ਪੰਜਾਬ ਦੇ ਲੋਕਾਂ ਵਿੱਚ ਖਾਸ ਕਰ ਸਿੱਖ ਸੰਮੁਦਾਇ ਅੰਦਰ ਪਿਛਲੇ ਕੁਝ ਦਿਨਾਂ ਤੋਂ ਲੈ ਕੇ ਸਿੱਖ ਸੰਘਰਸ਼ ਨਾਲ ਸਬੰਧਤ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਦਿੱਲੀ ਤੋਂ ਪੰਜਾਬ ਜੇਲ ਦੇ ਤਬਾਦਲੇ ਸਬੰਧੀ ਖਬਰ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਦਾ ਸਿੱਖ ਸੰਘਰਸ਼ ਵਿੱਚ ਇੱਕ ਅਹਿਮ ਤੇ ਸਤਿਕਾਰਯੋਗ ਸਥਾਨ ਹੈ। ਅੱਜ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ, ਪੰਜਾਬ ਸਰਕਾਰ ਜਿਸਦੀ ਸ਼੍ਰੋਮਣੀ ਅਕਾਲੀ ਦਲ ਅਗਵਾਈ ਕਰ ਰਿਹਾ ਹੈ, ਦੇ ਵੱਡੇ ਹਾਂ ਪੱਖੀ ਪੰਥਕ ਉਪਰਾਲੇ ਸਦਕਾ ਅੰਮ੍ਰਿਤਸਰ ਸ਼ਹਿਰ ਵਿੱਚ ਸਰਕਾਰੀ ਹਸਪਤਾਲ ਵਿੱਚ ਬੇਹਤਰਹੀਨ ਸਹੂਲਤਾਂ ਤੇ ਚੰਗੇ ਮਾਹਿਰ ਡਾਕਟਰਾਂ ਦੀ ਦੇਖ ਰੇਖ ਹੇਠ ਇਲਾਜ ਅਧੀਨ ਹੈ। ਸ੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ.ਸੁਖਬੀਰ ਸਿੰਘ ਬਾਦਲ ਦੀ ਨਿੱਜੀ ਦਿਲਚਸਪੀ ਤੇ ਪੰਥਕ ਫਰਜ਼ ਸਮਝਦਿਆਂ ਹੋਇਆਂ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਨੂੰ ਹਰ ਪੱਖੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਭਾਵੇਂ ਕਿ ਬਾਦਲ ਸਾਹਿਬ ਦੀ ਹਮਾਇਤੀ ਜਮਾਤ ਭਾਰਤੀ ਜਨਤਾ ਪਾਰਟੀ ਇਸਦਾ ਸਖਤ ਵਿਰੋਧ ਕਰ ਰਹੀ ਹੈ।
ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਪਿਛਲੇ ਵੀਹ ਸਾਲਾਂ ਤੋਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਕੈਦ ਸੀ। ਉਨਾਂ ਨੂੰ ਪਹਿਲਾਂ ਕਾਨੂੰਨੀ ਤੌਰ ਤੇ ਕਮਜ਼ੋਰ ਫੈਸਲੇ ਦੇ ਅਧਾਰ ਤੇ ਫਾਂਸੀ ਦੀ ਸਜਾ ਸੁਣਾਈ ਗਈ ਸੀ। ਰਾਸ਼ਟਰਪਤੀ ਵੱਲੋਂ ਵੀ ਇਸੇ ਸਜਾ ਦੇ ਅਧਾਰ ਤੇ ਕੋਈ ਛੋਟ ਦੇਣ ਦੀ ਗੁਜਾਇਸ ਨਹੀਂ ਸਮਝੀ ਗਈ ਸੀ। ਪਰ ਪਿਛਲੇ ਸਾਲ ਭਾਰਤ ਦੀ ਮੁੱਖ ਨਿਆਲਿਆਂ ਨੇ ਆਪਣੇ ਅਹਿਮ ਫੈਸਲੇ ਵਿੱਚ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜਾ ਉਮਰ ਕੈਦ ਵਿੱਚ ਤਬਦੀਲ ਕਰ ਦਿੱਤੀ ਸੀ। ਅੱਠ ਸਾਲ ਤੋਂ ਉਪਰ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਦੇ ਸਾਹਮਣੇ ਫਾਂਸੀ ਦੀ ਰੱਸੀ ਲਟਕਦੀ ਹੋਣ ਕਰਕੇ ਅਤੇ ਜੇਲ੍ਹ ਦੀਆਂ ਮਾੜੀਆਂ ਸਹੂਲਤਾਂ ਕਰਕੇ ਉਹ ਮਾਨਸਿਕ ਤੇ ਸਰੀਰਿਕ ਤੋਰ ਕਾਫੀ ਬਿਮਾਰੀ ਦੀ ਹਾਲਾਤ ਵਿੱਚੋਂ ਗੁਜਰੇ ਅਤੇ ਅੱਜ ਵੀ ਡਾਕਟਰੀ ਇਲਾਜ ਅਧੀਨ ਹਨ।
ਪਹਿਲੀ ਦਿੱਲੀ ਕਮੇਟੀ ਜਿਸਦੀ ਅਗਵਾਈ ਸ੍ਰ.ਪਰਮਜੀਤ ਸਿੰਘ ਸਰਨਾ ਕਰ ਰਹੇ ਸਨ ਨੇ ਆਪਣੀ ਪੰਥਕ ਜਿੰਮੇਵਾਰੀ ਸਮਝਦਿਆਂ ਹੋਇਆਂ ਆਪਣੇ ਅਸਰ ਰਸੂਖ ਰਾਹੀਂ ਚੰਗੇ ਡਾਕਟਰੀ ਇਲਾਜ ਲਈ ਪਿਛਲੇ ਕਈ ਸਾਲਾਂ ਤੋਂ ਦਿੱਲੀ ਦੇ ਮੁੱਖ ਮਾਨਸਿਕ ਰੋਗ ਹਸਪਤਾਲ ਵਿੱਚ ਤਬਦੀਲ ਕਰਵਾਇਆ ਸੀ ਤਾਂ ਜੋ ਪ੍ਰੋ.ਭੁੱਲਰ ਦਾ ਸਹੀ ਤੇ ਲੋੜ ਅਨੁਸਾਰ ਇਲਾਜ ਹੋ ਸਕੇ। ਮੌਜੂਦਾ ਦਿੱਲੀ ਗੁਰਦੁਆਰਾ ਕਮੇਟੀ ਜਿਸਦੀ ਪ੍ਰਧਾਨਗੀ ਸ੍ਰੋਮਣੀ ਅਕਾਲੀ ਦਲ ਵੱਲੋਂ ਸੁ.ਮਨਜੀਤ ਸਿੰਘ ਕਰ ਰਹੇ ਹਨ ਨੇ ਵੀ ਪ੍ਰੋ.ਭੁੱਲਰ ਪ੍ਰਤੀ ਆਪਣੀ ਬਣਦੀ ਪੰਥਕ ਜਿੰਮੇਵਾਰੀ ਨਿਭਾਈ ਹੈ। ਮੈਂ ਅਤੇ ਹੋਰ ਪੰਥਕ ਦਰਦੀਆਂ ਦੇ ਸਹਿਯੋਗ ਸਦਕਾ ਦਿੱਲੀ ਸਟੇਟ ਦੀ ਮੌਜੂਦਾ ਸਰਕਾਰ ਦੇ ਐਸੰਬਲੀ ਸਪੀਕਰ ਮਾਣਯੋਗ ਮਿਸਟਰ ਗੋਇਲ ਨਾਲ ਨਿੱਜੀ ਸਬੰਧ ਹੋਣ ਕਰਕੇ ਅਤੇ ਕੇਜਰੀਵਾਲ ਜੀ ਦੀ ਲੋਕ ਹਿਤੈਸ਼ੀ ਸੋਚ ਸਦਕਾ ਪ੍ਰੋ. ਭੁੱਲਰ ਦੀ ਜੇਲ ਪੰਜਾਬ ਵਿੱਚ ਤਬਦੀਲ ਹੋਣ ਪ੍ਰਤੀ ਅਹਿਮ ਯੋਗਦਾਨ ਹੈ। ਇਸਦੇ ਵਿੱਚ ਮੌਜੂਦਾ ਪੰਜਾਬ ਸਰਕਾਰ ਅਤੇ ਇਸਦੇ ਪ੍ਰਧਾਨ ਸ੍ਰ.ਸੁਖਬੀਰ ਸਿੰਘ ਬਾਦਲ ਦੀ ਵੀ ਨਿੱਜੀ ਦਿਲਚਸਪੀ ਤੇ ਪੰਥਕ ਫਰਜ਼ ਸਮਝਦਿਆਂ ਹੋਇਆ ਪੂਰਨ ਹਮਾਇਤ ਹਾਸਲ ਹੈ। ਪ੍ਰੋ.ਭੁੱਲਰ ਦੀ ਹੌਲੀ-ਹੌਲੀ ਜੇਲਬੰਦੀ ਪੂਰਨ ਤੌਰ ਖਤਮ ਕਰਨ ਲਈ ਉਪਰਾਲੇ ਜਾਰੀ ਹਨ ਤਾਂ ਜੋ ਉਹ ਸਿਹਤਮੰਦ ਹੋ ਕੇ ਆਪਣੇ ਉੱਜੜੇ ਘਰ ਨੂੰ ਦੁਬਾਰਾ ਵਸਾ ਸਕਣ। ਇਸੇ ਉਪਰਾਲੇ ਵਿੱਚ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ ਹੋਰਾਂ ਦਾ ਵੀ ਸ੍ਰੋਮਣੀ ਅਕਾਲੀ ਦਲ ਤੇ ਆਪਣੇ ਪ੍ਰਭਾਵ ਰਾਹੀਂ ਅਹਿਮ ਯੋਗਦਾਨ ਪਾਇਆ ਗਿਆ। ਕੱਲ ਮੈਂ ਅਤੇ ਭਾਈ ਜਸਵੀਰ ਸਿੰਘ ਰੋਡੇ ਪ੍ਰੋ. ਭੁੱਲਰ ਨੂੰ ਨਿੱਜੀ ਤੌਰ ਤੇ ਹਸਪਤਾਲ ਵਿੱਚ ਮਿਲ ਕੇ ਆਏ ਹਾਂ ਅਤੇ ਉਸਦੀ ਕਮਜੋਰ ਹੋ ਚੁੱਕੀ ਮਾਨਸਿਕ ਅਵਸਥਾ ਜਿਸ ਕਰਕੇ ਉਹ ਆਸ ਉਮੀਦਾਂ ਤੋਂ ਮੂੰਹ ਮੋੜੀ ਬੈਠਾ ਹੈ, ਨੂੰ ਗੱਲਬਾਤ ਰਾਹੀਂ ਅਤੇ ਉਸਦੇ ਪੰਥਕ ਜ਼ਜ਼ਬੇ ਨੂੰ ਚੜਦੀ ਕਲਾ ਵਿੱਚ ਤਬਦੀਲ ਕਰਨ ਲਈ ਕੋਸ਼ਿਸ ਕਰਕੇ ਆਏ ਹਾਂ। ਪ੍ਰੋ.ਭੁੱਲਰ ਨੂੰ ਅਸੀਂ ਇਹ ਵੀ ਦੱਸਣਾ ਚਾਹਿਆ ਹੈ ਕਿ ਉਹ ਉਸ ਮਹਾਨ ਸੰਘਰਸ਼ ਦੀ ਲੜੀ ਦਾ ਹਿੱਸਾ ਹੈ ਜਿਸ ਅਧੀਨ ਇਸਦੇ ਅਨੇਕਾਂ ਸਾਥੀ ਸਿੱਖ ਨੌਜਵਾਨ ਜਿਵੇਂ ਕਿ ਸ਼ਹੀਦ ਡਾਕਟਰ ਪ੍ਰੀਤਮ ਸਿੰਘ ਸੇਖੋਂ, ਡਾ.ਸਹੀਦ ਹਰਜੀਤ ਸਿੰਘ, ਭਾਈ ਨਵਨੀਤ ਸਿੰਘ ਕਾਦੀਆਂ ਸ਼ਹੀਦ ਅਤੇ ਸ਼ਹੀਦ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਸ਼ਹੀਦੀਆਂ ਪ੍ਰਾਪਤ ਕਰ ਗਏ ਤੇ ਇਸ ਤੋਂ ਇਲਾਵਾਂ ਭਾਈ ਹਰਨੇਕ ਸਿੰਘ ਭੱਪ ਵਰਗੇ ਨੌਜਵਾਨ ਪਿਛਲੇ ਗਿਆਰਾਂ ਸਾਲਾਂ ਤੋਂ ਰਾਜਸਥਾਨ ਦੀਆਂ ਕਾਲ ਕੋਠੜੀਆਂ ਵਿੱਚ ਸਿੱਖ ਸੰਘਰਸ਼ ਕਰਕੇ ਜੇਲਾਂ ਭੁਗਤ ਰਹੇ ਹਨ ਤੇ ਚੜਦੀ ਕਲਾ ਦਾ ਪ੍ਰਤੀਕ ਹਨ ਇਸੇ ਤਰਾਂ ਭਾਈ ਦਇਆ ਸਿੰਘ ਲਹੌਰੀਆ ਵੀ ਲੰਮੇ ਅਰਸੇ ਤੋਂ ਦਿਲੀ ਦੀ ਜੇਲ ਵਿੱਚ ਨਜ਼ਰਬੰਦ ਹੈ।
ਇਸੇ ਸਿੱਖ ਸੰਘਰਸ਼ ਦੌਰਾਨ ਇਹ ਕੋਈ ਸ਼ੱਕ ਨਹੀਂ ਕਿ ਪ੍ਰੋ.ਭੁੱਲਰ ਦੇ ਪਰਿਵਾਰਕ ਮੈਬਰਾਂ ਜਿਵੇਂ ਕਿ ਇਸਦੇ ਪਿਤਾ ਤੇ ਮਾਸੜ ਜੀ ਜੋ ਅੱਜ ਤੱਕ ਪੁਲੀਸ ਵੱਲੋਂ ਚੁੱਕੇ ਜਾਣ ਤੋਂ ਬਾਅਦ ਲੱਭੇ ਹੀ ਨਹੀਂ ਤੇ ਹੋਰ ਬਹੁਤ ਸਾਰੇ ਮੈਂਬਰ ਪੰਜਾਬ ਪੁਲੀਸ ਦੇ ਅਕਹਿ ਤਸ਼ੱਦਦ ਦਾ ਸ਼ਿਕਾਰ ਹੋਏ ਹਨ ਅਤੇ ਪ੍ਰੋ.ਭੁੱਲਰ ਦਾ ਕਦੇ ਹਸਦਾ ਵੱਸਦਾ ਘਰ ਉੁੱਜੜ ਕੇ ਰਹਿ ਗਿਆ। ਅੱਜ ਪ੍ਰੋ.ਭੁੱਲਰ ਨੌਜਵਾਨੀ ਤੋਂ ਅੱਧਖੜ ਉਮਰ ਦਾ ਹੋ ਗਿਆ ਤੇ ਮਾਨਸਿਕ ਪੱਖੋਂ ਬੇਹੱਦ ਨਿਰਾਸ਼ ਤੇ ਕਮਜ਼ੋਰ ਹੋ ਚੁੱਕਿਆ ਹੈ। ਭਾਵੇਂ ਕਿ ਸਿੱਖ ਕੌਮ ਵਿੱਚ ਉਸ ਪ੍ਰਤੀ ਕਾਫੀ ਭਾਵਨਾਤਮਕ ਹਮਦਰਦੀ ਹੈ ਤੇ ਉਸਦੀ ਸਿਹਤਯਾਬੀ ਅਤੇ ਬਣਦੀ ਰਿਹਾਈ ਲਈ ਅਰਦਾਸਾਂ ਦੁਨੀਆਂ ਭਰ ਵਿੱਚ ਕੀਤੀਆਂ ਜਾ ਰਹੀਆਂ ਹਨ। ਮੈਂ ਅਤੇ ਨੌਜਵਾਨੀ ਡੌਂਟ ਕੌਮ ਦੀ ਟੀਮ ਨੇ ਹਮੇਸ਼ਾ ਹੀ ਇਹ ਆਸ ਉਮੀਦ ਅਤੇ ਸਹਿਯੋਗ ਰੱਖਿਆ ਹੈ ਕਿ ਪ੍ਰੋ.ਭੁੱਲਰ ਆਪਣੀਆਂ ਬਣਦੀਆਂ ਕੌਮੀ ਸੰਘਰਸ਼ ਪ੍ਰਤੀ ਜਿੰਮੇਵਾਰੀਆਂ ਨੂੰ ਸਮਝਦੇ ਹੋਏ ਆਪਣੇ ਸਾਥੀਆਂ ਦੇ ਸਿਦਕ ਤੇ ਸ਼ਹੀਦੀਆਂ ਨੂੰ ਯਾਦ ਰੱਖਣ। ਭਾਵੇਂ ਅੱਜ ਔਖੀ ਘੜੀ ਹੈ ਪਰ ਉਨਾਂ ਨੂੰ ਚੜ੍ਹਦੀ ਕਲਾ ਦਾ ਪ੍ਰਤੀਕ ਬਣ ਕੇ ਸਾਹਮਣੇ ਆਉਣਾ ਚਾਹੀਦਾ ਹੈ। ਪ੍ਰੋ. ਭੁੱਲਰ ਦੀ ਇਛਾ ਅਨੁਸਾਰ ਦਿੱਲੀ ਰਾਜ ਦੀ ਸਰਕਾਰ ਨੇ ਪੂਰਨ ਸਹਿਯੋਗ ਤੇ ਹਮਾਇਤ ਕਰਦਿਆਂ ਹੋਇਆਂ ਉਸਦੀ ਇਛਾ ਮੁਤਾਬਕ ਪੰਜਾਬ ਦੇ ਜੇਲ ਤਬਾਦਲੇ ਲਈ ਬਹੁਤ ਜਲਦੀ ਨਾਲ ਫੈਸਲਾ ਲਿਆ ਹੈ। ਜਿਸਨੂੰ ਮੁਕੰਮਲ ਕਰਨ ਲਈ ਪੰਜਾਬ ਸਰਕਾਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਨੇ ਪੂਰਨ ਸਹਿਯੋਗ ਦਿੱਤਾ ਹੈ ਤੇ ਇਹ ਯਕੀਨਨ ਬਣਾਇਆ ਹੈ ਕਿ ਪ੍ਰੋ.ਭੁੱਲਰ ਦੇ ਸਿੱਖ ਸੰਘਰਸ਼ ਪ੍ਰਤੀ ਯੋਗਦਾਨ ਸਦਕਾ ਉਨਾਂ ਨੂੰ ਹਰ ਪੱਖੋਂ ਸਾਂਭਿਆਂ ਤੇ ਚੰਗਾ ਇਲਾਜ ਕਰਕੇ ਦੁਬਾਰਾ ਮਾਨਸਿਕ ਤੇ ਸਿਹਤਕ ਰੋਗਾਂ ਤੋਂ ਉਭਾਰ ਕੇ ਇੱਕ ਸਿਹਤਮੰਦ ਇਨਸਾਨ ਬਣਾ ਕੇ ਘਰ ਵਾਪਸੀ ਦਾ ਰਾਹ ਲੱਭਣ ਲਈ ਉਪਰਾਲੇ ਜ਼ਾਰੀ ਰੱਖੇ ਜਾਣਗੇ।