ਅਰਬ ਜਗਤ ਦੀ ਬਸੰਤ ਅੱਗ ਵਰ੍ਹਾਉਂਦੀ ਗਰਮੀ ਵਿੱਚ ਬਦਲ ਚੁੱਕੀ ਹੈ। ਦੋ ਸਾਲ ਪਹਿਲ਼ਾਂ ਸਿਆਸੀ ਇਨਕਲਬ ਦੀ ਜਿਸ ਹਨੇਰੀ ਨੇ ਅਰਬ ਜਗਤ ਵਿੱਚ ਤਾਨਾਸ਼ਹੀਆਂ ਦੇ ਖਿਲਾਫ ਵਿਚਾਰਧਾਰਕ ਮੁਹਿੰਮ ਦੀਆਂ ਜੜ੍ਹਾਂ ਲਗਾ ਦਿੱਤੀਆਂ ਸਨ ਜਮਹੂਰੀਅਤ ਦੀ ਉਹ ਰੁਮਕਦੀ ਹਵਾ ਦੋ ਸਾਲ਼ਾਂ ਵਿੱਚ ਹੀ ਤਾਨਾਸ਼ਾਹੀ ਦੇ ਲਾਵੇ ਵਿੱਚ ਪਲਟ ਗਈ ਹੈ। ਇਨਕਲਾਬ ਦਾ ਚਸ਼ਮਾ, ਕਾਹਿਰਾ ਦਾ ਤਹਿਰੀਰ ਚੌਕ ਖਾਮੋਸ਼ ਦਰਸ਼ਕ ਬਣਿਆ ਇਤਿਹਾਸ ਦੇ ਪਲਟਦੇ ਵਰ੍ਹਕਿਆਂ ਨੂੰ ਦੇਖ ਰਿਹਾ ਹੈ। ਇਸ ਤਰ੍ਹਾਂ ਲਗਦਾ ਹੈ ਜਿਵੇਂ ਦੋ ਸਾਲਾਂ ਦੌਰਾਨ ਹੀ ਮਿਸਰ ਦੇ ਇਤਿਹਾਸ ਨੇ ਖੂਨੀ ਇਤਿਹਾਸ ਦਾ ਪੂਰਾ ਚੱਕਰ ਕੱਟ ਲਿਆ ਹੈ। ਦੋ ਸਾਲ ਪਹਿਲਾਂ ਲ਼ੋਕ ਤਹਿਰੀਰ ਚੌਂਕ ਵਿੱਚ ਫੌਜ ਦੀ ਹਮਾਇਤ ਵਾਲੇ ਤਾਨਾਸ਼ਾਹ ਨੂੰ ਹਟਾਉਣ ਲਈ ਇਕੱਠੇ ਹੋਏ ਅਤੇ ਹੁਣ ਸਿਰਫ ਦੋ ਸਾਲ ਬਾਅਦ ਉਹ ਹੀ ਲੋਕ ਫੌਜ ਦੀ ਵਾਪਸੀ ਲਈ ਮੁੜ ਇਕੱਠੇ ਹੋ ਗਏ।
ਧਰਮ ਨਿਰਪੱਖਤਾ ਦੇ ਹਮਾਇਤੀ ਅਖਵਾਉਣ ਵਾਲੇ ਆਪਣੇ ਹੀ ਮੁਲਕ ਦੇ ਲੋਕਾਂ ਦੇ ਫੌਜ ਵੱਲੋਂ ਕੀਤੇ ਕਤਲੇਆਮ ਦੇ ਜਸ਼ਨ ਮਨਾਉਂਦੇ ਦੇਖੇ ਗਏ। ਸੱਭਿਅਕ ਅਖਵਾਉਣ ਦਾ ਮਾਣ ਸਿਰਫ ਧੜੇਬੰਦੀ ਦਾ ਮੁਹਤਾਜ ਬਣਕੇ ਰਹਿ ਗਿਆ ਹੈ। ੨੦੧੧ ਵਿੱਚ ਮਿਸਰ ਇੱਕ ਨਵੇਂ ਯੁਗ ਦੀਆਂ ਬਰੂਹਾਂ ਤੇ ਖੜ੍ਹਾ ਮਹਿਸੂਸ ਹੋਇਆ ਸੀ ਪਰ ਹੁਣ ਜਾਪਦਾ ਹੈ ਕਿ ਇਸ ਮੁਲ਼ਕ ਨੇ ੩੬੦ ਡਿਗਰੀ ਦਾ ਚੱਕਰ ਕੱਟ ਲਿਆ ਹੈ।
ਸਿਰਫ ਮਿਸਰ ਹੀ ਨਹੀ ਬਲਕਿ ਪੂਰਾ ਮੱਧ ਪੂਰਬ ਇਸ ਵੇਲੇ ਵੱਡੇ ਸਿਆਸੀ ਸੰਕਟ ਵਿੱਚੋਂ ਲੰਘ ਰਿਹਾ ਹੈ। ਸੀਰੀਆ ਦਾ ਗ੍ਰਹਿ ਯੁੱਧ ਪੂਰੀ ਤਰ੍ਹਾਂ ਭਿਆਨਕ ਹਾਲਤ ਵਿੱਚ ਪਹੁੰਚ ਗਿਆ ਹੈ, ਟੁਨੀਜ਼ੀਆ ਵਿੱਚ ਇੱਕ ਨਿਰਪੱਖ ਰਾਜਨੀਤੀਵਾਨ ਦੇ ਕਤਲ ਤੋਂ ਬਾਅਦ ਸਰਕਾਰ ਖਿਲਾਫ ਜਬਰਦਸਤ ਪ੍ਰਦਰਸ਼ਨ ਹੋ ਰਹੇ ਹਨ। ਲੀਬੀਆ ਵਿੱਚ ਮਿਲੀਸ਼ੀਆ ਦੀ ਆਪਸੀ ਲੜਾਈ ਲਗਾਤਾਰ ਭਿਆਨਕ ਹੁੰਦੀ ਜਾ ਰਹੀ ਹੈ ਅਤੇ ਸਰਕਾਰ ਦਾ ਕੰਟਰੋਲ਼ ਲਗਾਤਾਰ ਢਿੱਲਾ ਪੈ ਰਿਹਾ ਹੈ। ਈਰਾਕ ਵਿੱਚ ਅਸੀਂ ਹਰ ਰੋਜ਼ ਕਾਰ ਬੰਬ ਧਮਾਕੇ ਹੁੰਦੇ ਦੇਖ ਰਹੇ ਹਾਂ। ਮਾਲੀ ਅਤੇ ਨਾਈਜਰ ਵਿੱਚ ਜਹਾਦੀ ੍ਹਿੰਸਾ ਭਿਆਨਕ ਬੀਮਾਰੀ ਵਾਂਗ ਫੈਲ ਰਹੀ ਹੈ ਅਤੇ ਯਮਨ ਵਿੱਚ ਅਮਰੀਕਾ ਅਤੇ ਬਰਤਾਨੀਆ ਨੇ ਦੋ ਹਫਤੇ ਲਈ ਆਪਣੇ ਸਫਾਰਤਖਾਨੇ ਬੰਦ ਕਰ ਦਿੱਤੇ ਹਨ।
ਮਿਸਰ ਦੇ ਖੂਨੀ ਘਟਨਾਕ੍ਰਮ ਨੇ ਅਰਬ ਜਗਤ ਦੀ ਬਸੰਤ ਨੂੰ ਲਹੂ-ਲੁਹਾਣ ਕਰਕੇ ਰੱਖ ਦਿੱਤਾ ਹੈ। ਜਮਹੂਰੀਅਤ ਨੂੰ ਲੀਹੋਂ ਲਾਹੁਣ ਲਈ ਮੁੜ ਸੱਤਾ ਵਿੱਚ ਆਈ ਫੌਜ ਨੇ ਇੱਕ ਹਫਤੇ ਵਿੱਚ ਹੀ ੮੦੦ ਲੋਕਾਂ ਨੂੰ ਮਾਰ ਮੁਕਾਇਆ ਹੈ ਅਤੇ ਇਸ ਕਤਲੇਆਮ ਦਾ ਦੋਸ਼ੀ ਵੀ ਮੁਸਲਿਮ ਬਰਦਰਹੁੱਡ ਨਾ ਦੀ ਜਥੇਬੰਦੀ ਨੂੰ ਠਹਿਰਾ ਦਿੱਤਾ ਹੈ ਜੋ ੫੯ ਸਾਲਾਂ ਤੱਕ ਪਾਬੰਦੀਸ਼ੁਦਾ ਰਹਿਣ ਤੋਂ ਬਾਅਦ ਸਿਆਸੀ ਮੰਚ ਤੇ ਆਈ ਸੀ ਅਤੇ ਜਿਸਨੇ ਮਿਸਰ ਵਿੱਚ ਹੋਈਆਂ ਚੋਣਾਂ ਦੌਰਾਨ ਬਹੁਮੱਤ ਹਾਸਲ ਕਰ ਲਿਆ ਸੀ ਫੌਜ ਨੇ ਮੁਸਲਿਮ ਬਰਦਰਹੁੱਡ ਦੀ ਸਿਆਸੀ ਉਚਿਤਤਾ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ।
ਹਾਵਰਡ ਯੂਨੀਵਰਸਿਟੀ ਦੇ ਕੈਨੇਡੀ ਸਕੂਲ਼ ਦੀ ਸੀਨੀਅਰ ਫੈਲੋ ਅਯਾਨ ਹੀਰਸੀ ਅਲੀ ਨੇ ਸੰਡੇ ਟਾਈਮਜ਼ ਵਿੱਚ ਲਿਖਦਿਆਂ ਆਖਿਆ ਹੈ ਕਿ ਮਿਸਰ ਦਾ ਸੰਕਟ ਕਈ ਪਰਤਾਂ ਵਾਲਾ ਹੈ। ਮੁੱਖ ਰੂਪ ਵਿੱਚ ਇਹ ਪਹਿਚਾਣ ਦਾ ਸੰਕਟ ਹੈ। ਅਸੀਂ ਕੌਣ ਹਾਂ ਅਤੇ ਆਪਣੇ ਸਮਾਜ ਨੂੰ ਕਿਵੇਂ ਜਥੇਬੰਦ ਕਰ ਸਕਦੇ ਹਾਂ? ਮੁੱਖ ਸੁਆਲ ਇਸਦਾ ਹੈ। ਇੱਥੇ ਦਰਾੜ ਉਨ੍ਹਾਂ ਵਿੱਚ ਹੈ ਜੋ ਮਿਸਰ ਦੇ ਸਮਾਜ ਨੂੰ ਅਰਬ ਨੈਸ਼ਨਲ ਪਹਿਚਾਣ ਨਾਲ ਜੋੜਨਾ ਚਾਹੁੰਦੇ ਹਨ ਅਤੇ ਜੋ ਇਸਨੂੰ ਧਰਮ ਅਧਾਰਿਤ ਇਸਲਾਮ ਦੀ ਪਹਿਚਾਣ ਨਾਲ ਜੋੜਨਾ ਚਾਹੁੰਦੇ ਹਨ। ਇਹ ਕਤਾਰਬੰਦੀ ਸਦੀਆਂ ਪੁਰਾਣੀ ਹੈ। ਅਗਲੀ ਕਤਾਰਬੰਦੀ ਪੇਂਡੂ ਅਤੇ ਸ਼ਹਿਰੀ ਤਬਕਿਆਂ ਦਰਮਿਆਨ ਹੈ। ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕ ਘੱਟ ਧਰਮੀ ਬਿਰਤੀ ਵਾਲੇ ਅਤੇ ਪੱਛਮੀ ਜਿੰਦਗੀ ਦੇ ਵੱਧ ਨੇੜੇ ਹਨ, ਜਦੋਂਕਿ ਪਿੰਡਾਂ ਵਿੱਚ ਰਹਿਣ ਵਾਲੀ ਅਬਾਦੀ ਵੱਧ ਧਰਮੀ ਅਤੇ ਪੱਛਮ ਪ੍ਰਤੀ ਸ਼ੱਕੀ ਬਿਰਤੀ ਵਾਲੀ ਹੈ। ਸੁੰਨੀ ਅਤੇ ਸ਼ੀਆ ਦੀ ਕਤਾਰਬੰਦੀ ਵੀ ਇਸ ਖੇਤਰ ਵਿੱਚ ਕਾਫੀ ਅਹਿਮ ਭੂਮਿਕਾ ਨਿਭਾ ਰਹੀ ਹੈ।
ਮਿਸਰ ਦੇ ਮੌਜੂਦਾ ਸੰਕਟ ਦੀਆਂ ਜੜ੍ਹਾਂ ਵੀ ਪਹਿਚਾਣ ਦੇ ਇਸ ਸੰਕਟ ਵਿੱਚ ਹੀ ਪਈਆਂ ਹਨ। ਧਰਮ ਨਿਰਪੱਖ ਤਾਕਤਾਂ ਇਹ ਹਜ਼ਮ ਨਹੀ ਕਰ ਪਾ ਰਹੀਆਂ ਕਿ ਧਰਮ ਲਈ ਸ਼ਰਧਾ ਰੱਖਣ ਵਾਲੀ ਮੁਸਲਿਮ ਬਰਦਰਹੁੱਡ ਜਥੇਬੰਦੀ ਦੇਸ਼ ਦੀ ਵਾਗਡੋਰ ਸੰਭਾਲੇ ਅਤੇ ਰਾਜ ਕਰੇ। ਆਪਣੇ ਰਾਹ ਦੇ ਅੜਿੱਕੇ ਨੂੰ ਦੂਰ ਕਰਨ ਲਈ ਉਨ੍ਹਾਂ ਨੇ ਫੌਜ ਨਾਲ ਗੱਠਜੋੜ ਕਰਨਾ ਵੀ ਠੀਕ ਸਮਝ ਲਿਆ ਹੈ।
ਜਰਮਨੀ ਦੇ ਪ੍ਰਸਿੱਧ ਅਖਬਾਰ ਸਪੀਗਲ਼ ਨੇ ਆਪਣੇ ਮੁੱਖ ਲੇਖ ਵਿੱਚ ਲਿਖ਼ਿਆ ਹੈ ਕਿ ਫੌਜ ਮੁਸਲਿਮ ਬਰਦਰਹੁੱਡ ਨੂੰ ਨਾਜ਼ੀ ਲਹਿਰ ਦੇ ਤੌਰ ਤੇ ਦੇਖ ਰਹੀ ਹੈ। ਅਖਬਾਰ ਅਨੁਸਾਰ ਹਿਟਲ਼ਰ ਵੀ ਵੋਟਾਂ ਰਾਹੀਂ ਹੀ ਚੁਣ ਕੇ ਆਇਆ ਸੀ ਅਤੇ ਫਿਰ ਸਰਕਾਰ ਦਾ ਸਹਾਰਾ ਲੈਕੇ ਉਸਨੇ ਆਪਣੀ ਨਫਰਤ ਭਰਪੂਰ ਮੁਹਿੰਮ ਨੂੰ ਜਾਰੀ ਰੱਖਿਆ।
ਅਮਰੀਕੀ ਨੀਤੀ ਨੂੰ ਪ੍ਰਭਾਵਿਤ ਕਰਨ ਵਾਲੇ ਮੈਗਜ਼ੀਨ ਫਾਰਨ ਅਫੇਅਰਜ਼ ਨੇ ਆਪਣੇ ਇੱਕ ਲੇਖ ਵਿੱਚ ਲਿਖਿਆ ਹੈ ਕਿ ਫੌਜੀ ਮੁਖੀ ਸਿਸੀ ਹੁਣ ਦੇਸ਼ ਨੂੰ ਆਪਣੀਆਂ ਉਂਗਲਾਂ ਤੇ ਨਚਾਏਗਾ ਅਮੈਰਜੈਂਸੀ ਦਾ ਸਹਾਰਾ ਲੈਕੇ ਹੋਸਨੀ ਮੁਬਾਰਕ ਵਾਲੀਆਂ ਨੀਤੀਆਂ ਤੇ ਚਲਾਉਣ ਲੱਗ ਪਵੇਗਾ ਕਿਉਂਕਿ ਫੌਜ ਨੇ ਪਿਛਲੇ ੩੦ ਸਾਲਾਂ ਦੌਰਾਨ ਜੋ ਵਪਾਰਕ ਸਲਤਨਤ ਕਾਇਮ ਕਰ ਲਈ ਹੈ ਫੌਜ ਉਸਨੂੰ ਛੇਤੀ ਕੀਤੇ ਛੱਡ ਨਹੀ ਸਕੇਗੀ।
ਜਰਮਨ ਅਖਬਾਰ ਸਪੀਗਲ ਨੇ ਵੀ ਮਿਸਰ ਦੇ ਸੰਕਟ ਦਾ ਇਹੋ ਹੀ ਸਿੱਟਾ ਕੱਢਿਆ ਹੈ ਕਿ ਤਾਜ਼ੀਆਂ ਘਟਨਾਵਾਂ ਨੇ ਮੁਲ਼ਕ ਨੂੰ ਸੀਰੀਆ ਵਰਗੇ ਗ੍ਰਹਿਯੱਧ ਵੱਲ ਧੱਕ ਦਿੱਤਾ ਹੈ, ਜਮਹੂਰੀਅਤ ਦਾ ਬੂਟਾ ਪੁੰਗਰਨ ਤੋਂ ਪਹਿਲਾਂ ਹੀ ਮਸਲ ਦਿੱਤਾ ਗਿਆ ਹੈ।