ਹਿੰਦੂ ਮੀਡੀਆ ਨੂੰ ਅੱਜਕੱਲ਼੍ਹ ਮਨੁੱਖੀ ਅਧਿਕਾਰਾਂ ਦਾ ਬੁਖਾਰ ਚੜ੍ਹਿਆ ਹੋਇਆ ਹੈ। ਬਹੁਤ ਦੇਰ ਬਾਅਦ ਭਾਰਤੀ ਮੀਡੀਆ ਦੇ ਮੂੰਹ ਵਿੱਚੋਂ ਮਨੁੱਖੀ ਅਧਿਕਾਰਾਂ ਦੀ ਗੱਲ ਸੁਣਨ ਨੂੰ ਮਿਲੀ ਹੈ। ਨਹੀ ਤਾਂ ਇਸਦਾ ਸਮੁੱਚਾ ਜੋਰ ਹੀ ਵੱਖ ਵੱਖ ਕੌਮਾਂ ਦੇ ਮਨੁੱਖੀ ਹੱਕਾਂ ਦਾ ਘਾਣ ਕਰਨ ਤੇ ਲੱਗਾ ਰਹਿੰਦਾ ਹੈ। ਦਿਨੇ ਰਾਤ ਇਹ ਮੀਡੀਆ ਜਿਸ ਤਰ੍ਹਾਂ ਸ਼ਬਦਾਂ ਰਾਹੀਂ ਛੋਟੀਆਂ ਕੌਮਾਂ ਦਾ ਕਤਲੇਆਮ ਕਰਦਾ ਹੈ ਉਸ ਦੇ ਮੱਦੇਨਜ਼ਰ ਇਸ ਦੇ ਮੂੰਹ ਵਿੱਚੋਂ ਮਨੁੱਖੀ ਅਧਿਕਾਰਾਂ ਦੀ ਗੱਲ ਕੁਝ ਅਚੰਭਾਜਨਕ ਜਿਹੀ ਲੱਗ ਰਹੀ ਸੀ।

ਹੋਇਆ ਇਹ ਕਿ ਭਾਰਤ ਦੇ ਇਕ ਜਸੂਸ ਕਲਭੂਸ਼ਣ ਯਾਦਵ ਨੂੰ ਮਿਲਣ ਲਈ ਉਸਦੀ ਮਾਂ ਤੇ ਪਤਨੀ ਪਾਕਿਸਤਾਨ ਦੀ ਜੇਲ਼੍ਹ ਵਿੱਚ ਗਈਆਂ। ਸੁਰੱਖਿਆ ਕਾਰਨਾਂ ਕਰਕੇ ਜਾਂ ਕਹਿ ਲਵੋ ਕਿ ਉਨ੍ਹਾਂ ਨੂੰ ਤੰਗ ਕਰਨ ਲਈ ਪਾਕਿਸਤਾਨੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਆਪਣੀਆਂ ਬਿੰਦੀਆਂ ਵਗੈਰਾ ਉਤਾਰਨ ਲਈ ਆਖਿਆ ਅਤੇ ਸਾੜ੍ਹੀ ਦੀ ਜਗਾ ਸਲਵਾਰ ਕਮੀਜ਼ ਪਾਉਣ ਲਈ ਵੀ ਆਖ ਦਿੱਤਾ।

ਵੈਸੇ ਪਾਕਿਸਤਾਨੀ ਅਧਿਕਾਰੀਆਂ ਦੀ ਇਸ ਕਾਰਵਾਈ ਨੂੰ ਬਿਲਕੁਲ ਵੀ ਜਾਇਜ ਨਹੀ ਠਹਿਰਾਇਆ ਜਾ ਸਕਦਾ, ਕਿਉਂਕਿ ਕਿਸੇ ਔਰਤ ਦਾ ਮਾਨ-ਸਨਮਾਨ ਕਾਇਮ ਰੱਖਣਾਂ ਹਰ ਜਿੰਮੇਵਾਰ ਸਰਕਾਰ ਦਾ ਫਰਜ਼ ਹੁੰਦਾ ਹੈ। ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੀਆਂ ਕੌਮਾਂਤਰੀ ਸੰਧੀਆਂ ਤੇ ਜਿਨ੍ਹਾਂ ਸਰਕਾਰਾਂ ਨੇ ਸਮੇਤ ਭਾਰਤ ਦੇ ਦਸਤਖਤ ਕੀਤੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ, ਇਨ੍ਹਾਂ ਮਨੁੱਖੀ ਅਧਿਕਾਰਾਂ ਨੂੰ, ਉਨ੍ਹਾਂ ਦੀ ਸ਼ੁੱਧ ਭਾਵਨਾ ਅਧੀਨ ਹੀ ਸੁਰੱਖਿਅਤ ਰੱਖਣ।

ਪਰ ਭਾਰਤੀ ਮੀਡੀਆ ਨੇ ਇਸ ਮਾਮਲੇ ਤੇ ਜਿੰਨਾ ਰੌਲਾ ਪਾਇਆ। ਅਤੇ ਜਿਵੇਂ ਵਾਰ ਵਾਰ ਪਾਕਿਸਤਾਨ ਨੂੰ ਜਨੇਵਾ ਕਨਵੈਨਸ਼ਨ ਦੀ ਯਾਦ ਦਿਵਾਈ ਉਸ ਤੇ ਬੜੀ ਹੈਰਾਨੀ ਹੋ ਰਹੀ ਸੀ।

ਭਾਰਤੀ ਮੀਡੀਆ ਨੂੰ ਕਲਭੂਸ਼ਣ ਯਾਦਵ ਦੀ ਮਾਂ ਅਤੇ ਪਤਨੀ ਨਾਲ ਹੋਇਆ ਸਲੂਕ ਤਾਂ ਨਜ਼ਰੀ ਆ ਗਿਆ ਪਰ ਉਸਦੇ ਆਪਣੇ ਮੁਲਕ ਦੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਪੰਜਾਬ ਵਿੱਚ ਸਿੱਖਾਂ ਅਤੇ ਸਿੱਖ ਬੀਬੀਆਂ ਦੀ ਕਿਸ ਤਰ੍ਹਾਂ ਬੇਪਤੀ ਕਰ ਰਹੀਆਂ ਹਨ ਇਸ ਬਾਰੇ ਭਾਰਤੀ ਮੀਡੀਆ ਨੇ ਕਦੇ ਵੀ ਅਵਾਜ਼ ਨਹੀ ਉਠਾਈ। ਪਾਕਿਸਤਾਨ ਬਾਰੇ ਤਾਂ ਆਖਿਆ ਜਾ ਸਕਦਾ ਹੈ ਕਿ ਉਹ ਇੱਕ ਵਿਰੋਧੀ ਮੁਲਕ ਹੈ ਅਤੇ ਉਸਨੇ ਅਜਿਹਾ ਕਰਨਾ ਹੀ ਸੀ ਪਰ ਭਾਰਤ ਵਿੱਚ ਸਿੱਖ ਬੀਬੀਆਂ ਨਾਲ ਥਾਣਿਆਂ ਵਿੱਚ ਜੋ ਵਿਹਾਰ ਕੀਤਾ ਜਾਂਦਾ ਹੈ ਉਹ ਪਾਕਿਸਤਾਨ ਦੀ ਘਟੀਆ ਕਾਰਵਾਈ ਨਾਲ਼ੋਂ ਵੀ ਬਦਤਰ ਹੈ। ਪਾਕਿਸਤਾਨ ਨੇ ਤਾਂ ਉਨ੍ਹਾਂ ਦੋਵਾਂ ਬੀਬੀਆਂ ਨੂੰ ਪਾਉਣ ਲਈ ਕੱਪੜੇ ਮਹੱਈਆ ਕਰਵਾ ਦਿੱਤੇ ਪਰ ਪੰਜਾਬ ਵਿੱਚ ਅਜਿਹੇ ਦਰਦਨਾਕ ਸਾਕੇ ਹੋਏ ਹਨ ਕਿ ਮਹੀਨਿਆਂ ਬੱਧੀ ਸਿੱਖ ਬੀਬੀਆਂ ਨ ਕੜਕਦੀ ਠੰਢ ਵਿੱਚ … ਰੱਖਕੇ ਤਸ਼ੱਦਦ ਕੀਤਾ ਜਾਂਦਾ ਰਿਹਾ। ਪਿਤਾ ਅਤੇ ਭਰਾ ਦੇ ਸਾਹਮਣੇ ਸਿੱਖ ਬੱਚੀਆਂ ਦੀ ਬੇਇਜ਼ਤੀ ਕੀਤੀ ਜਾਂਦੀ ਰਹੀ ਉਸ ਵੇਲੇ ਤਾਂ ਕਿਸੇ ਭਾਰਤੀ ਮੀਡੀਆ ਨੂੰ ਜਨੇਵਾ ਕਨਵੈਨਸ਼ਨ ਦੀ ਯਾਦ ਨਹੀ ਆਈ ਅਤੇ ਨਾ ਹੀ ਮਨੁੱਖੀ ਅਧਿਕਾਰਾਂ ਦੀ ਯਾਦ ਆਈ।

ਜੇ ਭਾਰਤੀ ਸਟੇਟ ਸਿੱਖਾਂ ਤੇ ਤਸ਼ੱਦਦ ਕਰਦੀ ਹੈ ਤਾਂ ਉਸਨੂੰ ਪਰਵਾਨਯੋਗ ਸਮਝਿਆ ਜਾਂਦਾ ਹੈ ਪਰ ਜੇ ਕੋਈ ਹੋਰ ਮੁਲਕ ਭਾਰਤੀ ਨਾਗਰਿਕਾਂ ਤੇ ਤਸ਼ੱਦਦ ਕਰਦਾ ਹੈ ਤਾਂ ਮਨੁੱਖੀ ਹੱਕਾਂ ਦਾ ਰੌਲਾ ਪਾ ਲਿਆ ਜਾਂਦਾ ਹੈ। ਭਾਰਤੀ ਮੀਡੀਆ ਅਤੇ ਅਦਾਲਤਾਂ ਦੇ ਸਾਹਮਣੇ ਇੱਕ ਬਰਤਾਨਵੀ ਨੌਜਵਾਨ ਨੂੰ ਪਿਛਲੇ ਦੋ ਮਹੀਨਿਆਂ ਤੋਂ ਗ੍ਰਿਫਤਾਰ ਕੀਤਾ ਹੋਇਆ ਹੈ ਪਰ ਹਾਲੇ ਤੱਕ ਵੀ ਉਸਦੇ ਸਫਾਰਤਖਾਨੇ ਦੇ ਅਧਿਕਾਰੀਆਂ ਨੂੰ ਅਜ਼ਾਦਾਨਾ ਤੌਰ ਤੇ ਮਿਲਣ ਨਹੀ ਦਿੱਤਾ ਜਾ ਰਿਹਾ।

ਜਿਸ ਬੇਕਿਰਕੀ ਨਾਲ ਉਸ ਨੌਜਵਾਨ ਅਤੇ ਹੋਰਨਾ ਸਿੱਖ ਨੌਜਵਾਨਾਂ ਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਉਸਦੀ ਖਬਰ ਮਨੁੱਖੀ ਅਧਿਕਾਰਾਂ ਦੇ ਇਨ੍ਹਾਂ ਅਲੰਬਰਦਾਰਾਂ ਨੂੰ ਨਹੀ ਮਿਲਦੀ।

ਉਹ ਜਿਹੜੇ ਮਾਪਦੰਡ ਸਿੱਖਾਂ ਦੇ ਖਿਲਾਫ ਵਰਤਦੇ ਉਹ ਪਰਵਾਨਯੋਗ ਸਮਝੇ ਜਾਂਦੇ ਹਨ ਪਰ ਆਪਣੇ ਖਾਸ ਬੰਦਿਆਂ ਨੂੰ ਉਨ੍ਹਾਂ ਮਾਪਦੰਡਾਂ ਤੋਂ ਮੁਕਤ ਰੱਖਣਾਂ ਚਾਹੁੰਦੇ ਹਨ। ਭਾਰਤੀ ਮੀਡੀਆ ਦੀ ਇਸ ਦੋਗਲੀ ਨੀਤੀ ਨੂੰ ਬੇਪਰਦ ਕਰਨ ਦੀ ਲੋੜ ਹੈ।