ਅੱਜ ਤੋਂ ਤਿੰਨ ਸਾਲ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਨੇ ਅਰਬ ਦੀ ਦੁਨੀਆਂ ਵਿੱਚ ਆਈ ਤਬਦੀਲੀ ਨਾਲ ਈਜੈਪਟ ਦੇ ਲੰਮਾ ਸਮਾਂ ਰਹੇ ਤਾਨਾਸ਼ਾਹੀ ਸਾਸ਼ਕ ਮੁਬਾਰਕ ਦੇ ਗੱਦੀਉਂ ਲਹਿਣ ਤੋਂ ਬਾਅਦ ਇਹ ਕਿਹਾ ਸੀ ਮਾਨਵਤਾ ਨਾਲ ਪਰੋਈ ਹੋਈ ਸੋਚ ਨੇ ਸਮਾਜ ਵਿੱਚ ਇੱਕ ਨਵੀਂ ਤਬਦੀਲੀ ਸੰਭਵ ਕਰ ਦਿਖਾਈ ਹੈ। ਅਜਿਹੀ ਮਾਨਵਤਾ ਨਾਲ ਪਰੋਈ ਸਮਾਜਕ ਸਮਝ ਭਾਰਤੀ ਸਾਸ਼ਕਾਂ, ਧਾਰਮਿਕ ਤੇ ਸਮਾਜਿਕ ਲੀਡਰਾਂ ਅਤੇ ਬਾਕੀ ਸਮਾਜ ਤੋਂ ਅੱਜ ਵੀ ਕੋਹਾਂ ਦੂਰ ਫਿਰਦੀ ਹੈ। ਭਾਵੇਂ ਕਿ ਅਰਬ ਦੁਨੀਆਂ ਵਿੱਚ ਵੀ ਮਾਨਵਤਾਈ ਸਮਝ ਨਾਲ ਲਿਆਂਦੀ ਤਬਦੀਲੀ ਅਤੇ ਉਸ ਨਾਲ ਬਦਲਿਆ ਰਾਜ-ਭਾਗ ਤਾਨਾਸ਼ਾਹੀ ਮੁਬਾਰਕ ਦੇ ਸ਼ਾਸਨ ਕਾਲ ਨੂੰ ਵੀ ਕੋਹਾਂ ਮੀਲ ਪਿੱਛੇ ਛੱਡ ਗਿਆ ਹੈ ਅਤੇ ਮਾਨਵਤਾਈ ਸਮਝ ਨੂੰ ਬੁਰੀ ਤਰਾਂ ਲਤਾੜਨ ਵਿੱਚ ਮਹਿਫੂਜ਼ ਹੈ। ਜਿਸਦਾ ਸ਼ਿਕਾਰ ਅੱਜ ਈਜੈਪਟ ਦੇ ਵਸਨੀਕ ਆਪਣੇ ਪਿੰਡੇ ਤੇ ਹੰਢਾ ਰਹੇ ਹਨ। ਉਹੀ ਦੁਨੀਆਂ ਜਿਹੜੀ ਕਿ ਮਾਨਵਤਾਈ ਤਬਦੀਲੀ ਨੂੰ ਇੱਕ ਮੀਲ ਪੱਥਰ ਮੰਨ ਰਹੀ ਸੀ ਅੱਜ ਇਸੇ ਈਜੈਪਟ ਦੇ ਸਾਸ਼ਕਾਂ ਵੱਲੋਂ ਕੀਤੇ ਜਾ ਰਹੇ ਮਾਨਵਤਾਈ ਸਮਝ ਦੇ ਕਤਲ ਨੂੰ ਖਾਮੋਸ਼ ਬਣ ਕੇ ਤਾਂ ਦੇਖ ਹੀ ਰਹੀ ਹੈ ਸਗੋਂ ਅੱਖਾਂ ਮੀਚ ਕੇ ਅਜਿਹੇ ਸ਼ਾਸਕਾਂ ਨੂੰ ਆਪਣਾ ਸਾਥੀ ਵੀ ਮੰਨ ਰਹੀ ਹੈ।

ਜਿੱਥੋਂ ਤੱਕ ਭਾਰਤੀ ਸਮਾਜ ਦਾ ਸਬੰਧ ਹੈ ਇਥੇ ਮਾਨਵਤਾਈ ਸੋਚ ਨੂੰ ਪ੍ਰਚਾਰਿਆਂ ਤਾਂ ਬਹੁਤ ਵੱਡੇ ਪੱਧਰ ਤੇ ਜਾਂਦਾ ਹੈ ਅਤੇ ਵਾਰ ਵਾਰ ਦਾਅਵਾ ਵੀ ਕੀਤਾ ਜਾਂਦਾ ਹੈ ਕਿ ਜੋ ਸ਼ਾਸ਼ਕ ਹਨ, ਉਹਨਾਂ ਲਈ ਮਾਨਵਤਾ ਇੱਕ ਆਦਰਸ਼ ਹੈ। ਪਰ ਜੇ ਡੂੰਘਾਈ ਨਾਲ ਭਾਰਤ ਦੀ ਰਾਜਨੀਤੀ ਨੂੰ ਪਿਛਲੇ ੬੮ ਸਾਲਾਂ ਤੋਂ ਗੌਰ ਨਾਲ ਸਮਝਿਆ ਜਾਵੇ ਤਾਂ ਭਾਰਤੀ ਰਾਜਨੀਤੀ ਦਾ ਮੁੱਖ ਉਦੇਸ਼ ਭਾਰਤੀ ਲੋਕਾਂ ਨੂੰ ਅੱਜ ਵੀ ਇੱਕ ਦੂਜੇ ਨਾਲ ਧਰਮ ਦੇ ਵਖਰੇਵੇਂ ਜਾਤ-ਪਾਤ ਦੇ ਨਾਲ ਪਈਆਂ ਵੰਡੀਆਂ ਨੂੰ ਹੋਰ ਵਧਾਉਣਾ ਗਰੀਬੀ ਅਤੇ ਲਾਚਾਰੀ ਨੂੰ ਹੋਰ ਡੂੰਘਾ ਕਰਨਾ ਹੈ ਤਾਂ ਜੋ ਇਨਹਾਂ ਹੁਕਮਰਾਨਾਂ ਦਾ ਰਾਜ ਇਸ ਤਰਾਂ ਦੀ ਭਾਰਤੀ ਰਾਜਨੀਤੀ ਅਧੀਨ ਸਦੀਆਂ ਤੱਕ ਬਣਿਆ ਰਹੇ।

ਇੱਕ ਅਰਬੀ ਲਿਖਾਰੀ ‘ਕਾਵਾਨੀ’ ਨੇ ਜੋ ਕਿ ਨਾਮਵਾਰ ਕਵੀ ਹੈ ਉਸਨੇ ਕਦੇ ਭਾਰਤੀ ਰਾਜਨੀਤੀ ਅਤੇ ਹੋਰ ਮੁਲਕਾਂ ਦੀ ਚੱਲ ਰਹੀ ਰਾਜਨੀਤੀ ਤੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਇਥੇ ਅਜਿਹਾ ਰਾਜ ਹੈ ਜਿਥੇ ਦਾਅਵੇ ਅਤੇ ਲਾਰੇ ਜ਼ਿਆਦਾ ਉੱਚਾ ਦਮ ਰੱਖਦੇ ਹਨ ਨਾ ਕਿ ਸਮਾਜ ਲਈ ਕੋਈ ਉਸਾਰੀਆਂ ਗਈਆਂ ਚੰਗੀਆਂ ਨੀਤੀਆਂ ਜੋ ਵਧ ਰਹੀ ਸਮਾਜਕ ਵੰਡ ਤੇ ਲਚਾਰੀ ਨੂੰ ਸਮੇਟ ਸਕੇ। ਅਜਿਹੇ ਦਿਖਾਵੇ ਅਤੇ ਝੂਠੀਆਂ ਦਿਸ਼ਾਵਾਂ ਅਜਿਹਾ ਵਾਤਾਵਰਣ ਸਿਰਜ ਰਹੀਆਂ ਹਨ ਜਿੱਥੇ ਕਾਨੂੰਨ ਜਨਤਕ ਵਿਚਾਰਾਂ ਤੋਂ ਕੋਹਾਂ ਪਿੱਛੇ ਹੈ ਅਤੇ ਜਨਤਕ ਵਿਚਾਰ ਰੋਜ ਮਰਾ ਦੀਆਂ ਜਿੰਦਗੀ ਦੀਆਂ ਸਚਾਈਆਂ ਤੋਂ ਕੋਰਾ ਹੈ। ਰੋਜਾਨਾ ਅਖਬਾਰਾਂ ਤੇ ਮੀਡੀਆਂ ਵਿੱਚ ਅੱਜ-ਕੱਲ ਜੋ ਵਿਚਾਰ ਪ੍ਰਗਟਾਏ ਜਾ ਰਹੇ ਹਨ ਕਿ ਅੱਜ ਜਨਤਕ ਵਿਚਾਰਾਂ ਅਧੀਨ ਕਨੂੰਨ ਨੂੰ ਪਿੱਛੇ ਛੱਡਦਿਆਂ ਮੁਸਲਮਾਨ ਤਬਕੇ ਨਾਲ ਜੁੜੇ ਲੋਕਾਂ ਨੂੰ ਭਾਵੇਂ ਕਿ ਉਹ ਚੰਗੇ ਪੜੇ ਲਿਖੇ ਤੇ ਸੂਝਵਾਨ ਵੀ ਕਿਉਂ ਨਾ ਹੋਣ ਸਿਵਾਏ ਮੁਸਲਮ ਮੁਹੱਲਿਆਂ ਤੋਂ ਰਹਿਣ ਲਈ ਕੋਈ ਘਰ ਜਾਂ ਕਮਰਾ ਨਹੀਂ ਦਿੰਦਾ। ਜਦਕਿ ਕਨੂੰਨ ਮੁਤਾਬਕ ਅਤੇ ਭਾਰਤੀ ਸੰਵਿਧਾਨ ਮੁਤਾਬਕ ਇਸ ਤਰਾਂ ਦਾ ਵਿਤਕਰਾ ਕਨੂੰਨੀ ਜੁਰਮ ਹੈ ਪਰ ਜਨਤਕ ਵਿਚਾਰ ਇਸਦੀ ਕੋਈ ਕਦਰ ਨਹੀਂ ਸਮਝਦਾ।

ਇਸੇ ਤਰਾਂ ਦੇ ਵਿਤਕਰੇ ਦਾ ਸ਼ਿਕਾਰ ਦਹਾਕਿਆਂ ਪਹਿਲੇ ਸਿੱਖ ਸੰਘਰਸ਼ ਦੌਰਾਨ ਸਿੱਖਾਂ ਨੂੰ ਵੀ ਝੱਲਣਾ ਪਿਆ ਸੀ ਅਤੇ ਉਹਨਾਂ ਨੂੰ ਵੀ ਜਨਤਕ ਵਿਚਾਰਾਂ ਅਧੀਨ ਭਾਰਤ ਸਮਾਜ ਦੀ ਨਾ ਪ੍ਰਵਾਹ ਕਰਦਿਆਂ ਹੋਇਆਂ ਕਿਸੇ ਸਿੱਖ ਨੂੰ ਗੈਰ ਸਿੱਖ ਅਬਾਦੀ ਵਿੱਚ ਘਰ ਜਾਂ ਕਮਰਾ ਲੈਣਾ ਨਾ-ਮੁਮਕਿਨ ਸੀ। ਇਹ ਕਾਨੂੰਨ ਦਾ ਭਾਰਤੀ ਰਾਜਨੀਤੀ ਵਿੱਚ ਜਨਤਕ ਵਿਚਾਰਾਂ ਤੋਂ ਦਬ ਕੇ ਰਹਿਣਾ ਜਾਂ ਉਸਦੇ ਪ੍ਰਭਾਵ ਅਧੀਨ ਰਹਿਣਾ ਅਤੇ ਇਸੇ ਤਰਾਂ ਜਨਤਕ ਵਿਚਾਰਾਂ ਦਾ ਦੁਨਿਆਵੀ ਸੂਝ ਅਤੇ ਮਾਨਵਤਾ ਤੋਂ ਆਪਣੇ ਆਪ ਨੂੰ ਦੂਰ ਰੱਖਣਾ ਦੇਸ਼ ਦੀ ਤਰੱਕੀ ਅਤੇ ਕੀਤੇ ਜਾ ਰਹੇ ਦਾਅਵਿਆਂ ਕਿ ਭਾਰਤ ਦੇਸ਼ ਆਉਣ ਵਾਲੇ ਸਮੇਂ ਵਿੱਚ ਦੁਨੀਆਂ ਦੀ ਤਾਕਤ ਬਣ ਕੇ ਉਭਰੇਗਾ ਇੱਕ ਮ੍ਰਿਗ-ਤ੍ਰਿਸ਼ਨਾ ਤੋਂ ਇਲਾਵਾ ਕੁਝ ਵੀ ਨਹੀਂ। ਇਸਦੀ ਤਾਜ਼ਾ ਉਦਾਹਰਨ ਗਿਆਰਾਂ ਸਤੰਬਰ ਨੂੰ ਭਾਰਤੀ ਪ੍ਰਧਾਨ ਮੰਤਰੀ ਦਾ ਚੰਡੀਗੜ੍ਹ ਦੌਰਾਂ ਦਰਸਾਉਦਾ ਹੈ ਜਿਸ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਦੀ ਆਉ ਭਗਤ ਦੇ ਦੌਰਾਨ ਝੂਠੇ-ਦਾਅਵਿਆਂ ਅਤੇ ਵਿਖਾਵਿਆਂ ਅਧੀਨ ਸਮੁੱਚੇ ਸਕੂਲ ਕਾਲਜ ਤੇ ਸਮੁੱਚੇ ਅਦਾਰਿਆਂ ਦਾ ਜਿੰਨਾ ਦਾ ਜਨਤਾ ਦੀ ਸੇਵਾ ਸੰਭਾਲ ਤੇ ਸੁਵਿਧਾ ਨਾਲ ਸਿੱਧਾ ਸਬੰਧ ਹੈ, ਨੂੰ ਤਾਲੇ ਲਾ ਦਿੱਤੇ ਗਏ। ਇਹ ਚੀਜ਼ ਦਰਸਾਉਂਦੀ ਹੈ ਕਿ ਜਨਤਾ ਦੇ ਚੁਣੇ ਹੋਏ ਜਨਤਕ ਨੁਮਾਇੰਦੇ ਆਪਣੇ ਝੂਠੇ ਲਾਰਿਆਂ ਤੇ ਦਾਅਵਿਆਂ ਕਰਕੇ ਆਪਣੀ ਹੀ ਜਨਤਾ ਤੋਂ ਕਿੰਨੇ ਖੌਫਜ਼ਦਾ ਹਨ ਤੇ ਮਾਨਵਤਾ ਦੇ ਪ੍ਰਛਾਵੇਂ ਤੋਂ ਅੱਜ ਵੀ ਪਰੇ ਹਨ।

ਇਸੇ ਤਰਾਂ ਪਿਛਲੇ ਕੁਝ ਸਮੇਂ ਤੋਂ ਜਨਤਕ ਸਮਝ ਤੋਂ ਵੱਖ ਹੋ ਕੇ ਜਨਤਕ ਵਿਚਾਰਾਂ ਤੋਂ ਬਿਨਾਂ ਮਨਮੱਤ ਨੂੰ ਸਮਰਪਤ ਹੋ ਕੇ ਰੱਖਿਆ ਗਿਆ ਬਾਪੂ ਸੂਰਤ ਸਿੰਘ ਦਾ ਮਰਨ ਵਰਤ ਵੀ ਬਿਨਾਂ ਕਿਸੇ ਕਿਨਾਰੇ ਲੱਗਿਆਂ ਖਿੱਲਰ ਗਿਆ।