ ਤੌਰ ਤੇ ਘੇਰਨ ਦੇ ਯਤਨ ਤੇਜ਼ੀ ਨਾਲ ਸ਼ੁਰੂ ਹੋਏ ਤਾਂ ਅਕਾਲੀ ਦਲ ਦੀ ਆਧੀਨਕ ਲੀਡਰਸ਼ਿੱਪ ਨੇ ਉਨ੍ਹਾਂ ਯਤਨਾਂ ਅੱਗੇ ਹਥਿਆਰ ਸੁੱਟ ਦਿੱਤੇ। ਸਿਰਫ ਆਪਣੀ ਨਿੱਜੀ ਸੱਤਾ ਲਈ ਅਕਾਲੀ ਲੀਡਰਸ਼ਿੱਪ ਨੇ ਰਾਜ ਦੇ ਹਿੱਤ ਦਾਅ ਤੇ ਲਗਾ ਦਿੱਤੇ।
ਵਕਤ ਬਦਲਣ ਨਾਲ ਅਕਾਲੀ ਦਲ ਉਸ ਸੱਤਾ ਲਈ ਵੀ ਹੁਣ ਤਰਸਦਾ ਨਜ਼ਰ ਆ ਰਿਹਾ ਹੈ ਜਿਸਦੇ ਲਾਲਚ ਕਾਰਨ ਉਸਨੇ ਪੰਜਾਬ ਦੇ ਹਿੱਤ ਵਿਸਾਰੇ ਸਨ। ਜਦੋਂ ਅਕਾਲੀ ਦਲ ਸੱਤਾ ਵਿੱਚ ਵੀ ਸੀ ਉਸ ਵੇਲੇ ਵੀ ਅਕਾਲੀ ਦਲ ਨੇ ਪੰਜਾਬ ਦੇ ਖਜ਼ਾਨੇ ਨੂੰ ਇੰਨੀ ਬੇਕਿਰਕੀ ਨਾਲ ਵਰਤਿਆ ਜਿਵੇਂ ਇਹ ਕਿਸੇ ਬੇਗਾਨੇ ਮੁਲਕ ਦਾ ਖਜਾਨਾ ਹੋਵੇ। ਆਪਣੀ ਮਾਂ ਧਰਤੀ ਲਈ ਕਿਸੇ ਸੰਗਠਨ ਵਿੱਚ ਜੋ ਜਿੰਮੇਵਾਰੀ ਹੁੰਦੀ ਹੈ, ਆਪਣੀ ਮਾਂ ਧਰਤੀ ਦੇ ਸਤਕਾਰ ਨੂੰ ਬਚਾਉਣ ਦੀ ਜੋ ਪ੍ਰਤੀਬੱਧਤਾ ਕਿਸੇ ਕੌਮ ਵਿੱਚ ਹੁੰਦੀ ਹੈ, ਅਕਾਲੀ ਦਲ ਉਸ ਪ੍ਰਤੀਬੱਧਤਾ ਤੋਂ ਸੁਚੇਤ ਰੂਪ ਵਿੱਚ ਪਾਸਾ ਵੱਟ ਗਿਆ।
ਕਾਂਗਰਸ ਦਾ ਤਾਂ ਇਹ ਇਤਿਹਾਸ ਹੀ ਰਿਹਾ ਹੈ ਕਿ ਉਸਨੇ ਪੰਜਾਬ ਨੂੰ ਆਰਥਕ ਅਤੇ ਸਿਆਸੀ ਨੁਕਸਾਨ ਪਹੁੰਚਾਉਣ ਦੀ ਸਾਰੀ ਖੇਡ ਸ਼ੁਰੂ ਕੀਤੀ ਪਰ ਅਕਾਲੀ ਦਲ ਦੀ ਇਹ ਜਿੰਮੇਵਾਰੀ ਸੀ ਕਿ ਉਹ ਇਸ ਗੰਦੀ ਖੇਡ ਦੇ ਵਿਰੁੱਧ ਡਟਦਾ।
ਹੁਣ ਜਿਵੇਂ ਜਿਵੇਂ ਪੰਜਾਬ ਉੱਤੇ ਕਰਜੇ ਦੀ ਪੰਡ ਵੱਡੀ ਹੁੰਦੀ ਜ ਉਸ ਸੰਦਰਭ ਵਿੱਚ ਕਿਸੇ ਅਜਿਹੀ ਸਿਆਣੀ ਲੀਡਰਸ਼ਿੱਪ ਦੀ ਜਰੂਰਤ ਹੈ ਜੋ ਯੋਗ ਟਰਾਂਸਪੋਰਟ ਨੀਤੀ, ਯੋਗ ਸ਼ਰਾਬ,ਰੇਤਾ-ਬਜਰੀ ਨੀਤੀ,ਯੋਗ ਮਨੋਰੰਜਨ ਨੀਤੀ ਅਤੇ ਯੋਗ ਇਸ਼ਤਿਹਾਰ ਨੀਤੀ ਸਮੇਤ ਅਜਿਹਾ ਟੈਕਸ ਢਾਂਚਾ ਤਿਆਰ ਕਰੇ ਜਿਸ ਨਾਲ ਪੈਸਾ ਨਿੱਜੀ ਜੇਬਾਂ ਵਿੱਚ ਨਾ ਜਾਵੇ ਬਲਕਿ ਪੰਜਾਬ ਦੇ ਖਜਾਨੇ ਵਿੱਚ ਜਾਵੇ। ਫਿਰ ਉਸਨੂੰ ਵਰਤਣ ਵਾਲਾ ਵੀ ਸਿਆਣਾਂ ਹੋਣਾਂ ਚਾਹੀਦਾ ਹੈ। ਜੇ ਹੁਣ ਪੰਜਾਬ ਸਿਰ ਚੜ੍ਹੇ ਕਰਜੇ ਨੂੰ ਉਤਾਰਨ ਦੇ ਯਤਨ ਸ਼ੁਰੂ ਨਾ ਕੀਤੇ ਗਏ ਤਾਂ ਫਿਰ ਅਗਲੇ 50 ਸਾਲਾਂ ਤੱਕ ਇਸਦੇ ਮਹੱਤਵਪੂਰਨ ਕੁਦਰਤੀ ਸਰੋਤ ਵੇਚਣੇ ਪੈ ਸਕਦੇ ਹਨ ਜੋ ਹਰ ਪੰਜਾਬੀ ਲਈ ਦੁਖਦਾਈ ਹੋਣਗੇ। ਲੋੜ ਸਿਆਣੇ ਹੋਣ ਦੀ ਹੈ।