ਪੰਜਾਬ ਵਿੱਚ ਅੱਜ ਦੁਬਾਰਾ ਸਿੱਖ ਵਿਸ਼ਾ ਜੋ ਕਿ ਲੰਮੇ ਸਮੇਂ ਤੋਂ ਕੈਦ ਸਿੱਖ ਨੋਜਵਾਨਾਂ ਬਾਰੇ ਹੈ ਕਾਫੀ ਚਰਚਾ ਦਾ ਵਿਸ਼ਾ ਬਣ ਕੇ ਉੱਭਰ ਰਿਹਾ ਹੈ। ਇਸ ਵਿਸ਼ੇ ਨੂੰ ਚਰਚਾ ਵਿਚ ਲੈ ਕੇ ਆਉਣ ਦਾ ਜਿੰਮਾ ਸਰਦਾਰ ਗੁਰਬਖਸ਼ ਸਿੰਘ ਖਾਲਸਾ ਵੱਲੋਂ ੧੪ ਨਵੰਬਰ ੨੦੧੩ ਤੋਂ ਰੱਖੇ ਮਰਨ ਵਰਤ ਕਰਕੇ ਸਾਹਮਣੇ ਆਇਆ ਹੈ। ਸਰਦਾਰ ਗੁਰਬਖਸ਼ ਸਿੰਘ ਖਾਲਸਾ ਜੋ ਕਿ ਹਰਿਆਣਾ ਦਾ ਰਹਿਣ ਵਾਲਾ ਹੈ ਅਤੇ ੪੭ ਸਾਲਾ ਉਹਨਾਂ ਦੀ ਉਮਰ ਹੈ ਨੇ ਸੁੱਤੇ ਪਏ ਪੰਜਾਬ ਵਿਚ ਸਿੱਖ ਕੌਮ ਨੂੰ ਇਕ ਵਾਰ ਫਿਰ ਆਪਣੇ ਜ਼ਜਬਾਤ ਰਾਂਹੀ ਉਠਾਇਆ ਹੈ ਅਤੇ ਇਕ ਵਾਰ ਫਿਰ ਕੇਸਰੀ ਲਹਿਰ ਜਿਸਦਾ ਹੁਣ ਮੁੱਖ ਮਕਸ਼ਦ ਭਾਰਤੀ ਜਿਹਲਾਂ ਵਿਚ ਉਮਰਾਂ ਤੋਂ ਕੈਦ ਸਿਖ ਨੌਜਵਾਨਾਂ ਜੋ ਕਿ ਹੁਣ ਅੱਧ ਉਮਰਾਂ ਵਿਚ ਹਨ ਦੀ ਦੁਰ-ਦਿਸ਼ਾ ਵੱਲ ਉਠਾਇਆ ਹੋਇਆ ਮਹੱਤਵਪੂਰਨ ਵਿਸ਼ਾ ਹੈ। ਅੱਜ ਭਾਵੇ ਸਰਦਾਰ ਗੁਰਬਖਸ਼ ਸਿੰਘ ਖਾਲਸਾ ਨੂੰ ਪੂਰੇ ੨੦ ਦਿਨ ਮਰਨ ਵਰਤ ਤੇ ਬੈਠੇ ਨੂੰ ਹੋ ਗਏ ਹਨ ਅਤੇ ਇਕ ਇਕ ਇੱਕਲੇ ਖਾਲਸਾ ਦਾ ਰਾਹ ਕਾਫਿਲੇ ਦਾ ਰੂਪ ਬਣ ਰਿਹਾ ਹੈ ਅਤੇ ਅੱਜ ਅਕਾਲ ਤਖਤ ਸਾਹਿਬ ਤੋਂ ਇਹ ਕਾਫਿਲਾ ਚੱਲ ਕੇ ਗੁਰਦੁਆਰਾ ਅੰਬ ਸਾਹਿਬ ਜਿੱਥੇ ਸਰਦਾਰ ਗੁਰਬਖਸ ਸਿੰਘ ਖਾਲਸਾ ਮਰਨ ਵਰਤ ਤੇ ਬੈਠੇ ਹਨ ਵੱਲ ਵਧ ਰਿਹਾ ਹੈ। ਖਾਲਸਾ ਜੀ ਦੀ ਜ਼ਜਬਾਤੀ ਸੋਚ ਨੂੰ ਸਤਿਕਾਰਤ ਕਰਨ ਲਈ ਕੁਛ ਦਿਨ ਪਹਿਲਾਂ ਜਥੇਦਾਰ ਅਕਾਲ ਤਖਤ ਸਾਹਿਬ ਜੀ ਵੀ ਆਏ ਸਨ ਅਤੇ ਸ੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੀ ਸਤਿਕਾਰ ਵਜੋਂ ਆਏ ਅਤੇ ਸਰਦਾਰ ਗੁਰਬਖਸ਼ ਸਿੰਘ ਖਾਲਸਾ ਦੀ ਇੱਕਲੇ ਚੱਲੀ ਜਦੋਂ ਜਹਿਦ ਜੋ ਕਿ ਇਕ ਮੁੱਖ ਸਿੱਖ ਕੌਮੀ ਵਿਸ਼ੇ ਬਾਰੇ ਹੈ ਨੂੰ ਨੇ ਪੰਥ ਨੂੰ ਵੀ ਪੰਜਾਬ ਵਿਚ ਆ ਕੇ ਵੰਗਾਰ ਪਾਈ ਹੈ।
ਇਸ ਮਰਨ ਵਰਤ ਨੇ ਦੁਬਾਰਾ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ ਯਾਦ ਤਾਜ਼ਾ ਕਰਵਾਈ ਹੈ ਜੋ ਕਿ ਬਹੁਤ ਸਮਾਂ ਪਹਿਲਾਂ ਪੰਜਾਬੀ ਸੂਬਾ ਜਿਸ ਦਾ ਕੌਮੀ ਜ਼ਜਬਾਤ ਨਾਲ ਸੰਬਧ ਸੀ ਨੂੰ ਮੁੜ ਯਾਦ ਕਰਵਾਇਆ ਹੈ ਕਿਉਂਕਿ ਸ਼ਹੀਦ ਦਰਸ਼ਨ ਸਿੰਘ ਫੈਰੂਮਾਨ ਦੀ ਸ਼ਹਾਦਤ ਜ਼ਜਬਾਤ ਤਾਂ ਉਸ ਸਮੇਂ ਉਠਾਂ ਸਕੀ ਸੀ ਪਰ ਮੁੱਖ ਮਕਸਦ ਅੱਜ ਵੀ ੪੦ ਸਾਲ ਬਾਅਦ ਅਧੂਰਾ ਹੈ ਨਾ ਹੀ ਪੰਜਾਬੀ ਸੂਬਾ ਪੂਰਾ ਹੋਇਆ ਨਾ ਹੀ ਪੰਜਾਬ ਨੂੰ ਰਾਜਧਾਨੀ ਨਸੀਬ ਹੋਈ ਸਗੋਂ ਪੰਜਾਬ ਵਿੱਚ ਅੱਜ ਸਿੱਖ ਕੌਮ ਵੀ ਥੱਕੀ ਹੋਈ ਹੈ ਅਤੇ ਥਾਂ ਥਾਂ ਸਿੱਖ ਸੰਘਰਸ਼ ਦੇ ਕਾਮਯਾਬ ਨਾ ਹੋਣ ਕਰਕੇ ਰਾਹ ਲੱਭ ਰਹੀ ਹੈ। ਪੰਜਾਬ ਦੇ ਸਿੱਖ ਉਸ ਭਾਰਤ ਮੁਲਕ ਦੇ ਵਾਸੀ ਹਨ ਜਿੱਥੇ ਬਹੁਗਿਣਤੀ ਵਾਲਿਆਂ ਦਾ ਰੁਝਾਨ ਹਮਲਾਵਰਪੁਣੇ ਵਾਲਾ ਰੁਖ ਅਖਿਤਿਆਰ ਕਰ ਚੁੱਕਿਆ ਹੈ ਜੋ ਲੋਕਤੰਤਰ ਅਤੇ ਬਹੁਲਵਾਦ ਵਿਚ ਵਿਸ਼ਵਾਸ ਨੂੰ ਨਵੇਂ ਅਰਥ ਦੇ ਰਿਹਾ ਹੈ। ਇਸ ਅਧੀਨ ਅੱਜ ਭਾਵੇਂ ਸਰਦਾਰ ਗੁਰਬਖਸ਼ ਗਿੰਘ ਖਾਲਸਾ ਸਿੱਖ ਦਰਦ ਨੂੰ ਸਮਝ ਆਪਣੀ ਸ਼ਹੀਦੀ ਦੇਣ ਲਈ ਅਡੋਲ ਚਿੱਤ ਖੜਾ ਹੈ ਪਰ ਸਿੱਖ ਕੌਮ ਦੀ ਜੋ ਦਿਸ਼ਾ ਹੈ ਉਸਨੂੰ ਹੇਠ ਲਿਖੀਆਂ ਦੋ ਪੰਕਤੀਆਂ ਇੰਝ ਦਰਸਾਉਂਦੀਆ ਹਨ।
ਅਸੀਂ ਨਾਮ ਦੇ ਸਿੰਘ ਸਦਾਂਵਦੇਂ ਹਾਂ-
ਭੈੜੀ ਗਿੱਦੜਾਂ ਤੋਂ ਸਾਡੀ ਚਾਲ ਸਿੰਘੋ –
ਪਿਛਲੇ ਸਾਲ ਵੀ ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇ ਵਿਸ਼ੇ ਕਰਕੇ ਦੁਨੀਆਂ ਭਰ ਵਿੱਚ ਇਕ ਕੇਸਰੀ ਲਹਿਰ ਕੁਛ ਸਮੇਂ ਲਈ ਉੱਠੀ ਸੀ ਅਤੇ ਇੱਕ ਨੌਜਵਾਨ ਸਿੱਖ ਭਾਈ ਜਸਪਾਲ ਸਿੰਘ ਜੀ ਦੀ ਪੁਲੀਸ ਗੋਲੀ ਨਾਲ ਹੋਈ ਬੇਲੋੜੀ ਸ਼ਹੀਦੀ ਨਾਲ ਖਿੱਲਰ ਗਾਈ ਸੀ ਅਤੇ ਅੱਜ ਉਸ ਸ਼ਹੀਦ ਨੌਜਵਾਨ ਜੋ ਕਿ ਮਾਤਾ ਪਿਤਾ ਦਾ ਇੱਕਲਾ ਸੁੱਪਤਰ ਸੀ ਅਤੇ ਹੋਣਹਾਰ ਵਿਦਿਆਰਥੀ ਸੀ ਦਾ ਦੁੱਖ ਉਸਦੇ ਮਾਤਾ ਪਿਤਾ ਹੀ ਇੱਕਲੇ ਜਾਣਦੇ ਹਨ ਅਤੇ ਉਸ ਸ਼ਹੀਦੀ ਦਾ ਅਰਥ ਅਤੇ ਨਿਰਣੇ ਲਈ ਅੱਜ ਵੀ ਉਡੀਕਵਾਨ ਹਨ। ਸਰਦਾਰ ਗੁਰਬਖਸ਼ ਸਿੰਘ ਨੇ ਜੋ ਵਿਸ਼ਾ ਆਪਣੇ ਮਰਨ ਵਰਤ ਦਾ ਰੱਖਿਆ ਹੈ ਉਹ ਇਹ ਹੈ ਕਿ ੬ ਸਿੱਖ ਨੌਜਵਾਨ ਜੋ ਕਿ ਲੰਮੇ ਸਮੇਂ ਤੋਂ ਭਾਰਤ ਦੀਆਂ ਜਿਹਲਾਂ ਵਿੱਚ ਕੈਦ ਹਨ ਅਤੇ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਨ ਨੂੰ ਰਿਹਾਅ ਕਰਵਾਉਣ ਲਈ ਹੈ। ਉਮਰ ਕੈਦ ਇਕ ਸਧਾਰਨ ਭਾਰਤੀ ਵਿਅਕਤੀ ਲਈ ਤਕਰੀਬਿਨ ੧੪ ਸਾਲ ਹੁੰਦੀ ਹੈ ਅਤੇ ਉਸ ਤੋਂ ਬਾਅਦ ਜੇ ਸਰਕਾਰ ਚਾਹੇ ਤਾਂ ਰਿਹਾਅ ਕਰ ਸਕਦੀ ਹੈ। ਪਰ ਇਹ ਸਿੱਖ ਨੌਜਵਾਨ ਅੱਜ ੧੮ ਸਾਲ ਤੋਂ ਲੈ ਕੇ ੨੩ ਸਾਲ ਤੱਕ ਕੈਦ ਭੁਗਤ ਚੁੱਕੇ ਹਨ ਅਤੇ ਇੱਕ ਜਾਂ ਦੋ ਨੂੰ ਛੱਡ ਕਿਸੇ ਵੀ ਨੌਜਵਾਨ ਨੂੰ ਕਦੇ ਪੈਰੌਲ ਜਾਂ ਛੁੱਟੀ ਨਹੀਂ ਦਿੱਤੀ ਗਈ। ਇਸ ਮਰਨ ਵਰਤ ਰਾਂਹੀ ਸਰਦਾਰ ਗੁਰਬਖਸ਼ ਸਿੰਘ ਖਾਲਸਾ, ਪੰਜਾਬ ਸਰਕਾਰ ਜੋ ਕਿ ਸਿੱਖ ਅਕਾਲੀ ਸਰਕਾਰ ਹੈ ਤੇ ਦਬਾਅ ਪਾਉਣਾ ਚਾਹੁੰਦੇ ਹਨ ਭਾਵੇਂ ਕਿ ਇਹਨਾਂ ਸਿੱਖ ਨੌਜਵਾਨਾਂ ਦੀ ਰਿਹਾਈ ਦਾ ਜਿੰਮਾ ਭਾਰਤ ਦੀ ਸਰਕਾਰ ਅਧੀਨ ਹੈ ਨਾ ਕਿ ਪੰਜਾਬ ਸਰਕਾਰ ਅਧੀਨ। ਇਸ ਕਰਕੇ ਪੰਜਾਬ ਸਰਕਾਰ ਭਾਰਤ ਦੀ ਕੇਂਦਰੀ ਸਰਕਾਰ ਨੂੰ ਅਪੀਲ ਹੀ ਕਰ ਸਕਦੀ ਨਾ ਕਿ ਆਪ ਕੋਈ ਕਾਰਵਾਈ ਕਰ ਸਕਦੀ ਹੈ। ਸਰਦਾਰ ਗੁਰਬਖਸ਼ ਸਿੰਘ ਖਾਲਸਾ ਦੀ ਕੁਰਬਾਨੀ ਅਤੇ ਜ਼ਜਬਾਤ ਸਤਿਕਾਰ ਦੇ ਪਾਤਿਰ ਹਨ ਪਰ ਜੋ ਉਪਰਾਲਾ ਇਹਨਾਂ ਨੇ ਸ਼ੁਰੂ ਕੀਤਾ ਹੈ ਇਸ ਅਧੀਨ ਜਾਂ ਇਸ ਦੇ ਆਲੇ ਦੁਆਲੇ ਇਕ ਅਜਿਹਾ ਖਲਾਅ ਹੈ ਜਿਸ ਨੂੰ ਸਿੱਖ ਕੌਮ ਨਾਲ ਸਬੰਧਤ ਉਹ ਸਿੱਖ ਭਰਨ ਜਾਂ ਅਰਥ ਦੇ ਜ਼ਜਬਾਤਾਂ ਨੂੰ ਅਰਥਾਂ ਤੋਂ ਅਲਾਇਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿਹਨਾਂ ਦੀ ਭੂਮਿਕਾ ਸਿੱਖ ਸੰਘਰਸ਼ ਦੌਰਾਨ ਵੀ ਅਜਿਹੀ ਸੀ ਕਿ ਹਜ਼ਾਰਾਂ ਸਿੱਖਾਂ ਦੀਆਂ ਸਹਾਦਤਾਂ ਅਤੇ ਹਜ਼ਾਰਾਂ ਸਿੱਖਾਂ ਦੀਆਂ ਕੈਦਾਂ ਤਾਂ ਹੋਈਆਂ ਪਰ ਸਿੱਖ ਸੰਘਰਸ਼ ਕਿਸੇ ਵੀ ਕਿਨਾਰੇ ਨਹੀਂ ਲੱਗ ਸਕਿਆ ਕਿਉਂਕਿ ਇਹ ਸਿੱਖ ਜੋ ਕਿ ਅੱਡ-ਅੱਡ ਧਿਰਾਂ ਤਾਂ ਜਰੂਰ ਖੜੀਆ ਕਰ ਸਕੇ ਪਰ ਸਮੇਂ ਨੂੰ ਸਮੇਂ ਵਾਂਗ ਪਛਾਣ ਕਰ ਸਕਣ ਵਿਚ ਕਾਮਯਾਬ ਨਹੀਂ ਹੋ ਸਕੇ। ਅੱਜ ਵੀ ਮੁੱਖ ਵਿਸ਼ਾ ਸਰਦਾਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਹੈ ਜੋ ਕਿ ਫਾਂਸੀ ਦੀ ਦਰ ਤੇ ਖੜਾਂ ਹੈ ਪਰ ਉਹ ਇਸ ਮਰਨ ਵਰਤ ਵਲੋਂ ਰੱਖੀਆਂ ਮੰਗਾਂ ਵਿਚੋਂ ਨਹੀਂ ਹੈ ਭਾਵੇਂ ਕਿ ਸਿੱਖ ਕੈਦੀ ਜਿਹਨਾਂ ਦੀ ਰਿਹਾਈ ਮੰਗੀ ਜਾ ਰਹੀ ਹੈ ਠੀਕ ਮੰਗ ਹੈ ਪਰ ਜਿਸ ਫਾਂਸੀ ਦੀ ਸਜ਼ਾ ਬਾਰੇ ਵੱਡੀਆਂ ਅਦਾਲਤਾਂ ਦੇ ਜੱਜ ਅਤੇ ਹੋਰ ਨਾਮਵਾਰ ਕਾਨੂੰਨੀ ਮਾਹਿਰ ਵੀ ਸਿੱਧੇ ਤੌਰ ਤੇ ਕਿੰਤੂ ਉਠਾ ਰਹੇ ਹਨ ਦਾ ਮਰਨ ਵਰਤ ਵਲੋਂ ਰੱਖੀਆਂ ਮੰਗਾਂ ਵਿਚ ਅਹਿਮ ਨਾ ਹੋਣਾ ਇਕ ਵਿਚਾਰ ਵਾਲੀ ਗੱਲ ਹੈ। ਸਰਦਾਰ ਗੁਰਬਖਸ਼ ਸਿੰਘ ਖਾਲਸਾ ਦਾ ਰਾਹ ਜ਼ਜਬਾਤਾਂ ਦੀ ਬਲੀ ਕਿਤੇ ਸ਼ਹੀਦ ਦਰਸ਼ਨ ਸਿੰਘ ਫੈਰੂਮਨ ਵਾਂਗ ਨਾ ਚੜੇ ਇਸ ਲਈ ਇਹ ਜਰੂਰੀ ਹੈ ਕਿ ਜੋ ਵੀ ਪੰਥਕ ਧਿਰਾਂ ਅਤੇ ਸਿੱਖ ਇਸ ਮਰਨ ਵਰਤ ਦੇ ਆਲੇ ਦੁਆਲੇ ਹਨ ਉਹਨਾਂ ਨੂੰ ਇਹ ਜਰੂਰ ਖਿਆਲ ਰੱਖਣਾ ਚਾਹੀਦਾ ਹੈ ਕਿ ਅੱਜ ਸਿੱਖ ਕੌਮ ਨੂੰ ਨਿਰਣੇ ਦੀ ਲੋੜ ਹੈ ਨਾ ਕਿ ਹੋਰ ਸ਼ਹਾਦਤਾਂ ਦੀ। ਇਥੇ ਮੈਨੂੰ ਇਕ ਮੁਸਲਿਮ ਨੌਜਵਾਨ ਸ਼ਾਹਿਦ ਆਜ਼ਮੀ ਦੀ ਯਾਦ ਆਂਉਦੀ ਹੈ ਜੋ ਕਿ ਇਕ ਵਕੀਲ ਸੀ ਅਤੇ ਉਸਨੇ ਕਾਨੂੰਨ ਦੀ ਲੜਾਈ ਇੰਨੀ ਸਮਝ ਅਤੇ ਗਿਆਨ ਨਾਲ ਲੜੀ ਜਿਸ ਕਰਕੇ ਭਾਵੇਂ ਉਸਨੂੰ ਬਹੁਗਿਣਤੀ ਦੇ ਉਬਾਲ ਅਧੀਨ ਗੋਲੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਸ਼ਹੀਦ ਹੋਇਆ ਪਰ ਉਸਨੇ ਆਪਣੇ ੭ ਸਾਲ ਦੇ ਕਾਨੂੰਨੀ ਰਾਹ ਵਿਚ ੧੭ ਬੇਕਸੂਰ ਮੁਸਲਿਮ ਨੌਜ਼ਵਾਨ ਜੋ ਕਿ ਉਮਰਾਂ ਤੋਂ ਕੈਦ ਸਨ ਨੂੰ ਬਰੀ ਕਰਵਾਇਆ ਅਤੇ ਭਾਰਤੀ ਕਾਨੂੰਨ ਨੂੰ ਜੱਜਾਂ ਰਾਂਹੀ ਕਾਨੂੰਨ ਨੂੰ ਇਕ ਬਰਾਬਰ ਅਤੇ ਕਾਨੂੰਨ ਮੁਤਾਬਿਕ ਚੱਲਣ ਲਈ ਮਜਬੂਰ ਕਰ ਦਿਤਾ ਭਾਵੇਂ ਉਹ ਆਪ ੩੨ ਸਾਲ ਦੀ ਉਮਰ ਵਿਚ ਸ਼ਹੀਦ ਹੋ ਗਿਆ ਅਤੇ ਇਹਨਾਂ ੩੨ ਸਾਲਾਂ ਵਿਚ ਉਸ ਨੇ ਆਪ ਵੀ ੭ ਸਾਲ ਕੈਦ ਕੱਟੀ ਭਾਵੇਂ ਉਹ ਬੇਕਸੂਰ ਸੀ ਪਰ ਉਸਨੇ ਆਪਣੇ ਜ਼ਜਬਾਤਾਂ ਨੂੰ ਆਪਣੀ ਸਮਝ ਤੇ ਹਾਵੀ ਨਹੀਂ ਹੋਣ ਦਿਤਾ। ਇਸ ਕਰਕੇ ਇਤਿਹਾਸ ਦੇ ਚਾਨਣ ਵਿਚ ਦੁਬਾਰਾ ਸ਼ਹੀਦ ਦਰਸ਼ਨ ਸਿੰਘ ਫੈਰੂਮਾਨ ਦੀ ਸ਼ਾਖਾ ਨਾ ਦੁਹਰਾਅ ਬੈਠੀਏ ਅਤੇ ਪ੍ਰਾਪਤੀ ਵੀ ਨਾ ਕੋਈ ਕਰ ਸਕੀਏ ਸਗੋਂ ਸ਼ਾਹਿਦ ਆਜ਼ਮੀ ਵਾਂਗ ਇਹਨਾਂ ਦਬਾਅ ਰੱਖੋ ਕਿ ਕਾਨੂੰਨ, ਕਾਨੂੰਨ ਦੇ ਘੇਰੇ ਵਿਚ ਆਵੇ ਅਤੇ ਸਿੱਖ ਕੌਮ ਨੂੰ ਅਰਥਪੂਰਵਿਕ ਰਾਹ ਦਰਸਾਇਆ ਜਾ ਸਕੇ॥