੧੯੮੪ ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਨੇ ਪਿਛਲੇ ਇੱਕ ਮਹੀਨੇ ਦੌਰਾਨ ਦੋ ਵਾਰ ਉਸ ਕਤਲੇਆਮ ਵਿੱਚ ਆਪਣੀ ਸ਼ਮੂਲੀਅਤ ਹੋਣੀ ਅਸਿੱਧੇ ਤੌਰ ਤੇ ਕਬੂਲੀ ਹੈ। ਕੁਝ ਦਿਨ ਪਹਿਲਾਂ ਉਸਨੇ ਇੱਕ ਟੀ.ਵੀ. ਚੈਨਲ ਨਾਲ ਮੁਲਾਕਾਤ ਦੌਰਾਨ ਇਹ ਆਖਿਆ ਸੀ ਕਿ ਕਤਲੇਆਮ ਦੇ ਦਿਨਾਂ ਦੌਰਾਨ, ਰਾਜੀਵ ਗਾਂਧੀ ਉਸਦੇ ਨਾਲ ਦਿੱਲੀ ਦੀਆਂ ਸੜਕਾਂ ਤੇ ‘ਮੁਆਇਨਾ’ ਕਰ ਰਿਹਾ ਦੀ। ਹੁਣ ਉਸਨੇ ਇੱਕ ਸਟਿੰਗ ਓਪਰੇਸ਼ਨ ਵਿੱਚ ਇੱਕ ਤਰ੍ਹਾਂ ਨਾਲ ਇਹ ਗੱਲ ਕਬੂਲ ਕਰ ਲਈ ਹੈ ਕਿ, ੧੯੮੪ ਦੇ ਸਿੱਖ ਕਤਲੇਆਮ ਵਿੱਚ ਉਸਦਾ ਵੀ ਹੱਥ ਸੀ।

ਹੁਣੇ ਜਿਹੇ ਸਾਹਮਣੇ ਆਈ ਇਸ ਵੀਡੀਓ ਵਿੱਚ ਜਗਦੀਸ਼ ਟਾਈਟਲਰ, ਜਿੱਥੇ ਮੀਡੀਆ ਦੇ ਖਿਲਾਫ ਕਾਫੀ ਮੰਦੀ ਭਾਸ਼ਾ ਉਗਲ ਰਿਹਾ ਹੈ, ਉਥੇ ਉਹ ਭਾਰਤੀ ਅਦਾਲਤੀ ਢਾਂਚੇ ਵਿੱਚ ਵਿਚਰਦੇ ਆਪਣੇ ਮਿੱਤਰਾਂ ਦੀ ਗੱਲ ਵੀ ਕਰਦਾ ਹੈ। ਉਹ ਵਾਰ ਵਾਰ ਸਿੱਖ ਕਤਲੇਆਮ ਬਾਰੇ ਟਿੱਪਣੀਆਂ ਕਰਦਾ ਵੀ ਨਜ਼ਰ ਆਉਂਦਾ ਹੈ।

ਰਾਜੀਵ ਗਾਂਧੀ ਵਾਲੀ ਗੱਲ ਇਸ ਤੋਂ ਪਹਿਲਾਂ ਕਦੇ ਵੀ ਉਸਦੇ ਮੂੰਹ ਤੋਂ ਨਹੀ ਸੀ ਸੁਣੀ ਅਤੇ ਕਿਸੇ ਜਾਂਚ ਰਿਪੋਰਟ ਵਿੱਚ ਵੀ ਸਾਹਮਣੇ ਨਹੀ ਆਈ। ਹੁਣ ਰਾਜੀਵ ਗਾਂਧੀ ਵਾਲੀ ਗੱਲ ਉਛਾਲ ਕੇ ਜਗਦੀਸ਼ ਟਾਈਟਲਰ ਕੀ ਸਿੱਧ ਕਰਨਾ ਚਾਹੁੰਦਾ ਹੈ? ਇੱਕ ਤਾਂ ਹੋ ਸਕਦਾ ਹੈ ਕਿ ਉਹ ਇਹ ਸੰਦੇਸ਼ ਦੇਣ ਦਾ ਯਤਨ ਕਰ ਰਿਹਾ ਹੋਵੇ ਕਿ, ਅਸਲ ਵਿੱਚ ਰਾਜੀਵ ਗਾਂਧੀ, ਕਤਲੇਆਮ ਨੂੰ ਰੋਕਣ ਦਾ ਯਤਨ ਕਰ ਰਿਹਾ ਸੀ। ਦੂਜਾ ਉਹ ਇਹ ਚਾਹੁੰਦਾ ਹੋਵੇ ਕਿ ਜੇ ਉਸਨੂੰ ਕਿਸੇ ਨੇ ਕੇਸਾਂ ਵਿੱਚ ਉਲਝਾਉਣ ਦਾ ਯਤਨ ਕੀਤਾ ਤਾਂ ਉਹ ਰਾਜੀਵ ਗਾਂਧੀ ਨੂੰ ਵੀ ਇਸ ਝੰਜਟ ਵਿੱਚ ਲਪੇਟ ਲਵੇਗਾ।

ਇਸ ਸਭ ਕਾਸੇ ਦਾ ਇੱਕ ਦਰਦਨਾਕ ਪਹਿਲੂ ਇਹ ਹੈ ਕਿ ਭਾਰਤੀ ਸਟੇਟ ਜੋ ਆਪਣੇ ਆਪ ਨੂੰ ਜਮਹੂਰੀ ਸਟੇਟ ਅਖਵਾਉਂਦੀ ਨਹੀ ਥੱਕਦੀ, ਉਸਦਾ ਕੋਈ ਵੀ ਅੰਗ ਅਜਿਹੇ ਦਰਦਨਾਕ ਖੁਲਾਸਿਆਂ ਤੋਂ ਬਾਅਦ ਵੀ ਹਰਕਤ ਕਰਦਾ ਨਜ਼ਰ ਨਹੀ ਆਉਂਦਾ। ਕਿਸੇ ਅਦਾਲਤ ਦੇ ਕੰਨਾਂ ਤੇ ਜੂੰਅ ਨਹੀ ਸਰਕਦੀ ਅਤੇ ਸਿੱਖਾਂ ਦੀਆਂ ਪੁਲਿਸ ਹਿਰਾਸਤ ਵਿੱਚੋਂ ਲਈਆਂ ਵੀਡੀਓਜ਼ ਪ੍ਰਸਾਰਤ ਕਰਨ ਵਾਲੇ ਕਿਸੇ ਮੀਡੀਆ ਚੈਨਲ ਨੂੰ ਇਸ ਗੱਲ ਨੇ ਤੰਗ ਨਹੀ ਕੀਤਾ ਕਿ ਇੱਕ ਦੋਸ਼ੀ ਆਪਣੇ ਗੁਨਾਹ ਕਬੂਲ ਰਿਹਾ ਹੈ ਉਸ ਖਿਲਾਫ ਮੁਹਿੰਮ ਚਲਾਈ ਜਾਵੇ।

੧੯੮੪ ਦਾ ਕਤਲੇਆਮ ਭਾਰਤੀ ਸਟੇਟ ਵੱਲ਼ੋਂ ਆਪਣੀ ਦੇਖ ਰੇਖ ਹੇਠ ਕਰਵਾਇਆ ਗਿਆ ਸੀ। ਇਸ ਵਿੱਚ ਭਾਰਤੀ ਫੌਜ, ਪੁਲਿਸ, ਸੂਹੀਆ ਵਿੰਗ,ਅਦਾਲਤਾਂ ਅਤੇ ਮੀਡੀਆ ਸਭ ਸ਼ਾਮਲ ਸਨ। ਇਸੇ ਲਈ ਹੁਣ ਤੱਕ ਹਰ ਕਦਮ ਤੇ ਉਸ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ।

ਉਸ ਦੇਸ਼ ਵਿੱਚ ਜਾਂਚ ਏਜੰਸੀਆਂ ਦਾ ਮਤਲਬ ਸਿੱਖਾਂ ਦੇ ਖਿਲਾਫ ਘਟੀਆ ਕਿਸਮ ਦੀ ਇਲਜ਼ਾਮਤਰਾਸ਼ੀ ਕਰਨਾ ਹੈ। ਸਿੱਖਾਂ ਦੇ ਕਤਲ ਉਸ ਸਿਸਟਮ ਵਿੱਚ ਸਹੀ ਮੰਨੇ ਜਾਂਦੇ ਹਨ ਅਤੇ ਈਲੀਟ ਵਰਗ ਤੋਂ ਲੈਕੇ ਹੇਠਲੇ ਵਰਗ ਦੇ ਹਰ ਸੱਜਣ ਤੱਕ ਇਸ ਕਤਲੇਆਮ ਨੂੰ ਜਾਇਜ ਠਹਿਰਾਉਂਦੇ ਹਨ। ਇਹੋ ਹੀ ਨਹੀ ਹੁਣ ਵੀ ਜਦੋਂ ਦਿੱਲੀ ਵਿੱਚ ਕਦੇ ਹਿੰਦੂ ਸਿੱਖਾਂ ਦਰਮਿਆਨ ਕੋਈ ਝੜਪ ਹੋ ਜਾਂਦੀ ਹੈ ਤਾਂ ਅਕਸਰ ਸਿੱਖਾਂ ਨੂੰ ਇਹ ਧਮਕੀ ਦਿੱਤੀ ਜਾਂਦੀ ਹੈ ਕਿ,੧੯੮੪ ਇੱਕ ਵਾਰ ਫਿਰ ਦੁਹਰਾ ਦਿਆਂਗੇ।

ਅਸੀਂ ਸਮਝਦੇ ਹਾਂ ਕਿ ਹੁਣ ਤੱਕ ੧੯੮੪ ਦੇ ਸਿੱਖ ਕਤਲੇਆਮ ਦੀ ਜਾਂਚ ਪੜਤਾਲ ਕਰਨ ਲਈ ਜਿੰਨੇ ਵੀ ਕਮਿਸ਼ਨ ਬਣੇ ਹਨ ਜਾਂ ਅਦਾਲਤਾਂ ਵਿੱਚ ਕੇਸ ਚੱਲ ਰਹੇ ਹਨ ਉਹ ਸਿਰਫ, ‘ਕਵਰਅੱਪ ਓਪਰੇਸ਼ਨ’ ਹੀ ਹਨ। ਉਸ ਕਤਲੇਆਮ ਵਿੱਚ ਸਮੁੱਚੀ ਭਾਰਤੀ ਸਟੇਟ ਸ਼ਾਮਲ ਹੈ ਇਸੇ ਲਈ ਵਿਰੋਧੀ ਪਾਰਟੀ ਦੀਆਂ ਸਰਕਾਰਾਂ ਆਉਣ ਦੇ ਬਾਵਜੂਦ ਵੀ ਜਗਦੀਸ਼ ਟਾਈਟਲਰ ਅਤੇ ਹੋਰ ਦੋਸ਼ੀਆਂ ਦੇ ਖਿਲਾਫ ਕਦੇ ਵੀ ਜਾਂਚ ਪੜਤਾਲ ਤੇਜ਼ ਨਹੀ ਹੁੰਦੀ, ਸਗੋਂ ਦੋਸ਼ੀਆਂ ਨੂੰ ਸਮਾਂ ਅਤੇ ਸ਼ਕਤੀ ਦਿੱਤੀ ਜਾਂਦੀ ਹੈ ਕਿ ਉਹ ਹੁਣ ਤੱਕ ਜਿੰਦਾ ਰਹਿ ਗਏ ਗਵਾਹਾਂ ਨੂੰ ਪੁਲਿਸ ਦੀ ਮਦਦ ਨਾਲ ਡਰਾ ਧਮਕਾ ਕੇ, ਆਪਣੇ ਹੱਕ ਵਿੱਚ ਹਲਫਨਾਮੇ ਲੈ ਲੈਣ। ੧੯੮੪ ਦਾ ਸਿੱਖ ਕਤਲੇਆਮ ਅਜ਼ਾਦ ਭਾਰਤ ਦੇ ਇਤਿਹਾਸ ਵਿੱਚ ਹਮੇਸ਼ਾ ਇੱਕ ਕਾਲੇ ਧੱਬੇ ਵਾਂਗ ਰਹੇਗਾ ਅਤੇ ੧੯੮੪ ਦੇ ਸਮੁੱਚੇ ਵਰਤਾਰੇ ਨੂੰ ਸਹੀ ਢੰਗ ਨਾਲ ਸੰਬੋਧਿਤ ਹੋਣ ਤੋਂ ਬਿਨਾ ਭਾਰਤ ਦੇ ਦਿੱਸਹੱਦਿਆਂ ਤੇ ਛਾਈ ਧੁੰਦ ਮਿਟ ਨਹੀ ਸਕੇਗੀ।