ਪਿਛਲੇ ੬੯ ਸਾਲਾਂ ਤੋਂ ਭਾਰਤ ਅੰਦਰ ਕਸ਼ਮੀਰ ਇਕੋ ਇਕ ਅਜਿਹਾ ਸੂਬਾ ਹੈ ਜਿਸਨੂੰ ਦੁਨੀਆਂ ਦੀ ਅਹਿਮ ਸੰਸਥਾ ਯੂ.ਐਨ.ਓ. ਨੇ ਇੱਕ ਝਗੜੇ ਵਾਲਾ ਸੂਬਾ ਐਲਾਨਿਆ ਹੋਇਆ ਹੈ ਤੇ ਯੂ.ਐਨ.ਓ. ਨੇ ਆਪਣੇ ਆਦਮੀ ਅੱਜ ਵੀ ਕਸ਼ਮੀਰ ਵਿੱਚ ਨਿਗਾਹ ਰੱਖਣ ਲਈ ਬਿਠਾਏ ਹੋਏ ਹਨ। ਕਸ਼ਮੀਰ ਦੇ ਝਗੜੇ ਦੀ ਤੰਦ ਜੋ ਕਿ ਹੁਣ ਪਿਛਲੇ ਗਿਆਰਾਂ ਦਿਨਾਂ ਤੋਂ ਦੁਬਾਰਾ ਸੜਕਾਂ ਤੇ ਆਣ ਭੜਕੀ ਹੈ ਜਿਸਦੀ ਅਗਵਾਈ ਕਸ਼ਮੀਰੀ ਬੱਚੇ, ਨੌਜਵਾਨ, ਤੇ ਕਸ਼ਮੀਰੀ ਬਹੂ, ਬੇਟੀਆਂ ਆਪ ਕਰ ਰਹੀਆਂ ਹਨ। ਇਸ ਕਸ਼ਮੀਰੀ ਮੌਜੂਦਾ ਝਗੜੇ ਦਾ ਕਾਰਨ ਭਾਰਤੀ ਫੌਜ ਵੱਲੋਂ ਜੋ ਕਿ ਇਸ ਸਮੇਂ ਸਾਲਾਂ ਤੋਂ ਲੱਖਾਂ ਦੀ ਤਾਦਾਦ ਵਿੱਚ ਕਸਮੀਰ ਵਾਦੀ ਵਿੱਚ ਕਬਜਾ ਕਰੀ ਬੈਠੀ ਹੈ, ਨੇ ਇੱਕ ਮਸ਼ਹੂਰ ਕਸ਼ਮੀਰ ਅਜਾਦੀ ਪ੍ਰਸਤ ਨੌਜਵਾਨ ਜੋ ਕਿ ਸਿਰਫ ੨੨ ਸਾਲਾਂ ਦਾ ਸੀ ਪਰ ਕਸ਼ਮੀਰੀਆਂ ਦੇ ਦਿਲਾਂ ਤੇ ਪਿਛਲੇ ਛੇ ਸਾਲਾਂ ਤੋਂ ਰਾਜ ਕਰ ਰਿਹਾ ਸੀ ਨੂੰ ਇੱਕ ਫਰਜ਼ੀ ਮੁਕਾਬਲੇ ਵਿੱਚ ਮਾਰ ਦਿਤੇ ਜਾਣ ਕਾਰਨ ਸਾਰਾ ਹੀ ਕਸ਼ਮੀਰ ਇਸ ਸ਼ੋਕ ਵਿੱਚ ਭਾਂਬੜ ਬਣ ਬਲ ਉਠਿਆ। ਜਿਸ ਤੇ ਰੋਸ ਤੇ ਸੋਗ ਵਜੋਂ ਨਿੱਕੇ ਨਿਕੇ ਕਸ਼ਮੀਰੀ ਬੱਚਿਆਂ ਨੇ ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦਿਆਂ ਹੋਇਆ ਸੁਰੱਖਿਆ ਦਸਤਿਆਂ ਤੇ ਪੱਥਰਾਂ, ਰੋੜਿਆਂ ਨਾਲ ਆਪਣੇ ਵਾਰ ਕਰਕੇ ਆਪਣੇ ਗੁੱਸੇ ਦਾ ਖੁੱਲ ਕੇ ਇਜ਼ਹਾਰ ਕੀਤਾ।

ਅੱਜ ਉਸ ਨੌਜਵਾਨ ਫਰਹਾਨ ਬਾਨੀ ਦੀ ਮੌਤ ਨੂੰ ਗਿਆਰਾਂ ਦਿਨ ਹੋ ਚੁੱਕੇ ਹਨ ਪਰ ਕਸ਼ਮੀਰ ਵਿੱਚ ਪੂਰੀ ਤਰਾਂ ਲੋਕਾਂ ਵੱਲੋਂ ਕਾਮਯਾਬ ਹੜਤਾਲ ਹੈ ਤੇ ਸਰਕਾਰ ਵੱਲੋਂ ਕਰਫਿਊ ਲਗਾਇਆ ਹੋਇਆ ਹੈ। ਇਸ ਕਸ਼ਮੀਰੀ ਅਜਾਦ ਪ੍ਰਸਤੀ ਦੀ ਮੌਤ ਤੋਂ ਬਾਅਦ ਹੁਣ ਤੱਕ ਰੋਸ ਕਰ ਰਹੇ ਲੋਕਾਂ ਵਿਚੋਂ ਦੋ ਹਜ਼ਾਰ ਤੋਂ ਉਤੇ ਸੁਰੱਖਿਆ ਦਸਤਿਆਂ ਵੱਲੋਂ ਚਲਾਈਆਂ ਗੋਲੀਆਂ ਕਾਰਨ ਫੱਟੜ ਹਨ ਤੇ ਚਾਲੀ ਤੋਂ ਉਪਰ ਹੁਣ ਤੱਕ ਮਾਰੇ ਜਾ ਚੁੱਕੇ ਹਨ। ਇੰਨਾਂ ਵਿੱਚੋਂ ਸੱਤਰ ਦੇ ਕਰੀਬ ਬੱਚਿਆਂ ਤੇ ਨੌਜਵਾਨਾਂ ਦੀਆਂ ਅੱਖਾਂ ਵਿੱਚ ਲੱਗੇ ਛਰਿਆਂ ਕਾਰਨ ਅੰਨਿਆਂ ਹੋਣ ਦੀਆਂ ਖਬਰਾਂ ਵੀ ਆ ਰਹੀਆਂ ਹਨ।

ਕਸ਼ਮੀਰ ਵਾਦੀ ਜਿਸ ਤੇ ਕਦੇ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਹੁੰਦਾ ਸੀ ਜੋ ਕਿ ਉਨਾਂ ਦੀ ਮੌਤ ਤੋਂ ਬਾਅਦ ਸਿੱਖ ਰਾਜ ਨਾਲ ਗਦਾਰੀ ਕਰਕੇ ਗੁਲਾਬ ਸਿੰਘ ਡੋਗਰੇ ਨੇ ਅੰਗਰੇਜਾਂ ਨਾਲ ਸੰਧੀ ਕਰਕੇ ਇਨਾਮ ਵਜੋਂ ਇਹ ਰਾਜ ਪ੍ਰਾਪਤ ਕੀਤਾ ਸੀ। ਇਸਦੇ ਹੀ ਖਾਨਦਾਨ ਵਿਚੋਂ ਅਗਲੇ ਮਹਾਰਾਜ ਹਰੀ ਸਿੰਘ ਨੇ ਜੋ ਕਿ ੧੯੪੭ ਵਿੱਚ ਭਾਰਤੀ ਅਜਾਦੀ ਸਮੇਂ ਕਸ਼ਮੀਰ ਦਾ ਰਾਜਾ ਸੀ, ਨੇ ਕਸ਼ਮੀਰੀ ਅਵਾਮ ਦੀਆਂ ਆਸ਼ਾਵਾਂ ਦੇ ਉਲਟ ਜਾ ਕੇ ਭਾਰਤ ਵਿੱਚ ਸ਼ਾਮਿਲ ਹੋਣ ਲਈ ਭਾਰਤੀ ਹੁਕਮਰਾਨਾਂ ਨੂੰ ਸਹਿਮਤੀ ਦੇ ਦਿੱਤੀ ਸੀ। ਭਾਵੇਂ ਕਸ਼ਮੀਰੀਆਂ ਨੂੰ ਸਾਂਤ ਰੱਖਣ ਲਈ ਭਾਰਤੀ ਹੁਕਮਰਾਨਾਂ ਨੇ ਦੂਜੇ ਸੂਬਿਆਂ ਨਾਲੋਂ ਕਸ਼ਮੀਰ ਸੂਬੇ ਨੂੰ ਕਾਗਜ਼ਾਂ ਵਿੱਚ ਵਧੇਰੇ ਅਧਿਕਾਰ ਦਿਤੇ ਹੋਏ ਹਨ ਪਰ ਅਸਲੀਅਤ ਇਹ ਹੈ ਕਿ ਕਸ਼ਮੀਰੀ ਅਵਾਮ ਅੱਜ ਵੀ ਆਪਣੇ ਆਪ ਨੂੰ ਭਾਰਤੀ ਮੰਨਣ ਤੋਂ ਇਨਕਾਰੀ ਹੈ। ਵੱਖ ਵੱਖ ਮਨੁੱਖੀ ਅਧਿਕਾਰਾਂ, ਸੰਸਥਾਂਵਾਂ ਤੇ ਹੋਰ ਨਿਰਪੱਖ (Opinion Poll) ਕਰਵਾਉਣ ਵਾਲੀਆਂ ਸੰਸਥਾਵਾਂ ਦਾ ਇਹ ਦਾਅਵਾਂ ਹੈ ਕਿ ਜੇ ਅੱਜ ਵੀ ਕਸ਼ਮੀਰ ਅੰਦਰ ਰਾਇਸ਼ਮਾਰੀ ਕਰਵਾ ਲਈ ਜਾਵੇ ਤਾਂ ੯੦ ਫੀਸਦੀ ਤੋਂ ਅਤੇ ਕਸ਼ਮੀਰੀ ਖੁਦਮੁਖਤਿਆਰੀ ਚਾਹੁੰਦੇ ਹਨ ਤੇ ਆਪਣੇ ਆਪ ਨੂੰ ਭਾਰਤੀ ਸਰਪ੍ਰਸਤੀ ਤੋਂ ਅਜਾਦ ਰੱਖਣਾ ਚਾਹੁੰਦੇ ਹਨ। ਭਾਵੇਂ ਕਸ਼ਮੀਰੀਆਂ ਨੂੰ ਪਾਕਿਸਤਾਨ ਦੇਸ਼ ਦਾ ਪੂਰੀ ਤਰਾਂ ਸਹਿਯੋਗ ਤੇ ਹੁਲਾਰਾ ਮਿਲ ਰਿਹਾ ਹੈ ਜਿਸਨੂੰ ਕਿ ਭਾਰਤੀ ਹੁਕਮਰਾਨ ਇਹ ਕਹਿੰਦੇ ਨਹੀਂ ਥੱਕਦੇ ਕਿ ਇਹ ਪਾਕਿਸਤਾਨ ਦਾ ਹੁਲਾਰਾ ਹੀ ਹੈ ਜਿਸ ਸਦਕਾ ਕਸ਼ਮੀਰ ਵਾਦੀ ਵਿੱਚ ਹਰ ਰੋਜ ਕੋਈ ਨਾ ਕੋਈ ਭਾਰਤ ਵਿਰੋਧੀ ਪ੍ਰਦਰਸ਼ਨ ਹੁੰਦਾ ਰਹਿੰਦਾ ਹੈ। ਇਹ ਕਸ਼ਮੀਰੀਆਂ ਦੀ ਤ੍ਰਾਸਦੀ ਹੈ ਕਿ ਉਨਾਂ ਦਾ ਨਿੱਜ ਦਾ ਰੋਸ ਮੁਜ਼ਾਹਰਾ ਤੇ ਖੁਦਮੁਖਤਿਆਰੀ ਦੀ ਤਾਂਘ ਜਿਸ ਖਾਤਰ ਹੁਣ ਤੱਕ ਕੁਝ ਸਰਕਾਰੀ ਤੇ ਗੈਰ ਸਰਕਾਰੀ ਅੰਕੜਿਆਂ ਮੁਤਾਬਕ ਲੱਖ ਦੇ ਕਰੀਬ ਕਸ਼ਮੀਰੀ ਅਵਾਮ ਮੌਤ ਦੀ ਭੇਂਟ ਚੜ ਚੁੱਕਿਆ ਹੈ ਤੇ ਇਸ ਵਿਚੋਂ ਅਠਾਰਾਂ, ਵੀਹ ਹਜ਼ਾਰ ਅਣਪਛਾਤੀਆਂ ਮਜ਼ਾਰਾਂ ਵੀ ਕਸ਼ਮੀਰ ਦੇ ਇਸ ਸੰਘਰਸ਼ ਦੀ ਮੂੰਹ ਬੋਲਦੀ ਤਸਵੀਰ ਹੈ।

ਕਸ਼ਮੀਰ ਵਾਦੀ ਦਾ ਸੰਘਰਸ਼ ਅੱਜ ਦੁਨੀਆਂ ਦੇ ਵੱਖ ਵੱਖ ਪਲੇਟਫਾਰਮਾਂ ਤੇ ਚਰਚਾ ਦਾ ਵਿਸ਼ਾ ਹੈ ਅਤੇ ਕਈ ਵਾਰ ਅਮਰੀਕਾ ਵਰਗਾ ਦੇਸ਼ ਵੀ ਭਾਰਤ ਤੇ ਪਾਕਿਸ਼ਤਾਨ ਨੂੰ ਅਪੀਲ ਕਰ ਚੁਕਿਆਂ ਹੈ ਕਿ ਕਸ਼ਮੀਰਆਂ ਨੂੰ ਨਾਲ ਲੈ ਕੇ ਅੰਦਰੂਨੀ ਦਾ ਕੋਈ ਸਥਾਈ ਹੱਲ ਲੱਭਿਆ ਜਾ ਸਕੇ। ਪਰ ਇਹ ਮੁੱਖ ਰੂਪ ਵਿੱਚ ਭਾਰਤੀ ਹਕੂਮਤ ਦੀ ਹਠ ਧਰਮੀ ਹੀ ਕਿਹਾ ਜਾ ਸਕਦਾ ਹੈ ਜੋ ਕਿ ਅੱਜ ਤੱਕ ਫੌਜ ਦੇ ਜ਼ੋਰ ਨਾਲ ਕਸ਼ਮੀਰੀ ਅਵਾਮ ਨੂੰ ਦਬਾਅ ਕੇ ਤੇ ਪਾਕਿਸਤਾਨੀ ਹੁਕਮਰਾਨਾਂ ਦੀ ਦਖਲ ਅੰਦਾਜ਼ੀ ਨੂੰ ਭੰਡ ਕੇ ਕਸ਼ਮੀਰੀ ਸੂਬੇ ਉਤੇ ਆਪਣੀ ਤਾਕਤ ਦੇ ਮੁਜਾਹਰੇ ਰਾਹੀਂ ਹੀ ਰਾਜ ਕਾਇਮ ਰੱਖਣਾ ਚਾਹੁੰਦੇ ਹਨ ਪਰ ਇਤਿਹਾਸ ਗਵਾਹ ਹੈ ਕਿ ਜਿਸ ਵਾਦੀਆਂ ਦਾ ਅਵਾਮ ਤੇ ਬੱਚੇ ਖੁੱਲੇਆਮ ਫੌਜੀ ਤਾਕਤਾਂ ਤੋਂ ਨਾ ਘਬਰਾਉਂਦੇ ਹੋਏ ਅਜਾਦੀ ਤੇ ਖੁਦਮੁਖਤਿਆਰੀ ਦਾ ਨਾਅਰਾ ਤੇ ਸੰਕਲਪ ਵਾਰ ਵਾਰ ਦੁਹਰਾਉਂਦੇ ਹੋਣ ਉਸ ਅਜ਼ਾਦੀ ਤੇ ਖੁਦਮੁਖਤਿਆਰੀ ਨੂੰ ਕੋਈ ਵੀ ਤਾਕਤ ਲੰਮਾ ਸਮਾਂ ਦਬਾਅ ਕੇ ਨਹੀਂ ਰੱਖ ਸਕਦੀ।