Read this article in English by subscribing to naujawani
ਅੱਜਕੱਲ੍ਹ ਪੰਜਾਬ ਵਿੱਚ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸਬੰਧਿਤ ਕੁਝ ਵਸਤਾਂ ਸਿੱਖ ਸੰਗਤਾਂ ਦੇ ਦਰਸ਼ਨਾਂ ਲਈ ਪੇਸ਼ ਕੀਤੀਆਂ ਜਾ ਰਹੀਆਂ ਹਨ। ਹਜਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਇਨ੍ਹਾਂ ਦੁਰਲੱਭ ਨਿਸ਼ਾਨੀਆਂ ਦੇ ਦਰਸ਼ਨ ਕਰ ਰਹੀਆਂ ਹਨ। ਹਰ ਸ਼ਹਿਰ ਹਰ ਕਸਬੇ ਵਿੱਚ ਸਿੱਖ ਸੰਗਤਾਂ ਹੁੰਮ ਹੁੰਮਾ ਕੇ ਇਨ੍ਹਾਂ ਕੀਮਤੀ ਨਿਸ਼ਾਨੀਆਂ ਦੇ ਦਰਸ਼ਨਾਂ ਲਈ ਆਉਂਦੀਆਂ ਹਨ, ਆਪਣੀ ਸ਼ਰਧਾ ਨੂੰ ਅਰਪਨ ਕਰਦੀਆਂ ਹਨ ਅਤੇ ਗੁਰੂ ਸਾਹਿਬ ਦੀਆਂ ਅਸੀਸਾਂ ਅਤੇ ਬਖਸ਼ਿਸਾਂ ਦੇ ਪਾਤਰ ਬਣਦੇ ਹਨ। ਇਹ ਰੁਹਾਨੀ ਧਾਰਮਿਕ ਸ਼ਰਧਾ ਸਿੱਖਾਂ ਦੀ ਜਿੰਦਗੀ ਦੇ ਦੋ ਪੱਖਾਂ ਨੂੰ ਰੁਸ਼ਨਾਉਂਦੀ ਹੈ। ਇੱਕ ਤਾਂ ਇਹ ਸਿੱਖਾਂ ਦੀ ਸ਼ਖਸ਼ੀ ਜਿੰਦਗੀ ਨੂੰ ਰੁਹਾਨੀ ਅਤੇ ਪਵਿੱਤਰ ਬਣਾਉਣ ਦਾ ਕਾਰਨ ਬਣਦੀ ਹੈ ਅਤੇ ਦੂਜਾ ਸਿੱਖਾਂ ਦੀਆਂ ਸਾਂਝੀਆਂ ਕੌਮੀ ਯਾਦਾਂ ਨੂੰ ਮੁੜ ਤੋਂ ਸੁਰਜੀਤ ਕਰਦੀਆਂ ਹਨ।
ਸੱਚਾ ਸੁੱਚਾ, ਰੁਹਾਨੀ ਅਤੇ ਨਿਰਦੋਸ਼ ਜੀਵਨ ਹੀ ਕਿਸੇ ਕੌਮ ਦੇ ਜੀਵਨ ਨੂੰ ਪਦਾਰਥਵਾਦ ਦੇ ਝੱਖੜਾਂ ਤੋਂ ਬਚਾ ਕੇ ਇੱਕ ਨਵੀਂ ਸੁੱਚੀ ਅਤੇ ਅਮੋਲਕ ਦਾਤ ਬਖਸ਼ਦਾ ਹੈ। ਸੱਚਾ ਸੁੱਚਾ ਅਤੇ ਉਚੇ ਕਿਰਦਾਰ ਵਾਲਾ ਜੀਵਨ ਕੌਮ ਨੂੰ ਆਪਣੇ ਅਤੀਤ ਦੇ ਸੁਨਹਿਰੀ ਕਾਲ ਨਾਲ ਜੋੜ ਕੇ ਰੱਖਦਾ ਹੈ। ਜੇ ਕੌਮ ਦਾ ਨਿੱਜੀ ਜੀਵਨ ਹੀ ਭਰਿਸ਼ਟ ਹੋ ਜਾਵੇ ਤਾਂ ਕੌਮ ਦੇ ਭਵਿੱਖ ਲਈ ਵੱਡੀਆਂ ਚੁਣੌਤੀਆਂ ਦਾ ਸਬੱਬ ਬਣ ਜਾਂਦਾ ਹੈ। ਆਪਣੇ ਅਤੀਤ ਤੋਂ ਟੁੱਟ ਕੇ ਕੌਮ ਕਿਸੇ ਤੇ ਨਿਰਭਰ ਹੋ ਜਾਂਦੀ ਹੈ, ਜੋ ਉਸ ਲਈ ਬਹੁਤ ਜਿਆਦਾ ਨੁਕਸਾਨਦੇਹ ਬਣ ਜਾਂਦਾ ਹੈ।
ਆਪਣੀਆਂ ਕੌਮੀ ਯਾਦਾਂ ਨਾਲ ਬਣੀ ਸਾਂਝ ਕਿਸੇ ਵੀ ਕੌਮ ਦੀ ਸਿਆਸੀ ਅਜ਼ਾਦੀ ਦਾ ਸਭ ਤੋਂ ਵੱਡਾ ਕਾਰਨ ਅਤੇ ਸਰੋਤ ਬਣਦੀ ਹੈ ਅਤੇ ਉਸਦੇ ਕੌਮਵਾਦ ਨੂੰ ਕੌਮ ਦੇ ਹਿਰਦੇ ਵਿੱਚ ਜਗਦਾ ਰੱਖਦੀ ਹੈ। ਯਹੂਦੀਆਂ ਦਾ ਕੌਮਵਾਦ ਲਗਭਗ ੨ ਹਜਾਰ ਸਾਲ ਤੱਕ ਸੁੱਤਾ ਰਿਹਾ ਪਰ ੨ ਹਜਾਰ ਸਾਲ ਤੋਂ ਬਾਅਦ ਜਦੋਂ ਉਸ ਨੇ ਅੱਖ ਭੰਨੀ ਤਾਂ ਸਭ ਤੋਂ ਪਹਿਲਾਂ ਆਪਣੀ ਕੌਮੀ ਵਿਰਾਸਤ ਵੱਲ ਮੁੜ ਕੇ ਆਪਣੇ ਆਪ ਨੂੰ ਅਜ਼ਾਦੀ ਅਤੇ ਮੁਕਤੀ ਲਈ ਤਿਆਰ ਕੀਤਾ।
ਯਹੂਦੀਆਂ ਦੀ ਅਜ਼ਾਦੀ ਦੀ ਮਿੱਥ ਅਤੇ ਉਸਦੀਆਂ ਸਾਂਝੀਆਂ ਕੌਮੀ ਯਾਦਾਂ ਅਤੇ ਇਤਿਹਾਸ ਦੇ ਸੁਨਹਿਰੇ ਕਾਲ (Golden Age) ਨਾਲ ਰਿਸ਼ਤਾ ਦੋ ਪਾਸੜ ਬਣਦਾ ਹੈ। ਇੱਕ ਪਾਸੇ ਯਹੂਦੀਆਂ ਦੀ ਸਾਂਝੀ ਯਾਦ ਵਿੱਚ ਇਸ ਕੌਮੀ ਵਿਰਾਸਤ ਦੇ ਬੀਜ ਪਏ ਹਨ ਕਿ ਉਸ ਕੌਮ ਨੂੰ ਪ੍ਰਮਾਤਮਾਂ ਵੱਲ਼ੋਂ ਸਾਜਿਆ ਗਿਆ ਹੈ, ਕਿ ਉਹ ਪ੍ਰਮਾਤਮਾਂ ਵੱਲ਼ੋਂ ਚੁਣੇ ਗਏ (Chosen People) ਹਨ। ਦੂਜੇ ਪਾਸੇ ਆਪਣੇ ਕੌਮੀ ਘਰ (Homeland) ਨਾਲ ਜੁੜੀਆਂ ਯਾਦਾਂ ਦੇ ਇਤਿਹਾਸਕ ਭੰਡਾਰ ਨਾਲ ਗੂੜ੍ਹਾ ਰਿਸ਼ਤਾ ਯਹੂਦੀਆਂ ਦੀ ੨ ਹਜਾਰ ਸਾਲਾਂ ਦੀ ਕੌਮੀ ਨੀਂਦ ਨੂੰ ਤੋੜਨ ਅਤੇ ਅਜ਼ਾਦ ਮੁਲਕ ਦੇ ਸ਼ਹਿਰੀ ਹੋਣ ਲਈ ਵੱਡਾ ਕੇਂਦਰੀ ਨੁਕਤਾ ਰਿਹਾ ਹੈ।
ਕਿਸੇ ਕੌਮ ਵਿੱਚ ਅਜਿਹੀਆਂ ਸਾਂਝੀਆਂ ਯਾਦਾਂ ਦਾ ਚਸਮਾਂ ਫੁੱਟਣ ਦੇ ਦੋ ਕੇਂਦਰੀ ਨੁਕਤੇ ਹੁੰਦੇ ਹਨ। ਇਸ ਵਰਤਾਰੇ ਦਾ ਪਹਿਲਾ ਭਾਗ ਕੌਮ ਵੱਲ਼ੋਂ ਹੰਢਾਈਆਂ ਕੌਮੀ ਪੀੜਾਂ, ਦੁਖ ਦਰਦ ਅਤੇ ਹਾਰਾਂ ਨਾਲ ਜੁੜਿਆ ਹੁੰਦਾ ਹੈ। ਜਿਸ ਨੂੰ ਅੰਗਰੇਜ਼ੀ ਵਿੱਚ The experience of catastrophe and trauma ਦੇ ਨਾਲ ਜਾਣਿਆਂ ਜਾਂਦਾ ਹੈ। ਇਸ ਕੌਮੀ ਜਾਗਰਤੀ ਦਾ ਦੂਜਾ ਭਾਗ ਸਕਾਰਤਮਕ ਹੁੰਦਾ ਹੈ। ਕੌਮੀ ਯਾਦਾਂ ਦਾ ਇਹ ਹਿੱਸਾ ਸਾਂਝੀ ਕਾਰਵਾਈ ਲਈ ਸਹਾਇਕ ਬਣਨ ਵਾਲੇ ਤੱਤਾਂ (The provision of channels and vehicles of collective action) ਦਾ ਹੁੰਦਾ ਹੈ। ਕੌਮਾਂ ਦਾ ਦਰਦ ਸਿਰਫ ਕਿਸੇ ਬੇਸ਼ਕੀਮਤੀ ਸ਼ੈਅ ਜਾਂ ਵਰਤਾਰੇ ਦੇ ਗੁਆਚ ਜਾਣ ਦਾ ਹੀ ਨਹੀ ਹੁੰਦਾ ਬਲਕਿ ਉਸ ਗਦਾਰੀ ਦਾ ਵੀ ਹੁੰਦਾ ਹੈ ਜੋ ਕੌਮ ਦੇ ਆਪਣੇ ਹੀ ਕੁਝ ਲੋਕਾਂ ਨੇ ਕੌਮ ਨਾਲ ਕੀਤੀ ਹੁੰਦੀ ਹੈ। ਯੂਨਾਨੀ ਅਤੇ ਅਰਮੀਨੀਆਈ ਕੌਮ ਦਾ ਦਰਦ ਵੀ ਯਹੂਦੀਆਂ ਵਾਂਗ ਉਨ੍ਹਾਂ ਦੇ ਸਤਿਕਾਰਯੋਗ ਅਤੇ ਬੇਸ਼ਕੀਮਤੀ ਸੁਨਹਿਰੇ ਯੁਗ ਦੇ ਗਵਾਚ ਜਾਣ ਨਾਲ ਹੀ ਨਹੀ ਜੁੜਿਆ ਹੋਇਆ ਬਲਕਿ ਆਪਣੀ ਹੀ ਕੌਮ ਦੇ ਉਨ੍ਹਾਂ ਲੋਕਾਂ ਦੀ ਗਦਾਰੀ ਨਾਲ ਵੀ ਜੁੜਿਆ ਹੋਇਆ ਹੈ ਜੋ ਉਨ੍ਹਾਂ ਨੂੰ ਇਸਲਾਮ ਅਤੇ ਓਟੋਮਨ ਰਾਜਕਾਲ ਦੇ ਜੂਲੇ ਵਿੱਚੋਂ ਅਜ਼ਾਦ ਕਰਵਾਉਣ ਤੋਂ ਮੂੰਹ ਮੋੜ ਗਏ ਸਨ।
ਅਸੀਂ ਸਮਝਦੇ ਹਾਂ ਕਿ ਸਿੱਖਾਂ ਦਾ ਆਪਣੀਆਂ ਸਾਂਝੀਆਂ ਕੌਮੀ ਯਾਦਾਂ ਨਾਲ ਰਿਸ਼ਤਾ, ਆਪਣੇ ਕੌਮੀ ਘਰ ਹੋਮਲੈਡ ਨਾਲ ਉਨ੍ਹਾਂ ਦੀ ਸਾਂਝ ਅਤੇ ਸਭ ਤੋਂ ਵਧਕੇ ਯਹੂਦੀਆਂ ਵਾਂਗ ਉਨ੍ਹਾਂ ਦੇ ਮਨ ਵਿੱਚ ਪਈ ‘ਚੁਣੇ ਹੋਏ ਲੋਕਾਂ’ ਦੀ ਗੈਰਤ ਭਰੀ ਰਵਾਇਤ ਵੱਡੇ ਕਤਲੇਆਮਾਂ ਅਤੇ ਵੱਡੀਆਂ ਗਦਾਰੀਆਂ ਦੇ ਬਾਵਜੂਦ ਆਪਣੇ ਸਰ-ਸਬਜ਼ ਰੂਪ ਵਿੱਚ ਜਿੰਦਾ ਹੈ। ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ ਦਾ ਸੰਕਲਪ ਯਹੂਦੀਆਂ ਦੇ Chosen People ਦੇ ਸੰਕਲਪ ਨਾਲ ਜਾ ਜੁੜਦਾ ਹੈ। ਇਸੇ ਲਈ ਜਦ ਕਦੇ ਵੀ ਸਿੱਖ ਕੌਮ ਦੀਆਂ ਸਾਂਝੀਆਂ ਯਾਦਾਂ ਅਤੇ ਸੁਨਹਿਰੀ ਯੁਗ ਦੀ ਗੱਲ ਵਰਤਮਾਨ ਵਿੱਚ ਸਾਕਾਰ ਹੁੰਦੀ ਹੈ ਕੌਮ ਵਹੀਰਾਂ ਘੱਤ ਕੇ ਆਪਣੇ ਸੰਤਾਂ ਅਤੇ ਸੂਰਬੀਰਾਂ ਦੇ ਜੀਵਨ ਨਾਲ ਜੁੜੀਆਂ ਹੋਈਆਂ ਇਤਿਹਾਸਕ ਯਾਦਾਂ ਨੂੰ ਨਤਮਸਤਕ ਹੁੰਦੀ ਹੈ। ਸੰਸਾਰ ਦੇ ਇਤਿਹਾਸ ਵਿੱਚ ਸਿਰਫ ਯਹੂਦੀ ਹੀ ਅਜਿਹੀ ਕੌਮ ਹੋਏ ਹਨ ਜਿਸ ਨੇ ਆਪਣਆਿਂ ਕੌਮੀ ਯਾਦਾਂ ਨੂੰ ਸਭ ਤੋਂ ਜਿਆਦਾ ਸੰਭਾਲ ਕੇ ਰੱਖਿਆ ਅਤੇ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਹਸਤਾਂਰਿਤ ਕੀਤਾ। ਬਾਕੀ ਸਾਰੀਆਂ ਕੌਮਾਂ ਇਸ ਮਾਮਲੇ ਵਿੱਚ ਬਹੁਤ ਪਿੱਛੇ ਹਨ।
ਸਿੱਖਾਂ ਤੋਂ ਬਦਕਿਸਮਤੀ ਵਸ ਭਾਵੇਂ ਆਪਣਆਿਂ ਕੌਮੀ ਯਾਦਾਂ ਉਸ ਹਿਸਾਬ ਨਾਲ ਸਾਂਭ ਤਾਂ ਨਹੀ ਹੋਈਆਂ ਪਰ ਕੌਮ ਵਿੱਚ ਆਪਣੇ ਸੁਨਹਿਰੀ ਯੁਗ ਦੀਆਂ ਯਾਦਾਂ ਨੂੰ ਦੇਖਣ ਅਤੇ ਉਨ੍ਹਾਂ ਨਾਲ ਆਪਣਾਂ ਰਿਸ਼ਤਾ ਜੋੜਨ ਦੀ ਜੋ ਤੀਬਰ ਇੱਛਾ ਹੈ ਇਹ ਸਿੱਖ ਹੋਮਲੈਡ ਦੀ ਗਵਾਚੀ ਹੋਈ ਸ਼ਾਨ ਨੂੰ ਮੁੜ ਹਾਸਲ ਕਰਨ ਦਾ ਅਕਾਦਮਿਕ ਅਤੇ ਇਤਿਹਾਸਕ ਯਤਨ ਹੈ।
ਇਤਿਹਾਸਕਾਰ ਜੇਮਜ਼ ਸੀ ਸਕਾਟ ਨੇ ਇਸ ਕਿਸਮ ਦੇ ਵਰਤਾਰੇ ਨੂੰ ਆਪਣੀ ਰਚਨਾ ਵਿੱਚ ਬਹੁਤ ਬਾਖੂਬੀ ਨਾਲ ਬਿਆਨ ਕੀਤਾ ਹੈ। ਇਹ ਕੌਮਾਂ ਦੀ ਅਬੋਲ ਰੀਝ (Mute Expression) ਹੁੰਦੀ ਹੈ ਜੋ ਵਕਤ ਨਾਲ ਸਾਕਾਰ ਰੂਪ ਅਖਤਿਆਰ ਕਰਦੀ ਹੈ।
ਅਸੀਂ ਸਮਝਦੇ ਹਾਂ ਕਿ ਦਸਮ ਪਾਤਸ਼ਾਹ ਦੀਆਂ ਨਿਸ਼ਾਨੀਆਂ ਨਾਲ ਸਿੱਖ ਕੌਮ ਦਾ ਰਿਸ਼ਤਾ ਉਸ ਅਬੋਲ ਰੀਝ ਦਾ ਪ੍ਰਗਟਾਵਾ ਹੈ ਜੋ ਭਵਿੱਖ ਵਿੱਚ ਅਮੋੜ ਰੂਪ ਵਿੱਚ ਪ੍ਰਗਟ ਹੋਵੇਗਾ।