ਭਾਰਤ ਵਿੱਚ ਹੋ ਰਹੀਆਂ ਆਮ ਚੋਣਾਂ ਦੇ ਮੱਦੇਨਜ਼ਰ ਅੱਜਕੱਲ੍ਹ ਪੂਰੇ ਦੇਸ਼ ਵਿੱਚ ਪੂਰੀ ਸਿਆਸੀ ਗਹਿਮਾ-ਗਹਿਮੀ ਦੇਖਣ ਨੂੰ ਮਿਲ ਰਹੀ ਹੈੈ।ਵੱੱਡੀ ਪੱਧਰ ਤੇ ਚੱਲ ਰਹੀ ਸਿਆਸੀ ਸਰਗਰਮੀ ਵਿੱਚ ਭਾਰਤ ਦੇ ਜਮਹੂਰੀ ਢਾਂਚੇ ਲਈ ਇਹ ਚੋਣਾਂ ਕਈ ਅਹਿਮ ਸੁਆਲ ਖੜ੍ਹੇ ਕਰ ਰਹੀਆਂ ਹਨ। ਸ਼ਾਇਦ ਭਾਰਤ ਵਾਸੀਆਂ ਨੇ ਇਸ ਤੋਂ ਪਹਿਲਾਂ ਏਨੀ ਫਿਰਕੂ ਰੰਗਤ ਵਾਲੀ ਚੋਣ ਮੁਹਿਮ ਨਹੀ ਦੇਖੀ ਹੋਣੀ। ਬੇਸ਼ੱਕ ਲਾਲ ਕਿਸ਼ਨ ਅਡਵਾਨੀ ਨੇ ਬਹੁਤ ਜੋਰ ਲਾਇਆ ਹਿੰਦੂ ਅਤੇ ਮੁਸਲਮਾਨਾਂ ਨੂੰ ਵੰਡਣ ਦਾ ਪਰ ਇਸਦੇ ਬਾਵਜੂਦ ਵੀ ਭਾਰਤ ਦੇ ਲੋਕਾਂ ਨੇ ਉਸ ਦੇ ਇਰਾਦਿਆਂ ਨੂੰ ਹਾਰ ਦਿੱਤੀ। ਹੁਣ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਬਹੁਗਿਣਤੀ ਦੀ ਇਜਾਰੇਦਾਰੀ ਕਾਇਮ ਕਰਨ ਦੇ ਮਨਸ਼ੇ ਨਾਲ ਬਹੁਤ ਖਤਰਨਾਕ ਖੇਡ, ਚੋਣਾਂ ਦੇ ਪਰਦੇ ਹੇਠ ਖੇਡ ਰਹੀ ਹੈੈ। ਇਹ ਚੋਣਾਂ ਭਾਰਤ ਦਾ ਸਿਆਸੀ ਭਵਿੱਖ ਤਹਿ ਕਰਨ ਲਈ ਬਹੁਤ ਅਹਿਮ ਹੋਣਗੀਆਂ। ਇਨ੍ਹਾਂ ਚੋਣਾਂ ਦੇ ਨਤੀਜਿਆਂ ਨੇ ਤੈਅ ਕਰਨਾ ਹੈ ਕਿ ਭਾਰਤ ਨੇ ਜਮਹੂਰੀ ਢਾਂਚੇ ਨੂੰ ਮਜਬੂਤ ਕਰਨਾ ਹੈ ਜਾਂ ਬਿਲਕੁਲ ਹੀ ਤਬਾਹ ਕਰ ਦੇਣਾਂ ਹੈੈ।
ਭਾਰਤ ਦੇ ਬਾਕੀ ਹਿੱਸਿਆਂ ਵਾਂਗ ਪੰਜਾਬ ਵਿੱਚ ਵੀ ਚੋਣਾਂ 19 ਮਈ ਨੂੰ ਹੋਣੀਆਂ ਹਨ। ਪੰਜਾਬ ਦੀ ਇਹ ਸਿਆਸੀ ਸਿਫਤ ਹੈ ਕਿ ਇਸਨੇ ਬਾਕੀ ਦੇ ਭਾਰਤ ਵਾਂਗ ਓਨੀਆਂ ਨਿਵਾਣਾਂ ਨਹੀ ਛੂਹੀਆਂ।ਪੰੰਜਾਬ ਵਿੱਚ ਇਸ ਵੇਲੇ ਜੋ ਸਿਆਸੀ ਦ੍ਰਿਸ਼ ਉਭਰ ਰਿਹਾ ਹੈ ਉਸ ਵਿੱਚ ਹਾਲ ਦੀ ਘੜੀ, ਰਾਜ ਸਰਕਾਰ ਚਲਾ ਰਹੀ ਕਾਂਗਰਸ ਪਾਰਟੀ ਦਾ ਹੱਥ ਉੱਪਰ ਦਿਖਾਈ ਦੇ ਰਿਹਾ ਹੈੈ। ਕਾਂਗਰਸ ਲਗਭਗ ਸਾਰੇ ਪਾਸੇ ਹੀ ਜੇਤੂ ਸਥਿਤੀ ਵਿੱਚ ਦਿਖਾਈ ਦੇ ਰਹੀ ਹੈੈ।
ਅੰਮ੍ਰਿਤਸਰ ਸਾਹਿਬ ਅਤੇ ਗੁਰਦਾਸਪੁਰ ਵਿੱਚ ਭਾਜਪਾ ਵੱਲੋਂ ਉਤਾਰੇ ਗਏ ਓਪਰੇ ਉਮੀਦਵਾਰਾਂ ਦਾ ਲਾਹਾ ਏਥੇ ਕਾਂਗਰਸ ਨੂੰ ਮਿਲਦਾ ਪਰਤੀਤ ਹੋ ਰਿਹਾ ਹੈੈ।ਬੇਸ਼ੱਕ ਵਿਨੋਦ ਖੰਨਾ ਗੁਰਦਾਸਪੁਰ ਤੋਂ ਜਿੱਤਕੇ ਕਦੇ ਵੀ ਪੰਜਾਬ ਨਹੀ ਆਇਆ ਸੀ ਪਰ ਅਕਾਲੀ ਦਲ ਦੇ ਬਲਬੂਤੇ ਤੇ ਉਹ ਬਿਨਾ ਕਿਸੇ ਖਾਸ ਜੋਰ ਅਜ਼ਮਾਈ ਦੇ ਜਿੱਤਦਾ ਰਿਹਾ। ਇਸ ਵੇਲੇ ਸਥਿਤੀ ਕੁਝ ਬਦਲੀ ਜਾਪਦੀ ਹੈੈ। ਇੱਕ ਤਾਂ ਅਕਾਲੀ ਦਲ ਦਾ ਆਪਣਾਂ ਸਿਆਸੀ ਜੀਵਨ ਦਾਅ ਤੇ ਲੱਗਿਆ ਹੋਇਆ ਹੈ ਦੂਜਾ ਨਵੀਂ ਪੀੜ੍ਹੀ ਹੁਣ ਸੁਆਲ ਕਰਨ ਲੱਗ ਪਈ ਹੈੈ।
ਖਡੂਰ ਸਾਹਿਬ ਤੋਂ ਬੇਸ਼ੱਕ ਬਹੁਤ ਸਾਰੀਆਂ ਪੰਥਕ ਧਿਰਾਂ ਬੀਬੀ ਪਰਮਜੀਤ ਕੌਰ ਖਾਲੜਾ ਦੀ ਹਮਾਇਤ ਤੇ ਆ ਰਹੀਆਂ ਹਨ ਪਰ ਇੱਥੇ ਦੋਵੇਂ ਪ੍ਰਮੁੱਖ ਪਾਰਟੀਆਂ ਦੇ ਰਲਕੇ ਖੇਡਣ ਦੇ ਚਰਚੇ ਚੱਲ ਪਏ ਹਨ ਜੋ ਬੀਬੀ ਪਰਮਜੀਤ ਕੌਰ ਲਈ ਔਖ ਪੈਦਾ ਕਰਨਗੇ। ਫਰੀਦਕੋਟ ਤੋਂ ਵੀ ਹਾਲੇ ਕਾਂਗਰਸ ਨੂੰ ਸਰਕਾਰ ਹੋਣ ਦਾ ਫਾਇਦਾ ਮਿਲ ਰਿਹਾ ਜਾਪਦਾ ਹੈੈ। ਗੁਲਜ਼ਾਰ ਸਿੰਘ ਰਣੀਕੇ ਨੂੰ ਕਾਫੀ ਜਗ੍ਹਾ ਸੁਆਲਾਂ ਦਾ ਅਤੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈੈ। ਮਾਸਟਰ ਬਲਦੇਵ ਸਿੰਘ ਨੂੰ ਮਿਹਨਤ ਕਰਨੀ ਪਵੇਗੀ।
ਫਿਰੋਜ਼ਪੁਰ ਇਸ ਵੇਲੇ ਦਿਲਚਸਪ ਸੀਟ ਬਣੀ ਹੋਈ ਹੈ ਜਿੱਥੋਂ ਸੁਖਬੀਰ ਸਿੰਘ ਬਾਦਲ ਅਤੇ ਸ਼ੇਰ ਸਿੰਘ ਘੁਬਾਇਆ ਦੀ ਟੱਕਰ ਹੈੈ। ਇਹ ਸੀਟ ਜਿਆਦਾਤਰ ਗਰੀਬ, ਦਲਿਤ ਸਿੱਖਾਂ ਦੀ ਵਸੋਂ ਵਾਲੀ ਸੀਟ ਮੰਨੀ ਜਾਂਦੀ ਹੈ ਜਿੱਥੇ ਪੰਥਕ ਜਜਬੇ ਤਹਿਤ ਵੋਟਾਂ ਭੁਗਤਣ ਦੀ ਆਸ ਘੱਟ ਹੈੈ। ਸੁਖਬੀਰ ਸਿੰਘ ਇਹ ਸੀਟ ਆਪਣੇ ਨਾਅ ਕਰ ਸਕਦੇ ਹਨ।
ਸੰਗਰੂਰ, ਬਠਿੰਡਾ ਅਤੇ ਲੁਧਿਆਣਾਂ ਵਿੱਚ ਤਕੜੇ ਮੁਕਾਬਲੇ ਦੀ ਆਸ ਹੈੈ। ਇਨ੍ਹਾਂ ਸੀਟਾਂ ਤੇ ਮੁਕਾਬਲਾ ਤਿੰਨ ਕੋਨਾ ਹੈ, ਕੌਣ ਜੇਤੂ ਹੋਵੇਗਾ ਹਾਲੇ ਪੱਕ ਨਾਲ ਨਹੀ ਆਖਿਆ ਜਾ ਸਕਦਾ। ਫਤਹਿਗੜ੍ਹ ਸਾਹਿਬ ਤੇ ਹਾਲੇ ਤਿੰਨੇ ਉਮੀਦਵਾਰਾਂ ਦੀ ਮੁਹਿੰਮ ਢਿੱਲੀ ਚੱਲ ਰਹੀ ਹੈ। ਹਲਕੇ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਗੇੜੇ ਮਾਰ ਰਹੇ ਹਨ ਪਰ ਦਰਬਾਰਾ ਸਿੰਘ ਗੁਰੂ ਅਤੇ ਭਾਈ ਮਨਵਿੰਦਰ ਸਿੰਘ ਗਿਆਸਪੁਰਾ ਹਾਲੇ ਪੂਰੀ ਤਰ੍ਹਾਂ ਭਖੇ ਨਹੀ ਹਨ।
ਪਟਿਆਲੇ ਵਿੱਚ ਵੀ ਮੁਕਾਬਲਾ ਭਾਵੇਂ ਤਿੰਨਕੋਨਾ ਹੈ ਪਰ ਬੀਬੀ ਪਰਨੀਤ ਕੌਰ ਨੂੰ ਸਰਕਾਰ ਹੋਣ ਦਾ ਫਾਇਦਾ ਏਥੇ ਦਿਖਾਈ ਦੇ ਰਿਹਾ ਹੈ। ਡਾਕਟਰ ਧਰਮਵੀਰ ਗਾਂਧੀ ਆਪਣੀ ਸੀਟ ਬਚਾ ਸਕਣਗੇ ਇਸਦਾ ਪਤਾ ਤਾਂ 23 ਮਈ ਨੂੰ ਹੀ ਲੱਗੇਗਾ।
ਜਲੰਧਰ, ਹੁਸ਼ਿਆਰਪੁਰ ਅਤੇ ਅਨੰਦਪੁਰ ਸਾਹਿਬ ਵਿੱਚ ਕਾਂਗਰਸ ਅੱਗੇ ਚਲਦੀ ਨਜ਼ਰ ਆ ਰਹੀ ਹੈੈ। ਭਾਜਪਾ ਦੀ ਫੁੱਟ ਨੇ ਹੁਸ਼ਿਆਰਪੁਰ ਵਾਲੀ ਸੀਟ ਅੱਗੇ ਸੁਆਲ ਖੜ੍ਹੇ ਕਰ ਦਿੱਤੇ ਹਨ। ਜਲੰਧਰ ਵਿੱਚ ਮਹਿੰਦਰ ਸਿੰਘ ਕੇਪੀ ਕਿੰਨੇ ਸੁਹਿਰਦ ਹੋਕੇ ਚਲਦੇ ਹਨ ਇਸਤੇ ਨਿਰਭਰ ਕਰੇਗਾ। ਜੇ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਰਾਜ ਸਭਾ ਦੀ ਮੈੈਂਬਰੀ ਦਾ ਦਾਣਾਂ ਪਾਇਆ ਹੈ ਤਾਂ ਉਹ ਨਾਲ ਚਲਣਗੇ।
ਅਨੰਦਪੁਰ ਸਾਹਿਬ ਸੀਟ ਪਰੇਮ ਸਿੰਘ ਚੰਦੂਮਾਜਰਾ ਲਈ ਚੁਣੌਤੀ ਬਣ ਰਹੀ ਹੈ।
ਅਕਾਲੀ ਦਲ ਲਈ ਇੱਕ ਪਾਰਟੀ ਦੇ ਤੌਰ ਤੇ ਇਹ ਚੋਣਾਂ ਅਗਨ ਪਰੀਖਿਆ ਦੀ ਘੜੀ ਹੈ ਖਾਸ ਕਰਕੇ ਬਾਦਲ ਪਰਿਵਾਰ ਲਈ। ਉਹ ਪੰਜਾਬ ਵਿੱਚ ਆਪਣੇ ਪੈਰ ਲਾਉਣ ਲਈ ਯਤਨਸ਼ੀਲ ਹਨ। ਦੇਖੋ ਪੰਜਾਬ ਦੇ ਲੋਕ ਉਨ੍ਹਾਂ ਨੂੰ ਮੂਹ ਲਾਉਂਦੇ ਹਨ ਜਾਂ ਨਹੀ।