ਬੀਬੀ ਲਕਸ਼ਮੀ ਕਾਂਤਾ ਚਾਵਲਾ ਪੰਜਾਬ ਭਾਜਪਾ ਦੀ ਸੀਨੀਅਰ ਨੇਤਾ ਹੈ। ਪੰਜਾਬ ਸਰਕਾਰ ਵਿੱਚ ਉਹ ਮੰਤਰੀ ਵੀ ਰਹਿ ਚੁੱਕੇ ਹਨ। ਸ਼ਮਾਜ ਸੇਵੀ ਵੀ ਹਨ। ਬੋਲਦੇ ਹਿੰਦੀ ਹਨ ਪਰ ਲੇਖ ਪੰਜਾਬੀ ਅਖਬਾਰਾਂ ਵਿੱਚ ਲਿਖਦੇ ਹਨ। ਪੰਜਾਬ ਨਾਲ ਆਪਣੇ ਮੋਹ ਦਾ ਬਹੁਤ ਵਾਰ ਜਿਕਰ ਕਰ ਚੁੱਕੇ ਹਨ, ਸਿੱਖਾਂ ਨਾਲ ਤਾਂ ਬਹੁਤਾ ਹੀ ‘ਪਿਆਰ’ ਕਰਦੇ ਹਨ। ਜਦੋਂ ਵੀ ਸਿੱਖਾਂ ਦੇ ਭਲੇ ਦੀ ਕੋਈ ਗੱਲ ਹੋਣ ਲਗਦੀ ਹੈ ਤਾਂ ਬੀਬੀ ਜੀ ਬਹੁਤ ਤੇਜੀ ਨਾਲ ਉਸ ਦੇ ਵਿਰੋਧ ਵਿੱਚ ਆ ਖੜ੍ਹਦੇ ਹਨ। ਵੈਸੇ ਸ਼ਾਂਤ ਸੁਭਾ ਦੇ ਹਨ, ਲੋਕਾਂ ਦੀ ਗੱਲ ਬਹੁਤ ਧੀਰਜ ਨਾਲ ਸੁਣਦੇ ਹਨ, ਆਪਣੇ ਆਪ ਨੂੰ ਜਬਤ ਵਿੱਚ ਰੱਖਣ ਦੀ ਕੋਸ਼ਿਸ਼ ਕਰਦੇ ਹਨ ਪਰ ਸਿੱਖਾਂ ਨਾਲ ਖਾਸ ‘ਪਿਆਰ’ ਹੋਣ ਕਾਰਨ ਸਿੱਖਾਂ ਦੇ ਮਸਲਿਆਂ ਬਾਰੇ ਆਪ ਦਾ ਜਬਤ ਬਹੁਤ ਜਲਦ ਖਤਮ ਹੋ ਜਾਂਦਾ ਹੈ। ਵੇਖ਼ਣ ਨੂੰ ਬੀਬੀ ਜੀ ਬਹੁਤ ਭਲੀ ਲੋਕ ਮਹਿਸੂਸ਼ ਹੁੰਦੀ ਹੈ, ਸਹਿਜ ਰੱਖਣ ਦਾ ਵੀ ਯਤਨ ਕਰਦੇ ਹਨ ਕਦੇ ਕਦੇ ਪੰਜਾਬੀ ਸਮਾਜ ਦੀਆਂ ਕੁਰੀਤੀਆਂ ਬਾਰੇ ਵੀ ਵਧੀਆ ਸਟੈਂਡ ਲੈ ਜਾਂਦੇ ਹਨ ਪਰ ਸਿੱਖਾਂ ਦੇ ਕੇਂਦਰੀ ਅਸਥਾਨ ਵਾਲੇ ਸ਼ਹਿਰ ਦੀ ਵਸਨੀਕ ਹੋਣ ਦੇ ਬਾਵਜੂਦ ਵੀ ਬੀਬੀ ਜੀ ਸਿੱਖਾਂ ਨਾਲ ਬਹੁਤ ਗੂੜ੍ਹਾ ‘ਪਿਆਰ’ ਰੱਖਦੇ ਹਨ। ਭਾਵੇਂ ਸਿੱਖਾਂ ਦੀਆਂ ਰਾਜਸੀ ਜਾਂ ਧਾਰਮਿਕ ਮੰਗਾਂ ਦੀ ਗੱਲ ਹੋਵੇ, ਭਾਵੇਂ ਸਿੱਖਾਂ ਦੇ ਪਾਵਨ ਅਸਥਾਨ ਦੇ ਨਾਅ ਤੇ ਰੇਲ ਗੱਡੀ ਚਲਾਉਣ ਦੀ ਗੱਲ ਹੋਵੇ, ਭਾਵੇਂ ੧੯੮੪ ਦੇ ਕਤਲੇਆਮ ਦੇ ਪੀੜਤਾਂ ਨੂੰ ਨਾਮਾਤਰ ਜਿਹਾ ਮੁਆਵਜ਼ਾ ਮਿਲਣ ਦੀ ਗੱਲ ਹੋਵੇ ਤੇ ਜਾਂ ਭਾਵੇਂ ਪੰਜਾਬ ਵਿੱਚ ਫੈਲ ਰਹੇ ਡੇਰਾਵਾਦ ਕਲਚਰ ਬਾਰੇ ਸਿੱਖਾਂ ਦੀ ਫਿਕਰਮੰਦੀ ਦਾ ਮਾਮਲਾ ਹੋਵੇ ਬੀਬੀ ਲਕਸ਼ਮੀ ਕਾਂਤਾ ਚਾਵਲਾ ਹਮੇਸ਼ਾ ਸਿੱਖ ਵਿਰੋਧੀਆਂ ਦੇ ਟੋਲੇ ਦੀ ਅਗਵਾਈ ਕਰਦੇ ਨਜ਼ਰ ਆਉਂਦੇ ਹਨ।
ਵੈਸੇ ਸਮਾਜ ਵਿੱਚ ਵਧੀਆ ਰਸੂਖ ਰੱਖਦੇ ਹਨ, ਵੋਟਾਂ ਵੇਲੇ ਸਿੱਖਾਂ ਦੇ ਘਰਾਂ ਅੱਗੇ ਵੀ ਹੱਥ ਜੋੜਦੇ ਹਨ, ਉਨ੍ਹਾਂ ਨੂੰ ਹਰ ਮਸਲਾ ਹੱਲ ਕਰਨ ਦਾ ਵਾਦਾ ਕਰਦੇ ਹਨ, ਪੰਜਾਬ ਵਿੱਚ ਰਹਿੰਦੇ ਹਨ ਪਰ ਸੰਸਕ੍ਰਿਤ ਨੂੰ ਪਿਆਰ ਕਰਦੇ ਹਨ, ਪੰਜਾਬੀ ਦੇ ਖਾਤਮੇ ਲਈ ਮਨ ਵਿੱਚ ਵੱਡੀ ਇੱਛਾ ਰੱਖਦੇ ਹਨ, ਬਹੁਤ ਵੱਡੀ ਸੁਰ ਵਿੱਚ ਬੋਲਦੇ ਹਨ ਪਰ ਕੁਝ ਪ੍ਰਾਪਤ ਨਾ ਹੋਣ ਤੇ ਬੇਬਸ ਵੀ ਹੋ ਜਾਂਦੇ ਹਨ। ਬਹੁਤ ਲੰਬੇ ਸਮੇਂ ਤੋਂ ਬੀਬੀ ਜੀ ਇਸ ਕਿਸਮ ਦੀ ਪਟੜੀ ਤੇ ਚੜ੍ਹੇ ਹੋਏ ਹਨ, ਕੁਝ ਖਬਰਾਂ ਤਾਂ ਇਹ ਵੀ ਦੱਸਦੀਆਂ ਹਨ ਕਿ ਬੀਬੀ ਜੀ ਨੇ ੧੯੮੪ ਵਿੱਚ ਸਿੱਖਾਂ ਤੇ ਹਮਲਾਵਰ ਬਣਕੇ ਆਈ ਭਾਰਤੀ ਫੌਜ ਨੂੰ ਆਪਣਾਂ ਉਪਰੇਸ਼ਨ ਖਤਮ ਕਰ ਲੈਣ ਤੋਂ ਬਾਅਦ ਮਠਿਆਈ ਵੀ ਵੰਡੀ ਸੀ।
ਅੱਜਕੱਲ਼੍ਹ ਬੀਬੀ ਜੀ ਇੱਕ ਸਿੱਖ ਕੈਦੀ ਦਵਿੰਦਰਪਾਲ ਸਿੰਘ ਭੁੱਲਰ ਤੇ ਮਿਹਰਬਾਨ ਹੋਏ ਹੋਏ ਹਨ ਜੋ ਦੱਸਿਆ ਜਾਂਦਾ ਹੈ ਕਿ ਪਿਛਲੇ ੨੦ ਸਾਲਾਂ ਤੋਂ ਜੇਲ਼੍ਹ ਵਿੱਚ ਹੈ ਅਤੇ ਹੁਣੇ ਜਿਹੇ ਉਸਨੂੰ ਪੰਜਾਬ ਵਿੱਚ ਤਬਦੀਲ ਕੀਤਾ ਗਿਆ ਹੈ। ਮੀਡੀਆ ਵਿੱਚ ਆਈਆਂ ਉਸਦੀਆਂ ਫੋਟੋਆਂ ਤੋਂ ਸਾਫ ਨਜ਼ਰ ਆਉਂਦਾ ਹੈ ਕਿ ਉਹ ਮਾਨਸਿਕ ਤੌਰ ਤੇ ਸਥਿਰ ਨਹੀ ਹੈ ਪਰ ਬੀਬੀ ਜੀ ਉਸਨੂੰ ਵੀ ਖਤਰਨਾਕ ਆਖ ਰਹੇ ਹਨ।
ਬੀਬੀ ਲਕਸ਼ਮੀ ਕਾਂਤਾ ਚਾਵਲਾ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਹਰ ਮਸਲੇ ਤੇ ਉਹ ਸਿੱਖਾਂ ਦਾ ਵਿਰੋਧ ਕਰਕੇ ਉਹ ਸ਼ਾਇਦ ਸਿੱਖਾਂ ਦਾ ਕੋਈ ਨੁਕਸਾਨ ਕਰ ਰਹੇ ਹਨ। ਸਿੱਖਾਂ ਦੇ ਲੀਡਰ ਅਖਵਾਉਣ ਵਾਲੇ ਸੱਜਣ ਵੀ ਬੀਬੀ ਜੀ ਦੇ ਪੰਜਾਬ ਅਤੇ ਸਿੱਖਾਂ ਸਬੰਧੀ ਆਏ ਬਿਆਨਾਂ ਤੋਂ ਬਾਅਦ ਉਨ੍ਹਾਂ ਦੇ ਖਿਲਾਫ ਕਾਫੀ ਖਰ੍ਹਵੇ ਸ਼ਬਦ ਵਰਤ ਜਾਂਦੇ ਹਨ। ਅਸੀਂ ਸਿੱਖ ਲੀਡਰਾਂ ਅਤੇ ਸਿੱਖ ਜਥੇਬੰਦੀਆਂ ਦੇ ਇਨ੍ਹਾਂ ਬਿਆਨਾਂ ਨੂੰ ਸਹੀ ਨਹੀ ਸਮਝਦੇ। ਸਿੱਖ ਜਥੇਬੰਦੀਆਂ ਅਤੇ ਲੀਡਰਾਂ ਨੂੰ ਬੀਬੀ ਜੀ ਦੀ ਸ਼ਾਨ ਦੇ ਖਿਲਾਫ ਕਦੇ ਵੀ ਇੱਕ ਵੀ ਸ਼ਬਦ ਨਹੀ ਬੋਲਣਾਂ ਚਾਹੀਦਾ, ਕਿਉਂਕਿ ਉਹ ਕਦੇ ਵੀ ਸਿੱਖਾਂ ਦਾ ਨੁਕਸਾਨ ਨਹੀ ਕਰ ਰਹੇ ਹੁੰਦੇ, ਸਗੋਂ ਉਹ ਤਾਂ ਹਮੇਸ਼ਾ ਸਿੱਖਾਂ ਦਾ ਭਲਾ ਹੀ ਕਰ ਰਹੇ ਹੁੰਦੇ ਹਨ। ਸ਼ਾਇਦ ਇਹ ਗੱਲ ਬੀਬੀ ਜੀ ਨੇ ਵੀ ਕਦੇ ਮਹਿਸੂਸ ਨਹੀ ਕੀਤੀ ਹੋਣੀ ਕਿ ਉਹ ਪਿਛਲੇ ੫੦ ਸਾਲਾਂ ਤੋਂ ਸਿੱਖਾਂ ਦੀ ਕਿੰਨੀ ਵੱਡੀ ਸੇਵਾ ਕਰਦੇ ਆ ਰਹੇ ਹਨ। ਜਦੋਂ ਕਦੇ ਪੰਜਾਬ ਦਾ ਇਤਿਹਾਸ ਇਸ ਨਜ਼ਰੀਏ ਤੋਂ ਲਿਖਿਆ ਜਾਵੇਗਾ ਉਸ ਵੇਲੇ ਬੀਬੀ ਲਕਸ਼ਮੀ ਕਾਂਤਾ ਚਾਵਲਾ ਦਾ ਨਾਅ ਕਾਫੀ ਇੱਜ਼ਤ ਨਾਲ ਲਿਖਿਆ ਜਾਵੇਗਾ।
ਬੀਬੀ ਜੀ ਹਰ ਸਿੱਖ ਮਸਲੇ ਤੇ ਸਿੱਖਾਂ ਦਾ ਵਿਰੋਧ ਕਰਕੇ ਸ਼ਾਇਦ ਇਹ ਸਮਝ ਰਹੇ ਹਨ ਕਿ ਉਹ ਸਿੱਖਾਂ ਦਾ ਨੁਕਸਾਨ ਕਰ ਰਹੇ ਹਨ ਪਰ ਅਸੀਂ ਇਸ ਤਰ੍ਹਾਂ ਨਹੀ ਸਮਝਦੇ। ਅਸੀਂ ਸਮਝਦੇ ਹਾਂ ਕਿ ਬੀਬੀ ਜੀ ਸਿੱਖਾਂ ਦਾ ਬਹੁਤ ਵੱਡਾ ਭਲਾ ਕਰ ਰਹੇ ਹਨ।
ਸਿੱਖ ਲਹਿਰ ਦਾ ਕੇਂਦਰੀ ਨੁਕਤਾ ਕੀ ਹੈ? ਸਿੱਖ ਲਹਿਰ ਦਾ ਕੇਂਦਰੀ ਨੁਕਤਾ ਖਾਲਸੇ ਦਾ ਨਿਆਰਾਪਣ ਅਤੇ ਸਿੱਖ ਇੱਕ ਵੱਖਰੀ ਕੌਮ ਦਾ ਹੈ। ਸਿੱਖ ਆਖਦੇ ਹਨ ਕਿ ਅਸੀਂ ਇੱਕ ਵੱਖਰੀ ਕੌਮ ਹਾਂ ਪਰ ਭਾਰਤੀ ਸਟੇਟ ਅਤੇ ਉਸ ਤੇ ਕਾਬਜ ਹਿੰਦੂ ਲਾਬੀ ਦਾ ਕਹਿਣਾਂ ਹੈ ਕਿ ਸਿੱਖ ਹਿੰਦੂਆਂ ਦਾ ਹੀ ਹਿੱਸਾ ਹਨ। ਜਦੋਂ ਜਾਤ ਅਭਿਮਾਨੀ ਹਿੰਦੂ ਇਹ ਆਖਦੇ ਹਨ ਕਿ ਸਿੱਖ ਹਿੰਦੂਆਂ ਦਾ ਹੀ ਹਿੱਸਾ ਹਨ ਤਾਂ ਉਹ ਇੱਕ ਤਰ੍ਹਾਂ ਨਾਲ ਸਿੱਖਾਂ ਦਾ ਨੁਕਸਾਨ ਕਰਨਾ ਲੋਚਦੇ ਹਨ ਪਰ ਬੀਬੀ ਲਕਸ਼ਮੀ ਕਾਂਤਾ ਚਾਵਲਾ ਦੇ ਬਿਆਨ ਹਮੇਸ਼ਾ ਸਿੱਖਾਂ ਵਿਚ ਇਹ ਚਿਣਗ ਮਘਾਈ ਰੱਖਦੇ ਹਨ ਕਿ ਸਿੱਖ ਹਿੰਦੂਆਂ ਦਾ ਹਿੱਸਾ ਨਹੀ ਹਨ ਨਿਆਰੀ ਕੌਮ ਹੈ। ਜੇ ਸਿੱਖਾਂ ਨੂੰ ਬੀਬੀ ਲਕਸ਼ਮੀ ਕਾਂਤਾ ਚਾਵਲਾ ਜੀ ਦਾ ਟੀਕਾ ਨਾ ਲਗਦਾ ਹੁੰਦਾ ਤਾਂ ਹੋ ਸਕਦਾ ਸੀ ਇਤਿਹਾਸ ਦੇ ਕਿਸੇ ਮੋੜ ਤੇ ਸਿੱਖ ਇਹ ਮਹਿਸੂਸ ਕਰਨਾ ਅਰੰਭ ਕਰ ਦੇਂਦੇ ਕਿ ਸਿੱਖ ਵਾਕਿਆ ਹੀ ਹਿੰਦੂਆਂ ਦਾ ਹਿੱਸਾ ਹਨ, ਪਰ ਹੁਣ ਬੀਬੀ ਲਕਸ਼ਮੀ ਕਾਂਤਾ ਚਾਵਲਾ ਜੀ ਅਤੇ ਪਹਿਲਾਂ ਲਾਲਾ ਜਗਤ ਨਰਾਇਣ ਜੀ ਲੰਬੇ ਸਮੇਂ ਤੱਕ ਸਿੱਖਾਂ ਦੀ ਸੇਵਾ ਕਰਦੇ ਰਹੇ ਹਨ।
ਇਤਿਹਾਸ ਦੱਸਦਾ ਹੈ ਕਿ ਯਹੂਦੀਆਂ ਵਿੱਚੋਂ ਆਪਣੀ ਕੌਮ ਦਾ ਜਜਬਾ ਅਤੇ ਆਪਣੇ ਨਿਆਰੇਪਣ ਦਾ ਸੁਪਨਾ ਲਗਭਗ ੨ ਹਜਾਰ ਸਾਲ ਸੁੱਤਾ ਰਿਹਾ। ਜੇ ਅਜਿਹਾ ਭਾਣਾ ਕਿਤੇ ਸਿੱਖਾਂ ਨਾਲ ਵਾਪਰ ਗਿਆ ਤਾਂ ਸਿੱਖ ਆਪਣੀ ਨਿਆਰੀ ਹਸਤੀ ਕਿਵੇਂ ਬਚਾ ਸਕਣਗੇ?
ਇਸੇ ਕਰਕੇ ਜਿਉਂ ਜਿਉਂ ਬੀਬੀ ਲਕਸ਼ਮੀ ਕਾਂਤਾ ਚਾਵਲਾ ਅਤੇ ਉਨ੍ਹਾਂ ਵਰਗੇ ਹੋਰ ਸੱਜਣ ਲਗਾਤਾਰ ਹਿੰਦੂਆਂ ਅਤੇ ਸਿੱਖਾਂ ਵਿੱਚ ਇੱਕ ਲਕੀਰ ਖਿੱਚਦੇ ਰਹਿਣਗੇ, ਸਿੱਖਾਂ ਵਿੱਚ ਆਪਣੀ ਨਿਆਰੀ ਹਸਤੀ ਅਤੇ ਵੱਖਰੀ ਕੌਮ ਦਾ ਸੰਕਲਪ ਹੋਰ ਜਿਆਦਾ ਮਜਬੂਤ ਹੁੰਦਾ ਜਾਵੇਗਾ। ਜੇ ਇਸ ਸਾਲ ਮੰਡੀਗੋਬਿੰਦਗੜ੍ਹ ਵਿੱਚ ਕੁਝ ਹਿੰਦੂ ਵੀਰ ਸੰਤ ਜਰਨੈਲ ਸਿੰਘ ਦੇ ਪੋਸਟਰ ਨਾ ਪਾੜਦੇ ਤਾਂ ਹੋ ਸਕਦਾ ਸੀ ਕਿ ਸਿੱਖ ਏਨੀ ਵੱਡੀ ਗਿਣਤੀ ਵਿੱਚ ਸ੍ਰੀ ਹਰਿੰਮੰਦਰ ਸਾਹਿਬ ਵਿੱਚ ਆਪਣੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਨਾ ਜਾਂਦੇ।
ਇਸ ਲਈ ਸਿੱਖਾਂ ਨੂੰ ਬੀਬੀ ਲਕਸ਼ਮੀ ਕਾਂਤਾ ਚਾਵਲਾ ਜੀ ਦਾ ਵਿਰੋਧ ਨਹੀ ਕਰਨਾ ਚਾਹੀਦਾ ਕਿਉਂਕਿ ਉਹ ਬਹੁਤ ‘ਸੂਝਵਾਨ’ ਹਨ ‘ਸਿਆਣੇ’ ਹਨ ਅਤੇ ‘ਮਿੱਠਬੋਲੜੇ’ ਹਨ। ਉਹ ਲੰਬੇ ਸਮੇਂ ਤੋਂ ਸਿੱਖਾਂ ਅਤੇ ਹਿੰਦੂਆਂ ਦਰਮਿਆਨ ਇੱਕ ਲਕੀਰ ਖਿੱਚਕੇ ਰੱਖ ਰਹੇ ਹਨ ਜੋ ਸਿੱਖਾਂ ਦੀ ਨਿਆਰੀ ਹਸਤੀ ਅਤੇ ਵੱਖਰੀ ਕੌਮ ਦੇ ਜਜਬੇ ਲਈ ਬਹੁਤ ਜਰੂਰੀ ਹੈ। ਇਸ ਸਮੇਂ ਜਦੋਂ ਕੋਈ ਸਿੱਖ ਲੀਡਰ ਏਨੀ ਸਪਸ਼ਟਤਾ ਨਾਲ ਇਹ ਲਕੀਰ ਖਿੱਚਣ ਦੀ ਕੋਸ਼ਿਸ਼ ਨਹੀ ਕਰ ਰਿਹਾ ਉਸ ਵੇਲੇ ਗੁਰੂ ਕੀ ਨਗਰੀ ਵਿੱਚ ਵਸਣ ਵਾਲੇ ਬੀਬੀ ਲਕਸ਼ਮੀ ਕਾਂਤਾ ਚਾਵਲਾ ਜੀ ਸਿੱਖਾਂ ਦੀ ਇਹ ਬਹੁਤ ਵੱਡੀ ਸੇਵਾ ਕਰ ਰਹੇ ਹਨ। ਖ਼ਾਸ ਕਰਕੇ ਉਸ ਵੇਲੇ ਜਦੋਂ ਸਿੱਖਾਂ ਦੇ ਨਿਅਰੇਪਣ ਨੂੰ ਹਿੰਦੂਵਾਦ ਦੇ ਸਮੁੰਦਰ ਵਿੱਚ ਡੋਬ ਦੇਣ ਦੇ ਸੁਚੇਤ ਯਤਨ ਹੋ ਰਹੇ ਹਨ ਉਸ ਵੇਲੇ ਬੀਬੀ ਜੀ ਦੇ ਯੋਗਦਾਨ ਨੂੰ ਭੁਲਾਉਣਾਂ ਨਹੀ ਚਾਹੀਦਾ।