ਪੰਜਾਬ ਵਿੱਚ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਾਰਨ ਪੈਦਾ ਹੋਏ ਸਿੱਖ ਰੋਹ ਨੂੰ ਆਪਣੇ ਹੀ ‘ਧਰਮ-ਨਿਰਪੱਖ’ ਅੰਦਾਜ਼ ਵਿੱਚ ਖੋਰਾ ਲਾਉਣ ਲਈ ਅਤੇ ਪੰਜਾਬ ਪੁਲਿਸ ਵੱਲੋਂ ਕਤਲ ਕੀਤੇ ਗਏ ਨਿਹੱਥੇ ਸ਼ਹਿਰੀਆਂ ਦੇ ਮਾਮਲੇ ਵਿੱਚ ਇਨਸਾਫ ਦੇ ਰਾਹ ਬੰਦ ਕਰਨ ਲਈ, ਸੱਤਾਧਾਰੀਆਂ ਨੇ ਪੰਜਾਬ ਦੇ ਲੋਕਾਂ ਨੂੰ ਤਰਿਥ ਯਾਤਰਾ ਦਾ ਨਵਾਂ ਝਾਂਸਾ ਦੇ ਕੇ ਵਰਗਲਾਉਣ ਦੀ ਸਰਗਰਮੀ ਸ਼ੁਰੂ ਕਰ ਦਿੱਤੀ ਹੈ। ਅੱਜਕੱਲ਼੍ਹ ਪੰਜਾਬ ਦੇ ਸਾਰੇ ਅਖਬਾਰ ਪੰਜਾਬ ਸਰਕਾਰ ਦੀ ਇਸ ਨਵੀਂ ਸਰਗਰਮੀ ਦੇ ਇਸ਼ਤਿਹਾਰਾਂ ਅਤੇ ਖਬਰਾਂ ਨਾਲ ਭਰੇ ਪਏ ਹਨ। ਪੰਜਾਬ ਸਰਕਾਰ ਆਪਣੇ ਖਰਚੇ ਤੇ ਲੋਕਾਂ ਨੂੰ ਸਿੱਖ ਗੁਰਧਾਮਾਂ ਅਤੇ ਦਰਗਾਹ ਅਜਮੇਰ ਸ਼ਰੀਫ ਦੇ ਦਰਸ਼ਨ ਕਰਵਾਉਣ ਦੇ ਯਤਨ ਕਰ ਰਹੀ ਹੈ ਤਾਂ ਕਿ ਲੋਕਾਂ ਦਾ ਸਰਕਾਰ ਨਾਲ ‘ਰਿਸ਼ਤਾ’ ਕੁਝ ਸੁਖਾਲਾ ਰਹੇ।

ਵੈਸੇ ਪੰਜਾਬ ਗੁਰੂਆਂ ਪੀਰਾਂ ਅਤੇ ਸੂਰਬੀਰ, ਸ਼ਹੀਦਾਂ ਦੀ ਧਰਤੀ ਹੈ। ਪੰਜਾਬ ਦੇ ਲੋਕ ਆਪਣੇ ਧਰਮ ਪ੍ਰਤੀ ਬਹੁਤ ਸੰਵੇਦਨਸ਼ੀਲ ਹਨ, ਖਾਸ ਕਰਕੇ ਧਰਮ ਅਸਥਾਨਾਂ ਦੀ ਯਾਤਰਾ ਨੂੰ ਲੈ ਕੇ ਉਨ੍ਹਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਦਾ ਰਹਿੰਦਾ ਹੈ। ਪੰਜਾਬ ਦਾ ਸਿੱਖ ਚਾਹੇ ਕਿੰਨੀਆਂ ਵੀ ਦੁਸ਼ਵਾਰ ਹਾਲਤਾਂ ਵਿੱਚ ਕਿਉਂ ਨਾ ਵਿਚਰ ਰਿਹਾ ਹੋਵੇ ਉਹ ਆਪਣੇ ਗੁਰੂ ਤੋਂ ਪਿੱਠ ਨਹੀ ਮੋੜ ਸਕਦਾ। ਗੁਰੂ ਦੇ ਦਰਸ਼ਨ ਕਰਨ ਅਤੇ ਗੁਰਧਾਮਾਂ ਦੇ ਦਰਸ਼ਨਾਂ ਦੀ ਰੀਝ ਉਸਦੇ ਮਨ ਵਿੱਚ ਹਮੇਸ਼ਾ ਰਹਿੰਦੀ ਹੈ। ਸ਼ਾਇਦ ਇਸੇ ਰੀਝ ਨੂੰ ਆਪਣੇ ਸਿਆਸੀ ਮੁਫਾਦਾਂ ਲਈ ਵਰਤਣ ਖਾਤਰ ਪੰਜਾਬ ਦੇ ਸੱਤਾਧਾਰੀਆਂ ਨੇ ਇਹ ਰਾਹ ਅਪਨਾ ਲਿਆ ਹੈ, ਪੰਜਾਬ ਦੇ ਲੋਕਾਂ ਨੂੰ ਇਨਸਾਫ ਦੇਣ ਨਾਲੋਂ ਉਨ੍ਹਾਂ ਨੂੰ ਗੁਰਧਾਮਾਂ ਦੀ ਯਾਤਰਾ ਤੇ ਤੋਰ ਦਿੱਤਾ ਗਿਆ ਹੈ।

ਪੰਜਾਬ ਦੇ ਲੋਕਾਂ ਦਾ ਆਪਣੇ ਗੁਰੂਆਂ ਨਾਲ ਮੋਹ ਕਦੇ ਵੀ ਨਹੀ ਟੁੱਟਾ, ਟੁੱਟ ਸਕਦਾ ਵੀ ਨਹੀ। ਜਾਗਦੀ ਜਮੀਰ ਵਾਲੇ ਲੋਕ ਕਦੇ ਵੀ ਆਪਣੇ ਗੁਰੂ ਨੂੰ ਪਿੱਠ ਨਹੀ ਦੇ ਸਕਦੇ, ਇਸੇ ਲਈ ਉਹ ਆਪਣੇ ਜੀਵਨ ਨੂੰ ਉਚਾ ਸੁੱਚਾ ਬਣਾਉਣ ਲਈ ਗੁਰੂਧਾਮਾਂ ਦੀ ਯਾਤਰਾ ਤੇ ਜਾ ਆਉਂਦੇ ਹਨ।

ਪਰ ਇਸ ਵੇਲੇ ਪੰਜਾਬ ਦੀ ਜੋ ਹਾਲਤ ਬਣ ਗਈ ਹੈ ਅਸੀਂ ਸਮਝਦੇ ਹਾਂ ਕਿ ਉਸ ਹਾਲਤ ਵਿੱਚ ਤਾਂ ਪੰਜਾਬ ਸਰਕਾਰ ਨੂੰ ਖੁਦ ਗੁਰਧਾਮਾਂ ਦੀ ਯਾਤਰਾ ਤੇ ਜਾਣਾਂ ਚਾਹੀਦਾ ਹੈ ਤਾਂ ਕਿ ਉਸਦੇ ਮਨ ਅੰਦਰ ਗੁਰੂ ਸਾਹਿਬ ਦੇ ਸੰਦੇਸ਼ ਦਾ ਕੋਈ ਕਿਣਕਾ ਵਸ ਜਾਵੇ ਅਤੇ ਉਹ ਧਰਮ ਅਤੇ ਰਾਜਨੀਤੀ ਦੇ ਨਾਅ ਤੇ ਲੋਕਾਂ ਨੂੰ ਧੋਖੇ ਦੇਣ ਦੀ ਦਹਾਕਿਆਂ ਦੀ ਆਪਣੀ ਨੀਤੀ ਦਾ ਪਸ਼ਚਾਤਾਪ ਕਰ ਲਵੇ।

ਪੰਜਾਬ ਸਰਕਾਰ ਨੂੰ ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋਣਾਂ ਚਾਹੀਦਾ ਹੈ ਤਾਂ ਕਿ ਉਸ ਨੂੰ ਸਮਝ ਲੱਗ ਸਕੇ ਕਿ ਦਿੱਲੀ ਦੇ ਤਖਤ ਦੀ ਚਾਕਰੀ ਕਰਨ ਵਾਲੇ ਅਤੇ ਪੰਜਾਬ ਨੂੰ ਅੱਖਾਂ ਦਿਖਾਉਣ ਵਾਲੇ ਕਦੇ ਵੀ ਗੁਰੂ ਸਾਹਿਬ ਦੀਆਂ ਖੁਸ਼ੀਆਂ ਦੇ ਪਾਤਰ ਨਹੀ ਬਣ ਸਕਦੇ। ਦਿੱਲੀ ਦੇ ਤਖਤ ਨਾਲ ਯਾਰੀ ਲਾ ਕੇ ਅਕਾਲ ਦੇ ਤਖਤ ਨੂੰ ਗੋਲਿਆਂ ਨਾਲ ਢਾਹੁਣ ਦੀ ਸਹਿਮਤੀ ਦੇ ਕੇ ਕਦੇ ਵੀ ਕੋਈ ਸਿਆਸਤਦਾਨ ਸੁੱਖ ਨਹੀ ਪਾ ਸਕਦਾ।

ਫਿਰ ਪੰਜਾਬ ਸਰਕਾਰ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਯਾਤਰਾ ਤੇ ਜਾਣਾਂ ਚਾਹੀਦਾ ਹੈ ਤਾਂ ਕਿ ਸਰਕਾਰ ਚਲਾ ਰਹੇ ਭੱਦਰਪੁਰਸ਼ਾਂ ਨੂੰ ਸਮਝ ਆ ਸਕੇ ਕਿ ਸੱਤਾ ਦਾ ਮਤਲਬ ਲੋਕਾਂ ਦੇ ਪੈਸੇ ਨਾਲ ਬੁੱਲੇ ਲ਼ੁੱਟਣਾਂ ਹੀ ਨਹੀ ਹੁੰਦਾ ਬਲਕਿ ਲੋਕਾਂ ਨੂੰ ਬਚਾਉਣ ਲਈ ਆਪਣੇ ਪਿਤਾ ਨੂੰ ਮਹਾਨ ਕੁਰਬਾਨੀ ਲਈ ਤੋਰਨਾ ਹੀ ਅਸਲ ਮਨੁੱਖਤਾ ਹੁੰਦੀ ਹੈ। ਔਰੰਗਜ਼ੇਬੀ ਤਰਜ਼ੇ ਜਿੰਦਗੀ ਵਿੱਚ ਗਲਤਾਨ ਪੰਜਾਬ ਸਰਕਾਰ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਇਹ ਸੰਦੇਸ਼ ਵੀ ਮਲੇਗਾ ਕਿ ਆਪਣੀਆਂ ਫੌਜਾਂ ਅਤੇ ਸਿਪਾਹਸਲਾਰਾਂ ਦੇ ਹੰਕਾਰ ਵਿੱਚ ਜੇ ਕੋਈ ਸੱਤਾਧਾਰੀ ਮਦਮਸਤ ਹੋਕੇ ਫਿਰਦਾ ਹੈ ਤਾਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਦਸ਼ਮੇਸ਼ ਪਿਤਾ ਦੀ ਰਹਿਮਤ ਨਾਲ ਸਾਜਿਆ ਖਾਲਸਾ ਪੰਥ ਉਸ ਮਦਮਸਤ ਹਾਥੀ ਦਾ ਹੰਕਾਰ ਵੀ ਤੋੜ ਦੇਂਦਾ ਹੈ।

ਦਮਦਮਾਂ ਸਾਹਿਬ ਤੋਂ ਪੰਜਾਬ ਸਰਕਾਰ ਨੂੰ ਉਸ ਖਾਲਸਾ ਪੰਥ ਦੀ ਰੌਣਕ ਦਾ ਇਲਾਹੀ ਨੂਰ ਮਿਲੇਗਾ ਜੋ ਲਗਾਤਾਰ ਸੱਤਾਧਾਰੀਆਂ ਨਾਲ ਜੰਗਾਂ ਦੇ ਬਾਵਜੂਦ ਕਦੇ ਹਾਰ ਨਹੀ ਮੰਨਦਾ। ਭਾਵੇਂ ਖਾਲਸਾ ਪੰਥ ਦੇ ਇਤਿਹਾਸ ਦੇ ਦਿਸਹੱਦਿਆਂ ਤੇ ਕਿੰਨੀਆਂ ਵੀ ਕਾਲੀਆਂ ਘਟਾਵਾਂ ਚੜ੍ਹਕੇ ਕਿਉਂ ਨਾ ਆ ਜਾਣ ਪਰ ਦਸ਼ਮੇਸ਼ ਪਿਤਾ ਦੀ ਇਲਾਹੀ ਰਹਿਮਤ ਉਸਦੇ ਅੰਦਰ ਨੂੰ ਤੋੜ ਨਹੀ ਸਕਦੀ, ਉਹ ਕਦੇ ਵੀ ਵਿਕਾਉੂ ਮਾਲ ਬਣਕੇ ਕਿਸੇ ਸੱਤਾਧਾਰੀ ਦੀ ਗੰਦਗੀ ਅੱਗੇ ਨੱਚਦਾ ਨਹੀ ਫਿਰੇਗਾ।

ਜੇ ਸਮਾਂ ਕੱਢਕੇ ਪੰਜਾਬ ਸਰਕਾਰ ਪਟਨਾ ਸਾਹਿਬ ਦੀ ਧਰਤੀ ਤੇ ਜਾ ਆਵੇ ਤਾਂ ਉਸਨੂੰ ਪਤਾ ਲੱਗੇਗਾ ਕਿ ਪੰਥ ਤਾਂ ਆਪਣੇ ਸੋਨੇ ਦੇ ਕੰਗਣ ਵੀ ਮਿੱਟੀ ਸਮਝਕੇ ਨਦੀ ਵਿੱਚ ਸੁੱਟ ਦੇਂਦਾ ਹੈ, ਇਸ ਲਈ ਮਾਇਆ ਦੀ ਮਿੱਟੀ ਦੇ ਅੰਬਾਰ ਲਾਉਣ ਵਾਲੀ ਬਿਰਤੀ ਪੰਥ ਵਿੱਚ ਪਰਵਾਨ ਨਹੀ ਹੈ। ਲੋਕਾਂ ਦੇ ਰੋਜ਼ਮਰਾ ਦੀਆਂ ਚੀਜਾਂ ਤੇ ਗੁੰਡਾ ਟੈਕਸ ਲਾ ਕੇ ਮਾਇਆ ਦੇ ਅੰਬਾਰ ਲਾਉਣ ਵਾਲੇ ਸੱਤਾਧਾਰੀ ਆਪਣੇ ਕੰਗਣ ਨਦੀ ਵਿੱਚ ਸੁਟਣ ਵਾਲੇ ਗੁਰੂ ਦੀ ਅੱਖ ਦੇ ਤਾਰੇ ਨਹੀ ਹੋ ਸਕਦੇ।

ਚਮਕੌਰ ਸਾਹਿਬ ਦੀ ਧਰਤੀ ਤੇ ਫੇਰਾ ਪਾਉਣ ਗਈ ਪੰਜਾਬ ਸਰਕਾਰ ਨੂੰ ਸਮਝ ਆਵੇਗੀ ਕਿ ਆਪਣੇ ਲਾਲ ਨੂੰ ਬੁੱਕਲ ਵਿੱਚ ਲੁਕੋਕੇ ਦੂਜਿਆਂ ਦੇ ਪੁੱਤਰਾਂ ਨੂੰ ਸਾਲਾਂ ਬੱਧੀ ਜੇਲ਼੍ਹਾਂ ਵਿੱਚ ਡੱਕੀ ਰੱਖਣ ਅਤੇ ਦੂਜਿਆਂ ਦੇ ਪੁੱਤਰਾਂ ਦੇ ਕਾਤਲਾਂ ਨਾਲ ਮੁਲਾਕਾਤਾਂ ਕਰਨ ਦੀ ਬਿਰਤੀ ਗੁਰੂ ਦੀ ਬਿਰਤੀ ਨਹੀ ਹੈ। ਗੁਰੂ ਸਾਹਿਬ ਨੇ ਤਾਂ ਭਾਈ ਦਇਆ ਸਿੰਘ ਦੇ ਕਹਿਣ ਤੇ ਵੀ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਤੇ ਕੱਫਣ ਨਹੀ ਸੀ ਪਾਇਆ, ਪਰ ਪੰਜਾਬ ਸਰਕਾਰ ਨੇ ਤਾਂ ਆਪਣੇ ੯ ਸਾਲਾਂ ਦੌਰਾਨ ਹੀ ਸੈਂਕੜੇ ਘਰਾਂ ਦੇ ਕਮਾਊ ਜੀਆਂ ਤੇ ਕੱਫਣ ਪਵਾ ਦਿੱਤੇ ਹਨ।

ਤਖਤ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਤੇ ਗਈ ਪੰਜਾਬ ਸਰਕਾਰ ਨੂੰ ਬਹੁਤ ਸਾਰੇ ਸੰਦੇਸ਼ ਮਿਲਣਗੇ। ਪਹਿਲਾ ਤਾਂ ਇਹ ਕਿ ਮਾਸੂਮ ਬੱਚਿਆਂ ਦੇ ਬੇਕਿਰਕ ਕਾਤਲਾਂ ਨੂੰ ਸਨਮਾਨ ਨਹੀ ਦੇਈਦਾ ਬਲਕਿ ਸਜ਼ਾ ਦੇਈਦੀ ਹੈ। ਦੂਜਾ ਇਹ ਕਿ ਸੱਤਾਧਾਰੀਆਂ ਦੇ ਜੁਲਮ ਦੀ ਭਾਵੇਂ ਕਿੰਨੀ ਵੀ ਅੱਤ ਕਿਉਂ ਨਾ ਹੋ ਜਾਵੇ ਪਰ ਜਦੋਂ ਗੁਰੂ ਦੀ ਬਖਸ਼ਿਸ਼ ਹੁੰਦੀ ਤਾਂ ਤਾਂ ਬੰਦਾ ਸਿੰਘ ਵਰਗੇ ਸੂਰਮੇ ਆ ਹੀ ਜਾਂਦੇ ਹਨ।

ਦਰਗਾਹ ਅਜਮੇਰ ਸ਼ਰੀਫ ਦਾ ਸੰਦੇਸ਼ ਵੀ ਪੰਜਾਬ ਸਰਕਾਰ ਲਈ ਬਹੁਤ ਲਾਹੇਵੰਦਾ ਹੋਵੇਗਾ। ਉਥੋਂ ਪੰਜਾਬ ਸਰਕਾਰ ਨੂੰ ਸਮਝ ਆਵੇਗੀ ਕਿ ਤਨ ਮਨ ਦੀਆਂ ਹਜਾਰਾਂ ਬੁਰਾਈਆਂ ਦੇ ਖਾਤਮੇ ਅਤੇ ਰੁਹਾਨੀ ਜੀਵਨ ਲਈ ਆਪਣੇ ਆਪ ਨਾਲ ਹਮੇਸ਼ਾ ਜਹਾਦ ਕਰਦੇ ਰਹਿਣਾਂ ਚਾਹੀਦਾ ਹੈ। ਖਾਸ ਕਰਕੇ ਰਾਜਿਆਂ ਲਈ। ਆਪਣੀ ਪਰਜਾ ਨੂੰ ਇਮਾਨਦਾਰ, ਸੁਖਦਾਈ ਅਤੇ ਉਚੇ ਕਿਰਦਾਰ ਵਾਲਾ ਰਾਜ ਦੇਣ ਲਈ ਅੰਦਰੂਨੀ ਬੁਰਾਈਆਂ ਨਾਲ ਨਿਰੰਤਰ ਜਹਾਦ ਦਾ ਸੰਦੇਸ਼ ਪੰਜਾਬ ਸਰਕਾਰ ਨੂੰ ਮਿਲੇਗਾ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਤੀਰਥ ਯਾਤਰਾ ਤੇ ਭੇਜਣ ਨਾਲੋਂ ਪਹਿਲਾਂ ਆਪ ਤੀਰਥ ਯਾਤਰਾ ਤੇ ਜਾਵੇ ਤਾਂ ਕਿ ਉਹ ਪੰਜਾਬ ਦੇ ਮਹੌਲ ਵਿੱਚੋਂ ਗੰਦਗੀ ਬਾਹਰ ਕੱਢੇ।